Punjab News 

ਪੰਜਾਬ ਸਰਕਾਰ ਵੱਲੋਂ ਪ੍ਰਾਪਰਟੀ

ਟੈਕਸ ਉਤੇ ਫਿਲਹਾਲ ਰੋਕ


ਮੁਹਾਲੀ, 21 ਫਰਵਰੀ - ਲੋਕ ਸਭਾ ਚੋਣਾਂ ਵਿੱਚ ਸਿਆਸੀ ਲਾਹਾ ਲੈਣ ਦੀ ਮਨਸ਼ਾ ਨਾਲ ਪੰਜਾਬ ਸਰਕਾਰ ਨੇ ਫਿਲਹਾਲ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ’ਤੇ ਰੋਕ ਲਾ ਕੇ ਇਸ ਮੁੱਦੇ ’ਤੇ ਰੀਵਿਊ ਕਮੇਟੀ ਬਣਾਉਣ ਦਾ ਐਲਾਨ ਕੀਤਾ ਹੈ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਅਨਿਲ ਜੋਸ਼ੀ ਨੇ ਬੀਤੇ ਦਿਨ ਸ੍ਰੀ ਆਨੰਦਪੁਰ ਸਾਹਿਬ ਲੋਕ ਸੋਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ ਦੀ ਅਗਵਾਈ ਹੇਠ ਉਨ੍ਹਾਂ ਨੂੰ ਮਿਲੇ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਾਂ ਅਤੇ ਵਪਾਰ ਮੰਡਲ ਦੇ ਮੈਂਬਰਾਂ ਨੂੰ ਭਰੋਸਾ ਦਿੱਤਾ ਕਿ ਪ੍ਰਾਪਰਟੀ ਟੈਕਸ ਵਸੂਲੀ ਦੇ ਫ਼ੈਸਲੇ ਬਾਰੇ ਨਜ਼ਰਸਾਨੀ ਕੀਤੀ ਜਾਵੇਗੀ।ਜ਼ਿਕਰਯੋਗ ਹੈ ਕਿ ਸਿਟੀਜ਼ਨ ਵੈਲਫੇਅਰ ਅਤੇ ਡਿਵੈਲਪਮੈਂਟ ਫੋਰਮ ਦੇ ਪ੍ਰਧਾਨ ਸਤਵੀਰ ਸਿੰਘ ਧਨੋਆ ਅਤੇ ਜਨਰਲ ਸਕੱਤਰ ਜਰਨੈਲ ਸਿੰਘ ਕਰਾਂਤੀ ਦੀ ਅਗਵਾਈ ਹੇਠ ਵੱਖ-ਵੱਖ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਾਂ ਵੱਲੋਂ ਸਰਕਾਰ ਦੇ ਇਸ ਲੋਕ ਵਿਰੋਧੀ ਫੈਸਲੇ ਖ਼ਿਲਾਫ਼ ਪੜਾਅਵਾਰ ਸੰਘਰਸ਼ ਆਰੰਭਿਆ ਹੋਇਆ ਹੈ। ਇਸ ਕਾਰਨ ਸੱਤਾਧਾਰੀ ਗੱਠਜੋੜ ਦੀ ਨੀਂਦ ਉੱਡੀ ਪਈ ਹੈ। ਸਰਕਾਰ ਨੇ ਹੁਣ ਲੋਕ ਸਭਾ ਚੋਣਾਂ ਵਿੱਚ ਵੋਟਾਂ ਲੈਣ ਖ਼ਾਤਰ ਫਿਲਹਾਲ ਲੋਕਾਂ ਨੂੰ ਪ੍ਰਾਪਰਟੀ ਟੈਕਸ ਜਮ੍ਹਾਂ ਨਾ ਕਰਵਾਉਣ ਬਾਰੇ ਆਖ ਦਿੱਤਾ ਹੈ। ਉਂਜ ਇਸ ਸਬੰਧੀ ਹਾਲੇ ਤੱਕ ਸਰਕਾਰੀ ਤੌਰ ’ਤੇ ਅਜਿਹਾ ਕੋਈ ਆਦੇਸ਼ ਨਹੀਂ ਦਿੱਤਾ ਗਿਆ ਹੈ।ਸ੍ਰੀ ਚੰਦੂਮਾਜਰਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪ੍ਰਾਪਰਟੀ ਟੈਕਸ ਸਬੰਧੀ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਤੇ ਟੈਕਸ ਦੀਆਂ ਵਧ ਦਰਾਂ ਬਾਰੇ ਦੱਸਿਆ। ਇਸ ਮਗਰੋਂ ਵਫ਼ਦ ਨੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਅਨਿਲ ਜੋਸ਼ੀ ਨਾਲ ਮੁਲਾਕਾਤ ਕੀਤੀ। ਸ੍ਰੀ ਜੋਸ਼ੀ ਨੇ ਮਹਿਕਮੇ ਦੇ ਉੱਚ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਵਫ਼ਦ ਨੂੰ ਦੱਸਿਆ ਕਿ ਮੌਜੂਦਾ ਪ੍ਰਾਪਰਟੀ ਟੈਕਸ ’ਤੇ ਰੋਕ ਲਾਉਂਦਿਆਂ ਰੀਵੀਊ ਕਮੇਟੀ ਦੇ ਗਠਨ ਦਾ ਫ਼ੈਸਲਾ ਕੀਤਾ ਗਿਆ ਹੈ।ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹਰਦੀਪ ਸਿੰਘ, ਸਾਬਕਾ ਵਿਧਾਇਕ ਜਥੇਦਾਰ ਉਜਾਗਰ ਸਿੰਘ ਬਡਾਲੀ, ਜਥੇਦਾਰ ਅਮਰੀਕ ਸਿੰਘ, ਕਲਗੀਧਰ ਸੇਵਕ ਜਥਾ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਅਤੇ ਹੋਰ ਪਤਵੰਤੇ ਹਾਜ਼ਰ ਸਨ।
ਪ੍ਰਾਪਰਟੀ ਟੈਕਸ ’ਤੇ ਰੋਕ ਚੋਣ ਸਟੰਟ ਕਰਾਰ
ਸ੍ਰੀ ਆਨੰਦਪੁਰ ਸਾਹਿਬ ਦੇ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਅਤੇ ਮੁਹਾਲੀ ਹਲਕੇ ਦੇ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਪੰਜਾਬ ਸਰਕਾਰ ਵੱਲੋਂ ਫਿਲਹਾਲ ਆਰਜ਼ੀ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ’ਤੇ ਰੋਕ ਲਾਉਣ ਅਤੇ ਰੀਵੀਊ ਕਮੇਟੀ ਬਣਾਉਣ ਦੇ ਫ਼ੈਸਲੇ ਨੂੰ ਚੋਣ ਸਟੰਟ ਦੱਸਿਆ ਹੈ। ਉਨ੍ਹਾਂ ਕਿਹਾ ਕਿ ਲੋਕਾਂ ਸਭਾ ਚੋਣਾਂ ਵਿੱਚ ਲੋਕਾਂ ਦਾ ਸਾਹਮਣਾਂ ਕਰਨ ਤੋਂ ਡਰਦੀ ਸਰਕਾਰ ਨੇ ਇਹ ਡਰਾਮੇਬਾਜ਼ੀ ਕੀਤੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਕਾਲੀ ਦਲ ਦੇ ਗੁੰਮਰਾਹਕੁਨ ਪ੍ਰਚਾਰ ਤੋਂ ਸੁਚੇਤ ਹੋਣ। ਕਾਂਗਰਸ ਆਗੂਆਂ ਨੇ ਕਿਹਾ ਕਿ ਜੇਕਰ ਸੂਬਾ ਸਰਕਾਰ ਨੂੰ ਲੋਕਾਂ ਦੀ ਏਨੀ ਫਿਰਕ ਹੈ ਤਾਂ ਪ੍ਰਾਪਰਟੀ ਟੈਕਸ ਦਾ ਫ਼ੈਸਲਾ ਵਾਪਸ ਲੈਣ ਬਾਰੇ ਤੁਰੰਤ ਐਲਾਨ ਕਰੇ।
ਚੰਦੂਮਾਜਰਾ ਨੇ ਗੁਰਦੁਆਰੇ ਮੱਥਾ ਟੇਕ ਕੇ ਸ਼ੁਰੂ ਕੀਤਾ ਚੋਣ ਪ੍ਰਚਾਰ
ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਅੱਜ ਆਪਣੇ ਸਮਰਥਕਾਂ ਅਤੇ ਅਕਾਲੀ-ਭਾਜਪਾ ਵਰਕਰਾਂ ਦੇ ਕਾਫ਼ਲੇ ਨਾਲ ਗੁਰਦੁਆਰਾ ਅੰਬ ਸਾਹਿਬ ਵਿਖੇ ਮੱਥਾ ਟੇਕ ਕੇ ਚੋਣ ਪ੍ਰਚਾਰ ਸ਼ੁਰੂ ਕੀਤਾ। ਉਨ੍ਹਾਂ ਕਿਹਾ ਕਿ ਉਹ ਸਾਰੇ ਆਗੂਆਂ ਅਤੇ ਵਰਕਰਾਂ ਨੂੰ ਨਾਲ ਲੈ ਕੇ ਚੱਲਣਗੇ। ਇਸ ਮੌਕੇ ਉਨ੍ਹਾਂ ਨਾਲ ਮੁੱਖ ਸੰਸਦੀ ਸਕੱਤਰ ਐਨ.ਕੇ. ਸ਼ਰਮਾ ਸਮੇਤ ਪਰਮਜੀਤ ਕੌਰ ਲਾਂਡਰਾਂ, ਕੁਲਵੰਤ ਸਿੰਘ, ਸੁਖਵਿੰਦਰ ਸਿੰਘ ਗੋਲਡੀ, ਜਥੇਦਾਰ ਉਜਾਗਰ ਸਿੰਘ ਬਡਾਲੀ ਆਦਿ ਮੌਜੂਦ ਸਨ।

ਸ਼ਮਸ਼ੇਰ ਤੇ ਗੁਰਮੀਤ ਦੀ ਰਿਹਾਈ ਦੇ

ਕੇਸ ਵਿਚਾਰਾਂਗੇ: ਬਾਦਲ
ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਇਕ ਕਰੋੜ ਦੀ ਗਰਾਂਟ ਦੇਣ ਦਾ ਐਲਾਨ


ਚੰਡੀਗੜ੍ਹ, 21 ਫਰਵਰੀ - ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਕਤਲ ਕੇਸ ਦੇ ਦੋਸ਼ੀਆਂ ਨੂੰ ਰਿਹਾਅ ਕਰਨ ਲਈ ਤਾਮਿਲਨਾਡੂ ਸਰਕਾਰ ਦੇ ਫੈਸਲੇ ਤੋਂ ਦੋ ਦਿਨਾਂ ਬਾਅਦ ਅੱਜ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਦੇ ਦੋਸ਼ੀ ਸ਼ਮਸ਼ੇਰ ਸਿੰਘ ਅਤੇ ਗੁਰਮੀਤ ਸਿੰਘ ਦੇ ਕੇਸਾਂ ’ਤੇ ਕਾਨੂੰਨੀ ਤੌਰ ’ਤੇ ਘੋਖ ਕਰੇਗੀ ਕਿ ਕੀ ਕੁਝ ਹੋ ਸਕਦਾ ਹੈ। ਪੰਜਾਬ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਨੂੰ 1 ਕਰੋੜ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕਰਨ ਮਗਰੋਂ ਸ੍ਰੀ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਤਾਮਿਲਨਾਡੂ ਸਰਕਾਰ ਦੇ ਫੈਸਲੇ ’ਤੇ ਕੋਈ ਵੀ ਕਿੰਤੂ ਕਰਨ ਤੋਂ ਇਨਕਾਰ ਕਰ ਦਿੱਤਾ ਪਰ ਇੰਨਾ ਕਿਹਾ ਕਿ ਸ਼ਮਸ਼ੇਰ ਸਿੰਘ ਅਤੇ ਗੁਰਮੀਤ ਸਿੰਘ ਦੀ ਰਿਹਾਈ ਦੇ ਕੇਸਾਂ ’ਤੇ ਕਾਨੂੰਨੀ ਨੁਕਤਾ ਨਿਗਾਹ ਤੋਂ ਘੋਖ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਇਨ੍ਹਾਂ ਦੀ ਅਗਾਊਂ ਰਿਹਾਈ ਦੀਆਂ ਅਪੀਲਾਂ ਬਾਰੇ ਕੇਂਦਰ ਸਰਕਾਰ ਅਤੇ ਯੂਟੀ ਚੰਡੀਗੜ੍ਹ ਪ੍ਰਸ਼ਾਸਨ ਨੂੰ ਫੈਸਲਾ ਕਰਨ ਬਾਰੇ ਪਹਿਲਾਂ ਹੀ ਆਖਿਆ ਜਾ ਚੁੱਕਾ ਹੈ। ਬੁੜੈਲ ਜੇਲ੍ਹ ’ਚ ਬੰਦ ਸ਼ਮਸ਼ੇਰ ਸਿੰਘ ਅਤੇ ਗੁਰਮੀਤ ਸਿੰਘ ਨੇ ਆਪਣੀ ਅਪੀਲ ਵਿੱਚ ਕਿਹਾ ਸੀ ਕਿ ਹੋਰਨਾਂ ਕੈਦੀਆਂ ਨੂੰ 14 ਸਾਲਾਂ ਦੀ ਕੈਦ ਪੂਰੀ ਹੋਣ ਤੋਂ ਬਾਅਦ ਰਿਹਾਈ ਕੀਤੀ ਜਾਂਦੀ ਹੈ ਪਰ ਉਨ੍ਹਾਂ ਨਾਲ ਭੇਦਭਾਵ ਕੀਤਾ ਗਿਆ ਹੈ ਅਤੇ ਸਰਕਾਰ ਜਾਣਬੁੱਝ ਕੇ ਉਨ੍ਹਾਂ ਦੇ ਕੇਸਾਂ ’ਤੇ ਗੌਰ ਨਹੀਂ ਕਰ ਰਹੀ।ਪਹਿਲਾਂ ਹਾਈ ਕੋਰਟ ਦੇ ਵਕੀਲਾਂ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਸ੍ਰੀ ਬਾਦਲ ਨੇ ਕਿਹਾ ਕਿ ਨਿਆਂਪਾਲਿਕਾ, ਕਾਰਜਪਾਲਿਕਾ ਅਤੇ ਵਿਧਾਨਪਾਲਿਕਾ ਰਾਜ ਦੇ ਤਿੰਨ ਮੁੱਖ ਅੰਗ ਹਨ ਅਤੇ ਸੰਵਿਧਾਨ ਮੁਤਾਬਕ ਤਿੰਨਾਂ ਅੰਗਾਂ ਨੂੰ ਮੁਕੰਮਲ ਇਕਸੁਰਤਾ ਨਾਲ ਕੰਮ ਕਰਨਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਹਰੇਕ ਅੰਗ ਨੂੰ ਦੂਜੇ ਅੰਗ ਦੀ ਭੂਮਿਕਾ ਅਤੇ ਕਾਰਜਾਂ ਦਾ ਆਦਰ ਕਰਨਾ ਚਾਹੀਦਾ ਹੈ ਅਤੇ ਹਰੇਕ ਅੰਗ ਨੂੰ ਮਿਲੇ ਅਧਿਕਾਰਾਂ ਦੀ ਸਾਵਧਾਨੀ ਨਾਲ ਵਰਤੋਂ ਕਰਨੀ ਚਾਹੀਦੀ ਹੈ। ਇਸ ਦੇ ਨਾਲ ਹੀ ਨਿਆਂਪਾਲਿਕਾ, ਵਿਧਾਨ ਪਾਲਿਕਾ, ਬਾਰ ਮੈਂਬਰਾਂ ਅਤੇ ਕਾਨੂੰਨੀ ਵਿਦਵਾਨਾਂ ਨੂੰ ਵੱਖ-ਵੱਖ ਸਮਾਜਿਕ ਚੁਣੌਤੀਆਂ ਦੇ ਹੱਲ ਲਈ ਸਾਰਥਿਕ ਤੇ ਸਰਗਰਮ ਭੂਮਿਕਾ ਨਿਭਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਵਕੀਲਾਂ ਨੂੰ ਬੁਨਿਆਦੀ ਅਧਿਕਾਰਾਂ ਦੀ ਰਾਖੀ ਅਤੇ ਨਿਆਂ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਉਣੀ ਚਾਹੀਦੀ ਹੈ।

ਮਨਪ੍ਰੀਤ ਸਿੰਘ ਇਯਾਲੀ ਲੁਧਿਆਣਾ ਲੋਕ ਸਭਾ

ਹਲਕੇ ਤੋਂ ਅਕਾਲੀ ਦਲ ਦੇ ਉਮੀਦਵਾਰ


ਚੰਡੀਗੜ੍ਹ, 21 ਫਰਵਰੀ - ਸ਼ੋ੍ਰਮਣੀ ਅਕਾਲੀ ਦਲ ਵੱਲੋਂ ਲੁਧਿਆਣਾ ਦੇ ਹਲਕਾ ਦਾਖਾ ਤੋਂ ਮੌਜੂਦਾ ਵਿਧਾਨਕਾਰ ਸ: ਮਨਪ੍ਰੀਤ ਸਿੰਘ ਇਯਾਲੀ ਨੂੰ ਲੁਧਿਆਣਾ ਪਾਰਲੀਮਾਨੀ ਸੀਟ ਲਈ ਅਕਾਲੀ ਦਲ ਦਾ ਉਮੀਦਵਾਰ ਐਲਾਨਿਆ ਗਿਆ ਹੈ | ਇਸ ਮੰਤਵ ਦਾ ਐਲਾਨ ਅੱਜ ਇੱਥੇ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਵੱਲੋਂ ਕੀਤਾ ਗਿਆ | ਅਕਾਲੀ ਦਲ ਵੱਲੋਂ 6 ਪਾਰਲੀਮਾਨੀ ਸੀਟਾਂ ਲਈ ਪਹਿਲਾਂ ਹੀ ਪਾਰਟੀ ਉਮੀਦਵਾਰ ਐਲਾਨੇ ਜਾ ਚੁੱਕੇ ਹਨ, ਜਦੋਂਕਿ ਹੁਣ ਪਟਿਆਲਾ, ਫ਼ਰੀਦਕੋਟ ਅਤੇ ਫ਼ਿਰੋਜ਼ਪੁਰ ਹਲਕਿਆਂ ਲਈ ਅਕਾਲੀ ਉਮੀਦਵਾਰ ਐਲਾਨੇ ਜਾਣੇ ਬਾਕੀ ਰਹਿ ਗਏ ਹਨ | ਨੌਜਵਾਨ ਆਗੂ ਸ: ਮਨਪ੍ਰੀਤ ਸਿੰਘ ਇਯਾਲੀ ਜੋ ਮਗਰਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਹਲਕਾ ਦਾਖਾ ਤੋਂ ਕਾਂਗਰਸ ਦੇ ਉਸ ਸਮੇਂ ਦੇ ਵਿਧਾਨਕਾਰ ਜਸਬੀਰ ਸਿੰਘ ਖੰਘੂੜਾ ਨੂੰ 16,366 ਵੋਟਾਂ ਦੇ ਫ਼ਰਕ ਨਾਲ ਹਰਾ ਕੇ ਚੋਣ ਜਿੱਤੇ ਸਨ, ਇਸ ਤੋਂ ਪਹਿਲਾਂ ਲੁਧਿਆਣਾ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਜਿੱਤ ਕੇ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਵੀ ਰਹਿ ਚੁੱਕੇ ਸਨ | ਅਕਾਲੀ ਦਲ ਵੱਲੋਂ ਸ: ਇਯਾਲੀ ਦੇ ਆਪਣੇ ਖੇਤਰ ਵਿਚ ਹਰਮਨ-ਪਿਆਰੇ ਹੋਣ ਕਾਰਨ ਉਨ੍ਹਾਂ ਨੂੰ ਪਾਰਟੀ ਉਮੀਦਵਾਰ ਰੱਖਣ ਦਾ ਫ਼ੈਸਲਾ ਲਿਆ ਗਿਆ ਹੈ | ਸਿਆਸੀ ਹਲਕਿਆਂ ਵਿਚ ਇਹ ਵੀ ਚਰਚਾ ਹੈ ਕਿ ਅਕਾਲੀ ਦਲ ਵੱਲੋਂ ਉਨ੍ਹਾਂ ਨੂੰ ਇਸ ਚੋਣ ਨੂੰ ਲੜਨ ਲਈ ਰਾਜ਼ੀ ਕਰਨ ਹਿਤ ਇਹ ਭਰੋਸਾ ਵੀ ਦਿੱਤਾ ਗਿਆ ਕਿ ਉਨ੍ਹਾਂ ਦੇ ਵਿਧਾਨ ਸਭਾ ਹਲਕੇ ਦਾਖਾ ਤੋਂ ਜ਼ਿਮਨੀ ਚੋਣ ਹੋਣ ਦੀ ਸੂਰਤ ਵਿਚ ਪਾਰਟੀ ਟਿਕਟ ਉਨ੍ਹਾਂ ਦੀ ਮਰਜ਼ੀ ਅਨੁਸਾਰ ਜਾਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਨੂੰ ਹੀ ਦਿੱਤੀ ਜਾਵੇਗੀ |

ਫੂਲਕਾ ਵੱਲੋਂ ਦਾਇਰ ਕੇਸ ਵਿੱਚ

ਟਾਈਟਲਰ ਨੂੰ ਪੇਸ਼ ਹੋਣ ਦਾ ਹੁਕਮ


ਨਵੀਂ ਦਿੱਲੀ, 20 ਫਰਵਰੀ - ਸਿੱਖ ਵਿਰੋਧੀ ਦੰਗਿਆਂ ਦੇ ਕੇਸਾਂ ਵਿੱਚ ਪੀੜਤਾਂ ਵੱਲੋਂ ਪੇਸ਼ ਹੋਣ ਵਾਲੇ ਵਕੀਲ ਵੱਲੋਂ ਦਾਇਰ ਹੱਤਕ ਦੇ ਕੇਸ ਵਿੱਚ ਦਿੱਲੀ ਦੀ ਇਕ ਅਦਾਲਤ ਨੇ ਕਾਂਗਰਸ ਆਗੂ ਜਗਦੀਸ਼ ਟਾਈਟਲਰ ਨੂੰ 31 ਮਈ ਨੂੰ ਪੇਸ਼ ਹੋਣ ਦਾ ਹੁਕਮ ਦਿੱਤਾ ਹੈ।  ਵਧੀਕ ਚੀਫ ਮੈਟਰੋਪਾਲੀਟਨ ਮੈਜਿਸਟਰੇਟ ਗੌਰਵ ਰਾਓ ਨੇ ਟਾਈਟਲਰ ਨੂੰ 31 ਮਈ ਨੂੰ ਨਿੱਜੀ ਤੌਰ ’ਤੇ ਪੇਸ਼ ਹੋਣ ਲਈ ਕਿਹਾ। ਇਸ ਦਿਨ ਹੀ ਅਦਾਲਤ ਵੱਲੋਂ ਕੇਸ ਵਿੱਚ ਉਨ੍ਹਾਂ ਵਿਰੁੱਧ ਦੋਸ਼ ਆਇਦ ਕਰਨ ਦੀ ਸੰਭਾਵਨਾ ਹੈ। ਸੁਣਵਾਈ ਦੌਰਾਨ ਟਾਈਟਲਰ ਵੱਲੋਂ ਪੇਸ਼ ਹੋਏ ਵਕੀਲ ਨੇ ਕਿਹਾ ਕਿ ਕਾਂਗਰਸ  ਆਗੂ ਨੂੰ ਇਸ ਅਦਾਲਤ ਵਿੱਚ ਨਿੱਜੀ ਤੌਰ ’ਤੇ ਪੇਸ਼ ਹੋਣ ਲਈ ਨਹੀਂ ਕਿਹਾ ਜਾ ਸਕਦਾ।  ਜਗਦੀਸ਼ ਟਾਈਟਲਰ ਵਿਰੁੱਧ ਇਹ ਕੇਸ ਸੀਨੀਅਰ ਵਕੀਲ ਐਚ.ਐਸ. ਫੂਲਕਾ ਨੇ ਦਾਇਰ ਕੀਤਾ ਸੀ। ਉਨ੍ਹਾਂ ਦੋਸ਼ ਲਾਇਆ ਸੀ ਕਿ ਇਕ ਪ੍ਰਾਈਵੇਟ ਨਿਊਜ਼ ਚੈਨਲ ’ਤੇ  7 ਸਤੰਬਰ 2004 ਨੂੰ ਪ੍ਰਸਾਰਤ ਹੋਏ ਪ੍ਰੋਗਰਾਮ ਵਿੱਚ ਕਾਂਗਰਸ ਆਗੂ ਨੇ ਉਨ੍ਹਾਂ ਵਿਰੁੱਧ ਟਿੱਪਣੀਆਂ ਕੀਤੀਆਂ। ਆਮ ਆਦਮੀ ਪਾਰਟੀ ਦੇ ਲੁਧਿਆਣਾ ਸੰਸਦੀ ਹਲਕੇ ਤੋਂ ਉਮੀਦਵਾਰ ਸ੍ਰੀ ਫੂਲਕਾ ਨੇ 2006 ਵਿੱਚ ਦਾਇਰ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਸੀ ਕਿ ਟਾਈਟਲਰ ਨੇ ਉਨ੍ਹਾਂ ਵਿਰੁੱਧ ਝੂਠੇ ਦੋਸ਼ ਲਾ ਕੇ ਸਮਾਜ ਵਿੱਚ ਉਨ੍ਹਾਂ ਦੀ ਦਿੱਖ ਨੂੰ ਨੁਕਸਾਨ ਪਹੁੰਚਾਇਆ। ਸ੍ਰੀ ਫੂਲਕਾ ਵੱਲੋਂ ਪੇਸ਼ ਵਕੀਲ ਕਾਮਨਾ ਵੋਹਰਾ ਨੇ ਇਸ ਤੋਂ ਪਹਿਲਾਂ ਅਦਾਲਤ ਨੂੰ ਦੱਸਿਆ ਸੀ ਕਿ ਟਾਈਟਲਰ ਵਿਰੁੱਧ ਆਈਪੀਸੀ ਦੀ ਧਾਰਾ 506 ਅਧੀਨ ਫੌਜਦਾਰੀ ਸਾਜ਼ਿਸ਼ ਦੇ ਦੋਸ਼ ਤਹਿਤ ਵੀ ਸੁਣਵਾਈ ਹੋਵੇ।

ਸਿੱਖ ਕਤਲੇਆਮ ਦੀ ਫੌਰੀ ਜਾਂਚ ਲਈ

ਕੇਜਰੀਵਾਲ ਵੱਲੋਂ ਜੰਗ ਨੂੰ ਚਿੱਠੀ


ਨਵੀਂ ਦਿੱਲੀ, 20 ਫਰਵਰੀ - ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਉਪ ਰਾਜਪਾਲ ਨਜੀਬ ਜੰਗ ਨੂੰ ਬੇਨਤੀ ਕੀਤੀ ਹੈ ਕਿ ਉਹ 1984 ਦੇ ਸਿੱਖ ਵਿਰੋਧੀ ਦੰਗਿਆਂ ਲਈ ਵਿਸ਼ੇਸ਼ ਜਾਂਚ ਟੀਮ ਬਣਾਉਣ ਦੀ ਪ੍ਰਕਿਰਿਆ ਛੇਤੀ ਸ਼ੁਰੂ ਕਰਨ।ਸ੍ਰੀ ਜੰਗ ਨੂੰ ਲਿਖੀ ਚਿੱਠੀ ’ਚ ਸ੍ਰੀ ਕੇਜਰੀਵਾਲ ਨੇ ਕਿਹਾ ਹੈ, ‘‘ਕੁਝ ਗਵਾਹ ਬਹੁਤ ਹੀ ਬਜ਼ੁਰਗ ਹਨ ਅਤੇ ਵਿਸ਼ੇਸ਼ ਜਾਂਚ ਟੀਮ ਬਣਾ ਕੇ ਉਨ੍ਹਾਂ ਨੂੰ ਇਨਸਾਫ਼ ਦਿੱਤਾ ਜਾ ਸਕਦਾ ਹੈ। ਇਸ ਲਈ ਮੈਂ ਟੀਮ ਦੇ ਗਠਨ ’ਚ ਤੇਜ਼ੀ ਲਿਆਉਣ ਦੀ ਬੇਨਤੀ ਕਰਦਾ ਹਾਂ।’’ ਚਿੱਠੀ ’ਚ ਸ੍ਰੀ ਕੇਜਰੀਵਾਲ ਨੇ ਉਨ੍ਹਾਂ ਦੀ ਸਰਕਾਰ ਦੇ ਫੈਸਲੇ ਨੂੰ ਹਮਾਇਤ ਦੇਣ ਲਈ ਸ੍ਰੀ ਜੰਗ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਦੇਸ਼ ਦੀ ਰਾਜਧਾਨੀ ਦੇ ਇਤਿਹਾਸ ’ਚ ਵਾਪਰੇ ਦਰਦਨਾਕ ਦੰਗਿਆਂ ਦੀ ਢੁੱਕਵੀਂ ਤੇ ਨਿਰਪੱਖ ਜਾਂਚ ਲਈ ਦਿੱਲੀ ਤੋਂ ਬਾਹਰ ਦੇ ਪੁਲੀਸ ਅਧਿਕਾਰੀਆਂ ਨੂੰ ਨਿਯੁਕਤ ਕੀਤਾ ਜਾਵੇ।  ਸ੍ਰੀ ਕੇਜਰੀਵਾਲ ਨੇ ਵਿਸ਼ੇਸ਼ ਜਾਂਚ ਟੀਮ ’ਚ ਤਾਇਨਾਤੀ ਲਈ ਦਿੱਲੀ ਤੋਂ ਬਾਹਰ ਦੇ ਤਿੰਨ ਸੀਨੀਅਰ ਆਈਪੀਐਸ ਅਧਿਕਾਰੀਆਂ ਦੇ ਨਾਂ ਵੀ ਸੁਝਾਏ ਹਨ। ਆਮ ਆਦਮੀ ਪਾਰਟੀ ਦੀ ਸਰਕਾਰ ਨੇ 6 ਫਰਵਰੀ ਨੂੰ ਸਿੱਖ ਵਿਰੋਧੀ ਦੰਗਿਆਂ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਦੇ ਗਠਨ ਵਾਸਤੇ ਉਪ ਰਾਜਪਾਲ ਨੂੰ ਸਿਫਾਰਸ਼ ਕੀਤੀ ਸੀ। ਉਪ ਰਾਜਪਾਲ ਨੇ ਸਿਫਾਰਸ਼ ਪ੍ਰਵਾਨ ਕੀਤੀ ਸੀ।


<< Start < Prev 1 2 3 4 5 6 7 8 9 10 Next > End >>

ਮੁੱਖ ਖ਼ਬਰਾਂ : 

ਖੇਡ ਖ਼ਬਰਾ : 

ਅੰਤਰਰਾਸ਼ਟਰੀ ਖ਼ਬਰਾ : 

ਪੰਜਾਬ ਖ਼ਬਰਾਂ : 

ਨਵੇਂ ਲੇਖ : 

 

 

Random Video 

Receive Newsletter & Updates 

Sample Newsletter


Receive HTML?

Advertisement
Advertisement
Advertisement