Punjab News 

ਮੋਗਾ ਟਰੱਕ ਯੂਨੀਅਨ: ਪ੍ਰਧਾਨਗੀ ਤੋਂ ਜੈਨ

ਤੇ ਗਿੱਲ ਧੜਿਆਂ ਵਿੱਚ ਚੱਲੀ ਗੋਲੀ


ਮੋਗਾ, 13 ਫ਼ਰਵਰੀ - ਇੱਥੇ ਟਰੱਕ ਅਪਰੇਟਰ ਯੂਨੀਅਨ ਦੀ ਪ੍ਰਧਾਨਗੀ ’ਤੇ ਕਾਬਜ਼ ਹੋਣ ਲਈ ਹੁਕਮਰਾਨ ਪਾਰਟੀ ਦੇ ਦੋ ਧੜਿਆਂ ’ਚ ਪਿਛਲੇ ਇੱਕ ਮਹੀਨੇ ਤੋਂ ਚੱਲ ਰਿਹਾ ਤਣਾਅ ਅੱਜ ਗੰਭੀਰ ਰੂਪ ਧਾਰ ਗਿਆ।  ਹਾਕਮ ਧਿਰ ਦੇ ਇੱਕ ਆਗੂ ਵੱਲੋਂ ਗੋਲੀ ਚਲਾਉਣ ਬਾਅਦ ਦੋਵਾਂ ਧਿਰਾਂ ’ਚ ਇੱਟਾਂ ਰੋੜੇ ਚੱਲੇ ਅਤੇ ਭੀੜ ਨੂੰ ਖਿੰਡਾਉਣ ਲਈ ਪੁਲੀਸ ਨੇ ਹਲਕਾ ਲਾਠੀਚਾਰਜ ਕੀਤਾ। ਇਸ ਮੌਕੇ ਜ਼ਖ਼ਮੀ ਹੋਏ 3 ਜਣੇ ਸਿਵਲ ਹਸਪਤਾਲ ਵਿੱਚ ਦਾਖ਼ਲ ਹਨ। ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀ ਵੀ ਇਸ ਮਾਮਲੇ ਦਾ ਹੱਲ ਕਰਨ ਤੋਂ ਬੇਵੱਸ ਹਨ। ਦੋਵਾਂ ਧਿਰਾਂ ਦੀ ਜ਼ਿਲ੍ਹਾ ਅਧਿਕਾਰੀਆਂ ਨਾਲ ਗੱਲਬਾਤ ਬੇਸਿੱਟਾ ਰਹੀ ਹੈ। ਡਿਪਟੀ ਕਮਿਸ਼ਨਰ ਅਰਸ਼ਦੀਪ ਸਿੰਘ ਥਿੰਦ ਨੇ ਕਿਹਾ ਕਿ ਇਹ ਮਸਲਾ ਸੁਲਝਾਉਣ ਲਈ ਜ਼ਿਲ੍ਹਾ ਪੁਲੀਸ ਮੁਖੀ ਕਮਲਜੀਤ ਸਿੰਘ ਢਿੱਲੋਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ’ਚ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇੱਥੇ ਬੀਤੇ ਇੱਕ ਮਹੀਨੇ ਤੋਂ ਸਿਆਸੀ ਅਖ਼ਾੜਾ ਬਣੀ ਟਰੱਕ ਅਪਰੇਟਰ ਯੂਨੀਅਨ ਦੀ ਪ੍ਰਧਾਨਗੀ ਵਿਧਾਇਕ ਜੋਗਿੰਦਰ ਪਾਲ ਜੈਨ ਆਪਣੇ ਸਮਰਥਕ ਜਗਰੂਪ ਸਿੰਘ ਤਖ਼ਤੂਪੁਰਾ ਅਤੇ ਸਾਬਕਾ ਡੀ.ਜੀ.ਪੀ.,.ਪੀ.ਐੱਸ. ਗਿੱਲ ਆਪਣੇ ਸਮਰਥਕ ਦੇਵਿੰਦਰ ਸਿੰਘ ਰਣੀਆਂ ਨੂੰ ਦੁਆਉਣ ਦੀ ਕੋਸ਼ਿਸ਼ ’ਚ ਹਨ। ਇਸ ਕਾਰਨ ਸਥਿੱਤੀ ਤਣਾਅਪੂਰਨ ਬਣੀ ਹੋਈ ਹੈ ਅਤੇ ਸਿਆਸੀ ਆਗੂਆਂ ਦੀ ਲੜਾਈ ’ਚ ਆਮ ਟਰੱਕ ਅਪਰੇਟਰ ਤੇ ਮਜ਼ਦੂਰਾਂ ਦਾ ਘਾਣ ਹੋ ਰਿਹਾ ਹੈ।
ਅੱਜ ਜਦੋਂ ਪ੍ਰਧਾਨਗੀ ਦੇ ਦਾਅਵੇਦਾਰ ਜਗਰੂਪ ਸਿੰਘ ਤਖਤੂਪੁਰਾ ਤੇ ਵਿਧਾਇਕ ਜੋਗਿੰਦਰ ਪਾਲ ਜੈਨ ਟਰੱਕ ਯੂਨੀਅਨ ’ਚ ਜਾਣ ਲੱਗੇ ਤਾਂ ਉੱਥੇ ਗੇਟ ’ਤੇ ਤਾਇਨਾਤ ਪੁਲੀਸ ਨੇ ਜੈਨ ਨੂੰ ਅੰਦਰ ਜਾਣ ਤੋਂ ਰੋਕ ਦਿੱਤਾ। ਉਨ੍ਹਾਂ ਅੰਦਰ ਜਾਣ ਲਈ ਕਾਫ਼ੀ ਕੋਸ਼ਿਸ਼ ਕੀਤੀ ਪਰ ਸਫ਼ਲ ਨਹੀਂ ਹੋਏ। ਉੱਥੇ ਮੌਜੂਦ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਵੀ ਜੈਨ ਦੀ ਗੱਲ ਅਣਸੁਣੀ ਕਰ ਦਿੱਤੀ। ਇਸ ਤੋਂ ਬਾਅਦ ਜੈਨ ਧੜੇ ਦੇ ਜਗਰੂਪ ਸਿੰਘ ਤਖ਼ਤੂਪੁਰਾ ਨੇ ਟਰੱਕਾਂ ਦੀ ਪੁਕਾਰ ਸ਼ੁਰੂ ਕਰ ਦਿੱਤੀ ਤਾਂ ਸਾਬਕਾ ਡੀਜੀਪੀ ਗੁੱਟ ਵਿੱਚੋਂ ਪ੍ਰਧਾਨਗੀ ਦੇ ਦਾਅਵੇਦਾਰ ਦਵਿੰਦਰ ਸਿੰਘ ਰਣੀਆਂ ਨੇ ਟਰੱਕ ਯੂਨੀਅਨ ਦੇ ਮੁਨਸ਼ੀ ਵੱਲੋਂ ਕੀਤੀ ਜਾ ਰਹੀ ਪੁਕਾਰ ਦਾ ਵਿਰੋਧ ਕੀਤਾ। ਇਸ ਮੌਕੇ ਦੋਵਾਂ ਧਿਰਾਂ ’ਚ ਤਲਖ਼ੀ ਦੌਰਾਨ ਭੀੜ ਵਿੱਚੋਂ ਕਿਸੇ ਨੇ ਇੱਟ ਮਾਰ ਦਿੱਤੀ। ਮਗਰੋਂ ਸਥਿੱਤੀ ਬੇਕਾਬੂ ਹੋ ਗਈ ਅਤੇ ਦੋਵਾਂ ਧਿਰਾਂ ’ਚ ਇੱਟਾਂ ਰੋੜੇ ਚੱਲ ਪਏ ਅਤੇ ਇੱਕ ਆਗੂ ਨੇ ਆਪਣੀ ਰਿਵਾਲਵਰ ਨਾਲ ਗੋਲੀ ਚਲਾ ਦਿੱਤੀ। ਇਸ ਮੌਕੇ ਦੋ ਫ਼ਾਇਰ ਹੋਏ। ਪੁਲੀਸ ਨੇ ਭੀੜ ਖਿੰਡਾਉਣ ਲਈ ਹਲਕਾ ਲਾਠੀਚਾਰਜ ਕੀਤਾ। ਇਸ ਮੌਕੇ ਰਣੀਆਂ ਧੜੇ ਨਾਲ ਸਬੰਧਤ ਅਪਰੇਟਰਾਂ ਨੇ ਮੋਗਾ-ਫ਼ਿਰੋਜ਼ਪੁਰ ਕੌਮੀ ਮਾਰਗ ’ਤੇ ਧਰਨਾਂ ਦੇ ਕੇ ਜਾਮ ਲਾ ਦਿੱਤਾ। ਇਸ ਦੌਰਾਨ ਰਣੀਆਂ ਗੁੱਟ ਦੇ ਟਰੱਕ ਮਾਲਕ ਹਰਨੇਕ ਸਿੰਘ ਵਾਸੀ ਜ਼ੀਰਾ ਰੋਡ, ਟਰੱਕ ਡਰਾਈਵਰ ਸੁਖਦੇਵ ਸਿੰਘ ਵਾਸੀ ਪ੍ਰੀਤ ਨਗਰ ਅਤੇ ਜੈਨ ਗੁੱਟ ਦੇ ਟਰੱਕ ਅਪਰੇਟਰ ਤੇ ਕਮੇਟੀ ਮੈਂਬਰੀ ਦੇ ਦਾਅਵੇਦਾਰ ਪਰਮਜੀਤ ਸਿੰਘ ਜ਼ਖ਼ਮੀ ਹੋ ਗਏ। ਰਣੀਆਂ ਨੇ ਕਿਹਾ ਕਿ ਜੇ ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਘਟਨਾ ਬਾਰੇ ਕੇਸ ਨਾ ਦਰਜ ਕੀਤਾ ਤਾਂ ਉਹ ਭਲਕੇ ਚੱਕਾ ਜਾਮ ਕਰਨਗੇ।
ਜ਼ਿਕਰਯੋਗ ਹੈ ਕਿ ਬੀਤੀ 16 ਜਨਵਰੀ ਨੂੰ ਦੋਵਾਂ ਧਿਰਾਂ ਖ਼ਿਲਾਫ਼ ਅਮਨ ਭੰਗ ਕਰਨ ਦੀ ਕਾਰਵਾਈ ਧਾਰਾ 107/151 ਸੀਆਰਪੀਸੀ ਤਹਿਤ ਅਕਾਲੀ ਆਗੂ ਜਗਰੂਪ ਸਿੰਘ ਤਖ਼ਤੂਪੁਰਾ ਗੁੱਟ ਦੇ 12 ਅਤੇ ਦਵਿੰਦਰ ਸਿੰਘ ਰਣੀਆਂ ਗਰੁੱਪ ਦੇ 16 ਜਣਿਆਂ ਖ਼ਿਲਾਫ਼ ਇਹ ਕਾਰਵਾਈ ਅਮਲ ਵਿੱਚ ਲਿਆਉਣ ਬਾਅਦ ਅਕਾਲੀ ਆਗੂਆਂ ਨੂੰ ਨਿੱਜੀ ਮੁਚੱਲਕਾ ’ਤੇ ਰਿਹਾਅ ਕੀਤਾ ਗਿਆ ਸੀ।

ਜੰਗੀ ਯਾਦਗਾਰ ਵਿੱਚ ਉਸਾਰੀ ਜਾਵੇਗੀ 45 ਫੁੱਟੀ ਤਲਵਾਰ
* ਥੜ੍ਹੇ ਉਪਰ ਉਕਰੇ ਜਾਣਗੇ ਸ਼ਹੀਦਾਂ ਦੇ ਨਾਂ
* ਸੱਤ ਏਕੜ ਰਕਬੇ ਵਿੱਚ 100 ਕਰੋੜ ਦੀ ਲਾਗਤ ਨਾਲ ਡੇਢ ਸਾਲ ’ਚ ਉਸਰੇਗੀ ਯਾਦਗਾਰ


ਅੰਮ੍ਰਿਤਸਰ, 13 ਫਰਵਰੀ - ਪੰਜਾਬ ਸਰਕਾਰ ਵਲੋਂ ਅੰਮ੍ਰਿਤਸਰ-ਅਟਾਰੀ ਰੋਡ ਉਤੇ ਬਣਾਈ ਜਾਣ ਵਾਲੀ ਜੰਗੀ ਯਾਦਗਾਰ ‘ਪੰਜਾਬ ਸਟੇਟ ਵਾਰ ਹੀਰੋਜ਼ ਮੈਮੋਰੀਅਲ ਅਤੇ ਮਿਊਜ਼ੀਅਮ’ ਵਿਚ ਯਾਦਗਾਰ ਵਜੋਂ 45 ਫੁੱਟ ਉਚੀ ਕਿਰਪਾਨ ਉਸਾਰੀ ਜਾਵੇਗੀ, ਜਿਸ ਦੇ ਆਲੇ ਦੁਆਲੇ ਤਲਾਅ ਹੋਵੇਗਾ। ਇਹ ਇਕ ਨਿਵੇਕਲੀ ਯਾਦਗਾਰ ਹੋਵੇਗੀ।
ਯਾਦਗਾਰ ਦੀ ਰੂਪ ਰੇਖਾ ਬਾਰੇ ਦੱਸਦਿਆਂ ਭਵਨ ਨਿਰਮਾਣਕਾਰ ਕੰਪਨੀ ਕਪੂਰ ਐਸੋਸੀਏਟ ਦੇ ਮੁਖੀ ਐਨਐਸ ਕਪੂਰ ਨੇ ਕਿਹਾ ਕਿ ਯਾਦਗਾਰ ਵਿਚ ਕਿਰਪਾਨ ਨੂੰ ਹੀ ਯਾਦਗਾਰੀ ਚਿੰਨ੍ਹ ਬਣਾਇਆ ਗਿਆ ਹੈ ਕਿਉਂਕਿ ਇਹ ਅਮਨ ਬਹਾਲੀ ਅਤੇ ਜਿੱਤ ਦਾ ਪ੍ਰਤੀਕ ਹੈ। ਇਸ ਯਾਦਗਾਰ ਦੇ ਆਲੇ ਦੁਆਲੇ ਪਾਣੀ ਹੋਵੇਗਾ ਅਤੇ 12 ਫੁੱਟ ਉਚੇ ਮੰਚ ਉਤੇ 45 ਫੁੱਟ ਉਚੀ ਕ੍ਰਿਪਾਨ ਹੋਵੇਗੀ। ਇਸ ਨੂੰ ਸਭ ਤੋਂ ਉਚੀ ਥਾਂ ਬਣਾਉਣ ਦਾ ਭਾਵ ਕਿ ਇਹ ਸਭ ਤੋਂ ਉਪਰ ਹੈ ਅਤੇ ਇਸ ਦੇ ਆਲੇ ਦੁਆਲੇ ਪਾਣੀ ਦਾ ਭਾਵ ਇਹ ਪਵਿੱਤਰ ਹੈ। ਥੜ੍ਹੇ ਉਪਰ ਸ਼ਹੀਦਾਂ ਦੇ ਨਾਂ ਉਕਰੇ ਹੋਣਗੇ।
ਇਹ ਯਾਦਗਾਰ 7 ਏਕੜ ਰਕਬੇ ਵਿਚ ਲਗਪਗ 100 ਕਰੋੜ ਰੁਪਏ ਦੀ ਲਾਗਤ ਨਾਲ ਡੇਢ ਸਾਲ ਵਿਚ ਬਣ ਕੇ ਤਿਆਰ ਹੋਵੇਗੀ। ਇਸ ਸਬੰਧੀ ਪੰਜਾਬ ਸਰਕਾਰ ਵਲੋਂ ਟੈਂਡਰ ਵੀ ਜਾਰੀ ਕੀਤੇ ਜਾ ਚੁੱਕੇ ਹਨ ਅਤੇ ਜਲਦੀ ਹੀ ਕੰਮ ਸ਼ੁਰੂ ਹੋਣ ਦੀ ਸੰਭਾਵਨਾ ਹੈ। ਯਾਦਗਾਰ ਵਾਲੇ ਸਥਾਨ ’ਤੇ ਜਾਣ ਲਈ ਅੰਮ੍ਰਿਤਸਰ ਅਟਾਰੀ ਰੋਡ ’ਤੇ ਬਣੀ ਸਰਵਿਸ ਲੇਨ ਨੂੰ ਵਰਤਿਆ ਜਾਵੇਗਾ। ਯਾਦਗਾਰ ਦੇ ਅੰਦਰੂਨੀ ਹਿੱਸੇ ਵਿਚ ਜਾਣ ਲਈ ਐਲੀਵੇਟਰ ਲਾਏ ਜਾਣਗੇ।
ਇਥੇ ਛੇ ਵੱਖ ਵੱਖ ਗੈਲਰੀਆਂ ਬਣਾਈਆਂ ਜਾਣਗੀਆਂ, ਜਿਨ੍ਹਾਂ ਵਿਚ ਗੁਰੂ ਹਰਿਗੋਬਿੰਦ ਤੋਂ ਲੈ ਕੇ ਪਹਿਲੀ ਤੇ ਦੂਜੀ ਸੰਸਾਰ ਜੰਗ, 1961, 1965, 1971 ਤੇ ਕਾਰਗਿਲ ਜੰਗ ਨਾਲ ਸਬੰਧਤ ਇਤਿਹਾਸ ਦਿਖਾਇਆ ਜਾਵੇਗਾ। ਇਕ ਓਪਨ ਏਅਰ ਥੀਏਟਰ ਵੀ ਹੋਵੇਗਾ, ਜਿਸ ਵਿਚ ਜੰਗਾਂ ਨਾਲ ਸਬੰਧਤ ਇਤਿਹਾਸ ਨੂੰ ਰੋਸ਼ਨੀ ਅਤੇ ਸੰਗੀਤ ਆਧਾਰਿਤ ਪ੍ਰੋਗਰਾਮ ਰਾਹੀਂ ਦਿਖਾਇਆ ਜਾਵੇਗਾ। ਇਸ ਤੋਂ ਇਲਾਵਾ ਮਹਿਮਾਨ ਘਰ ਅਤੇ ਸੋਵੀਨਰ ਦੁਕਾਨ ਵੀ ਹੋਵੇਗੀ। ਇਕ ਕੈਫੇ ਹਾਊਸ ਬਣਾਇਆ ਜਾਵੇਗਾ, ਜਿਸ ਦੀ ਬਣਤਰ ਵਿਸ਼ੇਸ਼ ਹੋਵੇਗੀ ਅਤੇ ਇਸ ਵਿਚ ਟੈਂਕ, ਤੋਪਾਂ, ਫੌਜੀਆਂ ਦੇ ਬੁੱਤ ਤੇ ਹੋਰ ਸਾਜ਼ੋ ਸਮਾਨ ਹੋਵੇਗਾ, ਜਿਸ ਨਾਲ ਇਥੇ ਬੈਠਣ ਵਾਲਿਆਂ ਨੂੰ ਜੰਗੀ ਮਾਹੌਲ ਤੇ ਫੌਜੀਆਂ ਵਾਲਾ ਅਹਿਸਾਸ ਹੋਵੇਗਾ। ਵਿਸ਼ੇਸ਼ ਰੌਸ਼ਨੀਆਂ ਨਾਲ ਇਥੇ ਜੰਗੀ ਮਾਹੌਲ ਸਿਰਜਿਆ ਜਾਵੇਗਾ। ਸ਼ਹੀਦਾਂ ਦੀਆਂ ਕਹਾਣੀਆਂ ਨੂੰ ਐਨੀਮੇਸ਼ਨ ਰਾਹੀਂ ਦਰਸਾਇਆ ਜਾਵੇਗਾ। ਯਾਦਗਾਰ ਦੀ ਚਾਰ ਦੀਵਾਰੀ ਨਾਨਕਸ਼ਾਹੀ ਇੱਟਾਂ ਦੀ ਬਣਾਈ ਜਾਵੇਗੀ ਜਦੋਂਕਿ ਅੰਦਰੂਨੀ ਇਮਾਰਤ ਵਿਚ ਵੱਡੀ ਹਰੀ ਪੱਟੀ ਵੀ ਹੋਵੇਗੀ।

ਗ਼ੁਰਬਤ ਦੀ ਮਾਰ: ਜਿਗ਼ਰ ਦੇ ਦੋ ਟੁਕੜਿਆਂ ਦੀ

ਜਾਨ ਲੈਣ ਮਗਰੋਂ ਪਿਤਾ ਨੇ ਕੀਤੀ ਖ਼ੁਦਕੁਸ਼ੀ


ਮੁਹਾਲੀ, 10 ਫਰਵਰੀ  - ਨੇੜਲੇ ਪਿੰਡ ਲਾਂਡਰਾਂ ਵਿੱਚ ਗ਼ਰੀਬੀ ਤੋਂ ਤੰਗ ਆਏ ਇਕ ਮਜਬੂਰ ਪਿਤਾ ਨੇ ਦੋ ਪੁੱਤਾਂ ਸਣੇ ਖ਼ੁਦਕੁਸ਼ੀ ਕਰ ਲਈ ਹੈ। ਮ੍ਰਿਤਕਾਂ ਦੀ ਪਛਾਣ ਜਗਤਾਰ ਸਿੰਘ (38), ਗੌਰਵਦੀਪ ਸਿੰਘ ਉਰਫ਼ ਜੱਗੀ (14) ਅਤੇ ਹਰਸ਼ਦੀਪ ਸਿੰਘ (12) ਵਜੋਂ ਹੋਈ ਹੈ। ਜੱਗੀ ਅੱਠਵੀਂ ਅਤੇ ਹਰਸ਼ ਪੰਜਵੀਂ ਵਿੱਚ ਪੜ੍ਹਦਾ ਸੀ। ਘਟਨਾ ਸਮੇਂ ਬੱਚਿਆਂ ਦੀ ਮਾਂ ਘਰ ਵਿੱਚ ਮੌਜੂਦ ਨਹੀਂ ਸੀ। ਉਹ ਆਪਣੇ ਬਿਮਾਰ ਪਿਤਾ ਦੀ ਖ਼ਬਰਸਾਰ ਲੈਣ ਲਈ ਪੇਕੇ ਪਿੰਡ ਮਲਕਪੁਰ ਪਨੂੰਆਂ (ਖਰੜ) ਗਈ ਹੋਈ ਸੀ। ਪੁਲੀਸ ਨੂੰ ਕਮਰੇ ’ਚੋਂ ਬੈੱਡ ਦੇ ਗੱਦੇ ਥੱਲਿਓਂ ਖ਼ੁਦਕੁਸ਼ੀ ਨੋਟ ਮਿਲਿਆ ਹੈ। ਇਸ ਵਿੱਚ ਜਗਤਾਰ ਸਿੰਘ ਨੇ ਗ਼ਰੀਬੀ ਅਤੇ ਬਿਮਾਰੀ ਤੋਂ ਤੰਗ ਆ ਕੇ ਕਦਮ ਚੁੱਕਣ ਦੀ ਗੱਲ ਲਿਖੀ ਹੈ।
ਬੀਤੀ ਰਾਤ ਪਰਿਵਾਰ ਦੇ ਜੀਅ ਰੋਟੀ ਖਾਣ ਤੋਂ ਬਾਅਦ ਆਪੋ-ਆਪਣੇ ਕਮਰਿਆਂ ਵਿੱਚ ਸੌਣ ਲਈ ਚਲੇ ਗਏ। ਚੁਬਾਰੇ ਵਿੱਚ 70 ਸਾਲ ਦੀ ਦਾਦੀ ਗੁਰਦੇਵ ਕੌਰ ਅਤੇ ਹੇਠਾਂ ਕਮਰੇ ’ਚ ਜਗਤਾਰ ਸਿੰਘ ਆਪਣੇ ਦੋਵੇਂ ਬੇਟਿਆਂ ਨਾਲ ਸੁੱਤਾ ਹੋਇਆ ਸੀ। ਕਰੀਬ ਅੱਧੀ ਰਾਤ ਨੂੰ ਜਗਤਾਰ ਨੇ ਪਹਿਲਾਂ ਆਪਣੇ ਬੱਚਿਆਂ ਨੂੰ ਗਲ ਘੋਟ ਕੇ ਮੌਤ ਦੇ ਘਾਟ ਉਤਾਰਿਆਂ। ਮਗਰੋਂ ਉਸ ਨੇ ਸਲਫਾਸ ਦੀਆਂ ਗੋਲੀਆਂ ਖਾ ਕੇ ਖ਼ੁਦਕੁਸ਼ੀ ਕਰ ਲਈ। ਬੱਚਿਆਂ ਦੇ ਗਲੇ ’ਤੇ ਨਿਸ਼ਾਨ ਸਨ। ਇਹ ਵੀ ਪੱਤਾ ਲੱਗਾ ਕਿ ਛੋਟੇ ਬੇਟੇ ਹਰਸ਼ ਨੇ ਆਪਣੀ ਜਾਨ ਬਚਾਉਣ ਲਈ ਕਮਰੇ ਦੇ ਅੰਦਰੋਂ ਅੰਦਰ ਕਾਫੀ ਭੱਜ ਨੱਠ ਵੀ ਕੀਤੀ ਪਰ ਨਸ਼ੇ ਵਿੱਚ ਧੁੱਤ ਪਿਤਾ ਨੇ ਆਪਣੇ ਹੱਥਾਂ ਨਾਲ ਉਸ ਦਾ ਵੀ ਗਲਾ ਘੋਟ ਦਿੱਤਾ। ਘਟਨਾ ਨੂੰ ਅੰਜਾਮ ਦੇਣ ਲਈ ਜਗਤਾਰ ਨੇ ਪਹਿਲਾਂ ਸ਼ਰਾਬ ਪੀਤੀ ਸੀ।  ਪੁਲੀਸ ਨੇ ਕਮਰੇ ’ਚੋਂ ਸ਼ਰਾਬ ਦੀ ਖਾਲੀ ਬੋਤਲ ਅਤੇ ਸਲਫਾਸ ਦੇ ਚਾਰ ਖਾਲੀ ਪਾਊਚ ਵੀ ਬਰਾਮਦ ਕੀਤੇ ਹਨ।
ਇਸ ਦਰਦਨਾਕ ਹਾਦਸੇ ਬਾਰੇ ਉਸ ਸਮੇਂ ਪਤਾ ਲੱਗਾ ਜਦੋਂ ਬਜ਼ੁਰਗ ਮਾਂ ਨੇ ਸਵੇਰੇ ਅੱਠ ਵਜੇ ਦੇਖਿਆ ਕਿ ਜਗਤਾਰ ਜਾਂ ਬੱਚਿਆਂ ’ਚੋਂ ਕੋਈ ਨਹੀਂ ਉਠਿਆ ਹੈ। ਉਸ ਨੇ ਦੇਖਿਆ ਕਿ  ਬਿਸਤਰੇ ’ਤੇ ਉਸ ਦੇ ਪੁੱਤ ਅਤੇ ਦੋਵੇਂ ਪੋਤਿਆਂ ਦੀਆਂ ਲਾਸ਼ਾਂ ਪਈਆਂ ਸਨ। ਸੂਚਨਾ ਮਿਲਦਿਆਂ  ਹੀ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਮੁਖੀ ਬੀਬੀ ਪਰਮਜੀਤ ਕੌਰ ਗਿੱਲ ਲਾਂਡਰਾਂ ਮੌਕੇ ’ਤੇ ਪਹੁੰਚੀ ਅਤੇ ਜਗਤਾਰ ਤੇ ਦੋਵੇਂ ਬੱਚਿਆਂ ਨੂੰ ਬਚਾਉਣ ਦਾ ਯਤਨ ਕੀਤਾ ਪਰ ਡਾਕਟਰਾਂ ਨੇ ਤਿੰਨਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਜਾਣਕਾਰੀ ਅਨੁਸਾਰ ਜਗਤਾਰ ਸਿੰਘ ਦਿਹਾੜੀ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲ ਰਿਹਾ ਸੀ। ਕੁਝ ਸਮਾਂ ਪਹਿਲਾਂ ਇਕ ਸੜਕ ਹਾਦਸੇ ਵਿੱਚ ਉਸ ਦਾ ਚੂਲ਼ਾ ਟੁੱਟ ਗਿਆ ਸੀ ਜਿਸ ਕਾਰਨ ਉਹ ਚੱਲਣ-ਫਿਰਨ ਤੋਂ ਵੀ ਔਖਾ ਸੀ। ਆਰਥਿਕ ਤੰਗੀ ਦੇ ਚੱਲਦਿਆਂ ਉਹ ਇਲਾਜ ਕਰਵਾਉਣ ਦੇ ਵੀ ਸਮਰੱਥ ਨਹੀਂ ਸੀ। ਡਾਕਟਰਾਂ ਵੱਲੋਂ ਚੂਲ਼ਾ ਬਦਲਣ ਸਮੇਤ ਪੂਰੇ ਇਲਾਜ ’ਤੇ ਢਾਈ ਲੱਖ ਰੁਪਏ ਖ਼ਰਚਾ ਦੱਸਿਆ ਗਿਆ ਸੀ। ਇਸ ਤੋਂ ਉਹ ਕਾਫ਼ੀ ਤੰਗ ਪ੍ਰੇਸ਼ਾਨ ਸੀ। ਘਰ ਦਾ ਖ਼ਰਚਾ ਜਗਤਾਰ ਦੇ ਫ਼ੌਜ ’ਚੋਂ ਸੇਵਾਮੁਕਤ ਪਿਤਾ ਦੀ ਮੌਤ ਤੋਂ ਬਾਅਦ ਬਜ਼ੁਰਗ ਮਾਂ ਗੁਰਦੇਵ ਕੌਰ ਨੂੰ ਮਿਲਦੀ ਪੈਨਸ਼ਨ ਅਤੇ ਹੋਰ ਭੱਤਿਆਂ ਦੇ ਸਹਾਰੇ ਬੜੀ ਮੁਸ਼ਕਲ ਨਾਲ ਚੱਲਦਾ ਸੀ।
ਜਗਤਾਰ ਨੇ 26 ਜਨਵਰੀ ਨੂੰ ਵੀ  ਪਤਨੀ ਨੂੰ ਪੇਕੇ ਜਾਂ ਕਿਸੇ ਹੋਰ ਰਿਸ਼ਤੇਦਾਰੀ ਵਿੱਚ ਭੇਜਣ ਦਾ ਯਤਨ ਕੀਤਾ ਸੀ ਪਰ ਪਤਨੀ ਨੇ ਜਾਣ ਤੋਂ ਨਾਂਹ ਕਰ ਦਿੱਤੀ ਸੀ। ਬੀਤੇ ਦਿਨੀਂ ਜਗਤਾਰ ਨੇ ਪਤਨੀ ਨੂੰ ਕਿਹਾ ਕਿ ਉਸ ਦੇ ਪਿਤਾ ਸਖ਼ਤ ਬਿਮਾਰ ਹਨ, ਲਿਹਾਜ਼ਾ ਉਹ ਆਪਣੇ ਪਿਤਾ ਦੀ ਖ਼ਬਰਸਾਰ ਲੈ ਆਵੇ। ਇਹ ਗੱਲ ਸੁਣ ਕੇ ਉਸ ਦੀ ਪਤਨੀ ਪੇਕੇ ਗਈ ਸੀ ਅਤੇ ਪਿੱਛੋਂ ਰਾਤ ਨੂੰ ਇਹ ਭਾਣਾ ਵਰਤ ਗਿਆ।

ਜਗਜੀਤ ਨੂੰ ‘ਭਾਰਤ ਰਤਨ’

ਮਿਲਣਾ ਚਾਹੀਦੈ: ਚਿਤਰਾ


ਅੰਮ੍ਰਿਤਸਰ, 10 ਫਰਵਰੀ - ਮਰਹੂਮ ਗ਼ਜ਼ਲ ਗਾਇਕ ਜਗਜੀਤ ਸਿੰਘ ਦੀ ਪਤਨੀ ਚਿਤਰਾ ਸਿੰਘ ਨੇ ਉਨ੍ਹਾਂ ਦੇ ਪਤੀ ਦੀ ਯਾਦ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਡਾਕ ਟਿਕਟ ਜਾਰੀ ਕੀਤੇ ਜਾਣ ’ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਸ ਨੂੰ ਖੁਸ਼ੀ ਹੈ ਕਿ ਦੇਸ਼ ਨੇ ਵਿਛੜੇ ਗਾਇਕ ਨੂੰ ਯਾਦ ਕੀਤਾ ਹੈ, ਪਰ ਉਸ ਦੀ ਯਾਦ ਵਿੱਚ ਅਜੇ ਬਹੁਤ ਕੁਝ ਕਰਨ ਦੀ ਲੋੜ ਹੈ। ਉਹ ਅੱਜ ਇਥੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਆਏ ਸਨ। ਜਗਜੀਤ ਸਿੰਘ ਦੇ 73ਵੇਂ ਜਨਮ ਦਿਨ ਮੌਕੇ ਕੱਲ੍ਹ 8 ਫਰਵਰੀ ਨੂੰ ਦਿੱਲੀ ਵਿੱਚ ਪ੍ਰਧਾਨ ਮੰਤਰੀ ਵੱਲੋਂ ਡਾਕ ਟਿਕਟ ਜਾਰੀ ਕੀਤੀ ਗਈ ਹੈ।ਪ੍ਰਧਾਨ ਮੰਤਰੀ ਨੇ ਵਿਛੜੇ ਗਾਇਕ ਨੂੰ ਯਾਦ ਕਰਦਿਆਂ ਜਿੱਥੇ ਉਸ ਨੂੰ ਨਿਵੇਕਲਾ ਕਲਾਕਾਰ ਦੱਸਿਆ, ਉਥੇ ਆਖਿਆ ਕਿ ਉਸਦਾ ਸੰਗੀਤ ਹਮੇਸ਼ਾ ਲੋਕਾਂ ਦੇ ਦਿਲਾਂ ’ਤੇ ਰਾਜ ਕਰਦਾ ਰਹੇਗਾ। ਦਿੱਲੀ ’ਚ ਹੋਏ ਇਸ ਸਮਾਗਮ ਤੋਂ ਬਾਅਦ ਉਸ ਦੀ ਯਾਦ ਵਿੱਚ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਆਈ ਚਿਤਰਾ ਸਿੰਘ ਨੇ ਇਸ ਸਬੰਧੀ ਗੱਲ ਕਰਦਿਆਂ ਆਖਿਆ ਕਿ ਉਸ ਨੂੰ ਭਾਰਤ ਰਤਨ ਐਵਾਰਡ ਨਾਲ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ। ਉਹ ਇਸ ਤੋਂ ਵੀ ਵਧੇਰੇ ਸਨਮਾਨ ਦਾ ਹੱਕਦਾਰ ਹੈ ਕਿਉਂਕਿ ਉਸਨੇ ਆਪਣੀ ਆਵਾਜ਼ ਦੇ ਜਾਦੂ ਰਾਹੀਂ ਲੋਕਾਂ ਦੇ ਦਿਲਾਂ ’ਤੇ ਰਾਜ ਕੀਤਾ ਹੈ।

ਖੰਨਾ ਕਾਂਡ: ਮਾਂ ਨੇ ਮੰਗੀ ਪੁੱਤ ਦੇ

ਕਾਤਲਾਂ ਦੀ ਗ੍ਰਿਫ਼ਤਾਰੀ


ਚੰਡੀਗੜ੍ਹ, 10 ਫਰਵਰੀ - ਖੰਨਾ ਵਿੱਚ ਪਿਛਲੇ ਦਿਨੀਂ ਕਤਲ ਹੋਏ 21 ਸਾਲਾ ਕੁਲਵਿੰਦਰ ਸਿੰਘ ਕਾਲਾ ਦੀ ਬਜ਼ੁਰਗ ਮਾਤਾ ਦਿਆਲ ਕੌਰ ਨੇ ਅੱਜ ਇਥੇ ਭੁੱਬਾਂ ਮਾਰਦਿਆਂ ਕਿਹਾ ਕਿ ਉਸ ਦੇ ਇਕਲੌਤੇ ਪੁੱਤਰ ਦੀ ਹੱਤਿਆ ਕਰਨ ਵਾਲਿਆਂ ਨੂੰ ਫੌਰੀ ਗ੍ਰਿਫ਼ਤਾਰ ਕੀਤਾ ਜਾਵੇ। ਦੱਸਣਯੋਗ ਹੈ ਕਿ ਇਸ ਮਾਮਲੇ ਵਿੱਚ ਪੁਲੀਸ ਨੇ ਯੂਥ ਅਕਾਲੀ ਦਲ ਲੁਧਿਆਣਾ (ਦਿਹਾਤੀ) ਦੇ ਪ੍ਰਧਾਨ ਯਾਦਵਿੰਦਰ ਸਿੰਘ ਯਾਦੂ ਅਤੇ ਉਸ ਦੇ ਟੋਲੇ ਵਿਰੁੱਧ ਕਤਲ ਦਾ ਕੇਸ ਦਰਜ ਕੀਤਾ ਹੈ। ਪੁਲੀਸ ਫਿਲਹਾਲ ਇਸ ਮਾਮਲੇ ਵਿੱਚ ਯਾਦੂ ਅਤੇ ਹੋਰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ’ਚ ਨਾਕਾਮ ਰਹੀ ਹੈ।
ਪਿੰਡ ਗੋਸਲਾਂ ਦੀ ਦਿਆਲ ਕੌਰ ਅੱਜ ਪਿੰਡ ਦੇ ਸਰਪੰਚ ਹਰਦੇਵ ਸਿੰਘ ਅਤੇ ਆਪਣੇ ਮ੍ਰਿਤਕ ਪੁੱਤਰ ਦੇ ਦੋਸਤ ਅਤੇ ਇਸ ਹਮਲੇ ਵਿੱਚ ਜ਼ਖਮੀ ਹੋਏ ਰੈੱਸਲਰ ਅਮਰਿੰਦਰ ਸਿੰਘ ਸੋਨੀ ਸਮੇਤ ਇਥੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਨ ਆਈ ਸੀ ਅਤੇ ਬੁਰੀ ਤਰ੍ਹਾਂ ਟੁੱਟੀ ਹੋਈ ਦਿਆਲ ਕੌਰ ਨੇ ਕਿਹਾ  ਕਿ ਉਸ ਦਾ ਪੁੱਤਰ ਸਿਰਫ਼ ਖੇਡਣ ਜਾਂਦਾ ਸੀ। ਉਸ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਅਤੇ ਉਸ ਨੂੰ ਨਾਜਾਇਜ਼ ਹੀ  ਮਾਰ ਦਿੱਤਾ ਹੈ। ਦਿਆਲ ਕੌਰ ਨੇ ਕੀਰਨੇ ਪਾਉਂਦਿਆਂ ਕਿਹਾ ਕਿ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਬਣਦੀ ਸਜ਼ਾ ਦਿੱਤੀ ਜਾਵੇ। ਇਸ ਬਜ਼ੁਰਗ ਨੇ ਕਿਹਾ ਕਿ ਉਸ ਨੂੰ ਕੋਈ ਪਤਾ ਨਹੀਂ ਕਿ ਉਸ ਦੇ ਪੁੱਤਰ ਦੀ ਜਾਨ ਕਿਉਂ ਲਈ ਗਈ ਹੈ। ਦੱਸਣਯੋਗ ਹੈ ਕਿ ਕਾਲਾ ਵੀ ਅਮਰਿੰਦਰ ਨਾਲ ਅਖਾੜੇ ਵਿੱਚ ਘੁਲਣ ਜਾਂਦਾ ਸੀ। ਇਸ ਮੌਕੇ ਕੌਮੀ ਖਿਡਾਰੀ ਅਮਰਿੰਦਰ ਸਿੰਘ ਸੋਨੀ ਨੇ ਘਟਨਾ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਕ ਫਰਵਰੀ ਨੂੰ ਘਟਨਾ ਵਾਲੇ ਦਿਨ ਉਹ ਕਾਲੇ ਅਤੇ ਦੋ ਹੋਰ ਦੋਸਤਾਂ ਨਾਲ ਖੰਨੇ ਗਏ ਸਨ। ਇਸੇ ਦੌਰਾਨ ਉਨ੍ਹਾਂ ਨੇ ਬਾਜ਼ਾਰ ਵਿੱਚ ਗੱਡੀ ਲਾਈ ਅਤੇ ਬਾਹਰ ਨਿਕਲੇ। ਇਸੇ ਦੌਰਾਨ ਪਿੱਛੋਂ ਇਕ ਗੱਡੀ ਆ ਕੇ ਉਨ੍ਹਾਂ ਕੋਲ ਰੁਕੀ ਅਤੇ ਯਾਦੂ ਤੇ ਉਸ ਦੇ ਟੋਲੇ ਨੇ ਉਨ੍ਹਾਂ ਉਪਰ ਗੋਲੀਆਂ ਚਲਾ ਦਿੱਤੀਆਂ। ਇਸੇ ਦੌਰਾਨ ਇਕ ਗੋਲੀ ਉਸ ਦੀ ਛਾਤੀ ਵੱਲ ਆਉਂਦੀ ਹੋਈ ਖੱਬੀ ਬਾਂਹ ਦੇ ਆਰ-ਪਾਰ ਹੋ ਗਈ। ਉਧਰ ਕਾਲੇ ਦੇ ਵੀ ਗੋਲੀਆਂ ਲੱਗੀਆਂ ਅਤੇ ਉਸ ਦੀ ਮੌਤ ਹੋ ਗਈ। ਉਨ੍ਹਾਂ ਦੇ ਬਾਕੀ ਦੋ ਸਾਥੀ ਕਿਸੇ ਤਰ੍ਹਾਂ ਬਚ ਗਏ।
ਸੋਨੀ ਦੀ ਬਾਂਹ ਉਪਰ ਪੱਟੀ ਬੱਝੀ ਸੀ ਅਤੇ ਪ੍ਰੈਸ ਕਾਨਫਰੰਸ ਦੌਰਾਨ ਵੀ ਉਹ ਦਰਦ ਮਹਿਸੂਸ ਕਰ ਰਿਹਾ ਸੀ। ਉਸ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਵੀ ਯਾਦੂ ਦੇ ਬੰਦਿਆਂ ਨੇ ਖੰਨੇ ਦੇ ਬਾਜ਼ਾਰ ਵਿੱਚ ਉਸ ਉਪਰ ਜਾਨਲੇਵਾ ਹਮਲਾ ਕੀਤਾ ਸੀ। ਉਸ ਵੇਲੇ ਪੁਲੀਸ ਨੇ ਧਾਰਾ-307 ਦਾ ਕੇਸ ਦਰਜ ਕੀਤਾ ਸੀ ਪਰ ਪੁਲੀਸ ਨੇ ਅੱਜ ਤਕ ਯਾਦੂ ਦੇ ਦਬਾਅ ਹੇਠ ਕਿਸੇ ਮੁਲਜ਼ਮ ਨੂੰ ਗ੍ਰਿਫਤਾਰ ਨਹੀਂ ਕੀਤਾ। ਉਸ ਨੇ ਡਰ ਜ਼ਾਹਿਰ ਕੀਤਾ ਕਿ ਇਸ ਟੋਲੇ ਕੋਲੋਂ ਉਸ ਦੇ ਪਰਿਵਾਰ ਨੂੰ ਖਤਰਾ ਹੈ।
ਉਨ੍ਹਾਂ ਨੇ ਕਿਹਾ ਕਿ ਜਦੋਂ ਉਸ ਨੇ ਯਾਦੂ ਦੇ ਦਬਾਅ ਹੇਠ ਆ ਕੇ ਇਸ ਮਾਮਲੇ ਵਿੱਚ ਉਸ ਨਾਲ ਸਮੌਝਤਾ ਨਹੀਂ ਕੀਤਾ ਸੀ ਤਾਂ ਇਸ ਯੂਥ ਅਕਾਲੀ ਆਗੂ ਨੇ ਸਿਆਸੀ ਦਬਾਅ ਹੇਠ ਲੁਧਿਆਣਾ ਪੁਲੀਸ ਰਾਹੀਂ ਉਸ ਉਪਰ ਝੂਠਾ ਕੇਸ ਦਰਜ ਕਰਵਾ ਦਿੱਤਾ ਸੀ। ਉਸ ਨੇ ਕਿਹਾ ਕਿ ਯਾਦੂ ਅਕਾਲੀ ਦਲ ਦਾ ਆਗੂ ਹੋਣ ਕਾਰਨ ਹਰੇਕ ਮਾਮਲੇ ਵਿੱਚ ਸਾਫ ਬਚਦਾ ਆਇਆ ਹੈ। ਪਿੰਡ ਗੋਸਲਾਂ ਦੇ ਸਰਪੰਚ ਹਰਦੇਵ ਸਿੰਘ ਨੇ ਕਿਹਾ ਕਿ ਦੋਵੇਂ ਮੁੰਡੇ ਕਾਲਾ ਅਤੇ ਸੋਨੀ ਬੜੇ ਸਾਊ ਹਨ। ਉਹ ਖੇਡਾਂ ਵੱਲ ਧਿਆਨ ਦਿੰਦੇ ਹਨ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਮੁਹਿੰਮ ਵੀ ਚਲਾਉਂਦੇ ਆਏ ਹਨ।  ਸੋਨੀ ਦੇ ਕੋਚ ਮਨਸਾ ਸਿੰਘ ਮਲਕਪੁਰ ਨੇ ਦੱਸਿਆ ਕਿ ਉਸ ਨੇ ਪਹਿਲੇ ਮਾਮਲੇ ਵਿੱਚ ਸੋਨੀ ਅਤੇ ਯਾਦੂ ਵਿਚਕਾਰ ਸਮਝੌਤਾ ਕਰਵਾਉਣ ਦਾ ਯਤਨ ਕੀਤਾ ਸੀ ਪਰ ਸਿਰੇ ਨਹੀਂ ਲੱਗਾ। ਉਨ੍ਹਾਂ ਸਾਰਿਆਂ ਨੇ ਯਾਦੂ ਸਮੇਤ ਸਮੂਹ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ।


<< Start < Prev 1 2 3 4 5 6 7 8 9 10 Next > End >>

ਮੁੱਖ ਖ਼ਬਰਾਂ : 

ਖੇਡ ਖ਼ਬਰਾ : 

ਅੰਤਰਰਾਸ਼ਟਰੀ ਖ਼ਬਰਾ : 

ਪੰਜਾਬ ਖ਼ਬਰਾਂ : 

ਨਵੇਂ ਲੇਖ : 

 

 

Random Video 

Receive Newsletter & Updates 

Sample Newsletter


Receive HTML?

Advertisement
Advertisement
Advertisement