Punjab News 

ਕੈਪਟਨ ਮੁੜ ਪ੍ਰਧਾਨਗੀ ਹਾਸਲ ਕਰਨ

ਦੇ ਚੱਕਰ ਵਿੱਚ: ਸੁਖਬੀਰ


ਮਾਨਸਾ,14 ਫਰਵਰੀ - ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸੀ ਆਗੂ ਹੁਣ ਸੂਬੇ ਦੀ ਪ੍ਰਧਾਨਗੀ ਹਾਸਲ ਕਰਨ ਲਈ 1984 ਦੇ ਜ਼ਖ਼ਮਾਂ ਨੂੰ ਹਰੇ ਕਰਨ ਲੱਗ ਪਏ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਪਿਛਲੇ 30 ਸਾਲਾਂ ਤੋਂ ਸਾਕਾ ਨੀਲਾ ਤਾਰਾ ਬਾਰੇ ਇੱਕ ਸ਼ਬਦ ਵੀ ਮੂੰਹ ਤੋਂ ਨਹੀਂ ਬੋਲੇ ਅਤੇ ਹੁਣ ਖੁੱਸੀ ਹੋਈ ਪ੍ਰਧਾਨਗੀ ਮੁੜ ਹਾਸਲ ਕਰਨ ਲਈ ਬਲਿਊ ਸਟਾਰ ਨੂੰ ਵਰਤਿਆ ਜਾਣ ਲੱਗਾ ਹੈ।ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਪ ਮੁੱਖ ਮੰਤਰੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਹੁਣ ਕਾਂਗਰਸੀ ਹਾਈਕਮਾਂਡ ਦੀਆਂ ਨਜ਼ਰਾਂ ਵਿੱਚ ਨੰਬਰ ਬਣਾਉਣ ਦੀ ਕੋਸ਼ਿਸ਼ ਵਜੋਂ ਖਾੜਕੂਵਾਦ ਵੇਲੇ ਦੀ ਸਿਆਸਤ ਵਰਤਣ ਲੱਗੇ ਹਨ, ਇਹ ਇੱਕ ਨੀਵੇਂ ਦਰਜੇ ਦੀ ਰਾਜਨੀਤੀ ਹੈ ਜਿਸ ਨੂੰ ਸਿਰਫ਼ ਕਾਂਗਰਸੀ ਨੇਤਾ ਹੀ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂ ਕੁਰਸੀ ਲਈ ਆਪਸ ਵਿੱਚ ਖਹਿਬੜ ਰਹੇ ਹਨ।ਇੱਕ ਸਵਾਲ ਦੇ ਜਵਾਬ ਵਿੱਚ ਸੁਖਬੀਰ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੁਰਸੀ ਲਈ ਕਦੇ ਸਮਝੌਤਾ ਨਹੀਂ ਕੀਤਾ। ਇਸੇ ਲਈ ਉਨ੍ਹਾਂ ਨੇ ਕਈ ਸਾਲ ਜੇਲ੍ਹਾਂ ਵਿੱਚ ਗੁਜ਼ਾਰ ਦਿੱਤੇ ਹਨ ਪਰ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਕਦੇ ਢਾਹ ਨਹੀਂ ਲੱਗਣ ਦਿੱਤੀ। ਉਪ ਮੁੱਖ ਮੰਤਰੀ ਨੇ ਲੋਕ ਸਭਾ ਚੋਣਾਂ ਸਬੰਧੀ ਤੀਜੇ ਫਰੰਟ ਦੇ ਗਠਨ ਦੀਆਂ ਸੰਭਾਵਨਾਵਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਦੀ ਅਗਵਾਈ ਵਾਲੇ ਐੱਨ.ਡੀ.ਏ. ਦੇ ਤੂਫਾਨ ਅੱਗੇ ਕੋਈ ਫਰੰਟ ਨਹੀਂ ਠਹਿਰ ਸਕਦਾ। ਉਨ੍ਹਾਂ ਐਲਾਨ ਕੀਤਾ ਕਿ ਅਗਲੇ ਹਫ਼ਤੇ ਕਿਸਾਨਾਂ ਨੂੰ ਕਰੀਬ ਡੇਢ ਲੱਖ ਟਿਊਬਵੈਲ ਕੁਨੈਕਸ਼ਨ ਜਾਰੀ ਕੀਤੇ ਜਾ ਰਹੇ ਹਨ ਜਿਨ੍ਹਾਂ ਵਿੱਚ ਮਾਨਸਾ,ਬੁਢਲਾਡਾ ਅਤੇ ਸਰਦੂਲਗੜ੍ਹ ਦੇ 15 ਹਜ਼ਾਰ ਕੁਨੈਕਸ਼ਨ ਸ਼ਾਮਲ ਹਨ।ਬਾਦਲ ਨੇ ਸੰਗਤ ਦਰਸ਼ਨ ਦੌਰਾਨ 8 ਪਿੰਡਾਂ ਫਫੜੇ ਭਾਈਕੇ, ਬੱਪੀਆਣਾ, ਨਰਿੰਦਰਪੁਰਾ, ਬਰਨਾਲਾ, ਖਾਰਾ, ਢੈਪਈ, ਮੋਹਰ ਸਿੰਘ ਵਾਲਾ ਤੇ ਹੋਡਲਾ ਕਲਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਮੌਕੇ ’ਤੇ ਹੀ ਉਨ੍ਹਾਂ ਦਾ ਨਿਬੇੜਾ ਕੀਤਾ। ਉਨ੍ਹਾਂ ਪਿੰਡਾਂ ਦੇ ਵੱਖ-ਵੱਖ ਵਿਕਾਸ ਕਾਰਜਾਂ ਲਈ ਕਰੋੜਾਂ ਰੁਪਏ ਮਨਜ਼ੂਰ ਵੀ ਕੀਤੇ। ਇਸ ਤੋਂ ਪਹਿਲਾਂ ਉਨ੍ਹਾਂ ਕਰੀਬ 67 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦੇ ਉਦਘਾਟਨ ਅਤੇ ਨੀਂਹ ਪੱਥਰ ਰੱਖੇ। ਉਨ੍ਹਾਂ ਇੱਕ ਕਰੋੜ 5 ਲੱਖ ਰੁਪਏ ਦੀ ਲਾਗਤ ਨਾਲ ਨਵੀਂ ਬਣੀ ਥਾਣਾ ਸਿਟੀ ਮਾਨਸਾ ਦੀ ਇਮਾਰਤ ਦਾ ਉਦਘਾਟਨ ਅਤੇ ਮਾਨਸਾ ਕੈਂਚੀਆਂ ਵਿਖੇ 52 ਏਕੜ ਦੇ ਰਕਬੇ ’ਚ ਫੈਲੀ 25 ਕਰੋੜ ਰੁਪਏ ਦੀ ਲਾਗਤ ਵਾਲੀ ਪੁੱਡਾ ਕਲੋਨੀ ਅਤੇ ਰਮਦਿੱਤੇ ਵਾਲਾ ਚੌਕ ਵਿੱਚ 40 ਕਰੋੜ ਰੁਪਏ ਦੀ ਲਾਗਤ ਵਾਲੀ ਮਾਨਸਾ-ਤਲਵੰਡੀ ਸਾਬੋ ਸੜਕ ਦੇ ਨੀਂਹ ਪੱਥਰ ਵੀ ਰੱਖੇ।ਇਸ ਮੌਕੇ ਹਲਕਾ ਵਿਧਾਇਕ ਮਾਨਸਾ ਪ੍ਰੇਮ ਮਿੱਤਲ, ਚਤਿੰਨ ਸਿੰਘ ਸਮਾਓਂ, ਸੁਖਵਿੰਦਰ ਸਿੰਘ ਔਲਖ, ਡਿਪਟੀ ਕਮਿਸ਼ਨਰ ਅਮਿਤ ਢਾਕਾ, ਐੱਸ.ਐੱਸ.ਪੀ. ਭੁਪਿੰਦਰ ਸਿੰਘ ਖੱਟੜਾ, ਹਰਬੰਤ ਸਿੰਘ ਦਾਤੇਵਾਸ, ਸਤੀਸ਼ ਗੋਇਲ, ਗੁਰਪ੍ਰੀਤ ਸਿੰਘ ਬਣਾਂਵਾਲੀ, ਮਿੱਠੂ ਸਿੰਘ ਕਾਹਨੇਕੇ, ਗੁਰਪ੍ਰੀਤ ਸਿੰਘ ਝੱਬਰ, ਨਰੇਸ਼ ਮਿੱਤਲ, ਮਨਜੀਤ ਸਿੰਘ ਬੱਪੀਆਣਾ, ਅਮਨਪ੍ਰੀਤ ਕੌਰ ਔਲਖ, ਗੁਰਸੇਵਕ ਸਿੰਘ ਜਵਾਹਰਕੇ ਅਤੇ ਬਲਵਿੰਦਰ ਸਿੰਘ ਕਾਕਾ ਨੇ ਵੀ ਸੰਬੋਧਨ ਕੀਤਾ।

ਬਾਦਲ ਵੱਲੋਂ 17 ਸਾਲ ਜੇਲ੍ਹ

ਕੱਟਣ ਦੇ ਦਾਅਵੇ ਝੂਠ : ਖਹਿਰਾ


ਚੰਡੀਗੜ੍ਹ, 14 ਫਰਵਰੀ - ‘ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ  ਵੱਲੋਂ 17 ਸਾਲ ਜੇਲ੍ਹ ਕੱਟਣ ਦੇ ਕੀਤੇ ਜਾ ਰਹੇ ਦਾਅਵੇ ਪੂਰੀ ਤਰ੍ਹਾਂ ਝੂਠੇ ਹਨ। ਉਨ੍ਹਾਂ ਨੇ ਮਸਾਂ 40 ਮਹੀਨੇ ਹੀ ਕੈਦ ਕੱਟੀ ਹੈ। ਇਹ ਦਾਅਵਾ ਸ੍ਰੀ ਖਹਿਰਾ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਸ੍ਰੀ ਖਹਿਰਾ ਅਨੁਸਾਰ ਉਨ੍ਹਾਂ ਦੇ ਮਰਹੂਮ ਪਿਤਾ ਤੇ ਪੰਜਾਬ ਦੇ ਸਾਬਕਾ ਮੰਤਰੀ ਸੁਖਜਿੰਦਰ ਸਿੰਘ, ਮਰਹੂਮ ਜਥੇਦਾਰ ਗੁਰਚਰਨ ਸਿੰਘ ਟੌਹੜਾ, ਸਿਮਰਨਜੀਤ ਸਿੰਘ ਮਾਨ ਆਦਿ ਨੇ ਸ੍ਰੀ ਬਾਦਲ ਤੋਂ ਵੱਧ ਸਿਆਸੀ ਜੇਲ੍ਹ ਕੱਟੀ ਹੈ। ਉਨ੍ਹਾਂ ਲੰਮੇ-ਚੌੜੇ ਵੇਰਵੇ ਪੇਸ਼ ਕਰਦਿਆਂ ਕਿਹਾ ਕਿ ਸਾਲ 1984 ਤੋਂ ਲੈ ਕੇ 1997 ਤੱਕ ਪੰਜਾਬ ਦੇ ਗੜਬੜੀ ਵਾਲੇ ਕੇਵਲ 13 ਸਾਲ ਬਣਦੇ ਹਨ ਕਿਉਂਕਿ ਸ੍ਰੀ ਬਾਦਲ 1997 ਵਿੱਚ ਮੁੱਖ ਮੰਤਰੀ ਬਣ ਗਏ ਸਨ। ਇਸ ਤਰ੍ਹਾਂ ਸ੍ਰੀ ਬਾਦਲ ਵੱਲੋਂ 17 ਸਾਲ ਸਿਆਸੀ ਜੇਲ੍ਹ ਕੱਟਣ ਦੇ ਦਾਅਵੇ ਇਕ ਮਜ਼ਾਕ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਜ਼ਰੂਰ ਸ੍ਰੀ ਬਾਦਲ ਨੇ ਆਪਣੇ ਉਪ ਮੁੱਖ ਮੰਤਰੀ ਪੁੱਤਰ ਸੁਖਬੀਰ ਸਿੰਘ ਬਾਦਲ ਸਮੇਤ ਭ੍ਰਿਸ਼ਟਾਚਾਰ ਅਤੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ 7 ਦਿਨ ਜੇਲ੍ਹ ਕੱਟੀ ਸੀ। ਇਸ ਮੌਕੇ ਸ੍ਰੀ ਖਹਿਰਾ ਨੇ ਪੰਜਾਬ ਦੇ ਮਰਹੂਮ ਵਿੱਤ ਮੰਤਰੀ ਤੇ ਅਕਾਲੀ ਆਗੂ ਬਲਵੰਤ ਸਿੰਘ ਵੱਲੋਂ 9 ਜੂਨ,1984 ਨੂੰ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਲਿਖੇ ਗੁਪਤ ਪੱਤਰ ਦੀਆਂ ਕਾਪੀਆਂ  ਵੰਡਦਿਆਂ ਦੋਸ਼ ਲਾਇਆ ਕਿ ਸ੍ਰੀ ਹਰਿਮੰਦਰ ਸਾਹਿਬ ਉਪਰ ਨੀਲਾ ਤਾਰਾ ਅਪਰੇਸ਼ਨ ਪੂਰੀ ਤਰ੍ਹਾਂ ਕਈ ਅਕਾਲੀ ਆਗੂਆਂ ਦੀ ਮਿਲੀਭੁਗਤ ਨਾਲ ਹੀ ਹੋਇਆ ਸੀ। ਇਸ ਪੱਤਰ ਵਿੱਚ ਬਲਵੰਤ ਸਿੰਘ ਨੇ ਇੰਦਰਾ ਗਾਂਧੀ ਨੂੰ ਲਿਖਿਆ ਹੈ ਕਿ ਉਹ ਨਿਰੰਤਰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀਆਂ ਗਤੀਵਿਧੀਆਂ ਦਾ ਵਿਰੋਧ ਕਰਦੇ ਆ ਰਹੇ ਹਨ ਅਤੇ ਉਹ ਭਾਰਤ ਸਰਕਾਰ ਦੇ ਐਕਸ਼ਨ ਦੀ ਹਮਾਇਤ ਕਰਨਗੇ। ਉਨ੍ਹਾਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਿਤਾ ਸ੍ਰੀ ਬਾਦਲ ਦੀ ਤੁਲਨਾ  ਨੈਲਸਨ ਮੰਡੇਲਾ ਨਾਲ ਕਰਨ ਤੋਂ ਗੁਰੇਜ਼ ਕਰਨ। ਸ੍ਰੀ ਮੰਡੇਲਾ ਨੇ ਰੰਗ-ਭੇਦ ਦੇ ਖਾਤਮੇ ਲਈ 27 ਸਾਲ ਲੰਮੀ ਜੇਲ੍ਹ ਕੱਟ ਕੇ ਦੱਖਣੀ ਅਫਰੀਕਾ ਨੂੰ ਆਜ਼ਾਦੀ ਦਿਵਾਈ ਸੀ ਜਦਕਿ ਸ੍ਰੀ ਬਾਦਲ ਨੇ ਕਥਿਤ ਤੌਰ ’ਤੇ ਹਮੇਸ਼ਾ ਸਿਆਸੀ ਲਾਹੇ ਲੈਣ ਦੇ ਹੀ ਫਿਰਾਕ ’ਚ ਰਹੇ ਹਨ।

ਬਾਦਲ ਨੇ ਤੋੜੀ ਚੁੱਪ,ਅਮਰਿੰਦਰ ਨੂੰ ਕਿਹਾ ਝੂਠਾ
ਨਰਸਿਮਹਾ ਰਾਓ ਨਾਲ ਮੀਟਿੰਗ ਦਾ ਦਾਅਵਾ ਰੱਦ


ਲੰਬੀ, 14 ਫਰਵਰੀ - ਕੈਪਟਨ ਅਮਰਿੰਦਰ ਸਿੰਘ ਵੱਲੋਂ ਸਾਕਾ ਨੀਲਾ ਤਾਰਾ ਦੇ ਮਾਮਲੇ ’ਚ  ਲਗਾਏ ਜਾ ਰਹੇ ਦੋਸ਼ਾਂ ਤੋਂ ਖ਼ਫਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਝੂਠੇ ਇਲਜਾਮ ਲਾਉਣ, ਬਦਲਾਖੋਰੀ ਦੀ ਸਿਆਸਤ, ਵਿਰੋਧੀਆਂ ’ਤੇ ਬੇਤੁੱਕੇ ਦੋਸ਼ ਲਾਉਣ ਦੀ ਆਦਤ ਹੈ। ਇਸੇ ਕਰਕੇ ਕੈਪਟਨ ਦੇ ਹੱਥੋਂ ਸੂਬਾ ਕਾਂਗਰਸ ਦੀ ਪ੍ਰਧਾਨਗੀ ਅਤੇ ਮੁੱਖ ਮੰਤਰੀ ਦੀ ਕੁਰਸੀ ਖੁੱਸ ਗਈ।ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅੱਜ ਲੰਬੀ ਹਲਕੇ ਦੇ ਪਿੰਡ ਲਾਲਬਾਈ ਵਿਖੇ ਸਵਰਨ ਸੁਧਾ ਜੈਨ ਚੈਰੀਟੇਬਲ ਹਸਪਤਾਲ ਦੇ ਉਦਘਾਟਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਦੇ ਦੋਸ਼ਾਂ ਨੂੰ ਸੌ ਫ਼ੀਸਦੀ ਝੂਠ ਕਰਾਰ ਦਿੰਦਿਆਂ ਆਖਿਆ ਕਿ ਬਲਿਊ ਸਟਾਰ ਅਪ੍ਰੇਸ਼ਨ ਵੇਲੇ ਪੰਜਾਬ ਵਿੱਚ ਕਰਫਿਊ ਲੱਗਿਆ ਸੀ। ਇਸ ਘਟਨਾ ਦੇ 2 ਦਿਨ ਉਪਰੰਤ ਉਹ ਆਪਣੇ ਪਿੰਡੋਂ ਹਰਿਆਣਾ ਦੇ ਰਸਤੇ ਚੰਡੀਗੜ੍ਹ ਪੁੱਜੇ ਸਨ ਜਿੱਥੋਂ ਉਨ੍ਹਾਂ ਨੂੰ ਦੋ ਦਿਨ ਬਾਅਦ ਗ੍ਰਿਫ਼ਤਾਰ ਕਰ ਲਿਆ ਸੀ।ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ’ਤੇ ਵਰ੍ਹਦਿਆਂ ਆਖਿਆ ‘ਉਲਟਾ ਚੋਰ ਕੋਤਵਾਲ ਕੋ ਡਾਂਟੇ’ ਵਾਲੀ ਕਹਾਵਤ ਵਾਂਗ ਅਮਰਿੰਦਰ ਸਿੰਘ 1984 ਦੇ ਬਲਿਊ ਸਟਾਰ ਅਪ੍ਰੇਸ਼ਨ ਅਤੇ ਰਾਜ ਦੇ ਲੋਕ ਮਸਲਿਆਂ ਲਈ ਅਮਰਿੰਦਰ ਸਿੰਘ ਇੱਕ ਦਿਨ ਵੀ ਜੇਲ੍ਹ ਨਹੀਂ ਗਏ। ਉਨ੍ਹਾਂ ਆਖਿਆ ਕਿ ਦੁਨੀਆਂ ਜਾਣਦੀ ਹੈ ਕਿ ਉਨ੍ਹਾਂ ਨੇ ਸਿੱਖਾਂ ਦੇ ਹੱਕਾਂ ਅਤੇ ਪੰਜਾਬ ਦੇ ਮਸਲਿਆ ਲਈ ਆਪਣੀ ਜ਼ਿੰਦਗੀ ਦਾ ਵੱਡਾ ਹਿੱਸਾ ਜੇਲ੍ਹ ’ਚ ਲੰਘਾਇਆ ਹੈ। ਉਨ੍ਹਾਂ ਤਾਮਿਲਨਾਡੂ, ਦੇਹਰਾਦੂਨ ਦੇ ਜੰਗਲਾਂ, ਮੱਧ ਪ੍ਰਦੇਸ਼, ਬੰਗਾਲ ਦੀਆਂ ਜੇਲ੍ਹਾਂ ਦੇ ਨਾਂ ਗਿਣਵਾਉਂਦਿਆਂ ਆਖਿਆ ਕਿ ਦੇਸ਼ ਦੀ ਉਹ ਕਿਹੜੀ ਜੇਲ੍ਹ ਨਹੀਂ ਜਿਸਦੇ ਵਿੱਚ ਕਾਂਗਰਸ ਨੇ ਉਨ੍ਹਾਂ ਨੂੰ ਬੰਦ ਨਹੀਂ ਰੱਖਿਆ। ਮੁੱਖ ਮੰਤਰੀ ਸ੍ਰੀ ਬਾਦਲ ਨੇ ਆਖਿਆ ਕਿ ਅਮਰਿੰਦਰ ਸਿੰਘ ਸਾਕਾ ਨੀਲਾ ਤਾਰਾ ਲਈ ਜਿੰਮੇਵਾਰ ਕਾਂਗਰਸ ਪਾਰਟੀ, ਜਿਸ ਦਾ ਉਹ ਸੂਬਾ ਪ੍ਰਧਾਨ ਵੀ ਰਿਹਾ ਹੈ ਅਤੇ ਉਸਦੇ ਜਰੀਏ ਉਸ ਨੇ ਪੰਜਾਬ ਦੀ ਮੁੱਖ ਮੰਤਰੀ ਦੇ ਅਹੁਦਾ ਸੁੱਖ ਵੀ ਮਾਣਿਆ ਅਤੇ ਹੁਣ ਵੀ ਉਸੇ ਪਾਰਟੀ ਦੇ ਅਹੁਦੇ ਨੂੰ ਮਾਣ ਰਿਹਾ ਹੈ। ਜੇ ਉਹ ਏਨਾ ਸੱਚਾ ਸੀ ਤਾਂ ਉਸ ਨੇ ਮੁੱਖ ਮੰਤਰੀ ਦੀ ਕੁਰਸੀ ’ਤੇ ਬੈਠੇ ਹੋਏ ਅਜਿਹੇ ਬਿਆਨ ਕਿਉਂ ਨਹੀਂ ਦਿੱਤੇ? ਸਿਆਸਤ ਦੇ ਬਾਬਾ ਬੋਹੜ ਮੰਨੇ ਜਾਂਦੇ ਸ੍ਰੀ ਬਾਦਲ ਨੇ ਆਖਿਆ ਕਿ ਹੁਣ ਤਾਂ ਉਹ ਅਜਿਹੇ  ਵਿਅਕਤੀ ਦੇ ਸੁਆਲਾਂ ਦਾ ਜਵਾਬ ਵੀ ਨਹੀਂ ਦੇਣਾ ਚਾਹੁੰਦੇ ਕਿਉਂਕਿ ਇਸ ਨੇ ਅਜਿਹਾ ਕਰਕੇ ਰਾਜ ਅਤੇ ਰਾਜ ਦੇ ਲੋਕਾਂ ਦਾ ਭਾਰੀ ਨੁਕਸਾਨ ਕਰਵਾਇਆ ਹੈ।ਸੰਗਰੂਰ (ਪੱਤਰ ਪ੍ਰੇਰਕ): ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਉਹ ਕਦੇ ਉਸ ਸਮੇਂ ਦੇ ਕੇਂਦਰੀ ਗ੍ਰਹਿ ਮੰਤਰੀ ਨਰਸਿਮਹਾ ਰਾਓ ਨੂੰ ਤਾਂ ਕੀ, ਕਿਸੇ ਵੀ ਕਾਂਗਰਸ ਲੀਡਰ ਨੂੰ ਨਹੀਂ ਮਿਲੇ। 2 ਜੂਨ ਦੀ ਮੀਟਿੰਗ ਵਿੱਚੋਂ ਗ਼ੈਰ ਹਾਜ਼ਰ ਹੋਣ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਉਹ ਕਰਫ਼ਿਊ ਕਰਕੇ ਮੀਟਿੰਗ ਵਿੱਚ ਨਹੀਂ ਪੁੱਜ ਸਕੇ ਸਨ। ਸ੍ਰੀ ਬਾਦਲ ਅੱਜ ਇੱਥੇ ਗੁਰਦੁਆਰਾ ਨਾਨਕਿਆਣਾ ਸਾਹਿਬ ਵਿਖੇ ਜਗਰਾਉਂ ਵਿਖੇ 23 ਫ਼ਰਵਰੀ ਨੂੰ ਹੋ ਰਹੀ ਫ਼ਤਹਿ ਰੈਲੀ ਦੇ ਸਬੰਧ ਵਿੱਚ ਪਾਰਟੀ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਨ ਆਏ ਸਨ।  ਇਸ ਮੌਕੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਆਈ.ਬੀ.ਦੇ ਇੱਕ ਅਧਿਕਾਰੀ ਵੱਲੋਂ ਲਿਖੀ ਗਈ ਕਿਤਾਬ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਬਾਦਲ ਨੇ ਜੇਲ੍ਹ ਵਿੱਚ ਹੁੰਦਿਆਂ ਪ੍ਰਧਾਨ ਮੰਤਰੀ ਵੱਲੋਂ ਮਿਲਣ ਦੀ ਕੀਤੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਸੀ।
ਬਾਦਲ ਕੋਲ ਸਪੱਸ਼ਟ ਜਵਾਬ ਨਹੀਂ: ਕੈਪਟਨ
ਚੰਡੀਗੜ੍ਹ: ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਵਰਕਿੰਗ ਕਮੇਟੀ ਮੈਂਬਰ ਕੈਪਟਨ ਅਮਰਿੰਦਰ ਸਿੰਘ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੀਲਾ ਤਾਰਾ ਅਪਰੇਸ਼ਨ ਦੇ ਸਬੰਧ ਵਿੱਚ ਕੋਈ ਸਪਸ਼ਟ ਜਵਾਬ ਦੇਣ ਤੋਂ ਅਸਮਰਥ ਰਹੇ ਹਨ।  ਕੈਪਟਨ ਨੇ ਕਿਹਾ ਕਿ ਸ੍ਰੀ ਬਾਦਲ ਕੋਲ ਉਨ੍ਹਾਂ ਦਾ ਜਵਾਬ ਦੇਣ ਦੀ ਕੋਈ ਨੈਤਿਕ ਤਾਕਤ ਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਸ੍ਰੀ ਬਾਦਲ ਨੇ ਉਸ ਵੇਲੇ ਦੇ ਕੇਂਦਰੀ ਗ੍ਰਹਿ ਮੰਤਰੀ ਪੀ ਵੀ ਨਰਸਿਮਹਾ ਰਾਓ ਨਾਲ ਇਕੱਲਿਆਂ ’ਚ ਮੀਟਿੰਗ ਕੀਤੀ ਸੀ। ਕੈਪਟਨ ਨੇ ਕਿਹਾ ਕਿ ਸ੍ਰੀ ਬਾਦਲ ਉਨ੍ਹਾਂ ਦੇ ਸਵਾਲਾਂ ਦਾ ਸਪਸ਼ਟ ਜਵਾਬ ਦੇਣ ਜਾਂ ਫਿਰ ਸਾਫ਼ ਤੌਰ ’ਤੇ ਨਕਾਰਨ ਦੀ ਥਾਂ ਸੁਖਦੇਵ ਸਿੰਘ ਢੀਂਡਸਾ ਅਤੇ ਰਣਜੀਤ ਸਿੰਘ ਬ੍ਰਹਮਪੁਰਾ ਵਰਗੇ ਸੀਨੀਅਰ ਸਾਥੀਆਂ ਕੋਲੋਂ ਆਪਣੇ ਸਮਰਥਨ ’ਚ ਪਹਿਲਾਂ ਤੋਂ ਲਿਖੇ ਬਿਆਨਾਂ ’ਤੇ ਦਸਤਖਤ ਕਰਵਾ ਕੇ ਡੰਗ ਟਪਾ ਰਹੇ ਹਨ। ਉਨ੍ਹਾਂ ਦਾ ਭੇਤ ਪੰਜਾਬ ਦੇ ਲੋਕਾਂ ਸਾਹਮਣੇ ਖੁੱਲ੍ਹ ਚੁੱਕਾ ਹੈ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਦਸਤਾਵੇਜ਼ੀ ਸਬੂਤ ਦਿੱਤੇ ਹਨ।

ਆਸ਼ੂਤੋਸ਼ ਦਾ ਪਰਿਵਾਰ ਬਿਹਾਰ

ਤੋਂ ਪੰਜਾਬ ਲਈ ਰਵਾਨਾ


ਜਲੰਧਰ,13 ਫਰਵਰੀ - ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਦੇ ਮੁਖੀ ਆਸ਼ੂਤੋਸ਼ ਦੀ ਫਰੀਜ਼ਰ ’ਚ ਲੱਗੀ ਸਮਾਧੀ ਨੂੰ ਦੋ ਹਫਤਿਆਂ ਦਾ ਸਮਾਂ ਬੀਤ ਚੱਲਿਆ ਹੈ ਤੇ ਉਸ ਦੇ ਬਿਹਾਰ ਰਹਿੰਦੇ ਪਰਿਵਾਰ ਨੂੰ ਲੈ ਕੇ ਪੂਰਨ ਸਿੰਘ ਪੰਜਾਬ ਲਈ ਉਥੋਂ ਚੱਲ ਪਿਆ ਹੈ। ਆਸ਼ੂਤੋਸ਼ ਦੇ ਸਾਬਕਾ ਡਰਾਈਵਰ ਪੂਰਨ ਸਿੰਘ ਨਾਲ ਹੋਈ ਗੱਲਬਾਤ ਦੌਰਾਨ ਉਸ ਨੇ ਦੱਸਿਆ ਕਿ ਉਹ ਆਸੂਤੋਸ਼ ਦੇ ਪੁੱਤਰ ਦਲੀਪ ਝਾਅ ਤੇ ਉਸ ਦੇ ਦੋ ਹੋਰ ਰਿਸ਼ਤੇਦਾਰਾਂ ਨੂੰ ਲੈ ਕੇ ਬਿਹਾਰ ਦੇ ਪਿੰਡ ਲਖਨਪੁਰ ਤੋਂ ਰਵਾਨਾ ਹੋ ਚੁੱਕੇ ਹਨ ਤੇ ਉਹ ਦੋ ਦਿਨਾਂ ਬਾਅਦ ਪੰਜਾਬ ਪਹੁੰਚ ਜਾਣਗੇ। ਆਸ਼ੂਤੋਸ਼ ਦੇ ਪਰਿਵਾਰ ਨੇ ਮੰਗ ਕੀਤੀ ਸੀ ਕਿ ਉਨ੍ਹਾਂ ਦੀ ਦੇਹ ਪਰਿਵਾਰ ਨੂੰ ਦਿੱਤੀ ਜਾਵੇ ਤਾਂ ਜੋ ਹਿੰਦੂ ਰੀਤੀ-ਰਿਵਾਜ਼ਾਂ ਅਨੁਸਾਰ ਉਨ੍ਹਾਂ ਦੀਆਂ ਆਖਰੀ ਰਸਮਾਂ ਨੂੰ ਪੂਰਾ ਕੀਤਾ ਜਾ ਸਕੇ। ਦਲੀਪ ਝਾਅ ਨੇ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਪੰਜਾਬ ਤੇ ਹਰਿਆਣਾ ਹਾਈਕੋਰਟ ’ਚ ਰਿੱਟ ਦਾਖਲ ਕਰਨਗੇ ਤਾਂ ਜੋ ਉਹ ਆਪਣੇ ਪਿਤਾ ਦੀਆਂ ਆਖਰੀ ਰਸਮਾਂ ਨੂੰ  ਨਿਭਾਅ ਸਕਣ।
ਯਾਦ ਰਹੇ ਕਿ ਦਲੀਪ ਝਾਅ ਨੇ ਆਸ਼ੂਤੋਸ਼ ਦਾ ਪੁੱਤਰ ਹੋਣ ਦਾ ਦਾਅਵਾ ਕਰਦਿਆਂ ਨੂਰਮਹਿਲ ਦੇ ਡੇਰੇ ਨੂੰ ਇਹ ਚੁਣੌਤੀ ਦਿੱਤੀ ਸੀ ਕਿ ਉਹ ਆਪਣਾ ਡੀ.ਐਨ.ਏ. ਟੈਸਟ ਕਰਵਾਉਣ ਲਈ ਤਿਆਰ ਹਨ ਤਾਂ ਜੋ ਲੋਕਾਂ ਸਾਹਮਣੇ ਇਹ ਸੱਚਾਈ ਆ ਸਕੇ ਕਿ ਉਹ ਹੀ ਉਨ੍ਹਾਂ ਦਾ ਪੁੱਤਰ ਹੈ ਜਦੋਂਕਿ ਡੇਰੇ ਦੀ ਸਾਧਵੀ ਜਯਾ ਭਾਰਤੀ ਨੇ ਡੀ.ਐਨ.ਏ. ਟੈਸਟ ਕਰਵਾਉਣ ਦੀ ਗੱਲ ਨੂੰ ਨਕਾਰਦਿਆਂ ਕਿਹਾ ਸੀ ਕਿ ਦਲੀਪ ਝਾਅ ਵਰਗੇ ਕਈ ਅਜਿਹੇ ਹਨ ਜਿਹੜੇ ਆਪਣੇ ਆਪ ਨੂੰ ਆਸ਼ੂਤੋਸ਼ ਮਹਾਰਾਜ ਦੇ ਪਰਿਵਾਰਕ ਮੈਂਬਰ ਦੱਸ ਰਹੇ ਹਨ ਤੇ ਉਨ੍ਹਾਂ ਨੂੰ ਇਸ ਦੀ ਕੋਈ ਪ੍ਰਵਾਹ ਨਹੀਂ ਹੈ। ਜ਼ਿਕਰਯੋਗ ਹੈ ਕਿ ਡੇਰਾ ਪਹਿਲੇ ਦਿਨ ਤੋਂ ਹੀ ਇਹ ਦਾਅਵਾ ਕਰਦਾ ਆ ਰਿਹਾ ਹੈ ਕਿ ਆਸ਼ੂਤੋਸ਼ ਮਹਾਰਾਜ ਦਾ ਵਿਆਹ ਨਹੀਂ ਹੋਇਆ ਤਾਂ ਫਿਰ ਪਰਿਵਾਰ ਕਿਥੋਂ ਆ ਗਿਆ। ਹੁਣ ਜਦੋਂ ਪਰਿਵਾਰ ਸਾਹਮਣੇ ਆ ਗਿਆ ਹੈ ਤਾਂ ਡੇਰੇ ਵਾਲਿਆਂ ਨੇ ਵੀ ਆਪਣੀ ਸੁਰ ਬਦਲਦਿਆਂ ਇਹ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਸੰਨਿਆਸੀ ਦਾ ਕੋਈ ਪਰਿਵਾਰ ਨਹੀਂ ਹੁੰਦਾ। ਦਿਲੀਪ ਝਾਅ ਦੇ ਸਾਲੇ ਮੋਹਣ ਝਾਅ ਨੇ ਕਿਹਾ ਕਿ ਉਹ ਆਸ਼ੂਤੋਸ਼ ਮਹਾਰਾਜ ਦੀ ਦੇਹ ਲੈਣ ਲਈ ਹਰ ਪੱਧਰ ’ਤੇ ਕਾਨੂੰਨੀ ਲੜਾਈ ਲੜਨਗੇ।  ਇਸੇ ਦੌਰਾਨ ਪੂਰਨ ਸਿੰਘ ਨੇ ਦੱਸਿਆ ਕਿ ਉਹ ਆਪਣੇ ਨਾਲ ਆਸ਼ੂਤੋਸ਼ ਦੇ ਪਰਿਵਾਰ ਦੀਆਂ ਅਜਿਹੀਆਂ ਤਸਵੀਰਾਂ ਲੈ ਕੇ ਆ ਰਹੇ ਹਨ ਜਿਸ ਤੋਂ ਇਹ ਗੱਲ ਸਾਬਤ ਹੁੰਦੀ ਹੈ ਕਿ ਦਲੀਪ ਝਾਅ ਹੀ ਆਸ਼ੂਤੋਸ਼ ਦਾ ਪੁੱਤਰ ਹੈ। ਇਨ੍ਹਾਂ ਤਸਵੀਰਾਂ ਵਿਚ ਕੁਝ ਤਸਵੀਰਾਂ ਤਾਜ਼ੀਆਂ ਹਨ ਤੇ ਕੁਝ ਪੁਰਾਣੀਆਂ। ਪੂਰਨ ਸਿੰਘ ਨੇ ਕਿਹਾ ਕਿ ਉਹ ਹਾਈਕੋਰਟ ਕੋਲ ਦੁਬਾਰਾ ਰਿੱਟ ਪਾਵੇਗਾ ਕਿ ਉਸ ਦੀ ਪਹਿਲਾਂ ਪਾਈ ਗਈ ਰਿੱਟ ਨੂੰ ਮੁੜ ਵਿਚਾਰਿਆ ਜਾਵੇ ਤੇ ਡੇਰੇ ਦੀ ਚੁੰਗਲ ਵਿਚੋਂ ਆਸ਼ੂਤੋਸ਼ ਨੂੰ ਛੁਡਵਾਇਆ ਜਾਵੇ।
ਜ਼ਿਕਰਯੋਗ ਹੈ ਕਿ ਬਿਹਾਰ ਵਿਚ ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਉਪ ਮੁੱਖ ਮੰਤਰੀ ਸੁਸ਼ੀਲ ਮੋਦੀ ਨੇ ਲਖਨਪੁਰ ਪਿੰਡ ਵਿਚ ਜਾ ਕੇ ਦਿਲੀਪ ਝਾਅ ਦੀ ਭੁੱਖ ਹੜਤਾਲ ਤੁੜਵਾਈ ਸੀ ਤੇ ਇਹ ਭਰੋਸਾ ਦਿੱਤਾ ਸੀ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਗੱਲਬਾਤ ਕਰਕੇ ਆਸ਼ੂਤੋਸ਼ ਦੀ ਦੇਹ ਨੂੰ ਪਰਿਵਾਰ ਦੇ ਹਵਾਲੇ ਕਰਵਾਉਣ ਦੇ ਯਤਨ ਕਰਨਗੇ। ਇਸ ਤੋਂ ਬਾਅਦ ਹੀ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਆਸ਼ੂਤੋਸ਼ ਬਾਰੇ ਪੁੱਛੇ ਗਏ ਸਵਾਲਾਂ ਨੂੰ ਧਾਰਮਿਕ ਤੇ ਆਸਥਾ ਦਾ ਮਾਮਲਾ ਦੱਸਦਿਆਂ ਕੋਈ ਟਿੱਪਣੀ ਨਹੀਂ ਸੀ ਕੀਤੀ ਪਰ ਜਦੋਂ ਉਨ੍ਹਾਂ ਨੂੰ ਇਹ ਪੁੱਛਿਆ ਗਿਆ ਕਿ ਉਨ੍ਹਾਂ ਦੀ ਭਾਈਵਾਲ ਪਾਰਟੀ ਭਾਜਪਾ ਇਹ ਦਾਅਵਾ ਕਰ ਰਹੀ ਹੈ ਕਿ ਆਸ਼ੂਤੋਸ਼ ਦੇ ਪੁੱਤਰ ਦਲੀਪ ਝਾਅ ਨੂੰ ਉਨ੍ਹਾਂ ਦੇ ਪਿਤਾ ਦੀ ਦੇਹ ਸੌਂਪਣ ਦੀ ਗੱਲਬਾਤ ਪੰਜਾਬ ਸਰਕਾਰ ਨਾਲ ਕੀਤੀ ਜਾਵੇਗੀ ਤਾਂ ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਅਜੇ ਦੇਖੋ ਤੇ ਉਡੀਕੋ ਦੀ ਨੀਤੀ ’ਤੇ ਚੱਲ ਰਹੀ ਹੈ। ਜ਼ਿਕਰਯੋਗ ਹੈ ਕਿ ਆਸ਼ੂਤੋਸ਼ ਨੂੰ ਜ਼ੈੱਡ ਸੁਰੱਖਿਆ      ਮੁਹੱਈਆ ਕਰਵਾਈ ਹੋਈ ਹੈ। ਇਸ ਬਾਰੇ ਲੋਕਾਂ ਵਿਚ ਚਰਚਾ ਹੈ ਕਿ ਜਦੋਂ ਹਾਈਕੋਰਟ ਹੀ ਫੈਸਲਾ ਦੇ ਚੁੱਕੀ ਹੈ ਕਿ ਆਸ਼ੂਤੋਸ਼ ਦੀ ਮੌਤ ਹੋ ਚੁੱਕੀ ਹੈ। ਇਸ ਦੇ ਚੱਲਦਿਆਂ  ਜ਼ੈੱਡ ਸੁਰੱਖਿਆ ਦੇ ਮੁਲਾਜ਼ਮ ਉਥੇ ਕੀ ਕਰ ਰਹੇ ਹਨ?

ਬਾਦਲ ਵੱਲੋਂ ਫੌਜੀਆਂ ਨੂੰ ਰਿਆਇਤਾਂ ਦਾ ਗੱਫ਼ਾ
ਅੰਮ੍ਰਿਤਸਰ ’ਚ ਜੰਗੀ ਯਾਦਗਾਰ ਤੇ ਅਜਾਇਬਘਰ ਦਾ ਨੀਂਹ-ਪੱਥਰ ਰੱਖਿਆ


ਅੰਮ੍ਰਿਤਸਰ, 13 ਫਰਵਰੀ - ਲੋਕ ਸਭਾ ਚੋਣਾਂ ਦੇ ਐਲਾਨ ਤੋਂ ਕੁਝ ਸਮਾਂ ਪਹਿਲਾਂ ਅੱਜ ਇਥੇ ਜੰਗੀ ਨਾਇਕਾਂ ਦੀ ਯਾਦਗਾਰ ਦਾ ਨੀਂਹ ਪੱਥਰ ਰੱਖਣ ਸਮੇਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਫੌਜੀਆਂ, ਸਾਬਕਾ ਫੌਜੀਆਂ ਤੇ ਐਨ.ਸੀ.ਸੀ. ਕੈਡਿਟਾਂ ਲਈ ਰਿਆਇਤਾਂ ਦੀ ਝੜੀ ਲਾ ਦਿੱਤੀ। ਇਸ ਦੌਰਾਨ ਉਨ੍ਹਾਂ ਭਾਰਤ ਸਰਕਾਰ ਨੂੰ ਆਖਿਆ ਕਿ ਭਾਰਤੀ ਹਵਾਈ ਫੌਜ ਦੇ ਏਅਰ ਚੀਫ ਮਾਰਸ਼ਲ ਅਰਜਨ ਸਿੰਘ ਵੱਲੋਂ ਦੇਸ਼ ਦੀ ਅਖੰਡਤਾ ਤੇ ਏਕਤਾ ਦੀ ਕਾਇਮੀ ਲਈ ਪਾਏ ਲਾਮਿਸਾਲ ਯੋਗਦਾਨ ਬਦਲੇ ਉਨ੍ਹਾਂ ਨੂੰ ਸਰਵਉੱਚ ਸਿਵਲੀਅਨ ਐਵਾਰਡ ‘ਭਾਰਤ ਰਤਨ’ ਨਾਲ ਸਨਮਾਨਤ ਕੀਤਾ ਜਾਵੇ। ਪੰਜਾਬ ਸਰਕਾਰ ਵਲੋਂ ਇਥੇ ਗੁਰੂ ਨਗਰੀ ਦੇ ਬਾਹਰ ਅੰਮ੍ਰਿਤਸਰ ਅਟਾਰੀ ਰੋਡ ’ਤੇ 7 ਏਕੜ ਰਕਬੇ ਵਿਚ ਲਗਪਗ 100 ਕਰੋੜ ਰੁਪਏ ਦੀ ਲਾਗਤ ਨਾਲ ਜੰਗੀ ਯਾਦਗਾਰ ਤੇ ਅਜਾਇਬਘਰ ਸਥਾਪਿਤ ਕੀਤਾ ਜਾ ਰਿਹਾ ਹੈ, ਜਿਸ ਦਾ ਨੀਂਹ ਪੱਥਰ ਅੱਜ ਇਥੇ ਰਣਜੀਤ ਐਵੇਨਿਊ ਵਿਖੇ ਇਕ ਸਮਾਗਮ ਦੌਰਾਨ ਮੁੱਖ ਮੰਤਰੀ ਵਲੋਂ ਰੱਖਿਆ ਗਿਆ। ਇਹ ਜੰਗੀ ਯਾਦਗਾਰ ਡੇਢ ਸਾਲ ਵਿਚ ਮੁਕੰਮਲ ਕਰਨ ਦਾ ਟੀਚਾ ਹੈ। ਸੈਨਿਕਾਂ ਤੇ ਸਾਬਕਾ ਸੈਨਿਕਾਂ ਲਈ ਅਹਿਮ ਐਲਾਨ ਕਰਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਵੱਖ-ਵੱਖ ਵਿਭਾਗਾਂ ਵਿੱਚ ਸੇਵਾ-ਮੁਕਤ ਸੈਨਿਕਾਂ ਲਈ ਰਾਖਵੀਂਆਂ ਅਸਾਮੀਆਂ ਦਾ ਬੈਕਲਾਗ ਪੂਰਾ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ, ਜੰਗੀ ਵਿਧਵਾਵਾਂ ਲਈ ਮਕਾਨ ਦੀ ਉਸਾਰੀ ਲਈ ਕਰਜ਼ਾ 5 ਲੱਖ ਤੋਂ ਵਧਾ ਕੇ 10 ਲੱਖ ਰੁਪਏ ਕੀਤਾ ਜਾਵੇਗਾ। ਇਸੇ ਤਰ੍ਹਾਂ ਜੰਗੀ ਜਗੀਰ ਵੀ ਪੰਜ ਹਜ਼ਾਰ ਰੁਪਏ ਤੋਂ ਵਧਾ ਕੇ 10 ਹਜ਼ਾਰ ਰੁਪਏ ਕੀਤੀ ਜਾਵੇਗੀ। ਇਸ ਮੌਕੇ ਪੰਜਾਬ ਸਰਕਾਰ ਵਲੋਂ ਸੈਨਿਕਾਂ ਤੇ ਸਾਬਕਾ ਸੈਨਿਕਾਂ ਲਈ ਪ੍ਰਾਪਰਟੀ ਟੈਕਸ ਵੀ ਖਤਮ ਕਰਨ ਦਾ ਐਲਾਨ ਕੀਤਾ ਗਿਆ। ਸਾਬਕਾ ਸੈਨਿਕਾਂ ਲਈ ਸੀ.ਡੀ.ਐਸ. ਦੀਆਂ ਵਸਤੂਆਂ ਦੀ ਵਿਕਰੀ ’ਤੇ ਵੈਟ ਦਰ 6.5 ਫੀਸਦੀ ਤੋਂ ਘਟਾ ਕੇ 4 ਫੀਸਦੀ ਕਰਨ ਦਾ ਐਲਾਨ ਕੀਤਾ। ਇਸੇ ਤਰ੍ਹਾਂ ਫੌਜੀਆਂ ਤੇ ਸੇਵਾ-ਮੁਕਤ ਫੌਜੀਆਂ ਨੂੰ ਰਾਹਤ ਦੇਣ ਲਈ ਜਲੰਧਰ ਵਿਚ ਫੌਜੀਆਂ ਲਈ ਵਿਸ਼ੇਸ਼ ਅਦਾਲਤ ਸਥਾਪਤ ਕੀਤੀ ਜਾਵੇਗੀ, ਜਿਥੇ ਉਨ੍ਹਾਂ ਦੇ ਕੇਸ ਪਹਿਲ ਦੇ ਆਧਾਰ ’ਤੇ ਨਿਪਟਾਏ ਜਾਣਗੇ। ਇਸ ਦੇ ਨਾਲ ਹੀ ਜਲੰਧਰ ਤੇ ਅੰਮ੍ਰਿਤਸਰ ਵਿਖੇ ਦੋ ਥਾਣੇ ਵੀ ਖੋਲ੍ਹਣ ਦਾ ਐਲਾਨ ਕੀਤਾ, ਜਿੱਥੇ ਕਿਸੇ ਵੀ ਮਾਮਲੇ ਦੀ ਸੁਣਵਾਈ ਪੁਲੀਸ ਦਾ ਘੱਟੋ-ਘੱਟ ਐਸ.ਪੀ. ਰੈਂਕ ਦਾ ਅਧਿਕਾਰੀ ਕਰੇਗਾ। ਇਸੇ ਤਰ੍ਹਾਂ ਚੰਡੀਗੜ੍ਹ ਵਿਖੇ ਵਿੱਤ ਕਮਿਸ਼ਨਰ ਮਾਲ ਦੇ ਦਫਤਰ ਵਿੱਚ ਟੋਲ ਫਰੀ ਨੰਬਰ ਚਾਲੂ ਕੀਤਾ ਜਾਵੇਗਾ, ਜਿਥੇ ਫੌਜੀਆਂ ਤੇ ਸਾਬਕਾ ਫੌਜੀਆਂ ਨੂੰ ਸਾਰੇ ਜ਼ਮੀਨੀ ਮਾਮਲੇ ਖਾਸ ਕਰਕੇ ਮਕਾਨ ਖਾਲੀ ਕਰਵਾਉਣ ਸਬੰਧੀ ਮੁਸ਼ਕਲਾਂ ਦੂਰ ਕੀਤੀਆਂ ਜਾਣਗੀਆਂ।
ਮੁੱਖ ਮੰਤਰੀ ਨੇ ਇਸ ਮੌਕੇ ਐਨ.ਸੀ.ਸੀ. ਕੈਡਿਟਾਂ ਲਈ ਵਿਸ਼ੇਸ਼ ਐਲਾਨ ਕਰਦਿਆਂ ਆਖਿਆ ਕਿ ਉਨ੍ਹਾਂ ਦੀ ਰਿਫੈਰਸ਼ਮੈਂਟ 6 ਰੁਪਏ ਪ੍ਰਤੀ ਕੈਡਿਟ ਤੋਂ ਵਧਾ ਕੇ 25 ਰੁਪਏ ਅਤੇ ਕੈਂਪਾਂ ਦੌਰਾਨ ਖੁਰਾਕ ਲਈ 75 ਰੁਪਏ ਤੋਂ ਵਧਾ ਕੇ 95 ਰੁਪਏ ਕੀਤੇ ਜਾਣਗੇ। ਮੁਹਾਲੀ ਵਿਖੇ ਚਲ ਰਹੀ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਸਿਖਲਾਈ ਅਕੈਡਮੀ ਦੀ ਸਫਲਤਾ ਨੂੰ ਦੇਖਦਿਆਂ ਮੁੱਖ ਮੰਤਰੀ ਨੇ ਲੜਕੀਆਂ ਲਈ ਫੌਜ ’ਚ ਜਾਣ ਲਈ ਸਿਖਲਾਈ ਦੇਣ ਵਾਸਤੇ ਮਾਈ ਭਾਗੋ ਸਿਖਲਾਈ ਅਕੈਡਮੀ ਸਥਾਪਤ ਕਰਨ ਦਾ ਐਲਾਨ ਕੀਤਾ। ਉਨ੍ਹਾਂ ਦੱਸਿਆ ਕਿ ਫੌਜ ਦਾ ਸੇਵਾ ਚੋਣ ਕੇਂਦਰ (ਉਤਰੀ ਪੰਜਾਬ) ਵਿਚ ਸਥਾਪਤ ਕਰਨ ਲਈ ਕੇਂਦਰ ਸਰਕਾਰ ਨੂੰ 200 ਏਕੜ ਜ਼ਮੀਨ ਰੂਪਨਗਰ ਵਿਖੇ ਮੁਹੱਈਆ ਕੀਤੀ ਹੈ। ਰੂਪਨਗਰ ਵਿਖੇ ਹੀ ਉੱਚ ਦਰਜੇ ਦੀ ਨੇਵਲ ਸਿਖਲਾਈ ਅਕੈਡਮੀ ਵੀ ਸਥਾਪਤ ਹੋਵੇਗੀ, ਜਿਥੇ ਪੰਜਾਬ ਦੇ ਨੌਜਵਾਨਾਂ ਨੂੰ ਜਲ ਸੈਨਾ ਵਿਚ ਭਰਤੀ ਹੋਣ ਲਈ ਸਿਖਲਾਈ ਦਿੱਤੀ ਜਾਵੇਗੀ
ਜਰਨੈਲਾਂ ਵੱਲੋਂ ਕੌਮੀ ਜੰਗੀ ਯਾਦਗਾਰ ਬਣਾਉਣ ਦੀ ਮੰਗ
ਭਾਰਤੀ ਫੌਜ ਦੇ ਸਾਬਕਾ ਮੁਖੀਆਂ ਨੇ ਅੱਜ ਇਥੇ ਕੇਂਦਰ ਸਰਕਾਰ ਨਾਲ ਇਤਰਾਜ਼ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਕਈ ਵਾਰ ਮੰਗ ਕਰਨ ਦੇ ਬਾਵਜੂਦ ਹੁਣ ਤਕ ਕੌਮੀ ਪੱਧਰ ’ਤੇ ਜੰਗੀ ਸ਼ਹੀਦਾਂ ਦੀ ਯਾਦਗਾਰ ਨਹੀਂ ਬਣਾਈ ਗਈ। ਉਨ੍ਹਾਂ ਸਮੂਹ ਫੌਜੀ ਵਰਗ ਨੂੰ ਸੱਦਾ ਦਿੱਤਾ ਕਿ ਜਦੋਂ ਤਕ ਕੇਂਦਰ ਸਰਕਾਰ ਵਲੋਂ ਕੌਮੀ ਪੱਧਰ ’ਤੇ ਜੰਗੀ ਯਾਦਗਾਰ ਨਹੀਂ ਸਥਾਪਤ ਕੀਤੀ ਜਾਂਦੀ, ਉਸ ਵੇਲੇ ਤਕ ਗੁਰੂ ਨਗਰੀ ਵਿਚ ਬਣਨ ਵਾਲੀ ਜੰਗੀ ਯਾਦਗਾਰ ਨੂੰ ਹੀ ਕੌਮੀ ਯਾਦਗਾਰ ਸਮਝਿਆ ਜਾਵੇ।  ਭਾਰਤੀ ਥਲ ਸੈਨਾ ਦੇ ਸਾਬਕਾ ਮੁਖੀ ਜਨਰਲ ਜੇ.ਜੇ. ਸਿੰਘ ਨੇ ਆਖਿਆ ਕਿ ਉਨ੍ਹਾਂ ਆਪਣੇ ਕਾਰਜਕਾਲ ਦੌਰਾਨ ਕੇਂਦਰ ਸਰਕਾਰ ਕੋਲ ਕਈ ਵਾਰ ਇਹ ਮੁੱਦਾ ਉਠਾਇਆ ਸੀ ਕਿ ਕੌਮੀ ਪੱਧਰ ’ਤੇ ਜੰਗੀ ਸ਼ਹੀਦਾਂ ਦੀ ਯਾਦਗਾਰ ਬਣਨੀ ਚਾਹੀਦੀ ਹੈ। ਅਜਿਹੀ ਯਾਦਗਾਰ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਣਾ ਸਰੋਤ ਬਣਦੀ ਹੈ।  ਉਨ੍ਹਾਂ ਪੰਜਾਬ ਸਰਕਾਰ ਨੂੰ ਵੀ ਸੁਝਾਅ ਦਿੱਤਾ ਕਿ ਉਹ ਵਧੇਰੇ ਸਕੀਮਾਂ ਚਲਾਉਣ, ਜਿਨ੍ਹਾਂ ਰਾਹੀਂ ਸਾਬਕਾ ਫੌਜੀਆਂ ਨੂੰ ਰੁਜ਼ਗਾਰ ਦਿੱਤਾ ਜਾ ਸਕੇ ਅਤੇ ਨੌਜਵਾਨਾਂ ਨੂੰ ਫੌਜੀ ਸਿਖਲਾਈ ਦਿੱਤੀ ਜਾ ਸਕੇ।  ਸੇਵਾਮੁਕਤ ਲੈਫਟੀਨੈਂਟ ਜਨਰਲ ਸ਼ੰਕਰ ਰਾਏ ਚੌਧਰੀ ਨੇ ਆਖਿਆ ਕਿ ਕੌਮੀ ਪੱਧਰ ’ਤੇ ਇਕ ਜੰਗੀ ਸ਼ਹੀਦਾਂ ਦਾ ਸਮਾਰਕ ਬਣਨਾ ਚਾਹੀਦਾ ਹੈ ਪਰ ਹੁਣ ਤਕ ਨਹੀਂ ਬਣਿਆ ਹੈ। ਇਸ ਲਈ ਜਦੋਂ ਤਕ ਕੌਮੀ ਪੱਧਰ ’ਤੇ ਕੋਈ ਅਜਿਹੀ ਯਾਦਗਾਰ ਨਹੀਂ ਬਣਦੀ, ਉਸ ਵੇਲੇ ਤਕ ਪੰਜਾਬ ਵਿਚ ਅੰਮ੍ਰਿਤਸਰ ਵਿਖੇ ਬਣਨ ਵਾਲੀ ਇਸ ਜੰਗੀ ਯਾਦਗਾਰ ਨੂੰ ਹੀ ਕੌਮੀ ਯਾਦਗਾਰ ਦਾ ਰੁਤਬਾ ਦਿੱਤਾ ਜਾਵੇ।
ਲੌਂਗੇਵਾਲਾ ਯੁੱਧ ਦੇ ਨਾਇਕ ਸਾਬਕਾ ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਨੇ ਆਖਿਆ ਕਿ ਪੰਜਾਬ ਦੇ ਨੌਜਵਾਨ ਫੌਜ ਵਿਚ ਭਰਤੀ ਹੋਣ ਲਈ ਨਿਰਧਾਰਿਤ ਮਾਪਦੰਡ ਪੂਰੇ ਨਹੀਂ ਕਰ ਰਹੇ ਹਨ, ਜਿਸ ਕਾਰਨ ਫੌਜ ਵਿਚ ਪੰਜਾਬੀਆਂ ਦੀ ਨਫਰੀ ਵੀ ਘੱਟ ਰਹੀ ਹੈ। ਪੰਜਾਬੀ ਫੌਜੀਆਂ ਦੇ ਯੋਗਦਾਨ ਦੀ ਗੱਲ ਕਰਦਿਆਂ ਉਨ੍ਹਾਂ ਆਖਿਆ ਕਿ ਹੁਣ ਤਕ ਪੰਜਾਬ ਨੇ ਸਭ ਤੋਂ ਵੱਧ ਅਵਾਰਡ ਪ੍ਰਾਪਤ ਕੀਤੇ ਹਨ, ਜਿਨ੍ਹਾਂ ਵਿਚ 4 ਪਰਮਵੀਰ ਚੱਕਰ, 48 ਮਹਾਂਵੀਰ ਚੱਕਰ ਸ਼ਾਮਲ ਹਨ। ਸਾਬਕਾ ਬ੍ਰਿਗੇਡੀਅਰ ਨਰਿੰਦਰ ਸੰਧੂ ਨੇ ਆਖਿਆ ਕਿ ਅਜਿਹੀਆਂ ਜੰਗੀ ਯਾਦਗਾਰਾਂ ਬਣਾਉਣੀਆਂ ਚਾਹੀਦੀਆਂ ਹਨ ਪਰ ਇਸ ਤੋਂ ਵੀ ਜ਼ਰੂਰੀ ਹੈ ਕਿ ਇਨ੍ਹਾ ਦੀ ਸਾਂਭ ਸੰਭਾਲ ਕੀਤੀ ਜਾਵੇ ਅਤੇ ਸਾਂਭ ਸੰਭਾਲ ਲਈ ਵਿਸ਼ੇਸ਼ ਫੰਡ ਰੱਖੇ ਜਾਣ।  ਸ਼ਹੀਦ ਫੌਜੀ ਅਧਿਕਾਰੀ ਮਹਿੰਦਰ ਸਿੰਘ ਦੀ ਵਿਧਵਾ ਪਤਨੀ ਗੁਰਮੀਤ ਕੌਰ ਤੇ ਹੋਰਨਾਂ ਨੇ ਵੀ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਹੈ।


<< Start < Prev 1 2 3 4 5 6 7 8 9 10 Next > End >>

ਮੁੱਖ ਖ਼ਬਰਾਂ : 

ਖੇਡ ਖ਼ਬਰਾ : 

ਅੰਤਰਰਾਸ਼ਟਰੀ ਖ਼ਬਰਾ : 

ਪੰਜਾਬ ਖ਼ਬਰਾਂ : 

ਨਵੇਂ ਲੇਖ : 

 

 

Random Video 

Receive Newsletter & Updates 

Sample Newsletter


Receive HTML?

Advertisement
Advertisement
Advertisement