Punjab News 

ਪੰਜ ਤਖ਼ਤਾਂ ਦੇ ਪਲੇਠੇ ਸਫ਼ਰ ਲਈ ਗੱਡੀ ਰਵਾਨਾ
ਸੰਸਦ ਮੈਂਬਰ ਵਿਜੇਇੰਦਰ ਸਿੰਗਲਾ ਨੇ ਵਿਖਾਈ ਹਰੀ ਝੰਡੀ


ਧੂਰੀ,17 ਫ਼ਰਵਰੀ - ਪੰਜ ਤਖ਼ਤਾਂ ਦੀ ਯਾਤਰਾ ਕਰਾਉਣ ਵਾਲੀ ਵਿਸ਼ੇਸ਼ ਰੇਲ ਗੱਡੀ ਨੂੰ ਮੈਂਬਰ ਪਾਰਲੀਮੈਂਟ ਵਿਜੈਇੰਦਰ ਸਿੰਗਲਾ ਨੇ  ਅੱਜ ਸਥਾਨਕ ਰੇਲਵੇ ਸਟੇਸ਼ਨ ਤੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਸਪੈਸ਼ਲ ਅਧਿਆਤਮਕ ਟਰੇਨ ਦੇ ਨਾਂ ਹੇਠ ਚੱਲੀ ਇਸ ਰੇਲ ਗੱਡੀ ਦੇ ਪਲੇਠੇ ਸਫ਼ਰ ਦੌਰਾਨ  230 ਦੇ ਕਰੀਬ ਸ਼ਰਧਾਲੂ ਪੰਜ ਤਖ਼ਤਾਂ ਦੇ ਦਰਸ਼ਨ ਕਰਨਗੇ।ਇਸ ਰੇਲ ਗੱਡੀ ’ਚ 10 ਬੋਗੀਆਂ, ਇੱਕ ਪੈਂਟਰੀ ਤੇ ਦੋ ਲਗਜ਼ਰੀ ਡੱਬੇ ਹਨ। ਯਾਤਰੀਆਂ ਦੀ ਸੁਰੱਖਿਆ ਲਈ ਗੱਡੀ ਵਿੱਚ 25 ਮੁਲਾਜ਼ਮ ਨਿਯੁਕਤ ਕੀਤੇ ਗਏ ਹਨ ਅਤੇ ਹਰੇਕ ਡੱਬੇ ਵਿੱਚ ਇੱਕ ਸੁਰੱਖਿਆ ਮੁਲਾਜ਼ਮ ਤਾਇਨਾਤ ਰਹੇਗਾ।ਸ੍ਰੀ ਸਿੰਗਲਾ ਨੇ ਇਥੇ ਗੱਲਬਾਤ ਕਰਦਿਆਂ ਕਿਹਾ ਕਿ ਇਸ ਵਿਸ਼ੇਸ਼ ਗੱਡੀ ਦੇ ਸ਼ੁਰੂ ਹੋਣ ਨਾਲ ਉਨ੍ਹਾਂ ਨੇ ਸਿੱਖ ਸ਼ਰਧਾਲੂਆਂ ਦੀ ਲੰਮੇ ਸਮੇਂ ਤੋਂ ਉਠਾਈ ਜਾ ਰਹੀ ਮੰਗ ਨੂੰ ਪੂਰਾ ਕਰ ਦਿੱਤਾ ਹੈ।  ਗੱਡੀ ਦੇ ਕਿਰਾਏ ਸਬੰਧੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਜਦੋਂ ਪਹਿਲਾਂ ਇਹ ਗੱਡੀ ਚੱਲੀ ਸੀ ਤਾਂ ਇਸ ਦਾ ਕਿਰਾਇਆ 72000 ਰੁਪਏ ਪ੍ਰਤੀ ਟਿਕਟ ਸੀ, ਪਰ ਹੁਣ ਰੇਲਵੇ ਵੱਲੋਂ ਇਸ ਨੂੰ ਘਟਾ ਕੇ ਮਹਿਜ਼ 8250 ਰੁਪਏ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਰੇਲ ਗੱਡੀ ਨੂੰ ਤਿੰਨ ਗਰੁੱਪਾਂ ’ਚ ਚਲਾਇਆ ਜਾਵੇਗਾ।ਇਸ ਮੌਕੇ ਰੇਲਵੇ ਟੂਰਿਜ਼ਮ ਕਾਰਪੋਰੇਸ਼ਨ ਦੇ ਐਮਡੀ ਆਰ.ਪੀ. ਮੱਲ ਨੇ ਸ੍ਰੀ ਸਿੰਗਲਾ ਨੂੰ ਸਨਮਾਨਿਤ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ  ਜਗਤਾਰ ਸਿੰਘ ਤਾਰਾ ਬੇਨੜਾ, ਸੁਰਿੰਦਰਪਾਲ ਸਿੰਘ ਜੈਨਪੁਰ, ਜੀਵਨ ਲਾਲ ਪੱਪੀ, ਸੰਦੀਪ ਤਾਇਲ (ਦੋਵੇਂ ਕੌਂਸਲਰ), ਡਾ. ਇੰਦਰਜੀਤ ਸ਼ਰਮਾ ਆਦਿ ਹਾਜ਼ਰ ਸਨ।

ਦੋ ਸੜਕ ਹਾਦਸਿਆਂ ਨੇ ਲਈਆਂ 6 ਜਾਨਾਂ
ਫ਼ਤਹਿਗੜ੍ਹ ਸਾਹਿਬ ਅਤੇ ਮੋਗਾ ਜ਼ਿਲ੍ਹਿਆਂ ’ਚ ਹੋਈਆਂ ਤਿੰਨ-ਤਿੰਨ ਮੌਤਾਂ


ਫ਼ਤਹਿਗੜ੍ਹ ਸਾਹਿਬ, 16 ਫਰਵਰੀ - ਪੰਜਾਬ ’ਚ ਵੱਖ ਵੱਖ ਥਾਵਾਂ ’ਤੇ ਵਾਪਰੇ ਹਾਦਸਿਆਂ ਵਿੱਚ 6 ਲੋਕਾਂ ਦੀ ਜਾਨ ਚਲੀ ਗਈ ਹੈ। ਸਰਹਿੰਦ-ਪਟਿਆਲਾ ਰੋਡ ’ਤੇ ਪਿੰਡ ਚੌਰਵਾਲਾ ਨਜ਼ਦੀਕ ਬੀਤੀ ਦੇਰ ਰਾਤ ਇਨੋਵਾ ਕਾਰ ਅਤੇ ਟਰੱਕ ਦੀ ਟੱਕਰ ’ਚ ਇਨੋਵਾ  ਵਿੱਚ ਸਵਾਰ ਤਿੰਨ ਮਹਿਲਾਵਾਂ ਦੀ ਥਾਂ ਉਪਰ ਹੀ ਮੌਤ ਹੋ ਗਈ ਜਦੋਂ ਕਿ ਸੱਤ ਵਿਅਕਤੀ ਫੱਟੜ ਹੋ ਗਏ ਹਨ।  ਖ਼ੁਸ਼ਕਿਸਮਤੀ ਨਾਲ ਪੰਜ ਸਾਲ ਦੇ ਬੱਚੇ ਦਾ ਬਚਾਅ ਹੋ ਗਿਆ ਹੈ। ਜ਼ਖ਼ਮੀਆਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਨ੍ਹਾਂ ਨੂੰ ਪੀਜੀਆਈ ਚੰਡੀਗੜ੍ਹ ਲਈ ਰੈਫ਼ਰ ਕਰ ਦਿੱਤਾ ਹੈ ਜਿੱਥੇ ਪੰਜ ਵਿਅਕਤੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਮ੍ਰਿਤਕਾਂ ਵਿੱਚ ਇਕ ਨਵ ਵਿਆਹੀ ਲੜਕੀ ਵੀ ਸ਼ਾਮਲ ਹੈ। ਇਨੋਵਾ ਵਿੱਚ 11 ਵਿਅਕਤੀ ਸਵਾਰ ਸਨ।ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਗੋਸਲਾਂ ਥਾਣਾ ਸਮਰਾਲਾ ਜ਼ਿਲ੍ਹਾ ਲੁਧਿਆਣਾ ਦੇ ਕੁਝ ਵਸਨੀਕ ਇਨੋਵਾ ਗੱਡੀ (ਪੀਬੀ11 ਏਬੀ 7914) ਰਾਹੀਂ ਪਟਿਆਲਾ ਰਿਸ਼ਤੇਦਾਰ ਦੇ ਵਿਆਹ ਵਿੱਚ ਸ਼ਾਮਲ ਹੋਣ ਤੋਂ ਬਾਅਦ ਪਟਿਆਲਾ-ਸਰਹਿੰਦ ਰੋਡ ਰਾਹੀਂ ਪਿੰਡ ਪਰਤ ਰਹੇ ਸਨ। ਪਿੰਡ ਚੌਰਵਾਲਾ ਨਜ਼ਦੀਕ ਪੁੱਜਦੇ ਹੀ ਉਨ੍ਹਾਂ ਦੀ ਗੱਡੀ ਸੜਕ ਕਿਨਾਰੇ ਖੜ੍ਹੇ ਟਰੱਕ (ਪੀਬੀ 32 ਈ 3531) ਨਾਲ ਟਕਰਾ ਕੇ ਖਤਾਨਾਂ ਵਿੱਚ ਪਲਟ ਗਈ। ਭਿਆਨਕ ਹਾਦਸੇ ਕਾਰਨ ਇਨੋਵਾ ਵਿੱਚ ਸਵਾਰ ਲਖਵਿੰਦਰ ਕੌਰ ਪਤਨੀ ਗਗਨਦੀਪ ਸਿੰਘ, ਮਨਪ੍ਰੀਤ ਕੌਰ ਦੋਵੇਂ ਵਾਸੀ ਪਿੰਡ ਗੋਸਲਾਂ ਅਤੇ ਨੀਤਾ ਸ਼ਰਮਾ ਵਾਸੀ ਖੰਨਾ ਦੀ ਮੌਕੇ ਉਪਰ ਹੀ ਮੌਤ ਹੋ ਗਈ। ਹਾਦਸਾ ਏਨਾ ਜ਼ਬਰਦਸਤ ਸੀ ਕਿ ਔਰਤਾਂ ਦੇ ਸਿਰ ਧੜ ਤੋਂ ਅਲੱਗ ਹੋ ਗਏ। ਹਾਦਸੇ ਵਿੱਚ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਇਨੋਵਾ ਚਾਲਕ ਗਗਨਦੀਪ ਸਿੰਘ, ਅਮਿਤ ਸ਼ਰਮਾ, ਹਰਵਿੰਦਰ ਕੌਰ, ਹਰਲਵਲੀਨ ਸਿੰਘ, ਵਰਿੰਦਰਜੀਤ ਸਿੰਘ, ਜਸਜੋਤ ਸਿੰਘ ਅਤੇ ਜਸਪ੍ਰੀਤ ਸਿੰਘ ਨੂੰ ਇਲਾਜ ਲਈ ਪੀਜੀਆਈ ਭੇਜ ਦਿੱਤਾ ਗਿਆ ਹੈ। ਹਾਦਸੇ ਦੀ ਸੂਚਨਾ ਤੋਂ ਕੁਝ ਦੇਰ ਮਗਰੋਂ ਥਾਣਾ ਮੂਲੇਪੁਰ ਦੀ ਪੁਲੀਸ ਮੌਕੇ ਉਪਰ ਪੁੱਜ ਗਈ। ਉਨ੍ਹਾਂ ਚਕਨਾਚੂਰ ਹੋਈ ਇਨੋਵਾ ਕਾਰ ਨੂੰ ਟਰੈਕਟਰਾਂ ਦੀ ਸਹਾਇਤਾ ਨਾਲ ਖਤਾਨਾਂ ਵਿੱਚੋਂ ਬਾਹਰ ਕੱਢਿਆ। ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਵਿਖੇ ਮ੍ਰਿਤਕਾਂ ਦਾ ਪੋਸਟ ਮਾਰਟਮ ਕਰਨ ਤੋਂ ਬਾਅਦ ਲਾਸ਼ਾਂ ਵਾਰਸਾਂ ਹਵਾਲੇ ਕਰ ਦਿੱਤੀਆਂ ਗਈਆਂ ਹਨ। ਪੁਲੀਸ ਵੱਲੋਂ ਟਰੱਕ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।
ਮੋਗਾ (ਨਿੱਜੀ ਪੱਤਰ ਪ੍ਰੇਰਕ): ਇਥੇ ਅੱਜ ਤੜਕਸਾਰ ਦੋ ਵੱਖ ਵੱਖ ਸੜਕ ਹਾਦਸਿਆਂ ’ਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਹੈ ਅਤੇ 3 ਜਣੇ ਜ਼ਖ਼ਮੀ ਹੋ ਗਏ ਹਨ। ਮੋਗਾ-ਲੁਧਿਆਣਾ ਕੌਮੀ ਸ਼ਾਹਰਾਹ ’ਤੇ ਗੁਰੂਕੁਲ ਸਕੂਲ ਨੇੜੇ ਵਾਪਰੇ ਹਾਦਸੇ ’ਚ ਕਾਰ ਨੂੰ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ ਜਿਸ ’ਚ ਹਰਵਿੰਦਰ ਸਿੰਘ (25) ਪੁੱਤਰ ਮੇਵਾ ਸਿੰਘ ਪਿੰਡ ਖਾਨਪੁਰ (ਮਲੇਰਕੋਟਲਾ) ਦੀ ਮੌਤ ਹੋ ਗਈ। ਹਾਦਸੇ ’ਚ ਉਸ ਦੀ ਪਤਨੀ ਕੁਲਦੀਪ ਕੌਰ ਤੇ ਡੇਢ ਸਾਲ ਦਾ ਮਾਸੂਮ ਪੁੱਤ ਓਂਕਾਰ ਸਿੰਘ ਜ਼ਖ਼ਮੀ ਹੋ ਗਏ। ਪੁਲੀਸ ਅਨੁਸਾਰ ਹਰਵਿੰਦਰ ਮੋਗਾ ਹਸਪਤਾਲ ’ਚ ਦਾਖ਼ਲ ਆਪਣੀ ਸਾਲੀ ਦਾ ਹਾਲ ਚਾਲ ਪੁੱਛਣ ਆ ਰਿਹਾ ਸੀ। ਹਾਦਸੇ ਤੋਂ ਬਾਅਦ ਮਹਿਲਾ ਅਤੇ ਬੱਚੇ ਨੂੰ ਲੁਧਿਆਣਾ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ।
ਇਸ ਤੋਂ ਇਲਾਵਾ ਮੋਗਾ-ਬਰਨਾਲਾ ਕੌਮੀ ਸ਼ਾਹਰਾਹ ’ਤੇ ਪਿੰਡ ਡਾਲਾ ਕੋਲ ਅੱਜ ਸਵੇਰੇ 10 ਵਜੇ ਟਰੱਕ ਅਤੇ ਮੋਟਰਸਾਈਕਲ ਦੀ ਟੱਕਰ ’ਚ ਮੋਟਰਸਾਈਕਲ ਸਵਾਰ ਦੋ ਲੜਕਿਆਂ ਗੁਰਦੀਪ ਸਿੰਘ (23) ਤੇ ਸਤਨਾਮ ਸਿੰਘ (22) ਦੀ ਮੌਤ ਹੋ ਗਈ ਅਤੇ ਉਨ੍ਹਾਂ ਦਾ ਤੀਜਾ ਸਾਥੀ ਸੰਦੀਪ ਸਿੰਘ (22) ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ। ਇਹ ਤਿੰਨੇ ਜਾਣੇ ਜ਼ਿਲਾ੍ਹ ਬਰਨਾਲਾ ਦੇ ਪਿੰਡ ਨੈਣੇਵਾਲ ਦੇ ਰਹਿਣ ਵਾਲੇ ਸਨ ਅਤੇ ਮੋਗਾ ਵਿਖੇ ਆਈਲਿਟਸ ਦੀ ਪ੍ਰੀਖਿਆ ਦੇਣ ਲਈ ਆ ਰਹੇ ਸਨ ਅਤੇ ਕਿਸੇ ਵਾਹਨ ਨੂੰ ਓਵਰਟੇਕ ਕਰਦੇ ਸਮੇਂ ਇਹ ਹਾਦਸਾ ਵਾਪਰ ਗਿਆ। ਹਾਦਸੇ ’ਚ ਤਿੰਨੇ ਜਣਿਆਂ ਨੂੰ ਜ਼ਖ਼ਮੀ ਹਾਲਤ ’ਚ ਐਂਬੂਲੈਂਸ ਰਾਹੀਂ ਇਥੇ ਸਿਵਲ ਹਸਪਤਾਲ ਲਿਆਂਦਾ ਗਿਆ ਸੀ ਤੇ ਡਾਕਟਰਾਂ ਨੇ ਗੁਰਦੀਪ ਸਿੰਘ ਤੇ ਸਤਨਾਮ ਸਿੰਘ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਥਾਣਾ ਅਜੀਤਵਾਲ ਪੁਲੀਸ ਨੇ ਜ਼ਖ਼ਮੀ ਸੰਦੀਪ ਸਿੰਘ ਦੇ ਬਿਆਨਾਂ ’ਤੇ ਅਣਪਛਾਤੇ ਟਰੱਕ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਬਾਦਲਾਂ ਦੀ ਸਹਿਮਤੀ ਨਾਲ ਬਣੀ ਸਾਕਾ

ਨੀਲਾ ਤਾਰਾ ਸ਼ਹੀਦੀ ਯਾਦਗਾਰ: ਬਾਜਵਾ


ਅੰਮ੍ਰਿਤਸਰ, 16 ਫਰਵਰੀ - ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਾਕਾ ਨੀਲਾ ਤਾਰਾ ਸ਼ਹੀਦੀ ਯਾਦਗਾਰ ਦੇ ਮੁੱਦੇ ’ਤੇ ਸਿਆਸਤ ਖੇਡ ਰਹੇ ਹਨ ਅਤੇ ਇਹ ਯਾਦਗਾਰ ਦੋਵਾਂ ਬਾਦਲਾਂ ਦੀ ਸਹਿਮਤੀ ਨਾਲ ਬਣੀ ਹੈ। ਇਸ ਸਬੰਧੀ ਜਾਰੀ ਬਿਆਨ ਵਿੱਚ ਸ੍ਰੀ ਬਾਜਵਾ ਨੇ ਮੁੱਖ ਮੰਤਰੀ ’ਤੇ ਇਸ ਮਾਮਲੇ ਵਿੱਚ ਝੂਠ ਬੋਲਣ ਦਾ ਦੋਸ਼ ਲਾਉਂਦਿਆਂ ਆਖਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ ਦਾ ਇੱਕ ਹਿੱਸਾ ਹੈ ਅਤੇ ਅਕਾਲੀ ਦਲ ਵੱਲੋਂ ਆਪਣੇ ਸਿਆਸੀ ਹਿੱਤਾਂ ਲਈ ਇਸਨੂੰ ਇੱਕ ਮੰਚ ਵਜੋਂ ਵਰਤਿਆ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਕਮੇਟੀ ਦੇ ਜਨਰਲ ਹਾਊਸ ਦੇ ਮੈਂਬਰਾਂ ਵੱਲੋਂ ਨਹੀਂ ਚੁਣਿਆ ਜਾਂਦਾ ਸਗੋਂ ਪਿਛਲੇ ਕਈ ਸਾਲਾਂ ਤੋਂ ਸ੍ਰੀ ਬਾਦਲ ਵੱਲੋਂ ਭੇਜੇ ਸੀਲ ਬੰਦ ਲਿਫਾਫੇ ਵਿੱਚੋਂ ਨਿਕਲੀ ਪਰਚੀ ਰਾਹੀਂ ਚੁਣਿਆ ਜਾਂਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਮੇਤ ਕੋਈ ਵੀ ਮੈਂਬਰ ਆਪਣੇ ਤੌਰ ’ਤੇ ਫੈਸਲਾ ਲੈਣ ਲਈ ਆਜ਼ਾਦ ਨਹੀਂ ਹੈ। ਉਨ੍ਹਾਂ ਸ੍ਰੀ ਬਾਦਲ ’ਤੇ ਵੱਖਵਾਦੀ ਤਾਕਤਾਂ ਨੂੰ ਸਮਰਥਨ ਦੇਣ ਦੇ ਦੋਸ਼ ਲਾਉਂਦਿਆਂ ਆਖਿਆ ਕਿ ਸ੍ਰੀ ਬਾਦਲ ਅਤਿਵਾਦ ਵੇਲੇ ਅਤਿਵਾਦੀਆਂ ਦੇ ਭੋਗਾਂ ਵਿੱਚ ਸ਼ਾਮਲ ਹੁੰਦੇ ਰਹੇ ਹਨ ਅਤੇ ਧਰਮ ਯੁੱਧ ਮੋਰਚਾ ਵੀ ਅਤਿਵਾਦੀਆਂ ਦੇ ਸਮਰਥਨ ਨਾਲ ਹੀ ਲਾਇਆ ਗਿਆ ਸੀ। ਉਨ੍ਹਾਂ ਆਖਿਆ ਕਿ ਸ਼ਹੀਦੀ ਸਮਾਰਕ ਵੀ ਅਤਿਵਾਦੀਆਂ ਨੂੰ ਖੁਸ਼ ਕਰਨ ਦੇ ਮੰਤਵ ਨਾਲ ਹੀ ਬਣਾਇਆ ਗਿਆ ਹੈ। ਸ੍ਰੀ ਬਾਜਵਾ ਨੇ ਮੰਗ ਕੀਤੀ ਕਿ ਅਤਿਵਾਦ ਵੇਲੇ ਮਾਰੇ ਗਏ 35 ਹਜ਼ਾਰ ਵਿਅਕਤੀਆਂ, ਜਿਨ੍ਹਾਂ ਵਿੱਚ ਸਾਰੇ ਧਰਮਾਂ ਦੇ ਲੋਕ ਸ਼ਾਮਲ ਸਨ, ਦੀ ਯਾਦ ਲਈ ਸ਼ਾਂਤੀ ਮੈਮੋਰੀਅਲ ਬਣਾਇਆ ਜਾਣਾ ਚਾਹੀਦਾ ਹੈ ਪਰ ਬਾਦਲ ਸਰਕਾਰ ਵੱਲੋਂ ਇਸ ਮੰਗ ਨੂੰ ਅਣਦੇਖਿਆ ਕੀਤਾ ਗਿਆ ਹੈ। ਉਨ੍ਹਾਂ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਭਾਈਵਾਲ ਜਥੇਬੰਦੀ ਭਾਜਪਾ ਨੇ ਵੀ ਇਸ ਮਾਮਲੇ ਵਿੱਚ ਚੁੱਪੀ ਧਾਰ ਕੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਹੈ। ਇਸ ਦੌਰਾਨ ਉਨ੍ਹਾਂ ਕੈਬਨਿਟ ਮੰਤਰੀ  ਅਨਿਲ ਜੋਸ਼ੀ, ਜਿਨ੍ਹਾਂ ’ਤੇ ਦੋਹਰੇ ਵੋਟ ਬਣਾਉਣ ਦੇ ਦੋਸ਼ ਲੱਗੇ ਹਨ, ਬਾਰੇ ਆਖਿਆ ਕਿ ਉਸਨੂੰ ਨੈਤਿਕ ਆਧਾਰ ’ਤੇ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ ਹੈ। ਸ੍ਰੀ ਬਾਜਵਾ ਅੱਜ ਇੱਥੇ ਨਿੱਜੀ ਦੌਰੇ ’ਤੇ ਆਏ ਸਨ।

ਨਿਰਮਲ ਯਾਦਵ ਨੂੰ ਅਦਾਲਤ ਵਿੱਚ

ਨਿੱਜੀ ਹਾਜ਼ਰੀ ਤੋਂ ਛੋਟ ਮਿਲੀ


ਚੰਡੀਗੜ੍ਹ, 16 ਫਰਵਰੀ - ਵਿਸ਼ੇਸ਼ ਸੀਬੀਆਈ ਅਦਾਲਤ ਨੇ ਅੱਜ ਪੰਜਾਬ-ਹਰਿਆਣਾ ਹਾਈ ਕੋਰਟ ਦੀ ਸਾਬਕਾ ਜੱਜ ਨਿਰਮਲ ਯਾਦਵ ਨੂੰ ਰਿਸ਼ਵਤ ਦੇ ਮਾਮਲੇ ਦੀ ਸੁਣਵਾਈ ਦੌਰਾਨ ਨਿੱਜੀ ਤੌਰ ’ਤੇ ਪੇਸ਼ੀ ਤੋਂ ਸਥਾਈ ਛੋਟ ਦੇ ਦਿੱਤੀ ਹੈ।ਸਿਹਤ ਦੇ ਆਧਾਰ ’ਤੇ ਮੁਕੱਦਮੇ ਦੌਰਾਨ ਨਿੱਜੀ ਪੇਸ਼ੀ ਤੋਂ ਛੋਟ ਦੀ ਅਰਜ਼ੀ ਸਵੀਕਾਰਦਿਆਂ ਵਿਸ਼ੇਸ਼ ਸੀਬੀਆਈ ਅਦਾਲਤ ਦੇ ਜੱਜ ਵਿਮਲ ਕੁਮਾਰ ਨੇ ਉਂਜ ਬੀਬੀ ਯਾਦਵ ਨੂੰ ਆਖਿਆ ਕਿ ਜਦੋਂ ਵੀ ਉਨ੍ਹਾਂ ਨੂੰ ਬੁਲਾਇਆ ਜਾਵੇ ਤਾਂ ਅਦਾਲਤ ਵਿੱਚ ਹਾਜ਼ਰ ਹੋਣਾ ਪਵੇਗਾ। ਸੀਬੀਆਈ ਦੇ ਵਕੀਲ ਅਨੁਪਮ ਗੁਪਤਾ ਨੇ ਆਖਿਆ ਕਿ ਅਦਾਲਤ ਨੇ ਕੁਝ ਸ਼ਰਤਾਂ ਸਹਿਤ ਨਿੱਜੀ ਪੇਸ਼ੀ ਤੋਂ ਸਥਾਈ ਛੋਟ ਦੀ ਅਰਜ਼ੀ ਸਵੀਕਾਰ ਕੀਤੀ ਹੈ। ਸੀਬੀਆਈ ਨੇ ਸਤੰਬਰ 2011 ਵਿੱਚ ਦਾਖਲ ਕੀਤੀ ਬੀਬੀ ਯਾਦਵ ਦੀ ਅਪੀਲ ਦਾ ਡਟਵਾਂ ਵਿਰੋਧ ਕੀਤਾ ਸੀ। ਵਿਸ਼ੇਸ਼ ਸੀਬੀਆਈ ਅਦਾਲਤ ਨੇ 18 ਜਨਵਰੀ ਨੂੰ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 11 ਅਤੇ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਨਿਰਮਲ ਯਾਦਵ ਖਿਲਾਫ ਦੋਸ਼ ਆਇਦ ਕੀਤੇ ਸਨ। ਯਾਦਵ ਤੋਂ ਇਲਾਵਾ ਜਿਨ੍ਹਾਂ ਹੋਰ ਮੁਲਜ਼ਮਾਂ ਖਿਲਾਫ ਦੋਸ਼ ਆਇਦ ਕੀਤੇ ਗਏ ਸਨ, ਉਨ੍ਹਾਂ ਵਿੱਚ ਹੋਟਲ ਕਾਰੋਬਾਰੀ ਰਵਿੰਦਰ ਸਿੰਘ ਭਸੀਨ, ਹਰਿਆਣਾ ਦੇ ਸਾਬਕਾ ਐਡੀਸ਼ਨਲ ਐਡਵੋਕੇਟ ਜਨਰਲ ਸੰਜੀਵ ਬਾਂਸਲ ਅਤੇ ਕਾਰੋਬਾਰੀ ਰਾਜੀਵ ਗੁਪਤਾ ਸ਼ਾਮਲ ਸਨ। ਇਸ ਦੌਰਾਨ ਅਦਾਲਤ ਨੇ ਅੱਜ ਮੁਲਜ਼ਮ ਬਾਂਸਲ ਦੀ ਬੇਨਤੀ ਸਵਿਕਾਰਦਿਆਂ ਸੁਣਵਾਈ 15 ਮਾਰਚ ਤਕ ਮੁਲਤਵੀ ਕਰ ਦਿੱਤੀ ਹੈ।

ਲਹਿੰਦੇ ਪੰਜਾਬ ਦੇ ਰਾਜਪਾਲ

ਨਿੱਜੀ ਫੇਰੀ ’ਤੇ ਭਾਰਤ ਪੁੱਜੇ

ਅੰਮ੍ਰਿਤਸਰ, 16 ਫਰਵਰੀ - ਪਾਕਿਸਤਾਨੀ ਪੰਜਾਬ ਦੇ ਰਾਜਪਾਲ ਜਨਾਬ ਮੁਹਮੰਦ ਸਰਵਰ ਅੱਜ ਆਪਣੀ ਨਿੱਜੀ ਫੇਰੀ ’ਤੇ ਇੱਥੇ ਪੁੱਜੇ। ਉਹ ਆਪਣੇ ਇੱਕ ਮਿੱਤਰ ਦੇ ਪਰਿਵਾਰਕ ਸਮਾਗਮ ਵਿੱਚ ਭਾਗ ਲੈਣ ਲਈ ਆਏ ਹਨ। ਜਨਾਬ ਸਰਵਰ ਨੇ ਦੁਪਿਹਰ ਦਾ ਖਾਣਾ ਦਿਹਾਤੀ ਕਾਂਗਰਸ ਅੰਮ੍ਰਿਤਸਰ ਦੇ ਪ੍ਰਧਾਨ ਗੁਰਜੀਤ ਸਿੰਘ ਔਜਲਾ ਦੇ ਗ੍ਰਹਿ ਵਿਖੇ ਖਾਧਾ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਨਾਬ ਸਰਵਰ ਨੇ ਕਿਹਾ ਕਿ ਦੋਹਾਂ ਦੇਸ਼ਾ ਦੇ ਲੋਕ ਇੱਕ ਦੂਜੇ ਨਾਲ ਬਣੀਆਂ ਦੂਰੀਆਂ ਖ਼ਤਮ ਕਰਨਾ ਚਾਹੁੰਦੇ ਹਨ ਪਰ ਕੁਝ ਲੋਕ ਹਾਲਾਤ ਨੂੰ ਸਾਜ਼ਗਾਰ ਨਹੀਂ ਹੋਣ ਦੇਣਾ ਚਾਹੁੰਦੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਦਿਲੀ ਇੱਛਾ ਹੈ ਕਿ ਦੋਹਾਂ ਦੇਸ਼ਾਂ ਵਿਚਾਲੇ ਬਣੀ ਦੂਰੀ ਘੱਟ ਹੋਵੇ ਤੇ ਦੋਵੇਂ ਮੁਲਕ ਆਪਣੇ ਨਾਗਰਿਕਾਂ ਨੂੰ ਵੱਧ ਤੋਂ ਵੱਧ ਟੂਰਿਸਟ ਵੀਜ਼ਾ ਜਾਰੀ ਕਰਨ।ਜਨਾਬ ਸਰਵਰ ਅੰਮ੍ਰਿਤਸਰ ਤੋਂ ਜਲੰਧਰ ਅਤੇ ਉਥੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਲਈ ਪਟਿਆਲਾ ਜਾਣਗੇ। ਇਸ ਮੌਕੇ ਸੀ.ਪੀ.ਆਈ. ਦੇ ਸ੍ਰੀ ਵਿਜੈ ਮਿਸ਼ਰਾ, ਜਗੀਰ ਕੌਰ, ਫੋਕਲੋਰ ਅਕੈਡਮੀ ਦੇ ਰਮੇਸ਼ ਯਾਦਵ ਵੀ ਹਾਜ਼ਰ ਸਨ।


<< Start < Prev 1 2 3 4 5 6 7 8 9 10 Next > End >>

ਮੁੱਖ ਖ਼ਬਰਾਂ : 

ਖੇਡ ਖ਼ਬਰਾ : 

ਅੰਤਰਰਾਸ਼ਟਰੀ ਖ਼ਬਰਾ : 

ਪੰਜਾਬ ਖ਼ਬਰਾਂ : 

ਨਵੇਂ ਲੇਖ : 

 

 

Random Video 

Receive Newsletter & Updates 

Sample Newsletter


Receive HTML?

Advertisement
Advertisement
Advertisement