Advertisement

Punjab News 

ਪਾਦਰੀ ਕਤਲ ਕਾਂਡ: ਪੁਲੀਸ ਵੱਲੋਂ 10 ਪਿੰਡਾਂ ਵਿੱਚ ਤਲਾਸ਼ੀ ਮੁਹਿੰਮ


ਲੁਧਿਆਣਾ - ਇਥੋਂ ਦੇ ਪੀਰੂ ਬੰਦਾ ਮੁਹੱਲੇ ਦੀ ਚਰਚ ‘ਟੈਂਪਲ ਆਫ਼ ਗੌਡ’ ਦੇ ਪਾਦਰੀ ਸੁਲਤਾਨ ਮਸੀਹ ਦੇ ਕਤਲ ਕਾਂਡ ਦੇ ਮੁਲਜ਼ਮਾਂ ਦੇ ਰਾਹੋਂ ਰੋਡ ਸਥਿਤ ਪਿੰਡਾਂਂ ਵਿੱਚ ਲੁਕੇ ਹੋਣ ਦੀ ਜਾਣਕਾਰੀ ਮਿਲਣ ’ਤੇ ਅੱਜ ਲੁਧਿਆਣਾ ਪੁਲੀਸ ਨੇ 300 ਤੋਂ ਵੱਧ ਮੁਲਾਜ਼ਮਾਂ ਨੂੰ ਨਾਲ ਲੈ ਕੇ 10 ਪਿੰਡਾਂਂ ਵਿੱਚ ਤਲਾਸ਼ੀ ਮੁਹਿੰਮ ਚਲਾਈ। ਦੋ ਏਡੀਸੀਪੀ, ਚਾਰ ਏਸੀਪੀ ਤੇ ਦਰਜਨ ਤੋਂ ਵੱਧ ਥਾਣਿਆਂ ਦੀ ਪੁਲੀਸ ਵੱਲੋਂ ਵੱਡੇ ਪੱਧਰ ’ਤੇ ਇਹ ਮੁਹਿੰਮ ਚਲਾਏ ਜਾਣ ਕਾਰਨ ਪਿੰਡਾਂਂ ਦੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਇਸ ਦੌਰਾਨ ਪੁਲੀਸ ਨੂੰ ਪਾਦਰੀ ਕਤਲ ਕਾਂਡ ਵਿੱਚ ਸਿੱਧੇ ਤੌਰ ’ਤੇ ਕੋਈ ਸਫਲਤਾ ਨਾ ਮਿਲੀ।
ਜਾਣਕਾਰੀ ਮੁਤਾਬਕ ਲੁਧਿਆਣਾ ਪੁਲੀਸ ਦੇ ਸਾਈਬਰ ਵਿੰਗ ਨੇ ਪੁਲੀਸ ਦੇ ਉਚ ਅਧਿਕਾਰੀਆਂ ਨੂੰ ਇਤਲਾਹ ਦਿੱਤੀ ਸੀ ਕਿ ਮੁਲਜ਼ਮਾਂ ਦੇ ਸ਼ੱਕੀ ਮੋਬਾਈਲ ਫੋਨ ਰਾਹੋਂ ਰੋਡ ਸਥਿਤ ਪਿੰਡ ਜਗੀਰਪੁਰ ਲਾਗੇ ਚੱਲ ਰਹੇ ਹਨ। ਇਸ ’ਤੇ ਪੁਲੀਸ ਨੇ ਇੱਕੋ ਵਕਤ ਛਾਪਾਮਾਰੀ ਕਰਨ ਦੀ ਯੋਜਨਾ ਬਣਾਈ, ਜਿਸ ਤਹਿਤ ਵਿਸ਼ੇਸ਼ ਜਾਂਚ ਟੀਮ ਨੇ ਥਾਣਾ ਮੇਹਰਬਾਨ ਅਧੀਨ ਆਉਂਦੇ ਰਾਹੋਂ ਰੋਡ, ਪਿੰਡ ਜਗੀਰਪੁਰ, ਮਾਡਲ ਕਲੋਨੀ ਤੇ ਆਸ-ਪਾਸ ਦੇ ਇਲਾਕਿਆਂ ’ਚ ਬਣੀਆਂ ਕਲੋਨੀਆਂ ’ਚ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ ਕਿਸੇ ਬਾਹਰੀ ਵਿਅਕਤੀ ਨੂੰ ਨਾ ਅੰਦਰ ਆਉਣ ਤੇ ਨਾ ਬਾਹਰ ਜਾਣ ਦਿੱਤਾ ਗਿਆ। ਮੁਹਿੰਮ ਮੌਕੇ ਬਾਜ਼ਾਰ ਵੀ ਬੰਦ ਦਿਖੇ ਤੇ ਪੁਲੀਸ ਦੀ ਵੱਡੀ ਗਿਣਤੀ ’ਚ ਮੌਜੂਦਗੀ ਕਾਰਨ ਲੋਕ ਸਹਿਮੇ ਰਹੇ।
ਇਸ ਮੌਕੇ ਪੁਲੀਸ ਨੇ ਕੁਝ ਮਸ਼ਕੂਕਾਂ ਤੇ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਕੇ ਉਨ੍ਹਾਂ ਕੋਲੋਂ ਮੁਲਜ਼ਮਾਂ ਦੀ ਮੋਬਾਈਲ ਲੋਕੇਸ਼ਨ ਬਾਰੇ ਪੁੱਛ-ਗਿੱਛ ਕੀਤੀ। ਪੁਲੀਸ ਨੂੰ ਮੁਲਜ਼ਮਾਂ ਦੀ ਫੁਟੇਜ ਇੱਕ ਸੀਸੀਟੀਵੀ ਕੈਮਰੇ ਰਾਹੀਂ ਬਹਾਦੁਰ ਕੇ ਰੋਡ ਵਾਲੀ ਸਾਈਡ ਤੋਂ ਮਿਲੀ। ਇਸੇ ਤੋਂ ਲਿੰਕ ਜੋੜਦਿਆਂ ਪੁਲੀਸ ਅੱਜ ਰਾਹੋਂ ਰੋਡ ਦੇ ਇਨ੍ਹਾਂ ਪਿੰਡਾਂਂ ਵਿੱਚ ਪਹੁੰਚੀ। ਪੁਲੀਸ ਨੇ ਕੁਝ ਗੈਂਗਸਟਰਾਂ ਤਸਵੀਰਾਂ ਨੂੰ ਦਿਖਾ ਕੇ ਵੀ ਲੋਕਾਂ ਤੋਂ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ।
ਗ਼ੌਰਤਲਬ ਹੈ ਕਿ ਬੀਤੀ 15 ਜੁਲਾਈ ਨੂੰ ਮੋਟਰਸਾਈਕਲ ਸਵਾਰਾਂ ਨੇ ਗਿਰਜਾ ਘਰ ਦੇ ਬਾਹਰ ਫੋਨ ਸੁਣ ਰਹੇ ਪਾਦਰੀ ਸੁਲਤਾਨ ਮਸੀਹ ਨੂੰ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ ਸੀ। ਇਸ ਸਬੰਧੀ ਪੁਲੀਸ ਕਮਿਸ਼ਨਰ ਆਰ.ਐਨ. ਢੋਕੇ ਨੇ ਦੱਸਿਆ ਕਿ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਇਨ੍ਹਾਂ ਪਿੰਡਾਂਂ ਵਿੱਚ ਮੁਲਜ਼ਮ ਲੁਕੇ ਹੋਏ ਹਨ। ਪੁਲੀਸ ਨੇ ਕਈ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ। ਲੋਕਾਂ ਦਾ ਦੋਸ਼ ਹੈ ਕਿ ਮੁਹਿੰਮ ਦੌਰਾਨ ਪੁਲੀਸ ਵਾਲਿਆਂ ਨੇ ਵੱਡੇ ਬੰਗਲੇ ਤੇ ਕੋਠੀਆਂ ਦੀ ਚੈਕਿੰਗ ਨਹੀਂ ਕੀਤੀ ਤੇ ਆਮ ਲੋਕਾਂ ਤੋਂ ਹੀ ਕਥਿਤ ਪੁੱਛ-ਪੜਤਾਲ ਕੀਤੀ। ਖੁਵਾਜਕੇ ਪਿੰਡ ਦੇ ਲਾਗੇ ਤਾਂ ਇੱਕ ਇੰਸਪੈਕਟਰ ਪੱਧਰ ਦਾ ਅਧਿਕਾਰੀ ਰੂਟੀਨ ਚੈਕਿੰਗ ਵਾਂਗ ਆਪਣੇ ਮੁਲਜ਼ਮਾਂ ਨੂੰ ਤਲਾਸ਼ੀ ’ਤੇ ਭੇਜ ਕੇ ਖ਼ੁਦ ਕਾਰ ਦਾ ਏਸੀ ਚਲਾ ਕੇ ਠੰਢਾ ਪੀਂਦਾ ਨਜ਼ਰ ਆਇਆ।

ਖਹਿਰਾ ਬਣੇ ਵਿਰੋਧੀ ਧਿਰ ਦੇ ‘ਜਰਨੈਲ’


ਚੰਡੀਗੜ੍ਹ - ਆਮ ਆਦਮੀ ਪਾਰਟੀ ਦੇ ਹਲਕਾ ਭਲੁੱਥ ਤੋਂ ਵਿਧਾਇਕ ਸੁਖਪਾਲ ਖਹਿਰਾ ਨੂੰ ਸਰਬ ਸੰਮਤੀ ਨਾਲ ਪੰਜਾਬ  ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦਾ ਆਗੂ ਚੁਣਿਆ ਗਿਆ ਹੈ। ਉਨ੍ਹਾਂ ਦੇ ਨਾਂ ਦਾ ਐਲਾਨ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਕੀਤਾ। ਉਨ੍ਹਾਂ ਨੇ ਇਸ ਤੋਂ ਪਹਿਲਾਂ ਪੰਜਾਬ ਦੇ ਵਿਧਾਇਕਾਂ ਨਾਲ ਗੱਲਬਾਤ ਕਰ ਕੇ ਇਸ ਸਬੰਧੀ ਵਿਚਾਰ ਲਏ ਸਨ। ਇਹ ਅਹੁਦਾ ਵਿਧਾਇਕ ਐਚ.ਐਸ. ਫੂਲਕਾ ਦੇ ਅਸਤੀਫ਼ਾ ਦੇਣ ਤੋਂ ਬਾਅਦ ਖਾਲੀ ਹੋਇਆ ਸੀ।
ਸ੍ਰੀ ਕੇਜਰੀਵਾਲ ਨੇ ਸੁਖਪਾਲ ਖਹਿਰਾ ਦੇ ਨਾਂ ਦਾ ਐਲਾਨ ਵਿਧਾਇਕ ਦਲ ਦੀ ਮੀਟਿੰਗ ਵਿੱਚ ਕੀਤਾ। ਮੀਟਿੰਗ ਵਿੱਚ ਸੰਸਦ ਮੈਂਬਰ ਅਤੇ ‘ਆਪ’ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਅਤੇ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ ਹਾਜ਼ਰ ਸਨ।  ਜ਼ਿਕਰਯੋਗ ਹੈ ਸ੍ਰੀ ਖਹਿਰਾ ਪਹਿਲਾਂ ਚੀਫ਼ ਵ੍ਹਿਪ ਸਨ ਪਰ ਭਗਵੰਤ ਮਾਨ ਨੂੰ ਪਾਰਟੀ ਦਾ ਸੂਬਾਈ ਪ੍ਰਧਾਨ ਬਣਾਏ ਜਾਣ ਦੇ ਰੋਸ ਵਜੋਂ ਉਨ੍ਹਾਂ ਨੇ ਇਸ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਹਾਲ ਦੀ ਘੜੀ ਚੀਫ਼ ਵ੍ਹੀਪ ਦਾ ਅਹੁਦਾ ਕਿਸੇ ਨੂੰ ਨਹੀਂ ਦਿੱਤਾ ਗਿਆ। ਸ੍ਰੀ ਫੂਲਕਾ ਨੇ ਅਸਤੀਫ਼ਾ ਦੇਣ ਵੇਲੇ ਅਗਲੇ ਆਗੂ ਲਈ ਭਾਵੇਂ ਕੰਵਰ ਸੰਧੂ, ਅਮਨ ਅਰੋੜਾ ਅਤੇ ਸੁਖਪਾਲ ਖਹਿਰਾ ਦੇ ਨਾਂ ਦੀ ਸਿਫ਼ਾਰਸ਼ ਕਰ ਦਿੱਤੀ ਸੀ ਪਰ ਭਗਵੰਤ ਮਾਨ ਦੀ ‘ਨਾਰਾਜ਼ਗੀ’ ਕਾਰਨ ਬਹੁਤਿਆਂ ਨੂੰ ਸ੍ਰੀ ਖਹਿਰਾ ਦੇ ਨਾਂ ’ਤੇ ਮੋਹਰ ਲੱਗਣ ਦੀ ਆਸ ਨਹੀਂ ਸੀ। ਇਸ ਅਹੁਦੇ ਦੀ ਦੌੜ ਵਿੱਚ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਤੇ ਪ੍ਰੋ. ਬਲਜਿੰਦਰ ਕੌਰ ਵੀ ਸਨ। ਵਿਰੋਧੀ ਧਿਰ ਦੇ ਆਗੂ ਦਾ ਅਹੁਦਾ ਕੈਬਨਿਟ ਮੰਤਰੀ ਦੇ ਬਰਾਬਰ ਦਾ ਹੁੰਦਾ ਹੈ।
ਵਿਰੋਧੀ ਧਿਰ ਦੇ ਆਗੂ ਦੀ ਚੋਣ ਲਈ ‘ਆਪ’ ਵਿਧਾਇਕ ਦਲ ਦੀ ਪਹਿਲਾਂ ਵੀ ਦੋ ਵਾਰ ਮੀਟਿੰਗ ਰੱਖੀ ਗਈ ਸੀ ਪਰ ਦੋਵੇਂ ਵਾਰ ਮੁਲਤਵੀ ਕਰਨੀ ਪਈ ਸੀ। ਦਿੱਲੀ ਵਿੱਚ ਹੋਈ ਤੀਜੀ ਮੀਟਿੰਗ ’ਚ ਸੁਖਪਾਲ ਖਹਿਰਾ ਦੇ ਨਾਂ ’ਤੇ ਮੋਹਰ ਲੱਗੀ। ਸੁਖਪਾਲ ਖਹਿਰਾ ਵਿਧਾਨ ਸਭਾ ਚੋਣਾਂ ਤੋਂ ਕਾਫ਼ੀ ਸਮਾਂ ਪਹਿਲਾਂ ਕਾਂਗਰਸ ਪਾਰਟੀ ਛੱਡ ਕੇ ‘ਆਪ’ ਵਿੱਚ ਸ਼ਾਮਲ ਹੋਏ ਸਨ। ਉਨ੍ਹਾਂ ਦੇ ਪਿਤਾ ਸੁਖਜਿੰਦਰ ਸਿੰਘ  ਕਈ ਦਹਾਕੇ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵਿੱਚ ਸਿੱਖਿਆ ਮੰਤਰੀ ਰਹੇ ਸਨ। ਸ੍ਰੀ ਖਹਿਰਾ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ‘ਆਪ’ ਉਮੀਦਵਾਰ ਵਜੋਂ ਸ਼੍ਰੋਮਣੀ ਅਕਾਲੀ ਦਲ ਦੇ ਮਹਿਲਾ ਵਿੰਗ ਦੀ ਪ੍ਰਧਾਨ ਜਗੀਰ ਕੌਰ ਦੇ  ਜਵਾਈ ਯੁਵਰਾਜ ਭੁਪਿੰਦਰ ਸਿੰਘ ਨੂੰ ਹਰਾਇਆ ਸੀ।
ਰਲ਼-ਮਿਲ ਕੇ ਕੰਮ ਕਰਨਗੇ ਸਾਰੇ ਵਿਧਾਇਕ: ਭਗਵੰਤ ਮਾਨ
‘ਆਪ’ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ ਸੁਖਪਾਲ ਖਹਿਰਾ ਨੂੰ 20 ਵਿਧਾਇਕਾਂ ਅਤੇ ਦੋ ਸੰਸਦ ਮੈਂਬਰਾਂ ਦੀ ਸਹਿਮਤੀ ਨਾਲ ਵਿਰੋਧੀ ਧਿਰ ਦਾ ਆਗੂ ਚੁਣਿਆ ਗਿਆ ਹੈ ਤੇ ਸਾਰੇ ਵਿਧਾਇਕਾਂ ਨੇ ਮੁੜ ਰਲ਼-ਮਿਲ ਕੇ ਕੰਮ ਕਰਨ ਦਾ ਅਹਿਦ ਲਿਆ ਹੈ। ਪਾਰਟੀ ਲੋਕ ਸਭਾ ਹਲਕਾ  ਗੁਰਦਾਸਪੁਰ  ਅਤੇ ਨਗਰ ਨਿਗਮ ਦੀਆਂ ਚੋਣਾਂ ਸਮੇਤ 2019 ਦੀਆਂ ਲੋਕ ਸਭਾ ਚੋਣਾਂ ਜਿੱਤਣ ਵਾਸਤੇ ਦਿਨ ਰਾਤ ਇੱਕ ਕਰ ਦੇਵੇਗੀ।

ਪੰਜਾਬ ’ਚ ਪੇਸ਼ੇਵਰ ਕਰ ਲਾਉਣ ਦੀ ਤਿਆਰੀ


ਚੰਡੀਗੜ੍ਹ - ਕੈਪਟਨ ਸਰਕਾਰ ਨੇ ਸੂਬੇ ਨੂੰ  ਮਾੜੀ ਮਾਲੀ ਹਾਲਤ ’ਚੋਂ ਕੱਢਣ ਅਤੇ ਮਾਲੀ ਸਾਧਨ ਜੁਟਾਉਣ ਲਈ ਸਿਧਾਂਤਕ ਤੌਰ ’ਤੇ ਕਰੀਬ ਇਕ ਹਜ਼ਾਰ ਕਰੋੜ ਰੁਪਏ ਦੇ ਟੈਕਸ ਲਾਉਣ ਦਾ ਫੈਸਲਾ ਕਰ ਲਿਆ ਹੈ। ਇਸ ’ਤੇ ਅੰਤਿਮ ਮੋਹਰ ਪੰਜਾਬ ਵਜ਼ਾਰਤ ਦੀ 25 ਜੁਲਾਈ ਨੂੰ ਹੋ ਰਹੀ ਮੀਟਿੰਗ ਵਿਚ ਲਾਉਣ ਦੀ ਤਿਆਰੀ ਹੈ। ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਵਿਚ ਖ਼ਜ਼ਾਨੇ ਦੀ ਹਾਲਤ ਬਹੁਤ ਮਾੜੀ ਹੋ ਗਈ ਸੀ ਤੇ ਓਵਰ ਡਰਾਫਟ ਇਸ ਕਦਰ ਵਧ ਗਿਆ ਸੀ ਕਿ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਪੰਜਾਬ ਸਰਕਾਰ ਦੇ ਲੈਣ-ਦੇਣ ’ਤੇ ਪਾਬੰਦੀ ਲਾ ਦਿਤੀ ਸੀ।  ਰਿਜ਼ਰਵ ਬੈਂਕ ਦੀ ਪਾਬੰਦੀ ਸਮੇਂ ਕੈਪਟਨ ਸਰਕਾਰ ਨੂੰ ਸੱਤਾ ਸੰਭਾਲਿਆਂ ਕੁਝ ਦਿਨ ਹੀ ਹੋਏ ਸਨ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਬਾਅਦ ਦੁਪਹਿਰ ਕਰੀਬ ਤਿੰਨ ਘੰਟੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਹਾਜ਼ਰੀ ਵਿਚ ਵਿੱਤ ਸਮੇਤ ਇਕ ਦਰਜਨ ਤੋਂ ਵੱਧ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਨਾਲ ਮਾਲੀ ਸਾਧਨ ਜੁਟਾਉਣ ਲਈ ਮੀਟਿੰਗ ਕੀਤੀ। ਪ੍ਰਾਪਤ ਜਾਣਕਾਰੀ ਅਨੁਸਾਰ ਮੀਟਿੰਗ ਵਿਚ ਪ੍ਰੋਫੈਸ਼ਨਲ ਟੈਕਸ ਲਾਉਣ ਦਾ ਫੈਸਲਾ ਕੀਤਾ ਗਿਆ ਹੈ। ਬਿਜਲੀ ਡਿਊਟੀ ਦੋ ਫੀਸਦੀ ਵਧਾਉਣ ਨੂੰ ਵੀ ਸਿਧਾਂਤਕ ਪ੍ਰਵਾਨਗੀ ਦੇ ਦਿੱਤੀ ਗਈ ਹੈ, ਜਿਸ ਨਾਲ ਬਿਜਲੀ ਦਰਾਂ ਵਧਣ ਦੇ ਆਸਾਰ ਹਨ। ਟਰਾਂਸਪੋਰਟ ਸਬੰਧੀ ਟੈਕਸ ਵੀ ਹਰਿਆਣਾ ਸਰਕਾਰ ਦੇ ਪੈਟਰਨ ’ਤੇ ਵਸੂਲਣ ਦੀ ਤਜਵੀਜ਼ ਹੈ, ਜਿਸ ਨਾਲ ਸਰਕਾਰ ਦੀ ਆਮਦਨ ਹੋਰ ਵਧੇਗੀ। ਅਸ਼ਟਾਮ ਡਿਊਟੀਆਂ ਦੇ ਬਕਾਏ ਵਸੁੂਲਣ ’ਤੇ ਵੀ ਵਿਸ਼ੇਸ਼ ਜ਼ੋਰ ਦਿਤਾ ਗਿਆ ਹੈ। ਇਸ ਤਰ੍ਹਾਂ ਸਰਕਾਰ ਨੂੰ ਇਕ ਹਜ਼ਾਰ ਕਰੋੜ ਰੁਪਏ ਮਿਲਣ ਦੀ ਆਸ ਹੈ।
ਇਸ ਨਾਲ ਸਰਕਾਰ ਦਾ ਕੁਝ ਕੰਮ-ਕਾਜ ਚਲਣ ਲੱਗ ਪਵੇਗਾ। ਇਸ ਤੋਂ ਪਹਿਲਾਂ ਰੇਤੇ ਦੀਆਂ ਖੱਡਾਂ ਅਤੇ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਤੋਂ ਵੀ ਸਰਕਾਰ ਦੀ ਆਮਦਨ ਵਿਚ ਵਾਧਾ ਹੋਇਆ ਹੈ, ਪਰ ਇਹ ਵਾਧਾ ਸਰਕਾਰ ਦਾ ਕੰਮ-ਕਾਜ ਚਲਾਉਣ ਲਈ ਕਾਫ਼ੀ ਨਹੀਂ ਸੀ। ਇਸ ਕਾਰਨ ਸਰਕਾਰ ਨੂੰ ਟੈਕਸ ਲਾਉਣ ਦੀ ਤਜਵੀਜ਼ ਬਣਾਉੁਣੀ ਪਈ ਹੈ। ਮੁੱਖ ਮੰਤਰੀ ਨੇ ਇਕ ਦਿਨ ਪਹਿਲਾਂ ਹੀ ਕਿਹਾ ਸੀ ਕਿ ਸਰਕਾਰ ਮਾਲੀ ਸਾਧਨ ਜੁਟਾਉਣ ਲਈ ਕੁਝ ਕਦਮ ਚੁੱਕ ਰਹੀ ਹੈ। ਉਸ ਅਨੁਸਾਰ ਅੱਜ ਤਜਵੀਜ਼ ਤਿਆਰ ਕਰ ਲਈ ਗਈ ਹੈ, ਜਿਸ ’ਤੇ ਵਜ਼ਾਰਤ ਦੀ ਅਗਲੀ ਮੀਟਿੰਗ ਵਿਚ ਮੋਹਰ ਲੱਗਣ ਦੀ ਸੰਭਾਵਨਾ ਹੈ।
ਮੌਜੂਦਾ ਉਦਯੋਗਾਂ ਨੂੰ ਸੁਰਜੀਤ ਕਰਨ ’ਤੇ ਜ਼ੋਰ
ਚੰਡੀਗੜ੍ਹ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਜ ਦੀ ਨਵੀਂ ਸਨਅਤੀ ਨੀਤੀ ਵਿਚ ਮੌਜੂਦਾ ਉਦਯੋਗਾਂ ਨੂੰ ਸੁਰਜੀਤ ਕਰਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ ਹੈ, ਜਿਸ ਵਿਚ ‘ਵਪਾਰ ਪਹਿਲਾਂ’ ਦੀ ਫਿਲਾਸਫੀ ਨੂੰ ਹੁਲਾਰਾ ਦੇਣ ’ਤੇ ਧਿਆਨ ਕੇਂਦਰਤ ਕੀਤਾ ਜਾਵੇਗਾ। ਅੱਜ ਇਥੇ ਨਵੀਂ ਨੀਤੀ ਦੇ ਖਰੜੇ ਸਬੰਧੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਪਹਿਲਾਂ  ਬਣੀ ਧਾਰਨਾ ਵਿਚ ਤਬਦੀਲੀ ਲਿਆਉਣ ਲਈ ਸਰਲੀਕਰਨ ’ਤੇ ਧਿਆਨ ਕੇਂਦਰਤ ਕਰਨ ਲਈ ਕਿਹਾ। ਉਨ੍ਹਾਂ ਆਖਿਆ ਕਿ ਉਦਯੋਗਿਕ ਅਤੇ ਵਪਾਰਕ ਘਰਾਣਿਆਂ ਨਾਲ ਭਾਈਵਾਲਾਂ ਵਾਲਾ ਸਲੂਕ ਕੀਤਾ ਜਾਣਾ ਚਾਹੀਦਾ ਤੇ ਉਨ੍ਹਾਂ ਪ੍ਰਤੀ ਸ਼ੱਕੀ ਪਹੁੰਚ ਨਹੀਂ ਹੋਣੀ ਚਾਹੀਦੀ।
ਵਪਾਰ  ਲਈ ਸੁਵਿਧਾ ਦੇਣ ਵਾਸਤੇ ਬੁਨਿਆਦੀ ਢਾਂਚੇ ਦੇ ਵਿਕਾਸ ਦੀ ਜ਼ਰੂਰਤ ਉੱਤੇ ਵੀ ਚਰਚਾ ਹੋਈ ਅਤੇ ਇਸ ਮਕਸਦ ਲਈ ਪੰਜਾਬ ਰਾਜ ਉਦਯੋਗਿਕ ਬੁਨਿਆਦੀ ਢਾਂਚਾ ਕਾਰਪੋਰੇਸ਼ਨ ਸਥਾਪਤ ਕਰਨ ਦੀ ਤਜਵੀਜ਼ ਆਈ। ਬਿਜਲੀ ਸੈਕਟਰ ਦਾ ਪੱਧਰ ਉੱਚਾ ਚੁੱਕਣ ਤੋਂ ਇਲਾਵਾ ਨਵੀਂ ਨੀਤੀ ਵਿਚ ਚਾਰ ਸਨਅਤੀ ਪਾਰਕ ਅਤੇ 10 ਸਨਅਤੀ ਅਸਟੇਟ ਵਿਕਸਤ ਕਰਨ ਲਈ ਵੀ ਰੂਪ-ਰੇਖਾ ਪੇਸ਼ ਹੋਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਪੰਜ ਸਾਲਾਂ ਵਿਚ ਵਿਕਾਸ ਦੇ ਸੱਤ ਅਹਿਮ ਥੰਮ੍ਹਾਂ ਵਿਚ ਪੰਜ ਲੱਖ ਕਰੋੜ ਰੁਪਏ ਦੇ ਕੁੱਲ ਪੂੰਜੀ ਨਿਵੇਸ਼ ਦਾ ਟੀਚਾ ਰੱਖਿਆ ਹੈ। ਕਾਲਜਾਂ ਵਿਚ 50 ਉਦਮੀ ਹੁਨਰ ਵਿਕਾਸ ਕੇਂਦਰ ਸਥਾਪਤ ਕਰਨ ਦੀ ਵੀ ਤਜਵੀਜ਼ ਹੈ।
ਅਧਿਕਾਰੀਆਂ ਨੇ ਸੁਝਾਅ ਦਿੱਤੇ ਕਿ ਸਭ ਤਰ੍ਹਾਂ ਦੇ ਵਿਕਾਸ ਦੀਆਂ ਜ਼ਰੂਰਤਾਂ ਲਈ ਇਕਹਿਰਾ ਤਕਨਾਲੋਜੀ ਮੰਚ ਤਿਆਰ ਕੀਤਾ ਜਾਵੇ। ਮੀਟਿੰਗ ਵਿਚ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ, ਮਨਪ੍ਰੀਤ ਸਿੰਘ ਬਾਦਲ, ਰਾਣਾ ਗੁਰਜੀਤ ਸਿੰਘ ਅਤੇ ਚਰਨਜੀਤ ਸਿੰਘ ਚੰਨੀ ਤੋਂ ਇਲਾਵਾ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ, ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਪ੍ਰਮੁੱਖ ਸਕੱਤਰ ਵਿੱਤ ਅਨਿਰੁਧ ਤਿਵਾੜੀ, ਪ੍ਰਮੁੱਖ ਸਕੱਤਰ ਮਕਾਨ ਤੇ ਸ਼ਹਿਰੀ ਵਿਕਾਸ ਵਿੰਨੀ ਮਹਾਜਨ, ਵਿੱਤ ਕਮਿਸ਼ਨਰ ਕਰ ਅਨੁਰਾਗ ਅਗਰਵਾਲ, ਵਿੱਤ ਕਮਿਸ਼ਨਰ ਵਿਕਾਸ ਐਮ.ਪੀ. ਸਿੰਘ, ਪ੍ਰਮੁੱਖ ਸਕੱਤਰ ਊਰਜਾ ਏ. ਵੇਣੂ ਪ੍ਰਸਾਦ ਅਤੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।

ਪਾਦਰੀ ਕਤਲ ਕਾਂਡ ਪਿੱਛੇ ਵਿਦੇਸ਼ੀ ਤਾਕਤਾਂ: ਡੀਜੀਪੀ


ਲੋੜ ਪੈਣ ’ਤੇ ਸੀਬੀਆਈ ਤੋਂ ਮਦਦ ਲੈਣ ਦਾ ਕੀਤਾ ਵਾਅਦਾ
ਲੁਧਿਆਣਾ - ਸਨਅਤੀ ਸ਼ਹਿਰ ਦੇ ਪੀਰੂ ਬੰਦਾ ਮੁਹੱਲੇ ਵਿੱਚ ਸ਼ਨਿੱਚਰਵਾਰ ਦੀ ਰਾਤ ਗਿਰਜਾਘਰ ਦੇ ਬਾਹਰ ਪਾਦਰੀ ਸੁਲਤਾਨ ਮਸੀਹ ਦੇ ਕਤਲਕਾਂਡ ਮਾਮਲੇ ਵਿੱਚ ਅੱਜ ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਨੇ ਘਟਨਾ ਸਥਾਨ ਦਾ ਮੁਆਇਨਾ ਕੀਤਾ। ਉਨ੍ਹਾਂ ਪਾਦਰੀ ਦੇ ਪਰਿਵਾਰ ਨਾਲ ਬੰਦ ਕਮਰਾ ਮੁਲਾਕਾਤ ਵੀ ਕੀਤੀ। ਘਟਨਾ ਸਥਾਨ ਦਾ ਦੌਰਾ ਕਰਨ ਉਪਰੰਤ ਡੀਜੀਪੀ ਨੇ ਕਿਹਾ ਕਿ ਇਸ ਕਤਲਕਾਂਡ ਪਿੱਛੇ ਪਾਕਿਸਤਾਨ ਤੇ ਵਿਦੇਸ਼ੀ ਤਾਕਤਾਂ ਦਾ ਹੱਥ ਹੋਣ ਦਾ ਖ਼ਦਸ਼ਾ ਹੈ ਤੇ ਪੁਲੀਸ ਵੱਲੋਂ ਜਾਂਚ ਦੌਰਾਨ ਇਸ ਤੱਥ ਨੂੰ ਵੀ ਵਿਚਾਰਿਆ ਜਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੁਲੀਸ ਵੱਲੋਂ ਗਠਿਤ ਵਿਸ਼ੇਸ਼ ਜਾਂਚ ਟੀਮ ਦੇ ਹੱਥ ਕੁਝ ਅਹਿਮ ਸਬੂਤ ਲੱਗੇ ਹਨ ਤੇ ਕੁਝ ਲੋਕਾਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਹੈ। ਉਨ੍ਹਾਂ ਆਸ ਜਤਾਈ ਕਿ ਇਸ ਮਾਮਲੇ ਨੂੰ ਜਲਦੀ ਹੀ ਹੱਲ ਕਰ ਲਿਆ ਜਾਵੇਗਾ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀਜੀਪੀ ਸੁਰੇਸ਼ ਅਰੋੜਾ ਨੇ ਕਿਹਾ ਕਿ  ਪੁਲੀਸ ਫਿਲਹਾਲ ਇਹ ਮੰਨ ਕੇ ਚੱਲ ਰਹੀ ਹੈ ਕਿ ਲੁਧਿਆਣਾ ਵਿੱਚ ਪਹਿਲਾਂ ਹੋਏ ਮਾਤਾ ਚੰਦ ਕੌਰ, ਅਮਿਤ ਸ਼ਰਮਾ ਕਤਲਕਾਂਡ ਤੇ ਦੁਰਗਾ ਗੁਪਤਾ ਕਤਲਕਾਂਡਾਂ ਨਾਲ ਇਸ ਕਤਲ ਦੀ ਕੜੀ ਜੁੜੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਲੋੜ ਪੈਣ ’ਤੇ ਇਸ ਮਾਮਲੇ ’ਚ ਵੀ ਸੀਬੀਆਈ ਦੀ ਮਦਦ ਲਈ ਜਾ ਸਕਦੀ ਹੈ। ਯਾਦ ਰਹੇ ਕਿ ਬੀਤੇ ਦਿਨ ਡੀਜੀ ਇਟੈਲੀਜੈਂਸ ਨੇ ਸੀਬੀਆਈ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਹੈ। ਡੀਜੀਪੀ ਨੇ ਇਸ ਕਤਲਕਾਂਡ ਪਿੱਛੇ ਕਿਸੇ ਗੈਂਗਸਟਰ ਜਾਂ ਨਿੱਜੀ ਰੰਜਿਸ਼ ਦੇ ਪਹਿਲੂ ਤੋਂ ਇਨਕਾਰ ਕੀਤਾ ਹੈ। ਇਸ ਮੌਕੇ ਪੁਲੀਸ ਕਮਿਸ਼ਨਰ ਆਰ.ਐਨ. ਢੋਕੇ, ਡੀਸੀਪੀ ਧਰੁਮਨ ਨਿੰਬਲੇ ਸਮੇਤ ਸਾਰੇ ਹੀ ਪੁਲੀਸ ਮੁਲਾਜ਼ਮ ਮੌਜੂਦ ਸਨ।
ਤਿੰਨ ਦਿਨਾਂ ਬਾਅਦ ਵੀ ਪੁਲੀਸ ਦੇ ਹੱਥ ਖਾਲੀ
ਲੁਧਿਆਣਾ - ਪਾਦਰੀ ਸੁਲਤਾਨ ਮਸੀਹ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ ਮਾਮਲੇ ਵਿੱਚ ਲੁਧਿਆਣਾ ਪੁਲੀਸ ਘਟਨਾ ਤੋਂ 72 ਘੰਟੇ ਬਾਅਦ ਵੀ ਹਨੇਰੇ ਵਿੱਚ ਤੀਰ ਚਲਾ ਰਹੀ ਹੈ। ਪੁਲੀਸ ਦੀ ਸਾਰੀ ਜਾਂਚ ਫ਼ਿਲਹਾਲ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਅਤੇ ਮੋਬਾਈਲ ਲੋਕੇਸ਼ਨ ’ਤੇ ਨਿਰਭਰ ਹੈ। ਪੁਲੀਸ ਨੇ ਅੱਜ ਚਾਰ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਵੀ ਕੀਤੀ, ਪਰ ਪੁਲੀਸ ਸੂਤਰਾਂ ਦੀ ਮੰਨੀਏ ਤਾਂ ਪੁਲੀਸ ਦੇ ਹੱਥ ਅਜੇ ਵੀ ਖਾਲੀ ਹਨ।
ਪਾਦਰੀ ਦੇ ਪੁੱਤ ਨੂੰ ਨਿਯੁਕਤੀ ਪੱਤਰ ਸੌਂਪਿਆ
ਪਾਦਰੀ ਕਤਲਕਾਂਡ ਤੋਂ ਬਾਅਦ ਸੂਬਾ ਸਰਕਾਰ ਵੱਲੋਂ ਪਾਦਰੀ ਦੇ ਪਰਿਵਾਰ ਨੂੰ ਪੰਜ ਲੱਖ ਰੁਪਏ ਦੇਣ ਅਤੇ ਪਰਿਵਾਰ ਦੇ ਇਕ ਮੈਂਬਰ ਨੂੰ ਨੌਕਰੀ ਦੇਣ ਦੇ ਕੀਤੇ ਵਾਅਦੇ ਮੁਤਾਬਕ ਡੀਜੀਪੀ ਸੁਰੇਸ਼ ਅਰੋੜਾ ਨੇ ਪਾਦਰੀ ਦੇ ਛੋਟੇ ਲੜਕੇ ਨੂੰ ਨਿਯੁਕਤੀ ਪੱਤਰ ਦਿੱਤਾ। ਪੁਲੀਸ ਕਮਿਸ਼ਨਰ ਦੇ ਨਾਮ ਦਿੱਤੇ ਇਸ ਪੱਤਰ ’ਚ ਲਿਖਿਆ ਹੈ ਕਿ ਬਾਰ੍ਹਵੀਂ ਪਾਸ ਕਰਨ ਤੋਂ ਬਾਅਦ ਲੜਕੇ ਨੂੰ ਪੁਲੀਸ ਵਿੱਚ ਸਿਪਾਹੀ ਰੱਖਿਆ ਜਾਵੇਗਾ। ਪਾਦਰੀ ਦਾ ਲੜਕਾ ਗਿਆਰ੍ਹਵੀਂ ਜਮਾਤ ’ਚ ਪੜ੍ਹਦਾ ਹੈ।

ਪਾਦਰੀ ਕਤਲ ਕਾਂਡ ਪਿੱਛੇ ਵਿਦੇਸ਼ੀ ਤਾਕਤਾਂ: ਡੀਜੀਪੀ

ਜੀਐਸਟੀ ਨਾਲ ਘਟਣਗੀਆਂ ਕਾਰੋਬਾਰੀਆਂ ਦੀਆਂ ਮੁਸ਼ਕਲਾਂ: ਜੇਤਲੀ


ਲੁਧਿਆਣਾ - ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਵਸਤਾਂ ਤੇ ਸੇਵਾਵਾਂ ਕਰ (ਜੀਐਸਟੀ) ਲਾਗੂ ਹੋਣ ਤੋਂ ਬਾਅਦ ਅੱਜ ਪਹਿਲੀ ਵਾਰ ਸਨਅਤੀ ਸ਼ਹਿਰ ਪੁੱਜੇ, ਜਿੱਥੇ ਉਨ੍ਹਾਂ ਦਾਅਵਾ ਕੀਤਾ ਕਿ ਜੀਐਸਟੀ ਲਾਗੂ ਹੋਣ ਤੋਂ ਬਾਅਦ ਵਪਾਰੀਆਂ ਤੇ ਕਾਰੋਬਾਰੀਆਂ ਨੂੰ ਜ਼ਰੂਰ ਫਾਇਦਾ ਪੁੱਜੇਗਾ। ਉਨ੍ਹਾਂ ਟੈਕਸ ਮਾਮਲੇ ਵਿੱਚ ਹੁਸ਼ਿਆਰੀ ਵਿਖਾਉਣ ਵਾਲਿਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਅਜਿਹੇ ਲੋਕ ਬਚ ਨਹੀਂ ਸਕਣਗੇ। ਵਿੱਤ ਮੰਤਰੀ ਅੱਜ ਸਨਅਤੀ ਸ਼ਹਿਰ ਦੇ ਦੁਗਰੀ ਸਥਿਤ ਸਤਪਾਲ ਮਿੱਤਲ ਸਕੂਲ ਵਿੱਚ ‘ਸੱਤਿਆ ਭਾਰਤੀ ਅਭਿਆਨ’ ਵਿੱਚ ਹਿੱਸਾ ਲੈਣ ਪੁੱਜੇ ਸਨ। ਇਸ ਮੌਕੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਵੀ ਹਾਜ਼ਰ ਸਨ। ਭਾਰਤੀ ਫਾਊਂਡੇਸ਼ਨ ਦੇ ਰਾਕੇਸ਼ ਭਾਰਤੀ ਮਿੱਤਲ ਨੇ ਵਿੱਤ ਮੰਤਰੀ ਅਰੁਣ ਜੇਤਲੀ ਦਾ ਸਮਾਗਮ ’ਚ ਸਵਾਗਤ ਕੀਤਾ।
ਇਸ ਮੌਕੇ ਸ੍ਰੀ ਜੇਤਲੀ ਨੇ ਕਿਹਾ ਕਿ ਜੀਐਸਟੀ ਨਾਲ ਦੇਸ਼ ਨੂੰ ਮਜ਼ਬੂਤੀ ਮਿਲੇਗੀ, ਕਿਉਂਕਿ ਇਸ ਤਹਿਤ ਇਕਸਾਰ ਟੈਕਸ ਲੱਗਣਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਮਾਨਦਾਰ ਲੋਕ ਜੀਐਸਟੀ ਬਿਨਾਂ ਦੇਰੀ ਜਾਂ ਪ੍ਰੇਸ਼ਾਨੀ ਭਰ ਦੇਣਗੇ ਤੇ ਉਨ੍ਹਾਂ ਨੂੰ ਪੂਰੀ ਜ਼ਿੰਦਗੀ ਕਦੇ ਵੀ ਟੈਕਸ ਅਫ਼ਸਰ ਜਾਂ ਇੰਸਪੈਕਟਰ ਦਾ ਮੂੰਹ ਨਹੀਂ ਦੇਖਣਾ ਪਵੇਗਾ ਅਤੇ ਨਾ ਕਦੇ ਕੋਈ ਨੋਟਿਸ ਆਵੇਗਾ।
ਉਨ੍ਹਾਂ ਹੁਸ਼ਿਆਰ ਦਿਖਾਉਣ ਵਾਲਿਆਂ ਨੂੰ ਚਿਤਵਾਨੀ ਦਿੱਤੀ ਕਿ ਅਜਿਹੇ ਲੋਕ ਕਾਰਵਾਈ ਲਈ ਤਿਆਰ ਰਹਿਣ। ਕੇਂਦਰੀ ਵਿੱਤ ਮੰਤਰੀ ਨੇ ਨਿੱਜੀ ਕੰਪਨੀਆਂ ਨੂੰ ਸੱਦਾ ਦਿੱਤਾ ਹੈ ਕਿ ਉਹ ਦੇਸ਼ ਦਾ ਮੁਹਾਂਦਰਾ ਸੰਵਾਰਨ ਅਤੇ ਦੇਸ਼ ਦੀ ਵਿਕਾਸ ਦੀ ਚਾਲ ਹੋਰ ਤੇਜ਼ ਕਰਨ ਲਈ ਅੱਗੇ ਆਉਣ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਚਲਾਈਆਂ ਯੋਜਨਾਵਾਂ ਨਾਲ ਭਾਰਤ, ਵਿਸ਼ਵ ਦਾ ਸਭ ਤੋਂ ਵੱਧ ਤੇਜ਼ੀ ਨਾਲ ਵਿਕਾਸ ਕਰਨ ਵਾਲਾ ਦੇਸ਼ ਬਣ ਰਿਹਾ ਹੈ।
ਉਨ੍ਹਾਂ ਕਿਹਾ ਕਿ ਕੋਈ ਵੀ ਦੇਸ਼ ਉਦੋਂ ਤੱਕ ਵਿਕਸਤ ਨਹੀਂ ਹੋ ਸਕਦਾ, ਜਦੋਂ ਤੱਕ ਉਥੇ ਸਥਾਪਿਤ ਕੰਪਨੀਆਂ ਤੇ ਦੇਸ਼ ਦੇ ਲੋਕ ਸਹਿਯੋਗ ਨਹੀਂ ਦਿੰਦੇ। ਉਨ੍ਹਾਂ ਭਾਰਤੀ ਫਾਊਂਡੇਸ਼ਨ ਅਤੇ ਭਾਰਤੀ ਐਂਟਰਪ੍ਰਾਈਜ਼ਜ਼ ਵੱਲੋਂ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕੀਤੀ।
ਸ੍ਰੀ ਜੇਤਲੀ ਨੇ ਕਿਹਾ ਕਿ ਅੱਜ ਸਮੇਂ ਦੀ ਲੋੜ ਹੈ ਕਿ ਪ੍ਰਾਈਵੇਟ ਕੰਪਨੀਆਂ ਆਪਣੀ ਸਮਾਜਿਕ ਤੇ ਵਪਾਰਕ ਜ਼ਿੰਮੇਵਾਰੀ ਨੂੰ ਸਮਝਦਿਆਂ ਆਪਣੇ ਮੁਨਾਫ਼ੇ ਦਾ 2 ਫ਼ੀਸਦੀ ਹਿੱਸਾ ਦੇਸ਼ ਦੇ ਵਿਕਾਸ ਵਿੱਚ ਲਾਉਣ। ਇਸ ਨਾਲ ਸਾਲਾਨਾ 14-15 ਹਜ਼ਾਰ ਕਰੋੜ ਰੁਪਏ ਦੇਸ਼ ਦੇ ਵਿਕਾਸ ’ਤੇ ਲੱਗ ਸਕਦੇ ਹਨ।  ਇਸ ਮੌਕੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕੇਂਦਰੀ ਵਿੱਤ ਮੰਤਰੀ ਨੂੰ ਅਪੀਲ ਕੀਤੀ ਕਿ ਕੇਂਦਰ ਸਰਕਾਰ ਪੰਜਾਬ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾਵੇ। ਉਨ੍ਹਾਂ ਸੂਬੇ ਦੇ ਵਪਾਰਕ ਘਰਾਣਿਆਂ ਨੂੰ ਵੀ ਆਪਣਾ ਬਣਦਾ ਹਿੱਸਾ ਪਾਉਣ ਦੀ ਅਪੀਲ ਕੀਤੀ। ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ‘ਸਵੱਛ ਭਾਰਤ ਮਿਸ਼ਨ’ ਤਹਿਤ ਭਾਰਤੀ ਫਾਊਂਡੇਸ਼ਨ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਇਸ ਮਗਰੋਂ ਸ੍ਰੀ ਜੇਤਲੀ ਨੇ ਦੁਗਰੀ ਤੇ ਦਾਣਾ ਮੰਡੀ ਵਿਚਾਲੇ ਭਾਜਪਾ ਦੇ ਨਵੇਂ ਭਵਨ ਅਤੇ ਦਫ਼ਤਰ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਭਾਜਪਾ ਦੇ ਸੂਬਾ ਪ੍ਰਧਾਨ ਵਿਜੈ ਸਾਂਪਲਾ, ਰਾਜ
ਤਿੰਨ ਭਾਜਪਾ ਆਗੂਆਂ ਦੀਆਂ ਜੇਬਾਂ ਹੋਈਆਂ ਸਾਫ਼
ਲੁਧਿਆਣਾ - ਸਨਅਤੀ ਸ਼ਹਿਰ ਵਿੱਚ ਭਾਜਪਾ ਦਫ਼ਤਰ ਦੇ ਨੀਂਹ ਪੱਥਰ ਸਮਾਗਮ ਦੌਰਾਨ ਇੱਕ ਜੇਬ ਕਤਰੇ ਨੇ ਤਿੰਨ ਭਾਜਪਾ ਆਗੂਆਂ ਦੀਆਂ ਜੇਬਾਂ ਕੱਟ ਲਈਆਂ। ਕੇਂਦਰੀ ਤੇ ਸੂਬਾ ਸੁਰੱਖਿਆ ਏਜੰਸੀਆਂ ਦਾ ਸਖ਼ਤ ਘੇਰਾ ਹੋਣ ਦੇ ਬਾਵਜੂਦ ਇਹ ਜੇਬ ਕਤਰਾ ਸੜਕ ਤੋਂ ਸਮਾਗਮ ਸਥਾਨ ਤੱਕ ਅਰੁਣ ਜੇਤਲੀ ਦੇ ਨਾਲ ਚੱਲਦਾ ਹੋਇਆ ਭਾਜਪਾ ਆਗੂਆਂ ਦੀਆਂ ਜੇਬਾਂ ਕੱਟਦਾ ਰਿਹਾ। ਜੇਬ ਕਤਰੇ ਨੇ ਪਹਿਲਾਂ ਸਾਬਕਾ ਮੰਤਰੀ ਤੀਕਸ਼ਣ ਸੂਦ ਦੀ ਜੇਬ ਕੱਟੀ। ਉਸ ਤੋਂ ਬਾਅਦ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਮਦਨ ਮੋਹਨ ਵਿਆਸ ਦੀ ਜੇਬ ਕੱਟੀ। ਉਸ ਨੇ ਜਦੋਂ ਸਾਬਕਾ ਪ੍ਰਧਾਨ ਕਮਲ ਸ਼ਰਮਾ ਦੀ ਜੇਬ ਕੱਟੀ ਤਾਂ ਪਰਸ ਥੱਲੇ ਡਿੱਗ ਪਿਆ ਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਪ੍ਰਵੀਨ ਬਾਂਸਲ ਨੇ ਉਸ ਨੂੰ ਫੜ ਲਿਆ। ਜੇਬ ਕਤਰੇ ਕੋਲੋਂ ਸਾਬਕਾ ਮੰਤਰੀ ਦਾ ਪਰਸ ਤਾਂ ਬਰਾਮਦ ਹੋ ਗਿਆ ਪਰ ਬਾਕੀ ਦੋ ਭਾਜਪਾ ਆਗੂਆਂ ਦੇ ਪਰਸ ਅਜੇ ਨਹੀਂ ਮਿਲੇ ਹਨ।


<< Start < Prev 1 2 3 4 5 6 7 8 9 10 Next > End >>

ਮੁੱਖ ਖ਼ਬਰਾਂ : 

ਖੇਡ ਖ਼ਬਰਾ : 

ਪੰਜਾਬ ਖ਼ਬਰਾਂ : 

ਨਵੇਂ ਲੇਖ : 

 

Random Video 

Latest Added Magzine 

Advertisement

Advertisement
Advertisement
Advertisement