Advertisement

Punjab News 

ਪਿੰਕਾਸ਼ੀਆ ਟੂਰਿਸਟ ਕੰਪਲੈਕਸ ਢਾਹੁਣ ਦੀ

ਨਿਰਪੱਖ ਜਾਂਚ ਕਰਵਾਈ ਜਾਵੇਗੀ: ਸਿੱਧੂ

ਰੂਪਨਗਰ : ਸਥਾਨਕ ਸਰਕਾਰਾਂ, ਸੈਰ ਸਪਾਟਾ ਤੇ ਸੱਭਿਆਚਾਰ ਮਾਲਿਆਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਇੱਥੇ ਪਿੰਕਾਸ਼ੀਆ ਟੂਰਿਸਟ ਕੰਪਲੈਕਸ ਦੀ ਉਜਾੜ ਪਈ ਥਾਂ ਦਾ ਦੌਰਾ ਕੀਤਾ ਤੇ ਕਿਹਾ ਕਿ ਇਸ ਟੂਰਿਸਟ ਕੰਪਲੈਕਸ ਨੂੰ ਨਿੱਜੀ ਹੱਥਾਂ ਵਿੱਚ ਦੇਣ ਤੇ ਢਾਹੁਣ ਦੀ ਨਿਰਪੱਖ ਜਾਂਚ  ਕਰਵਾਈ ਜਾਵੇਗੀ।
ਸ੍ਰੀ ਸਿੱਧੂ ਨੇ ਕਿਹਾ ਕਿ ਇਹ ਹੋਟਲ ਮੁਨਾਫ਼ਾ ਕਮਾ ਰਿਹਾ ਸੀ ਤੇ ਨਿੱਜੀ ਸੁਆਰਥ ਹਿਤ ਇਸ ਕੰਪਲੈਕਸ ਨੂੰ ਅਲਕੈਮਿਸਟ ਕੰਪਨੀ ਨੂੰ ਨਾਮਾਤਰ ਫੀਸ ’ਤੇ ਪਟੇ ਉਤੇ ਦੇ  ਦਿੱਤਾ ਗਿਆ, ਜਿਸ ਨੇ ਇਸ ਕੰਪਲੈਕਸ ਨੂੰ ਢਾਹ ਕੇ ਇਸ ਦਾ ਮਲਬਾ ਚਾਰ-ਪੰਜ ਕਰੋੜ ਰੁਪਏ  ਦਾ ਵੇਚ ਦਿੱਤਾ ਅਤੇ ਆਪਣੀ ਜਮ੍ਹਾਂ ਕਰਵਾਈ ਇੱਕ ਕਰੋੜ ਰੁਪਏ ਦੀ ਰਕਮ ਜ਼ਬਤ ਕਰਵਾ ਲਈ। ਇਸ  ਦੇ ਬਾਵਜੂਦ ਅਲਕੈਮਿਸਟ ਨੂੰ ਤਿੰਨ ਚਾਰ ਕਰੋੜ ਰੁਪਏ ਦਾ ਮੁਨਾਫ਼ਾ ਹੋ ਗਿਆ।  ਉਨ੍ਹਾਂ ਕਿਹਾ ਕਿ ਸਰਕਾਰਾਂ ਦਾ ਕੰਮ ਚੰਗੀਆਂ ਨੀਤੀਆਂ ਬਣਾਉਣਾ ਹੁੰਦਾ ਹੈ ਪਰ ਪਹਿਲੀ  ਸਰਕਾਰ ਨੇ ਨੀਤੀਆਂ ਦੀ ਬਜਾਏ ਨਿੱਜੀ ਫਾਇਦੇ ਲਈ ਮਾੜੀਆਂ ਨੀਤੀਆਂ ਬਣਾਈਆਂ। ਉਨ੍ਹਾਂ ਕਿਹਾ ਕਿ ਛੇਤੀ ਹੀ ਪੰਜਾਬ  ਸਰਕਾਰ ਸੂਬੇ ਵਿੱਚ ਨਵੀਂ ਸੈਰ ਸਪਾਟਾ ਤੇ ਸੱਭਿਆਚਾਰ ਨੀਤੀ ਅਮਲ ਵਿੱਚ ਲਿਆ ਰਹੀ ਹੈ, ਜਿਸ  ਨਾਲ ਸੂਬੇ ਵਿੱਚ ਸੈਰ-ਸਪਾਟੇ ਨੂੰ ਹੁਲਾਰਾ ਮਿਲੇਗਾ। ਇਸ ਮੌਕੇ ਸਕੱਤਰ (ਸੈਰ ਸਪਾਟਾ) ਜਸਪਾਲ ਸਿੰਘ ਤੇ ਡਾਇਰੈਕਟਰ (ਸੈਰ ਸਪਾਟਾ) ਨਵਜੋਤ ਸਿੰਘ ਰੰਧਾਵਾ ਵੀ ਹਾਜ਼ਰ ਸਨ। ਇਸ ਤੋਂ ਪਹਿਲਾਂ ਸ੍ਰੀ ਸਿੱਧੂ ਨੇ ਪਤਿਆਲਾਂ ਦਾ ਦੌਰਾ ਕੀਤਾ, ਜਿੱਥੇ ਕਾਮੇਡੀਅਨ ਕਪਿਲ ਸ਼ਰਮਾ ਦੀ ਫਿਲਮ ‘ਫਿਰੰਗੀ’ ਦੀ ਸ਼ੂਟਿੰਗ ਚੱਲ ਰਹੀ ਹੈ।

 

ਕੈਨੇਡਾ ’ਚ ਪੰਜਾਬ ਦੇ ਮੰਤਰੀਆਂ ਨਾਲ

‘ਸੱਜਣਤਾ’ ਦਿਖਾਉਣ ਦਾ ਫੈਸਲਾ


ਜਲੰਧਰ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੂੰ ਖਾਲਿਸਤਾਨ ਪੱਖੀ ਦੱਸ ਕੇ ਬਣਦਾ ਮਾਣ-ਸਤਿਕਾਰ ਨਾ ਦੇਣ ਤੋਂ ਪਰਵਾਸੀ ਪੰਜਾਬੀ ਔਖੇ ਹਨ। ਕੈਨੇਡਾ ਵਿੱਚ ਪਰਵਾਸੀ ਪੰਜਾਬੀਆਂ ਦੇ ਗੜ੍ਹ ਵਜੋਂ ਜਾਣੇ ਜਾਂਦੇ ਇਲਾਕੇ ਸਰੀ ਵਿੱਚ ਸਜਾਏ ਨਗਰ ਕੀਰਤਨ ਦੌਰਾਨ ਬੁਲਾਰਿਆਂ ਨੇ ਮੰਚ ਤੋਂ ਇਹ ਐਲਾਨ ਕੀਤਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਦਾ ਪੰਜਾਬ ਸਰਕਾਰ ਵੱਲੋਂ ਅਪਮਾਨ ਕਰਵਾਇਆ ਹੈ, ਉਸੇ ਤਰ੍ਹਾਂ ਦਾ ਵਤੀਰਾ ਕੈਨੇਡਾ ਆਉਣ ’ਤੇ ਪੰਜਾਬ ਦੇ ਮੰਤਰੀਆਂ ਨਾਲ ਕੀਤਾ ਜਾਵੇਗਾ। ਇਹ ਨਗਰ ਕੀਰਤਨ ਖਾਲਸਾ ਡੇਅ ਪਰੇਡ ਮੌਕੇ ਸਜਾਇਆ ਗਿਆ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਇਸ ਵਿੱਚ ਚਾਰ ਲੱਖ ਦੇ ਕਰੀਬ ਪੰਜਾਬੀਆਂ ਨੇ ਹਿੱਸਾ ਲਿਆ। ਬੁਲਾਰਿਆਂ ਨੇ ਕਿਹਾ ਕਿ ਪੰਜਾਬ ਜਿਹੜਾ ਸਾਰੇ ਸੰਸਾਰ ਵਿੱਚ ਮਹਿਮਾਨਨਿਵਾਜ਼ੀ ਲਈ ਜਾਣਿਆ ਜਾਂਦਾ ਹੈ, ਉਸ ਦੀਆਂ ਰਹੁ ਰੀਤਾਂ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਸੱਟ ਮਾਰੀ ਹੈ। ਸ੍ਰੀ ਸੱਜਣ ਨੂੰ ਮਾਣ ਸਨਮਾਨ ਨਾ ਦੇ ਕੇ ਦੁਨੀਆ ਭਰ ਵਿੱਚ ਵੱਸਦੇ ਸਿੱਖ ਭਾਈਚਾਰੇ ਦੇ ਮਨਾਂ ਨੂੰ ਠੇਸ ਪਹੁੰਚਾਈ ਹੈ।
ਇਸ ਨਗਰ ਕੀਰਤਨ ਵਿੱਚ ਵੱਡੀ ਪੱਧਰ ’ਤੇ ਸਿੱਖ ਸੰਗਤ ਹਾਜ਼ਰ ਸੀ। ਨਗਰ ਕੀਰਤਨ ਦੀ ਵੀਡੀਓ ਵਾਇਰਲ ਹੋਈ ਹੈ, ਜਿਸ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਕੈਨੇਡਾ ਆਉਣ ਦੀ ਚੁਣੌਤੀ ਦਿੱਤੀ ਗਈ ਹੈ। ਬੁਲਾਰਿਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਇਸ ਗੱਲੋਂ ਵੀ ਨਿੰਦਾ ਕੀਤੀ ਕਿ ਉਨ੍ਹਾਂ ਪੰਜਾਬ ਦੇ ਸਾਬਕਾ ਡੀਜੀਪੀ ਕੇ.ਪੀ.ਐਸ. ਗਿੱਲ ਦਾ ਚੋਣ ਜਿੱਤਣ ਤੋਂ ਬਾਅਦ ਸਵਾਗਤ ਕੀਤਾ ਸੀ, ਜਿਸ ਉਪਰ ਦੋਸ਼ ਲੱਗਦੇ ਸਨ ਕਿ ਡੀਜੀਪੀ ਹੁੰਦਿਆਂ ਉਨ੍ਹਾਂ ਝੂਠੇ ਪੁਲੀਸ ਮੁਕਾਬਲਿਆਂ ਵਿੱਚ ਸਿੱਖ ਨੌਜਵਾਨਾਂ ਨੂੰ ਕੋਹ-ਕੋਹ ਕੇ ਮਾਰਿਆ। ਸੰਸਦ ਮੈਂਬਰ ਰਵਨੀਤ ਬਿੱਟੂ ਵੱਲੋਂ ਹਰਜੀਤ ਸਿੰਘ ਸੱਜਣ ਬਾਰੇ ਕੀਤੀ ਬਿਆਨਬਾਜ਼ੀ ਦੀ ਵੀ ਸਟੇਜ ਤੋਂ ਤਿੱਖੀ ਆਲੋਚਨਾ ਕੀਤੀ ਗਈ। ਬੁਲਾਰਿਆਂ ਨੇ ਨਗਰ ਕੀਰਤਨ ਵਿੱਚ ਹਾਜ਼ਰ ਸੰਗਤ ਨੂੰ ਅਪੀਲ ਕੀਤੀ ਕਿ ਉਹ ਇਹ ਪ੍ਰਣ ਕਰਨ ਕਿ ਜਦੋਂ ਵੀ ਪੰਜਾਬ ਦੇ ਮੰਤਰੀ ਕੈਨੇਡਾ ਦੀ ਧਰਤੀ ’ਤੇ ਆਉਣ ਤਾਂ ਉਨ੍ਹਾਂ ਦਾ ਜ਼ੋਰਦਾਰ ਵਿਰੋਧ ਕੀਤਾ ਜਾਵੇ।
ਗਰਮ ਖਿਆਲੀਆਂ ਦੀ ਇਸ ਸਟੇਜ ਉਪਰ ਭਾਈ ਸਤਵੰਤ ਸਿੰਘ, ਭਾਈ ਬੇਅੰਤ ਸਿੰਘ ਅਤੇ ਭਾਈ ਕੇਹਰ ਸਿੰਘ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਸਨ, ਜਦੋਂ ਕਿ ਮੰਚ ਹੇਠਾਂ ਕੈਪਟਨ ਅਮਰਿੰਦਰ ਸਿੰਘ ਤੇ ਸੁਖਬੀਰ ਬਾਦਲ ਦੀ ਤਸਵੀਰ ਲੱਗੀ ਹੋਈ ਸੀ ਅਤੇ ਨਾਲ ਹੀ ‘ਕੈਪਟਨ ਤੇ ਬਾਦਲ ਵਰਗੇ ਅੰਦਰੋਂ ਸਭ ਇਕ ਹਨ’ ਲਿਖਿਆ ਹੋਇਆ ਸੀ। ਕੈਨੇਡਾ ਦੀ ਰਾਜਧਾਨੀ ਟੋਰਾਂਟੋ ਵਿੱਚ ਵੀ ਪਰਵਾਸੀ ਪੰਜਾਬੀਆਂ ਵਿੱਚ ਇਸ ਗੱਲੋਂ ਭਾਰੀ ਰੋਸ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੂੰ ਬਣਦਾ ਮਾਣ-ਸਤਿਕਾਰ ਨਹੀਂ ਦਿੱਤਾ।

ਅਕਾਲ ਤਖ਼ਤ ਦੇ ਜਥੇਦਾਰ ਵੱਲੋਂ

ਰਾਜੋਆਣਾ ਨਾਲ ਮੁਲਾਕਾਤ


ਪਟਿਆਲਾ, 6 ਮਾਰਚ-ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰੰਘ ਨੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਵਿੱਚ ਫਾਂਸੀ ਦੀ ਸਜ਼ਾ ਤਹਿਤ ਕੇਂਦਰੀ ਜੇਲ੍ਹ ਪਟਿਆਲਾ ਵਿੱਚ ਬੰਦ ਬਲਵੰਤ ਸਿੰਘ ਰਾਜੋਆਣਾ ਨਾਲ ਮੁਲਾਕਾਤ ਕੀਤੀ| ਇਸ ਦੌਰਾਨ ਰਾਜੋਆਣਾ ਨੇ ਸੁਣਵਾਈ ਅਧੀਨ ਪਏ ਆਪਣੇ ਕੇਸ ਦੇ ਜਲਦੀ ਨਿਬੇੜੇ  ਸਮੇਤ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਬੰਦੀਆਂ ਦੀ ਰਿਹਾਈ ਲਈ ਚਾਰਾਜੋਈ ‘ਤੇ ਜ਼ੋਰ ਦਿੱਤਾ, ਜਿਸ ਦੀ ਜਥੇਦਾਰ ਨੇ ਵੀ ਪ੍ਰੋੜ੍ਹਤਾ ਕੀਤੀ|
ਇਸ ਮੁਲਾਕਾਤ ਬਾਰੇ ਗਿਆਨੀ ਗੁਰਬਚਨ ਸਿੰਘ ਦਾ ਕਹਿਣਾ ਹੈ ਕਿ ਉਹ ਰਾਜੋਆਣਾ ਦਾ ਹਾਲ-ਚਾਲ ਪੁੱਛਣ ਗਏ ਸਨ| ਉਨ੍ਹਾਂ ਕਿਹਾ ਕਿ ਸ਼੍ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਹਿਲਾਂ ਹੀ ਰਾਜੋਆਣਾ ਦੇ ਕੇਸ ਦੀ ਪੈਰਵੀ ਕਰ ਰਹੀ ਹੈ ਤੇ ਉਹ  ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨਾਲ ਗੱਲ ਕਰਨਗੇ| ਉਨ੍ਹਾਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਮੂਹ ‘ਸਿੰਘਾਂ’ ਦੀ ਰਿਹਾਈ ‘ਤੇ ਵੀ ਜ਼ੋਰ ਦਿੱਤਾ| ਇਸ ਕੇਸ ਅਧੀਨ ਹੀ ਤਿਹਾੜ ਜੇਲ੍ਹ ਦਿੱਲੀ ਵਿੱਚ ਬੰਦ ਜਗਤਾਰ ਸਿੰਘ ਹਵਾਰਾ ਨਾਲ ਮੁਲਾਕਾਤ ਸਬੰਧੀ ਸਵਾਲ ਉਤੇ ਉਨ੍ਹਾਂ ਕਿਹਾ ਕਿ ਜੇ ਲੋੜ ਹੋਈ ਤਾਂ ਉਹ ਹਵਾਰਾ ਨੂੰ ਵੀ ਮਿਲਣਗੇ| ਯਾਦ ਰਹੇ ਕਿ ਹਵਾਰਾ ਨੂੰ ਸਰਕਾਰ ਵਿਰੋਧੀ ਧਿਰਾਂ ਨੇ ਅਕਾਲ ਤਖ਼ਤ ਸਾਹਿਬ ਦਾ ਮੁਤਵਾਜ਼ੀ ਜਥੇਦਾਰ ਚੁਣਿਆ ਹੋਇਆ ਹੈ| ਜ਼ਿਕਰਯੋਗ ਹੈ ਕਿ ਰਾਜੋਆਣਾ ਵੱਲੋਂ ਸ਼੍ਰੋਮਣੀ ਕਮੇਟੀ ਨੇ ਰਾਸ਼ਟਰਪਤੀ ਕੋਲ ‘ਰਹਿਮ ਦੀ ਅਪੀਲ’ ਦਾਇਰ ਕੀਤੀ ਸੀ। ਇਸ ਅਪੀਲ ਦਾ ਨਿਬੇੜਾ ਨਾ ਹੋਣ ਦੇ ਰੋਸ ਵਜੋਂ ਰਾਜੋਆਣਾ ਨੇ ਪਿਛਲੇ ਸਾਲ ਮਰਨ ਵਰਤ ਵੀ ਰੱਖਿਆ ਸੀ। ਰਾਜੋਆਣਾ ਇਸ ਗੱਲੋਂ ਨਾਰਾਜ਼ ਹੈ ਕਿ ਕਈ ਮਹੀਨਿਆਂ ਵਿੱਚ ਸ਼੍ਰੋਮਣੀ ਕਮੇਟੀ ਰਾਸ਼ਟਰਪਤੀ ਤੋਂ ਮਿਲਣ ਦਾ ਸਮਾਂ ਹੀ ਨਹੀਂ ਲੈ ਸਕੀ| ਭਾਵੇਂ ਅੰਦਰਲੀ ਗੱਲ ਤਾਂ ਸਾਹਮਣੇ ਨਹੀਂ ਆ ਸਕੀ ਪਰ ਜਥੇਦਾਰ ਦੀ ਇਸ ਮੁਲਾਕਾਤ ਨੂੰ ਇਸ ‘ਪੇਚੀਦਾ’ ਹਾਲਾਤ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ|ਇਸ ਬਾਰੇ ਸ਼੍ੋਮਣੀ ਕਮੇਟੀ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦਾ ਕਹਿਣਾ ਹੈ ਕਿ ਇਸ ਮੰਤਵ ਲਈ ਬਣਾਈ ਕਮੇਟੀ ਵੱਲੋਂ ਕੇਸ ਦੀ ਪੈਰਵੀ ਲਈ ਕੋਸ਼ਿਸ਼ਾਂ ਜਾਰੀ ਹਨ| ਰਾਸ਼ਟਰਪਤੀ ਨੂੰ ਪੱਤਰ ਲਿਖਣ ਸਮੇਤ ਦੋ ਯਾਦ ਪੱਤਰ ਵੀ ਭੇਜੇ ਜਾ ਚੁੱਕੇ ਹਨ| ਦਿੱਲੀ ਦੇ ਇਕ ਸ਼੍ਰੋਮਣੀ ਕਮੇਟੀ ਮੈਂਬਰ ਦੀ ਵੀ ਉਥੇ ਤਾਲਮੇਲ ਲਈ ਡਿਊਟੀ ਲਾਈ ਹੋਈ ਹੈ|

 

ਨਵੀਂ ਸਨਅਤੀ ਨੀਤੀ ਬਣਾ ਕੇ

ਕਰਾਵਾਂਗੇ ਤਰੱਕੀ: ਅਮਰਿੰਦਰ


ਬਠਿੰਡਾ-ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਮਨਪ੍ਰੀਤ ਬਾਦਲ ਨੂੰ ਅਗਲੇ ਖਜ਼ਾਨਾ ਮੰਤਰੀ ਵਜੋਂ ਪੇਸ਼ ਕੀਤਾ। ਅਮਰਿੰਦਰ ਨੇ ਸ਼ਾਮ ਵਕਤ ਬਠਿੰਡਾ (ਸ਼ਹਿਰੀ) ’ਚ ਚੋਣ ਜਲਸੇ ਵਿਚ ਆਖਿਆ ਕਿ ਕਾਂਗਰਸ ਸਰਕਾਰ ਬਣਨ ਤੇ ਮਨਪ੍ਰੀਤ ਬਾਦਲ ਨੂੰ ਖਜ਼ਾਨਾ ਮੰਤਰੀ ਬਣਾਇਆ ਜਾਵੇਗਾ। ਉਸ ਤੋਂ ਪਹਿਲਾਂ ਕਾਂਗਰਸੀ ਉਮੀਦਵਾਰ ਮਨਪ੍ਰੀਤ ਬਾਦਲ ਨੇ ਆਪਣੇ ਭਾਸ਼ਨ ’ਚ ਕੈਪਟਨ ਅਮਰਿੰਦਰ ਤੋਂ ਪੰਜਾਬ ਦੇ ਖਜ਼ਾਨੇ ਦੀ ਕੁੰਜੀ ਮੰਗੀ। ਮਨਪ੍ਰੀਤ ਨੇ ਆਪਣੇ ਅੰਦਾਜ਼ ਵਿਚ ਆਖਿਆ ਕਿ ਉਹ ਬਠਿੰਡਾ ਸ਼ਹਿਰ ਦੇ ਲੋਕਾਂ ਦਾ ਦੇਣ ਨਹੀਂ ਦੇ ਸਕਦੇ ਅਤੇ ਉਹ ਇਨ੍ਹਾਂ ਸ਼ਹਿਰੀ ਲੋਕਾਂ ਦਾ ਕਰਜ਼ਾ ਲਾਹੁਣਾ ਚਾਹੁੰਦੇ ਹਨ ਜਿਸ ਕਰਕੇ ਖਜ਼ਾਨੇ ਦੀ ਕੁੰਜੀ ਮੈਨੂੰ ਦੇ ਦਿਓ।
ਕੈਪਟਨ ਅਮਰਿੰਦਰ ਸਿੰਘ ਨੇ ਉਸ ਮਗਰੋਂ ਆਖਿਆ ਕਿ ਬਠਿੰਡਾ ਪੰਜਾਬ ਦਾ ਪਹਿਲਾ ਸ਼ਹਿਰ ਹੋਵੇਗਾ ਜਿਸ ਨੂੰ ਦੋ ਵਿੱਤ ਮੰਤਰੀ ਦੇਣ ਦਾ ਸੁਭਾਗ ਪ੍ਰਾਪਤ ਹੋਵੇਗਾ। ਪਹਿਲਾਂ ਕਾਂਗਰਸ ਸਰਕਾਰ ਬਣੀ ਸੀ ਤਾਂ ਉਦੋਂ ਇੱਥੋਂ ਚੋਣ ਜਿੱਤੇ ਸੁਰਿੰਦਰ ਸਿੰਗਲਾ ਨੂੰ ਖਜ਼ਾਨਾ ਮੰਤਰੀ ਬਣਾਇਆ ਗਿਆ ਸੀ। ਹੁਣ ਖਜ਼ਾਨਾ ਮਨਪ੍ਰੀਤ ਹਵਾਲੇ ਕਰਾਂਗੇ। ਕੈਪਟਨ ਨੇ ਆਖਿਆ ਕਿ ਮਨਪ੍ਰੀਤ ਨੂੰ ਤਾਂ ਖਜ਼ਾਨਾ ਦਿਆਂਗੇ ਪਰ ਇਸ ਦੇ ਤਾਏ ਪ੍ਰਕਾਸ਼ ਸਿੰਘ ਬਾਦਲ ਨੂੰ ਐਤਕੀਂ ਲੰਬੀ ਤੋਂ ਮਾਂਜ ਦੇਣਾ ਹੈ। ਬਾਦਲ ਨੂੰ ਅਹਿਸਾਸ ਕਰਾ ਦੇਣਾ ਹੈ ਕਿ ਕਿਵੇਂ ਪੰਜਾਬ ਨੂੰ ਲੁੱਟੀਦਾ ਹੈ। ਕੈਪਟਨ ਨੇ ਆਖਿਆ ਕਿ ਨਵੀਂ ਉਦਯੋਗਿਕ ਪਾਲਿਸੀ ਬਣਾ ਕੇ ਬਠਿੰਡਾ ਦੀ ਸਨਅਤੀ ਤਰੱਕੀ ਕੀਤੀ ਜਾਵੇਗੀ। ਬਠਿੰਡਾ ਸ਼ਹਿਰ ’ਚ ਹੋਈ ਚੋਣ ਰੈਲੀ ਵਿੱਚ ਅੱਜ ਸਾਬਕਾ ਵਿਧਾਇਕ ਗੁਰਜੰਟ ਸਿੰਘ ਕੁੱਤੀਵਾਲ ਤੇ ਤ੍ਰਿਣਮੂਲ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰਣਬੀਰ ਸਿੰਘ ਸਿੱਧੂ ਨੇ ਕਾਂਗਰਸ ਵਿੱਚ ਸ਼ਮੂਲੀਅਤ ਕਰ ਲਈ ਹੈ।
ਕੈਪਟਨ ਅਮਰਿੰਦਰ ਨੇ ਆਖਿਆ ਕਿ ਬਾਦਲ ਸਰਕਾਰ ਨੇ ਲੰਘੇ ਵਰ੍ਹਿਆਂ ਵਿੱਚ ਪੰਜਾਬ ਵਿਚ ਪੰਜ ਲੱਖ ਝੂਠੇ ਕੇਸ ਦਰਜ ਕੀਤੇ ਹਨ ਜਿਨ੍ਹਾਂ ਨੂੰ ਇੱਕ ਮਹੀਨੇ ਵਿੱਚ ਰੱਦ ਕੀਤਾ ਜਾਵੇਗਾ। ਉਨ੍ਹਾਂ ਪੀਟੀਸੀ ਚੈੱਨਲ ਨੂੰ ਪਹਿਲੇ ਦਿਨ ਹੀ ਬੰਦ ਕਰਨ ਦਾ ਐਲਾਨ ਕੀਤਾ ਅਤੇ ਆਖਿਆ ਕਿ ਹੋਰ 20 ਨਵੇਂ ਚੈਨਲ ਚਲਾਏ ਜਾਣਗੇ। ਕੈਪਟਨ ਨੇ ਪੰਜਾਬ ਦੇ ਭਲੇ ਲਈ ਕਾਂਗਰਸ ਨੂੰ ਤਾਕਤ ਦੇਣ ਦੀ ਮੰਗ ਕੀਤੀ ਤੇ ‘ਆਪ’ ਨੂੰ ਵੀ ਰਗੜੇ ਲਾਏ।
ਬਠਿੰਡਾ ਸ਼ਹਿਰੀ ਤੋਂ ਕਾਂਗਰਸੀ ਉਮੀਦਵਾਰ ਮਨਪ੍ਰੀਤ ਬਾਦਲ ਨੇ ਆਖਿਆ ਕਿ ਐਤਕੀਂ ਮੁੜ ਬਠਿੰਡਾ ਦੇ ਲੋਕ ਹਰਸਿਮਰਤ ਬਾਦਲ ਦਾ ਘੁਮੰਡ ਤੋੜ ਦੇਣਗੇ। ਮਨਪ੍ਰੀਤ ਬਾਦਲ ਦੇ ਨੌਜਵਾਨ ਲੜਕੇ ਅਰਜਨ ਬਾਦਲ ਨੇ ਦੋਸ਼ ਲਾਇਆ ਕਿ ਅਕਾਲੀ-ਭਾਜਪਾ ਸਰਕਾਰ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਰੈਲੀ ਨੂੰ ਬਠਿੰਡਾ ਸ਼ਹਿਰੀ ਦੇ ਪ੍ਰਧਾਨ ਮੋਹਨ ਲਾਲ ਝੁੰਬਾ ਨੇ ਵੀ ਸੰਬੋਧਨ ਕੀਤਾ ਜਦੋਂ ਕਿ ਸਟੇਜ ਸੰਚਾਲਨ ਐਡਵੋਕੇਟ ਰਾਜਨ ਗਰਗ ਨੇ ਕੀਤਾ।

 

ਟੋਰਾਂਟੋ ਵਾਸੀਆਂ ਵੱਲੋਂ

ਓਮ ਪੁਰੀ ਨੂੰ ਸ਼ਰਧਾਂਜਲੀ


ਟੋਰਾਂਟੋ-ਪਰਵਾਸੀ ਮੀਡੀਆ ਗਰੁੱਪ ਦੇ ਰਾਜਿੰਦਰ ਸੈਣੀ ਵੱਲੋਂ ਸੱਦੀ ਗਈ ਵਿਸ਼ੇਸ਼ ਬੈਠਕ ਵਿੱਚ ਮਰਹੂਮ ਅਦਾਕਾਰ ਓਮ ਪੁਰੀ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਬੈਠਕ ਵਿੱਚ ਇਲਾਕੇ ਦੇ ਰੰਗਕਰਮੀ, ਲਿਖਾਰੀ ਅਤੇ ਪਤਵੰਤੇ ਪਹੁੰਚੇ। ਬਰੈਂਪਟਨ ਦੇ ਇੱਕ ਬੈਂਕੁਇਟ ਹਾਲ ਵਿੱਚ ਹੋਈ ਇਸ ਮੀਟਿੰਗ ਮੌਕੇ ਸੰਬੋਧਨ ਕਰਦਿਆਂ ਜੋਗਿੰਦਰ ਗਰੇਵਾਲ ਨੇ ਆਖਿਆ ਕਿ ਓਮ ਪੁਰੀ ਨੇ ਸਮੁੱਚੀ ਫਿਲਮ ਇੰਡਸਟਰੀ ਵਿੱਚ ਨਵੀਆਂ ਲੀਹਾਂ ਪਾਈਆਂ ਅਤੇ ਆਪਣੀ ਕਲਾ ਦਾ ਲੋਹਾ ਮਨਵਾਇਆ। ਨਾਟਕਕਾਰ ਨਾਹਰ ਔਜਲਾ ਨੇ ਕਿਹਾ ਕਿ ਓਮ ਪੁਰੀ ਹਜ਼ਾਰਾਂ ਫਿਲਮ ਅਦਾਕਾਰਾਂ ਵਿੱਚੋਂ ਵੱਖਰਾ ਸੀ। ਉਨ੍ਹਾਂ ਕਿਹਾ ਕਿ ਲੋਕਾਂ ਦੇ ਦਰਦ ਦੀ ਗੱਲ ਕਰਨ ਵਾਲੇ ਕਲਾਕਾਰ ਹਮੇਸ਼ਾ ਜ਼ਿੰਦਾ ਰਹਿੰਦੇ ਹਨ। ਬੀਬੀ ਹਲੀਮਾ ਸਾਦੀਆ ਨੇ ਕਿਹਾ ਕਿ ਸੱਚੇ ਸੁੱਚੇ ਕਲਾਕਾਰ ਓਮ ਪੁਰੀ  ਬਗੈਰ ਤਫ਼ਰੀਕ ਦੇ ਭਾਰਤ ਤੇ ਪਾਕਿਸਤਾਨ ਦੇ ਲੋਕਾਂ ਤੋਂ ਮੁਹੱਬਤ ਹਾਸਲ ਕੀਤੀ। ਰਾਜਿੰਦਰ ਸੈਣੀ ਅਤੇ ਉਨ੍ਹਾਂ ਦੀ ਪਤਨੀ ਮੀਨਾਕਸ਼ੀ ਨੇ ਓਮ ਨਾਲ ਨੇੜਤਾ ਦੀਆਂ ਗੱਲਾਂ ਸਾਂਝੀਆਂ ਕੀਤੀਆਂ। ਰੰਗਕਰਮੀ ਬਲਜਿੰਦਰ ਲੇਲ੍ਹਣਾ, ਹੀਰਾ ਰੰਧਾਵਾ, ਬਲਰਾਜ ਚੀਮਾ, ਤਾਹਿਰ ਅਸਲਮ ਗੋਰਾ ਨੇ ਵੀ ਵਿਚਾਰ ਰੱਖੇ ਅਤੇ ਓਮ ਪੁਰੀ ਦੇ ਜੀਵਨ ਤੇ ਕੰਮ ਬਾਰੇ ਵੀਡੀਓ ਵਿਖਾਈ ਗਈ।

 


<< Start < Prev 1 2 3 4 5 6 7 8 9 10 Next > End >>

ਮੁੱਖ ਖ਼ਬਰਾਂ : 

ਖੇਡ ਖ਼ਬਰਾ : 

ਪੰਜਾਬ ਖ਼ਬਰਾਂ : 

ਨਵੇਂ ਲੇਖ : 

 

Random Video 

Latest Added Magzine 

Advertisement

Advertisement
Advertisement
Advertisement