Punjab News 

ਸਿੱਖ ਕਤਲੇਆਮ ਨੂੰ ਹਿੰਦੂ-ਸਿੱਖ ਦੰਗੇ ਕਹਿਣ

ਬਾਰੇ ਭਾਜਪਾ ਨੇ ਦਿੱਤਾ ਸਪੱਸ਼ਟੀਕਰਨ


ਜਲੰਧਰ, 16 ਫਰਵਰੀ - ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਰਾਜਨਾਥ ਸਿੰਘ ਵੱਲੋਂ ਇਕ ਨਿੱਜੀ ਟੀ.ਵੀ. ਚੈਨਲ ਨੂੰ ਦਿੱਤੀ ਗਈ ਇੰਟਰਵਿਊ ਦੌਰਾਨ 1984 ਦੇ ਸਿੱਖ ਕਤਲੇਆਮ ਨੂੰ ਹਿੰਦੂ-ਸਿੱਖ ਦੰਗੇ ਕਹਿਣ ’ਤੇ ਪਾਰਟੀ ਦੇ ਸੂਬਾਈ ਪ੍ਰਧਾਨ ਕਮਲ ਸ਼ਰਮਾ ਨੇ ਸਪੱਸ਼ਟ ਕੀਤਾ ਕਿ ਉਹ ਇਸ ਮਾਮਲੇ ਨੂੰ ਗੰਭੀਰਤਾ ਨਾਲ ਹਾਈ ਕਮਾਂਡ ਕੋਲ ਉਠਾਉਣਗੇ। ਉਨ੍ਹਾਂ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਗੱਲ ਦੀ ਜ਼ਿਆਦਾ ਸੰਭਾਵਨਾ ਹੈ ਕਿ ਗੱਲਬਾਤ ਦੌਰਾਨ ਪਾਰਟੀ ਦੇ ਕੌਮੀ ਪ੍ਰਧਾਨ ਰਾਜਨਾਥ ਸਿੰਘ ਦੀ ਜ਼ੁਬਾਨ ਫਿਸਲ ਗਈ ਹੋਵੇ ਕਿਉਂਕਿ ਉਨ੍ਹਾਂ ਦੀ ਅਜਿਹੀ ਕੋਈ ਮਨਸ਼ਾ ਨਹੀਂ ਹੋ ਸਕਦੀ। ਜ਼ਿਕਰਯੋਗ ਹੈ ਕਿ ਸ਼ੁਰੂ ਤੋਂ ਹੀ ਭਾਜਪਾ ਇਹ ਕਹਿੰਦੀ ਆ ਰਹੀ ਹੈ ਕਿ 1984 ਦੇ ਦੰਗੇ ਕਾਂਗਰਸ ਵੱਲੋਂ ਕਰਵਾਏ ਗਏ ਸਨ।  ਟੀ.ਵੀ. ਚੈਨਲ ਨੂੰ ਦਿੱਤੀ ਗਈ ਇੰਟਰਵਿਊ ਦੌਰਾਨ ਰਾਜਨਾਥ ਸਿੰਘ ਨੇ ਆਖਿਆ ਸੀ ਕਿ ਭਾਜਪਾ ਨੇ ਤਾਂ 1984 ਦੇ ਹਿੰਦੂ-ਸਿੱਖ ਦੰਗਿਆਂ ਦੌਰਾਨ ਵੀ ਵੋਟ ਬੈਂਕ ਦੀ ਰਾਜਨੀਤੀ ਨਹੀਂ ਕੀਤੀ ਸੀ। ਇੰਟਰਵਿਊ ਦੌਰਾਨ ਉਨ੍ਹਾਂ ਕਿਹਾ ਕਿ ਭਾਜਪਾ ਰਾਜਨੀਤੀ ਸਰਕਾਰ ਬਣਾਉਣ ਲਈ ਨਹੀਂ ਕਰਦੀ ਸਗੋਂ ਦੇਸ਼ ਬਣਾਉਣ ਲਈ ਕਰਦੀ ਹੈ। ਉਨ੍ਹਾਂ ਇਸ ਗੱਲ ਦਾ ਹਵਾਲਾ ਦਿੰਦਿਆਂ ਕਿਹਾ ਕਿ 1984 ਵਿੱਚ ਲੋਕਾਂ ਨੇ ਦੇਖਿਆ ਕਿ ਹਿੰਦੂ-ਸਿੱਖ ਦੰਗੇ ਹੋਏ ਸਨ ਉਦੋਂ ਵੀ ਭਾਜਪਾ ਨੇ ਕਿਸ ਤਰ੍ਹਾਂ ਦੀ ਭੂਮਿਕਾ ਨਿਭਾਈ ਸੀ ਅਤੇ ਇਸ ਗੱਲ ਦੀ ਪ੍ਰਵਾਹ ਨਹੀਂ ਕੀਤੀ ਸੀ ਕਿ ਬਹੁਗਿਣਤੀ ਹਿੰਦੂ ਭਾਈਚਾਰਾ ਉਨ੍ਹਾਂ ਨਾਲ ਨਾਰਾਜ਼ ਹੋ ਜਾਵੇਗਾ। ਜਿਥੇ ਕਿਤੇ ਵੀ ਹਿੰਸਾ ਹੋਈ ਸੀ ਉਸ ਦੀ ਪਾਰਟੀ ਨੇ ਨਿੰਦਾ ਕੀਤੀ ਸੀ। ਇਸ ਨਵੇਂ ਪੈਦਾ ਹੋਏ ਵਿਵਾਦ ਬਾਰੇ ਕਮਲ ਸ਼ਰਮਾ ਨੇ ਕਿਹਾ ਕਿ ਭਾਜਪਾ ਹਮੇਸ਼ਾ ਹੀ ਸਿੱਖਾਂ ਦੇ ਨਾਲ ਖੜ੍ਹਦੀ ਆ ਰਹੀ ਹੈ ਤੇ ਉਨ੍ਹਾਂ ਦੀ ਰਾਜਨੀਤੀ ਬੜੀ ਸਪੱਸ਼ਟ ਹੈ ਕਿ ਦੇਸ਼ ਵਿੱਚ ਆਪਸੀ ਸਦਭਾਵਨਾ ਵਾਲਾ ਮਾਹੌਲ ਬਣਿਆ ਰਹੇ। ਉਹ ਅੱਜ ਇੱਥੇ 23 ਫਰਵਰੀ ਨੂੰ ਜਗਰਾਉਂ ਵਿੱਚ ਹੋਣ ਵਾਲੀ ਨਰਿੰਦਰ ਮੋਦੀ ਦੀ ਰੈਲੀ ਨੂੰ ਕਾਮਯਾਬ ਕਰਨ ਲਈ ਪਾਰਟੀ ਵਰਕਰਾਂ ਨਾਲ ਮੀਟਿੰਗ ਲਈ ਆਏ ਹੋਏ ਸਨ। ਉਨ੍ਹਾਂ ਦੱਸਿਆ ਕਿ ਭਾਜਪਾ ਦੇ ਜਿੰਨੇ ਵੀ ਵਿੰਗ ਹਨ ਉਨ੍ਹਾਂ ਸਾਰਿਆਂ ਨੂੰ ਸਰਗਰਮ ਕੀਤਾ ਹੋਇਆ ਹੈ ਅਤੇ ਇਹ ਵਿੰਗ 17 ਫਰਵਰੀ ਤੋਂ ਪੰਜਾਬ ਵਿੱਚ ਵਿਸ਼ੇਸ਼ ਯਾਤਰਾਵਾਂ ਸ਼ੁਰੂ ਕਰਕੇ ਸੂਬੇ ਵਿੱਚ ਮਾਹੌਲ ਸਿਰਜਣਗੇ ਤੇ ਲੋਕਾਂ ਨੂੰ ਰੈਲੀ ਵਿੱਚ ਪਹੁੰਚਣ ਦੀ ਅਪੀਲ ਕਰਨਗੇ। ਉਨ੍ਹਾਂ ਦਾਅਵਾ ਕੀਤਾ ਕਿ 23 ਫਰਵਰੀ ਦੀ ਫਤਿਹ ਰੈਲੀ ਪੰਜਾਬ ਵਿੱਚ ਵੀ ਸਮੁੱਚੇ ਦੇਸ਼ ਵਾਂਗ ਮੋਦੀ ਦੇ ਹੱਕ ਵਿੱਚ ਲਹਿਰ ਚਲਾਉਣ ਵਿੱਚ ਮੱਦਦਗਾਰ ਹੋਵੇਗੀ।

ਪੰਜਾਬ ਤੇ ਹਰਿਆਣਾ ਵਿੱਚ ਬਾਰਸ਼,

ਹਿਮਾਚਲ ’ਚ ਬਰਫ਼ਬਾਰੀ


ਚੰਡੀਗੜ੍ਹ, 15 ਫਰਵਰੀ - ਪੰਜਾਬ ਤੇ ਹਰਿਆਣਾ ’ਚ ਮੀਂਹ ਅਤੇ ਹਿਮਾਚਲ ’ਚ ਬਰਫ਼ ਪੈਣ ਨਾਲ ਠੰਢ ਪਰਤ ਆਈ ਹੈ। ਅੱਜ ਦਾ ਤਾਪਮਾਨ ਕਲ ਨਾਲੋਂ ਨੌ ਡਿਗਰੀ ਥੱਲੇ ਆ ਗਿਆ ਹੈ। ਮੀਂਹ ਕਣਕ ਦੀ ਫਸਲ ਲਈ ਭਾਵੇਂ ਲਾਹੇਵੰਦ ਦੱਸਿਆ ਜਾ ਰਿਹਾ ਹੈ ਪਰ ਇਸ ਨਾਲ ਸਬਜ਼ੀਆਂ ਅਤੇ ਪੁਦੀਨ ਹਰੇ ਦੀ ਬਿਜਾਈ ਪਛੜਣ ਲੱਗੀ ਹੈ। ਮੌਸਮ ਵਿਭਾਗ ਨੇ ਅਗਲੇ ਦੋ ਦਿਨ ਵੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਵਿਭਾਗ ਦਾ ਕਹਿਣਾ ਹੈ ਕਿ ਪਰਸੋਂ ਤੋਂ ਮੀਂਹ ਦੇ ਘਟਣ ਦੀ ਸੰਭਾਵਨਾ ਹੈ। ਸੋਮਵਾਰ ਤੋਂ ਮੁੜ ਸੂਰਜ ਦੇ ਚਮਕਣ ਦੇ ਆਸਾਰ ਹਨ।ਮੌਸਮ ਵਿਭਾਗ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਪੰਜਾਬ ਅਤੇ ਹਰਿਆਣਾ ਨਾਲੋਂ ਹਿਮਾਚਲ ਪ੍ਰਦੇਸ਼ ’ਚ ਜ਼ਿਆਦਾ ਮੀਂਹ ਪਿਆ ਹੈ। ਹਿਮਾਚਲ ਦੇ ਸ਼ਹਿਰ ਸ਼ਿਮਲਾ ਅਤੇ ਕੁਫਰੀ ’ਚ ਬਰਫ਼ ਪੈ ਗਈ ਹੈ। ਪੰਜਾਬ ’ਚ ਸੱਭ ਤੋਂ ਜ਼ਿਆਦਾ ਮੀਂਹ ਪਟਿਆਲਾ ’ਚ 14 ਮਿਲੀਮੀਟਰ  ਪਿਆ ਹੈ। ਜਲੰਧਰ ਅਤੇ ਅੰਮ੍ਰਿਤਸਰ ’ਚ ਬਾਰਸ਼ ਬਾਅਦ ਦੁਪਿਹਰ ਸ਼ੁਰੂ ਹੋਈ। ਲੁਧਿਆਣਾ ’ਚ 1.6 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ। ਚੰਡੀਗੜ੍ਹ ’ਚ 12.5 ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ ਹੈ। ਚੰਡੀਗੜ੍ਹ ਦੇ ਬਾਹਰਵਾਰ ਦੇ ਖੇਤਰ ’ਚ 14.6 ਮਿਲੀਮੀਟਰ ਬਾਰਸ਼ ਪਈ ਹੈ। ਹਰਿਆਣਾ ਦੇ ਜ਼ਿਲਾ੍ਹ  ਅੰਬਾਲਾ ’ਚ 12 ਮਿਲੀਮੀਟਰ  ਅਤੇ ਹਿਮਾਚਲ ਦੇ ਧਰਮਸ਼ਾਲਾ ’ਚ ਸੱਭ ਤੋਂ ਵਧ 51.4 ਮਿਲੀਮੀਟਰ ਮੀਂਹ ਪਿਆ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਫਰਵਰੀ ਮਹੀਨੇ ਦੇ ਪਹਿਲੇ ਅੱਧ ’ਚ ਕਈ ਸਾਲਾਂ ਬਾਅਦ ਏਨੀ ਠੰਢ ਅਤੇ ਮੀਂਹ ਪਿਆ ਹੈ।ਜਲੰਧਰ ਨਾਲ ਲਗਦੇ ਪਿੰਡ ਭੋਗਪੁਰ ਦੇ ਕਿਸਾਨ ਜਸਬੀਰ ਸਿੰਘ ਨੇ ਕਿਹਾ ਹੈ ਕਿ ਮੀਂਹ ਨਾਲ ਧਰਤੀ ਮੁੜ ਤੋਂ ਗਿੱਲੀ ਹੋ ਗਈ ਹੈ ਅਤੇ ਬੱਤਰ ਆਉਣ ਤੱਕ ਬਿਜਾਈ ਹੋਰ ਪਛੜ ਜਾਵੇਗੀ।
ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਮੰਗਲ ਸਿੰਘ ਨੇ ਮੀਂਹ ਨੂੰ ਹਾੜੀ ਦੀ ਫਸਲ ਵਾਸਤੇ ਖ਼ੁਸ਼ਗਵਾਰ ਦੱਸਦਿਆਂ ਕਿਹਾ ਹੈ ਕਿ ਸਿੱਟੇ ’ਚ ਦਾਣਾ ਪੈਣ ਤੱਕ ਕੋਈ ਨੁਕਸਾਨ ਨਹੀਂ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਚੰਡੀਗੜ੍ਹ ਦਾ ਵੱਧ ਤੋਂ ਵੱਧ ਤਾਪਮਾਨ 14.4 ਡਿਗਰੀ ਸੈਲਸੀਅਸ ਰਿਹਾ ਜਿਹੜਾ ਕਿ ਕਲ ਨਾਲੋਂ ਨੌ ਡਿਗਰੀ ਹੇਠਾਂ ਰਿਹਾ ਹੈ। ਲੁਧਿਆਣਾ ਦਾ ਤਾਪਮਾਨ  15.3  ਡਿਗਰੀ, ਪਟਿਆਲਾ ਦਾ 13.2 ਡਿਗਰੀ ਅਤੇ ਅੰਮ੍ਰਿਤਸਰ ਦਾ ਤਾਪਮਾਨ 13 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਹਿਮਾਚਲ ਦੇ ਸ਼ਹਿਰ ਸ਼ਿਮਲਾ ਦਾ ਵੱਧ ਤੋਂ ਵੱਧ ਤਾਪਮਾਨ 3 ਡਿਗਰੀ ਅਤੇ ਘੱਟ ਤੋਂ ਘੱਟ ਤਾਪਮਾਨ 1 ਡਿਗਰੀ ਦੱਸਿਆ ਗਿਆ ਹੈ। ਅੰਬਾਲਾ ਦਾ ਵੱਧ ਤੋਂ ਵੱਧ ਤਾਪਮਾਨ 16.2 ਅਤੇ ਹਿਸਾਰ ਦਾ 14.5 ਡਿਗਰੀ ਨੋਟ ਕੀਤਾ ਗਿਆ ਹੈ।

ਸਾਕਾ ਨੀਲਾ ਤਾਰਾ ਯਾਦਗਾਰ ਬਾਰੇ

ਮੱਕੜ ਨੇ ਝੂਠ ਬੋਲਿਆ: ਬਾਦਲ


ਜਲੰਧਰ, 15 ਫਰਵਰੀ - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਵੱਲੋਂ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਬਣੀ ਸਾਕਾ ਨੀਲਾ ਤਾਰਾ ਦੀ ਯਾਦਗਾਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸਲਾਹ ਨਾਲ ਬਣਾਏ ਜਾਣ ਦੇ ਦਿੱਤੇ ਬਿਆਨ ’ਤੇ ਸਖ਼ਤ ਟਿੱਪਣੀ ਕਰਦਿਆਂ ਮੁੱਖ ਮੰਤਰੀ ਬਾਦਲ ਨੇ ਕਿਹਾ ਹੈ ਕਿ ਅਵਤਾਰ ਸਿੰਘ ਮੱਕੜ ਨੇ ਝੂਠ ਬੋਲਿਆ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਇਕ ਖੁਦਮੁਖਤਿਆਰ ਅਦਾਰਾ ਹੈ ਤੇ ਉਸ ਦੇ ਕੰਮਾਂ ਵਿੱਚ ਉਨ੍ਹਾਂ ਵੱਲੋਂ ਕਦੇ ਕੋਈ ਦਖ਼ਲ ਨਹੀਂ ਦਿੱਤਾ ਜਾਂਦਾ। ਸ੍ਰੀ ਬਾਦਲ ਨੇ ਇਕ ਵਾਰ ਨਹੀਂ ਸਗੋਂ ਦੋ-ਤਿੰਨ ਵਾਰ ਇਸ ਗੱਲ ਨੂੰ ਦੁਹਰਾਇਆ ਕਿ ਦਰਬਾਰ ਸਾਹਿਬ ਕੰਪਲੈਕਸ ਅੰਦਰ ਬਣੀ ਸਾਕਾ ਨੀਲਾ ਤਾਰਾ ਦੀ ਯਾਦਗਾਰ ਸਮੇਂ ਉਨ੍ਹਾਂ ਦੀ ਸਲਾਹ ਲੈਣ ਬਾਰੇ ਮੱਕੜ ਵੱਲੋਂ ਕੀਤੀ ਗਈ ਬਿਆਨਬਾਜ਼ੀ ਝੂਠੀ ਹੈ। ਉਨ੍ਹਾਂ ਕਿਹਾ ਕਿ ਯਾਦਗਾਰ ਬਣਾਉਣ ਬਾਰੇ ਉਨ੍ਹਾਂ ਨਾਲ ਕਿਸੇ ਤਰ੍ਹਾਂ ਦਾ ਕੋਈ ਸਲਾਹ-ਮਸ਼ਵਰਾ ਨਹੀਂ ਕੀਤਾ ਗਿਆ। ਇਹ ਸਵਾਲ ਪੁੱਛੇ ਜਾਣ ’ਤੇ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਨਾਂ ਹੀ ਜਦੋਂ ਲਿਫ਼ਾਫ਼ੇ ’ਚੋਂ ਨਿਕਲਦਾ ਹੈ ਤਾਂ ਕੀ ਇਹ ਦਖਲਅੰਦਾਜ਼ੀ ਨਹੀਂ ਹੈ, ਦੇ ਜਵਾਬ ਵਿਚ ਸ੍ਰੀ ਬਾਦਲ ਨੇ ਕਿਹਾ ਕਿ ਉਨ੍ਹਾਂ ਦੀ ਦਖਲਅੰਦਾਜ਼ੀ ਸਿਰਫ਼ ਲਿਫ਼ਾਫ਼ਾ ਭੇਜਣ ਤੱਕ ਹੀ ਹੁੰਦੀ ਹੈ। ਉਸ ਤੋਂ ਬਾਅਦ ਜਦੋਂ ਪ੍ਰਧਾਨ ਬਣ ਜਾਂਦਾ ਹੈ ਤਾਂ ਉਹ ਫ਼ੈਸਲੇ ਆਪਣੀ      ਮਰਜ਼ੀ ਨਾਲ ਕਰਦਾ ਹੈ। ਉਹ ਅੱਜ ਇਥੇ ਅਕਾਲੀ ਦਲ ਤੇ ਭਾਜਪਾ ਆਗੂਆਂ ਨਾਲ ਜਗਰਾਓਂ ’ਚ 23 ਫਰਵਰੀ ਨੂੰ ਹੋਣ    ਵਾਲੀ ਨਰਿੰਦਰ ਮੋਦੀ ਦੀ ਰੈਲੀ ਲਈ ਤਿਆਰੀ ਮੀਟਿੰਗ ਕਰਨ ਆਏ ਹੋਏ ਸਨ।
ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਅੰਮ੍ਰਿਤਸਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਸ ਗੱਲ ਦਾ ਖ਼ੁਲਾਸਾ ਕੀਤਾ ਸੀ ਕਿ ਦਰਬਾਰ ਸਾਹਿਬ ਕੰਪਲੈਕਸ ਵਿੱਚ ਬਣੀ ਸਾਕਾ ਨੀਲਾ ਤਾਰਾ ਦੀ ਯਾਦਗਾਰ ਪ੍ਰਕਾਸ਼ ਸਿੰਘ ਬਾਦਲ ਦੀ ਸਲਾਹ ਨਾਲ ਬਣਾਈ ਗਈ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਸੀ ਕਿ ਸ਼੍ਰੋਮਣੀ ਕਮੇਟੀ ਦੇ ਬਹੁਤ ਸਾਰੇ ਕੰਮ ਪ੍ਰਕਾਸ਼ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਸਲਾਹ ਨਾਲ ਹੀ ਹੁੰਦੇ ਹਨ ਕਿਉਂਕਿ ਸ਼੍ਰੋਮਣੀ ਕਮੇਟੀ ’ਤੇ ਅਕਾਲੀ ਦਲ ਦਾ ਹੀ ਕੰਟਰੋਲ ਹੈ।
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਾਕਾ ਨੀਲਾ ਤਾਰਾ ਸਬੰਧੀ ਕੇਂਦਰ ਨਾਲ ਗੰਢਤੁੱਪ ਕਰਨ ਦੇ ਲਾਏ ਜਾ ਰਹੇ ਦੋਸ਼ਾਂ ਸਬੰਧੀ ਕੀਤੇ ਗਏ ਸਵਾਲ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਝੂਠ ਬੋਲਣ ਦੇ ਮਾਮਲੇ ’ਚ ਅਮਰਿੰਦਰ ਸਿੰਘ ਦਾ ਵੀ ਕੋਈ ਸਾਨੀ ਨਹੀਂ ਹੈ। ਜੇਲ੍ਹ ਕੱਟਣ ਬਾਰੇ ਕੀਤੇ ਜਾ ਰਹੇ ਦਾਅਵਿਆਂ ’ਤੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਹੁਣ ਜਦੋਂ ਲੋਕ ਸਭਾ ਚੋਣਾਂ ਨੇੜੇ ਆ ਗਈਆਂ ਹਨ ਤਾਂ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਲਈ ਕਾਂਗਰਸ ਅਜਿਹੇ ਹੱਥਕੰਡੇ ਅਪਣਾ ਰਹੀ ਹੈ। ਉਨ੍ਹਾਂ ਕਿਹਾ ਕਿ ਐਮਰਜੈਂਸੀ ਦੌਰਾਨ ਉਨ੍ਹਾਂ ਨੇ 19 ਮਹੀਨੇ ਜੇਲ੍ਹ ਕੱਟੀ ਹੈ। ਜਦੋਂ ਉਨ੍ਹਾਂ ਨੂੰ ਇਹ ਪੁੱਛਿਆ ਗਿਆ ਕਿ ਸ੍ਰੀ ਦਰਬਾਰ ਸਾਹਿਬ ’ਤੇ ਹੋਏ ਹਮਲੇ ਵਾਲੇ ਦਿਨ ਉਹ ਕਿਥੇ ਸਨ, ਤਾਂ ਉਨ੍ਹਾਂ ਕਿਹਾ ਕਿ ਉਹ ਉਸ ਦਿਨ ਆਪਣੇ ਪਿੰਡ ਬਾਦਲ ’ਚ ਸਨ ਤੇ ਅਗਲੇ ਦਿਨ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਮੁੱਖ ਮੰਤਰੀ ਨੇ ਕਿਹਾ ਕਿ ਜੇ ਕਾਂਗਰਸੀ ਇਸ ਗੱਲ ’ਤੇ ਖੁਸ਼ ਹੁੰਦੇ ਹਨ ਕਿ ਉਨ੍ਹਾਂ ਨੇ 17 ਸਾਲ ਜੇਲ੍ਹ ਨਹੀਂ ਕੱਟੀ ਤਾਂ ਉਹ ਕਾਂਗਰਸੀਆਂ ਦੀ ਖੁਸ਼ੀ ਲਈ ਇਹ ਵੀ ਮੰਨਣ ਨੂੰ ਤਿਆਰ ਹਨ ਕਿ ਉਹ ਇਕ ਦਿਨ ਵੀ ਜੇਲ੍ਹ ਨਹੀਂ ਗਏ।

ਭੁੱਲਰ ਨੂੰ ਫਾਂਸੀ ਦੀ ਸਜ਼ਾ ਨਾ ਦੇਣ ਦੀ

ਦਿੱਲੀ ਸਰਕਾਰ ਵੱਲੋਂ ਸਿਫ਼ਾਰਿਸ਼


ਨਵੀਂ ਦਿੱਲੀ, 15 ਫਰਵਰੀ - ਦਿੱਲੀ ਸਰਕਾਰ ਨੇ ਅੱਜ ਸੁਪਰੀਮ ਕੋਰਟ ਨੂੰ ਦੱਸਿਆ ਕਿ ਦਵਿੰਦਰਪਾਲ ਸਿੰਘ ਭੁੱਲਰ ਦੀ ਮਾਨਸਿਕ ਹਾਲਤ ਦੇ ਮੱਦੇਨਜ਼ਰ ਉਪ ਰਾਜਪਾਲ ਨਜੀਬ ਜੰਗ ਉਨ੍ਹਾਂ ਦੀ ਸਜ਼ਾ-ਏ-ਮੌਤ ਨੂੰ ਉਮਰ ਕੈਦ ਵਿੱਚ ਤਬਦੀਲ ਕਰਨ ਦੀ ਸਿਫਾਰਸ਼ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੂੰ ਕਰ ਚੁੱਕੇ ਹਨ। ਸੁਪਰੀਮ ਕੋਰਟ ਵਿੱਚ ਦਿੱਲੀ ਸਰਕਾਰ ਦੇ ਗ੍ਰਹਿ ਮੰਤਰਾਲੇ ਦੀ ਪ੍ਰਿੰਸੀਪਲ ਸਕੱਤਰ ਅਰਚਨਾ ਅਰੋੜਾ ਵੱਲੋਂ ਪੇਸ਼ ਕੀਤੇ ਹਲਫਨਾਮੇ ਵਿੱਚ ਕਿਹਾ ਗਿਆ ਹੈ ਕਿ ਉਪ ਰਾਜਪਾਲ ਨੇ ਸਿਫਾਰਸ਼ 6 ਜਨਵਰੀ 2014 ਨੂੰ ਕਰ ਦਿੱਤੀ ਸੀ ਤੇ ਉਹ 20 ਜਨਵਰੀ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਕੋਲ ਭੇਜ ਦਿੱਤੀ ਤਾਂ ਜੋ ਉਸ ਨੂੰ ਅੱਗੋਂ ਰਾਸ਼ਟਰਪਤੀ ਕੋਲ ਭੇਜਿਆ ਜਾ ਸਕੇ। ਦਵਿੰਦਰਪਾਲ ਸਿੰਘ ਭੁੱਲਰ ਦੀ ਪਤਨੀ ਨਵਨੀਤ ਕੌਰ ਵੱਲੋਂ ਪਾਈ ਗਈ ਤਾਜ਼ਾ ਪਟੀਸ਼ਨ ਦੇ ਆਧਾਰ ’ਤੇ 31 ਜਨਵਰੀ ਨੂੰ ਸੁਪਰੀਮ ਕੋਰਟ ਨੇ    ਦਿੱਲੀ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਸੀ ਤੇ ਉਸ ਦੇ ਜੁਆਬ ਵਿੱਚ ਸਰਕਾਰ ਨੇ ਇਹ ਹਲਫਨਾਮਾ ਦਾਖਲ ਕੀਤਾ ਹੈ। ਰਾਸ਼ਟਰਪਤੀ ਨੇ ਬੀਬੀ ਨਵਨੀਤ ਕੌਰ ਦੀ ਰਹਿਮ ਦੀ ਅਪੀਲ ’ਤੇ ਉਪ ਰਾਜਪਾਲ ਪਾਸੋਂ ਵਿਚਾਰ ਮੰਗੇ ਸਨ। ਇਸ ’ਤੇ ਇਕ ਮੈਡੀਕਲ ਬੋਰਡ ਕਾਇਮ ਕੀਤਾ ਗਿਆ ਤੇ ਉਸ ਨੂੰ ਦਿੱਲੀ ਨੇੜੇ ਇੰਸਟੀਚਿਊਟ ਆਫ ਹਿਊਮਨ ਬੀਹੇਵੀਅਰ ਐਂਡ ਅਲਾਈਡ ਸਾਇੰਸਜ਼ ਵਿਖੇ 3 ਦਸੰਬਰ 2013 ਨੂੰ ਭੇਜਿਆ ਗਿਆ ਜਿੱਥੇ ਭੁੱਲਰ ਦਾ 2010 ਤੋਂ ਇਲਾਜ ਚੱਲ ਰਿਹਾ ਹੈ।ਆਪਣੀ ਰਿਪੋਰਟ ’ਚ ਬੋਰਡ ਨੇ ਕਿਹਾ ਹੈ, ‘‘ਭੁੱਲਰ ਕਿਸੇ ਸੁਆਲ ਦਾ ਸਹੀ ਢੰਗ ਨਾਲ ਜੁਆਬ ਨਹੀਂ ਦੇ ਸਕੇ ਤੇ ਉਨ੍ਹਾਂ ਦੇ ਠੀਕ ਹੋਣ ਦੀ ਸੰਭਾਵਨਾ ਵੀ ਨਹੀਂ ਹੈ।’’ ਇਸ ਰਿਪੋਰਟ ਨੂੰ ਦੇਖਣ ਮਗਰੋਂ ਉਪ ਰਾਜਪਾਲ ਨੇ ਕਿਹਾ, ‘‘ਮੈਂ ਜਦੋਂ ਭੁੱਲਰ ਦੀ ਮਾਨਸਿਕ ਸਥਿਤੀ ਬਾਰੇ ਰਿਪੋਰਟ ਪੜ੍ਹੀ ਤਾਂ ਮੈਨੂੰ ਲੱਗਿਆ ਕਿ ਇਸ ਹਾਲਤ ਵਿੱਚ ਕਿਸੇ ਵਿਅਕਤੀ ਨੂੰ ਸਜ਼ਾ-ਏ-ਮੌਤ ਦੇਣਾ ਮਨੁੱਖਤਾ ਤੇ ਕੁਦਰਤੀ ਨਿਆਂ ਦੇ ਖਿਲਾਫ ਹੈ। ਇਸ ਲਈ ਮੈਂ ਬੀਬੀ ਨਵਨੀਤ ਕੌਰ ਦੀ ਰਹਿਮ ਦੀ ਅਪੀਲ ਨੂੰ ਰੱਦ ਕਰਨ ਦੀ ਸਿਫਾਰਸ਼ ਨਹੀਂ ਕਰ ਸਕਦਾ ਤੇ ਮੈਂ ਆਪਣੇ ਵਿਚਾਰ ਮਾਣਯੋਗ ਰਾਸ਼ਟਰਪਤੀ ਨੂੰ ਕੇਸ ਦੇ ਨਿਬੇੜੇ ਲਈ ਭੇਜ ਦਿੱਤੇ ਹਨ।’’  21 ਜਨਵਰੀ ਨੂੰ ਸੁਪਰੀਮ ਕੋਰਟ ਨੇ ਭੁੱਲਰ ਦੀ ਸਜ਼ਾ-ਏ-ਮੌਤ ’ਤੇ ਰੋਕ ਲਗਾ ਦਿੱਤੀ ਸੀ। ਬੀਬੀ ਨਵਨੀਤ ਕੌਰ ਨੇ ਆਪਣੇ ਪਤੀ ਦੀ ਸਜ਼ਾ-ਏ-ਮੌਤ ਨੂੰ ਉਮਰ ਕੈਦ ਵਿੱਚ ਬਦਲਣ ਲਈ ਜਿੱਥੇ ਉਨ੍ਹਾਂ ਦੀ ਮਾਨਸਿਕ ਹਾਲਤ ਦਾ ਹਵਾਲਾ ਦਿੱਤਾ, ਉਥੇ ਇਹ ਵੀ ਕਿਹਾ ਕਿ ਉਨ੍ਹਾਂ ਦੇ ਪਤੀ ਦੀ ਰਹਿਮ ਦੀ ਅਪੀਲ ਉਪਰ ਫੈਸਲਾ ਕਰਨ ਲਈ ਅੱਠ ਸਾਲ ਲਗਾ ਦਿੱਤੇ ਗਏ।ਭੁੱਲਰ ਨੂੰ ਸਤੰਬਰ 1993 ਵਿੱਚ ਕੀਤੇ ਬੰਬ ਧਮਾਕੇ ਵਿੱਚ 9 ਵਿਅਕਤੀਆਂ ਦੀਆਂ ਜਾਨਾਂ ਲੈਣ ਤੇ 25 ਨੂੰ ਜ਼ਖਮੀ ਕਰਨ ਦੇ ਦੋਸ਼ ਵਿੱਚ ਸਜ਼ਾ-ਏ-ਮੌਤ ਸੁਣਾਈ ਗਈ ਸੀ। ਹਮਲੇ ਵਿੱਚ ਤਤਕਾਲੀ ਯੂਥ ਕਾਂਗਰਸ ਦੇ ਮੁਖੀ ਮਨਿੰਦਰਜੀਤ ਸਿੰਘ ਬਿੱਟਾ ਵੀ ਫੱਟੜ ਹੋ ਗਏ ਸਨ।

ਸੀਨੀਅਰ ਅਧਿਕਾਰੀਆਂ ਨੇ ਰਿਪੋਰਟ

ਖ਼ਰਾਬ ਕੀਤੀ: ਖੇਮਕਾ


ਚੰਡੀਗੜ੍ਹ,14 ਫਰਵਰੀ - ਹਰਿਆਣਾ ਦੇ ਚਰਚਿਤ ਆਈਏਐਸ ਅਧਿਕਾਰੀ ਅਸ਼ੋਕ ਖੇਮਕਾ ਨੇ ਆਪਣੇ ਸੀਨੀਅਰ ਅਧਿਕਾਰੀਆਂ ’ਤੇ ਦੋਸ਼ ਲਾਏ ਹਨ ਕਿ ਉਨ੍ਹਾਂ ਨੇ ਜਾਣਬੁਝ ਕੇ ਰਿਪੋਰਟ ਖਰਾਬ ਕਰਨ ਦਾ ਯਤਨ ਕੀਤਾ ਹੈ। ਸ੍ਰੀ ਖੇਮਕਾ ਮੁਤਾਬਕ ਇਸ ਲਈ ਕਣਕ ਦੇ ਬੀਜ ਦੀ ਘੱਟ ਵਿਕਰੀ ਨੂੰ ਲੋੜੋਂ ਵੱਧ ਤੂਲ ਦਿਤਾ ਗਿਆ। ਉਨ੍ਹਾਂ ਦਾ ਤਰਕ ਹੈ ਕਿ ਸੱਚ ਨੂੰ ਛੁਪਾਇਆ ਨਹੀਂ ਜਾ ਸਕੇਗਾ। ਸੂਤਰਾਂ ਕੋਲੋਂ ਮਿਲੀ ਜਾਣਕਾਰੀ ਅਨਸਾਰ ਸ੍ਰੀ ਖੇਮਕਾ ਨੇ ਮੁੱਖ ਸਕੱਤਰ ਨੂੰ ਭੇਜੇ ਤਾਜਾ ਪੱਤਰ ਵਿੱਚ ਦੋਸ਼ ਲਾਇਆ ਹੈ ਕਿ ਉਨਾਂ੍ਹ ਦੀ ਸਵੈ ਮੁਲੰਕਣ ਰਿਪੋਰਟ ਲਏ ਬਿਨਾਂ ਹੀ ਉਨ੍ਹਾਂ ਦੀ ਕਾਰਗੁਜ਼ਾਰੀ ਰਿਪੋਰਟ ਰਿਕਾਰਡ ਕੀਤੀ ਗਈ। ਉਨ੍ਹਾਂ ਦੋਸ਼ ਲਾਇਆ ਕਿ ਮੂੰਗੀ ਦੇ ਬੀਜ ਦੀ ਖਰੀਦ ਨਾਲ ਜੁੜੇ ਮਾਮਲੇ ਦੀ ਵਿਜੀਲੈਂਸ ਜਾਂਚ ਕਰਵਾਉਣ ਪਿੱਛੇ ਵੀ ਉਨ੍ਹਾਂ ਨੂੰ ਤੰਗ ਕਰਨ ਅਤੇ  ਕਿਰਦਾਰ ਨੂੰ ਦਾਗ਼ਦਾਰ ਕਰਨ ਦਾ ਯਤਨ ਸੀ। ਇਸ ਪੱਤਰ ਰਾਹੀਂ ਉਨ੍ਹਾਂ ਨੇ ਮੁੱਖ ਸਕੱਤਰ ਕੋਲੋਂ ਸਾਥ ਵੀ ਮੰਗਿਆ ਹੈ। ਮੁੱਖ ਸਕੱਤਰ  ਨੂੰ ਲਿਖੇ ਪੱਤਰ ਵਿੱਚ ਉਨ੍ਹਾਂ ਕਿਹਾ ਕਿ  ਲੱਖ ਯਤਨ ਕਰਨ ਦੇ ਬਾਵਜੂਦ ਸੱਚ ਨੂੰ ਛੁਪਾਇਆ ਨਹੀਂ ਜਾ ਸਕਦਾ ਤੇ ਸੰਘਣੇ ਕਾਲੇ ਬੱਦਲਾਂ ਨੂੰ ਚੀਰ ਕੇ ਸੱਚ ਸਾਹਮਣੇ ਆ ਜਾਂਦਾ ਹੈ।

 

 


<< Start < Prev 1 2 3 4 5 6 7 8 9 10 Next > End >>

ਮੁੱਖ ਖ਼ਬਰਾਂ : 

ਖੇਡ ਖ਼ਬਰਾ : 

ਅੰਤਰਰਾਸ਼ਟਰੀ ਖ਼ਬਰਾ : 

ਪੰਜਾਬ ਖ਼ਬਰਾਂ : 

ਨਵੇਂ ਲੇਖ : 

 

 

Random Video 

Receive Newsletter & Updates 

Sample Newsletter


Receive HTML?

Advertisement
Advertisement
Advertisement