Punjab News 

ਮਨਪ੍ਰੀਤ ਵੱਲੋਂ ਕਾਂਗਰਸ ਨਾਲ

ਸਮਝੌਤੇ ਦੀ ਸੰਭਾਵਨਾ ਰੱਦ


ਪਟਿਆਲਾ, 20 ਫਰਵਰੀ - ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਲੋਕ ਸਭਾ ਚੋਣਾਂ ਲਈ ਕਾਂਗਰਸ ਪਾਰਟੀ ਨਾਲ ਰਲੇਵੇਂ ਦੀਆਂ ਕਿਆਸ ਅਰਾਈਆਂ ਨੂੰ ਨਕਾਰਦਿਆਂ, ਪਾਰਟੀ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੇ ਅਜਿਹੇ ਕਿਸੇ ਵੀ ਚੋਣ ਸਮਝੌਤੇ ਦੀ ਸੰਭਾਵਨਾ ਨੂੰ ਮੁੱਢੋਂ ਹੀ ਰੱਦ ਕਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਾਂਝਾ ਮੋਰਚਾ ਇਕੱੱਲਿਆਂ ਹੀ ਸਾਰੀਆਂ 13 ਸੀਟਾਂ ’ਤੇ ਚੋਣ ਲੜੇਗਾ ਅਤੇ  ਉਮੀਦਵਾਰਾਂ ਬਾਰੇ ਫ਼ੈਸਲਾਕੁਨ ਮੀਟਿੰਗ ਭਲਕੇ ਚੰਡੀਗੜ੍ਹ ਵਿੱਚ ਸੱਦ ਲਈ ਗਈ ਹੈ। ਸਾਂਝਾ ਮੋਰਚਾ ਪੀਪੀਪੀ, ਸੀਪੀਆਈ, ਸੀਪੀਐਮ ਅਤੇ ਅਕਾਲੀ ਦਲ (ਲੌਂਗੋਵਾਲ) ’ਤੇ ਆਧਾਰਤ ਹੈ।  ਨੇੜਲੇ ਪਿੰਡ ਬਾਰਨ ਵਿਖੇ ਅੱਜ ਪਾਰਟੀ ਦੇ ਜ਼ਿਲ੍ਹਾ ਪੱਧਰੀ ਸਮਾਗਮ ਵਿੱਚ ਪੁੱਜੇ ਸ੍ਰੀ ਬਾਦਲ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਸਾਂਝੇ ਮੋਰਚੇ ਦੇ ਤਕਰੀਬਨ ਸਾਰੇ ਉਮੀਦਵਾਰਾਂ ਬਾਰੇ ਫ਼ੈਸਲਾ ਭਲਕੇ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ’ਤੇ ਕੀਤੀ ਜਾਣ ਵਾਲੀ ਮੀਟਿੰਗ ਵਿੱਚ ਕਰ ਲਿਆ ਜਾਵੇਗਾ। ਇਸ ਮੌਕੇ  ਉਨ੍ਹਾਂ ਖੁਦ ਬਠਿੰਡਾ ਤੋਂ ਸਾਂਝੇ ਮੋਰਚੇ ਦੇ ਉਮੀਦਵਾਰ ਵਜੋਂ ਚੋਣ ਲੜਨ ਦੇ ਸੰਕੇਤ ਵੀ ਦਿੱਤੇ। ਉਨ੍ਹਾਂ ਕਿਹਾ ਕਿ  ਸਾਂਝਾ ਮੋਰਚਾ ਇਸ ਵਾਰ ਅਕਾਲੀ ਦਲ ਦੀ ਵੱਕਾਰੀ ਸੀਟ ਬਠਿੰਡਾ ਨੂੰ ਹਰ ਹਾਲ ਵਿੱਚ ਖੋਹ ਲਵੇਗਾ ਅਤੇ ਅਕਾਲੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੂੰ ਹਰਾਉਣ ਲਈ ਮੋਰਚੇ ਵੱਲੋਂ ਤਕੜਾ ਉਮੀਦਵਾਰ  ਮੈਦਾਨ ’ਚ ਉਤਾਰਿਆ ਜਾਵੇਗਾ।
ਆਮ ਆਦਮੀ ਪਾਰਟੀ (ਆਪ) ਨਾਲ ਸਮਝੌਤੇ ਬਾਰੇ ਪੁੱਛਣ ’ਤੇ ਉਨ੍ਹਾਂ ਕਿਹਾ ਕਿ ਇਸ ਬਾਰੇ ਮਹੀਨਾ ਕੁ ਪਹਿਲਾਂ ਗੱਲਬਾਤ ਚੱਲੀ ਸੀ, ਪਰ ਉਨ੍ਹਾਂ  ਪੀਪੀਪੀ ਨੂੰ ‘ਆਪ’ ’ਚ ਰਲਣ ਲਈ ਕਿਹਾ ਸੀ, ਜੋ ਸਾਨੂੰ ਮਨਜ਼ੂਰ ਨਹੀਂ ਸੀ।
ਇਸ ਦੌਰਾਨ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਦਲਬਾਰਾ ਸਿੰਘ ਟਿਵਾਣਾ ਦੀ ਅਗਵਾਈ ਹੇਠਾਂ ਅੱਜ ਬਾਰਨ ਵਿਖੇ ਹੋਈ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਪਾਰਟੀ ਵੱਲੋਂ ਸ਼ੁਰੂ ਕੀਤੀ ਪੁੱਤ ਬਚਾਓ ਮੁਹਿੰੰਮ ਦੌਰਾਨ ਰਾਜ ’ਚ ਵੰਡੇ ਗਏ ਫਾਰਮਾਂ ’ਤੇ ਅਧਾਰਤ ਰਿਪੋਰਟ ਮਾਰਚ ਦੇ ਪਹਿਲੇ ਹਫ਼ਤੇ ’ਚ ਨਸ਼ਰ ਕੀਤੀ ਜਾਵੇਗੀ।
ਪੀਪੀਪੀ ਪ੍ਰਧਾਨ ਮਨਪ੍ਰੀਤ ਬਾਦਲ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ  ਪੰਜਾਬ ਵਿੱਚ ਇਸ ਵੇਲੇ ਆਰਥਿਕਤਾ ਨਾਲੋਂ ਨਸਲਕੁਸ਼ੀ ਦਾ ਮੁੱਦਾ ਵੱਡਾ ਬਣਿਆ ਹੋਇਆ ਹੈ ਕਿਉਂਕਿ ਸੂਬੇ ਦੀ ਨੌਜਵਾਨੀ ਨਸ਼ਿਆਂ ਵਿੱਚ ਗਰਕ ਹੋ ਕੇ ਰਹਿ ਗਈ ਹੈ। ਉਨਾਂ੍ਹ ਕਿਹਾ ਕਿ ਇਹ ਨਸ਼ੇ ਬਾਹਰੋਂ ਨਹੀਂ, ਬਲਕਿ ਪੰਜਾਬ ਵਿੱਚ ਹੀ ਬਣਦੇ ਹਨ। ਉਨ੍ਹਾਂ ਦਾ ਕਹਿਣਾਂ ਸੀ ਕਿ ਜੇਕਰ ਨਸ਼ੇ ਸਰਹੱਦ ਪਾਰੋਂ ਆਉਂਦੇ ਹਨ ਤਾਂ ਜੰਮੂ-ਕਸ਼ਮੀਰ, ਗੁਜਰਾਤ ਤੇ ਰਾਜਸਥਾਨ ਆਦਿ ਸੂਬਿਆਂ ਵਿੱਚ ਨਸ਼ਿਆਂ ਦਾ ਪਸਾਰ ਕਿਉਂ ਨਹੀਂ ਹੋ ਰਿਹਾ। ਉਨਾਂ੍ਹ ਕਿਹਾ ਕਿ ਸਾਕਾ ਨੀਲਾ ਤਾਰਾ ਮਾਮਲੇ ’ਤੇ ਕਾਂਗਰਸ ਅਤੇ ਅਕਾਲੀ ਦਲ ਰਾਜਨੀਤੀ ਕਰ   ਰਹੀਆਂ ਹਨ।
ਇਸ ਮੌਕੇ ’ਤੇ ਬੁਲਾਰਾ ਜੋਗਾ ਸਿੰਘ ਚੱਪੜ, ਸਰਬਜੀਤ ਸਿੰਘ ਮੱਖਣ, ਹਾਕਮ ਸਿੰਘ ਪਹਾੜਪੁਰ, ਦਵਿੰਦਰ ਸਿੰਘ ਕੁੱਥਾਖੇੜੀ, ਗੁਰਪ੍ਰੀਤ ਸਿੰਘ ਧਮੌਲੀ, ਧਰਮਿੰਦਰ ਸਿੰਘ ਸਰਾਓ, ਸੁਖਦੀਪ ਭਾਖਰ, ਵੈਦ ਚੰਦ ਮੰਡੋਰ, ਜਨਕ ਰਾਜ ਕਲਵਾਣੂ, ਸੁਰਿੰਦਰ ਕੌਰ, ਰਜਿੰਦਰ  ਸੋਹਲ ਅਤੇ ਸਤਵਿੰਦਰ ਆਕੜ ਆਦਿ ਵੀ ਮੌਜੂਦ ਸਨ।

ਹੁੱਡਾ ਵੱਲੋਂ ਜਵਾਨਾਂ ਲਈ ਇਨਾਮੀ ਤੇ

ਪੁਰਸਕਾਰ ਰਾਸ਼ੀ ’ਚ ਛੇ ਗੁਣਾਂ ਵਾਧਾ


ਚੰਡੀਗੜ੍ਹ,20 ਫਰਵਰੀ - ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਫੌਜੀ ਜਵਾਨਾਂ, ਸਾਬਕਾ ਫੌਜੀਆਂ ਤੇ ਨੀਮ ਫੌਜੀ ਬਲਾਂ ਦੇ ਜਵਾਨਾਂ ਨੂੰ ਲਈ ਇਨਾਮੀ ਰਾਸ਼ੀ ਅਤੇ ਪੁਰਸਕਾਰਾਂ ਦੀ ਰਾਸ਼ੀ ਵਿੱਚ ਭਾਰੀ ਵਾਧੇ ਦਾ ਐਲਾਨ ਕੀਤਾ ਹੈ ਤੇ ਇਹ ਵਾਧਾ ਪਿਛਲੇ ਸਾਲ ਪਹਿਲੀ ਜਨਵਰੀ ਤੋਂ ਲਾਗੂ ਕੀਤਾ ਗਿਆ ਹੈ।ਮੁੱਖ ਮੰਤਰੀ ਇਹ ਐਲਾਨ ਅੱਜ ਰੋਹਤਕ ’ਚ ਹਰਿਆਣਾ ਐਕਸ-ਸਰਵਿਸਜ਼ ਲੀਗ ਭਵਨ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਵੀਰਤਾ ਪੁਰਸਕਾਰ ਤਹਿਤ ਦਿੱਤੀ ਜਾਂਦੀ ਰਕਮ ’ਚ 6 ਗੁਣਾਂ ਤੋਂ ਵੱਧ ਤਕ ਵਾਧਾ ਕੀਤਾ ਗਿਆ ਹੈ। ਮੁੱਖ ਮੰਤਰੀ ਵੱਲੋਂ ਰਾਜ ’ਚ ਪਰਮਵੀਰ ਚੱਕਰ ਜੇਤੂਆਂ ਨੂੰ ਦਿੱਤੀ ਜਾ ਰਹੀ 31 ਲੱਖ ਰੁਪਏ ਦੀ ਰਕਮ ਨੂੰ ਵਧਾ ਕੇ ਦੋ ਕਰੋੜ ਰੁਪਏ, ਮਹਾਂਵੀਰ ਚੱਕਰ ਲਈ ਰਕਮ ਨੂੰ 21 ਲੱਖ ਰੁਪਏ ਤੋਂ ਵਧਾ ਕੇ ਇਕ ਕਰੋੜ ਰੁਪਏ ਤੇ ਅਸ਼ੋਕ ਚੱਕਰ ਜੇਤੂਆਂ ਨੂੰ 31 ਲੱਖ ਰੁਪਏ ਤੋਂ ਵੱਧਾ ਕੇ ਇਕ ਕਰੋੜ     ਰੁਪਏ ਕੀਤਾ ਗਿਆ ਹੈ।  ਜੰਗ ਦੌਰਾਨ ਵੀਰਤਾ ਲਈ ਦਿੱਤੇ ਜਾਣ ਵਾਲੇ ਪੁਰਸਕਾਰਾਂ ਵਿੱਚ ਵੀਰ ਚੱਕਰ ਲਈ 15 ਲੱਖ ਰੁਪਏ ਦੀ ਪੁਰਸਕਾਰ ਰਕਮ ਨੂੰ ਵਧਾ ਕੇ 50 ਲੱਖ ਰੁਪਏ, ਸੈਨਾ, ਜਲ ਸੈਨਾ ਤੇ ਹਵਾਈ ਸੈਨਾ ਵੀਰਤਾ ਪੁਰਸਕਾਰ ਰਕਮ ਨੂੰ 7.50 ਲੱਖ ਰੁਪਏ ਤੋਂ ਵਧਾ ਕੇ 21 ਲੱਖ ਰੁਪਏ, ਮੈਨਸ਼ਨ-ਇੰਨ-ਡਿਸਪੈਚਿਜ਼ ਵੀਰਤਾ ਪੁਰਸਕਾਰ ਦੀ ਰਕਮ 5.50 ਲੱਖ ਰੁਪਏ ਤੋਂ ਵਧਾ ਕੇ 10 ਲੱਖ ਰੁਪਏ ਕਰ ਦਿੱਤੀ ਹੈ। ਸ਼ਾਂਤੀ ਦੌਰਾਨ ਦਿੱਤੇ ਜਾਣ ਵਾਲੇ ਵੀਰਤਾ ਪੁਰਸਕਾਰਾਂ ’ਚ ਕੀਰਤੀ ਚੱਕਰ ਪੁਰਸਕਾਰ ਦੀ ਰਕਮ 21 ਲੱਖ ਰੁਪਏ ਤੋਂ ਵਧਾ ਕੇ 51 ਲੱਖ ਰੁਪਏ, ਸ਼ੌਰਿਆ ਚੱਕਰ ਲਈ 15 ਲੱਖ ਰੁਪਏ ਤੋਂ ਵਧਾ ਕੇ 31 ਲੱਖ ਰੁਪਏ, ਸੈਨਾ, ਜਲ ਸੈਨਾ ਤੇ ਵਾਯੂ ਸੈਨਾ ਵੀਰਤਾ ਪੁਰਸਕਾਰ ਨੂੰ 7.50 ਲੱਖ ਰੁਪਏ ਤੋਂ ਵਧਾ ਕੇ 10 ਲੱਖ ਰੁਪਏ ਅਤੇ ਮੈਨਸ਼ਨ-ਇੰਨ-ਡਿਸਪੈਚਿਜ਼ ਵੀਰਤਾ ਪੁਰਸਕਾਰ ਦੀ ਰਕਮ 5.50 ਲੱਖ ਰੁਪਏ ਤੋਂ ਵਧਾ ਕੇ 7.50 ਲੱਖ ਰੁਪਏ ਕੀਤੀ ਗਈ ਹੈ।ਵੀਰਤਾ ਪੁਰਸਕਾਰਾਂ ’ਤੇ ਰਾਇਲਟੀ 10,000 ਰੁਪਏ ਤੋਂ 50,000 ਰੁਪਏ ਤਕ ਕਰਨ ਦਾ ਐਲਾਨ ਕੀਤਾ ਹੈ। ਪਰਮਵੀਰ ਚੱਕਰ ਲਈ ਰਾਇਲਟੀ ਦੀ ਰਕਮ 2.50 ਲੱਖ ਰੁਪਏ ਤੋਂ ਵਧਾ ਕੇ 3 ਲੱਖ ਰੁਪਏ, ਅਸ਼ੋਕ ਚੱਕਰ ਲਈ 2 ਲੱਖ ਰੁਪਏ ਤੋਂ ਵਧਾ ਕੇ 2.50 ਲੱਖ ਰੁਪਏ, ਮਹਾਵੀਰ ਚੱਕਰ ਲਈ 1.90 ਲੱਖ ਰੁਪਏ ਤੋਂ ਵੱਧਾ ਕੇ 2.25 ਲੱਖ ਰੁਪਏ, ਕਿਰਤੀ ਚੱਕਰ ਲਈ 1.50 ਲੱਖ ਰੁਪਏ ਤੋਂ ਵਧਾ ਕੇ 1.75 ਲੱਖ ਰੁਪਏ, ਵੀਰ ਚੱਕਰ ਲਈ 1.10 ਲੱਖ ਰੁਪਏ ਤੋਂ ਵਧਾ ਕੇ 1.25 ਲੱਖ ਰੁਪਏ, ਸ਼ੌਰਿਆ ਚੱਕਰ ਲਈ 70,000 ਰੁਪਏ ਤੋਂ ਵਧਾ ਕੇ ਇਕ ਲੱਖ ਰੁਪਏ, ਸੈਨਾ, ਨੌ-ਸੈਨਾ ਤੇ ਵਾਯੂ ਸੈਨਾ ਵੀਰਤਾ ਪੁਰਸਕਾਰ ਲਈ 40,000 ਰੁਪਏ ਤੋਂ ਵਧਾ ਕੇ 50,000 ਰੁਪਏ ਤੇ ਮੈਨਸ਼ਨ-ਇੰਨ-ਡਿਸਪੈਚਿਜ਼ ਵੀਰਤਾ ਪੁਰਸਕਾਰ ਲਈ ਰਕਮ 20,000 ਰੁਪਏ ਤੋਂ ਵਧਾ ਕੇ 30,000 ਰੁਪਏ ਕਰ ਦਿੱਤੀ ਗਈ ਹੈ। ਸਾਬਕਾ ਫੌਜੀਆਂ ਤੇ ਨੀਮ ਫੌਜੀਆਂ ਤੇ ਹਰਿਆਣਾ ਪੁਲੀਸ ਕਰਮਚਾਰੀਆਂ ਦੀ ਜੰਗ ਜਾਂ ਅਤਿਵਾਦ ਦੌਰਾਨ ਮੌਤ ਜਾਂ ਅਪਾਹਜ ਹੋਣ ’ਤੇ ਦਿੱਤੀ ਜਾਂਦੀ ਰਕਮ ਨੂੰ ਵੀ ਦਸ ਗੁਣਾਂ ਤਕ ਵਧਾ ਦਿੱਤਾ ਹੈ। ਜੰਗ ਜਾਂ ਅਤਿਵਾਦ ਦੌਰਾਨ ਮੌਤ ’ਤੇ ਪੁਰਸਕਾਰ ਤੇ ਸਹਾਇਤਾ ਰਕਮ 2.50 ਲੱਖ ਰੁਪਏ ਦੀ ਰਕਮ ਵਧਾ ਕੇ 20 ਲੱਖ ਰੁਪਏ ਤੇ ਆਈਈਡੀ ਧਮਾਕੇ ਜਾਂ ਬਚਾਓ ਮੁਹਿੰਮ ਦੌਰਾਨ ਮੌਤ ’ਤੇ ਦਿੱਤੇ ਜਾਣ ਵਾਲੀ 2 ਲੱਖ ਰੁਪਏ ਦੀ ਰਕਮ ਨੂੰ ਵਧਾ ਕੇ 20 ਲੱਖ ਰੁਪਏ ਕਰ ਦਿੱਤਾ ਹੈ।

ਅਕਾਲ ਤਖ਼ਤ ਵੱਲੋਂ ਨੇਤਰਹੀਣ ਭਾਈ ਗੁਰਮੇਜ

ਸਿੰਘ ਨੂੰ ‘ਸਿੱਖ ਰਤਨ’ ਦੀ ਉਪਾਧੀ


ਅੰਮ੍ਰਿਤਸਰ, 18 ਫਰਵਰੀ - ਅਕਾਲ ਤਖ਼ਤ ਵੱਲੋਂ ਅੱਜ ਵੱਖ-ਵੱਖ ਖੇਤਰਾਂ ਵਿੱਚ ਅਹਿਮ ਯੋਗਦਾਨ ਪਾਉਣ ਵਾਲੀਆਂ ਤਿੰਨ ਸਿੱਖ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ। ਸਾਬਕਾ ਹਜ਼ੂਰੀ ਰਾਗੀ ਭਾਈ ਗੁਰਮੇਜ ਸਿੰਘ ਨੂੰ ‘ਸਿੱਖ ਰਤਨ’ ਅਤੇ ਇਤਿਹਾਸਕਾਰ ਡਾ. ਕਿਰਪਾਲ ਸਿੰਘ ਨੂੰ ‘ਪ੍ਰੋਫੈਸਰ ਆਫ ਸਿੱਖਇਜ਼ਮ’ ਦੀ ਉਪਾਧੀ ਨਾਲ ਸਨਮਾਨਤ ਕੀਤਾ ਗਿਆ ਅਤੇ ਰਾਗੀ ਭਾਈ ਅਮਰੀਕ ਸਿੰਘ ਜ਼ਖ਼ਮੀ ਨੂੰ ਮਰਨ ਉਪਰੰਤ ‘ਸ਼੍ਰੋਮਣੀ ਰਾਗੀ’ ਪੁਰਸਕਾਰ ਭੇਟ ਕੀਤਾ ਗਿਆ।ਨੇਤਰਹੀਣ ਭਾਈ ਗੁਰਮੇਜ ਸਿੰਘ ਨੂੰ ਬਰੇਲ ਲਿੱਪੀ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਲਿਪੀਅੰਤਰਣ ਕਰਨ ਲਈ, ਡਾ. ਕਿਰਪਾਲ ਸਿੰਘ ਨੂੰ ਸਿੱਖ ਇਤਿਹਾਸ ਦੀ ਖੋਜ ਕਰਨ ਅਤੇ ਸਿੱਖ ਸਰੋਤ, ਇਤਿਹਾਸ, ਗ੍ਰੰਥ ਸੰਪਾਦਨਾ ਦੇ ਕੰਮ ਲਈ ਅਤੇ ਭਾਈ ਅਮਰੀਕ ਸਿੰਘ ਜ਼ਖ਼ਮੀ ਨੂੰ ਜੀਵਨ ਭਰ ਗੁਰਬਾਣੀ ਦੇ ਰਾਗਾਂ ਵਿੱਚ ਗਾਇਨ ਕਰਨ ਦੀ ਪ੍ਰੰਪਰਾ ਨੂੰ ਨਿਭਾਉਣ ਲਈ ਇਹ ਮਾਣ ਸਨਮਾਨ ਦਿੱਤਾ ਗਿਆ ਹੈ।ਇਸ ਸਬੰਧੀ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਕਾਲ ਤਖ਼ਤ ਵਿਖੇ ਵਿਸ਼ੇਸ਼ ਸਮਾਗਮ ਕੀਤਾ ਗਿਆ ਸੀ। ਇਸ ਵਿੱਚ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ, ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਤੇ ਗ੍ਰੰਥੀ ਗਿਆਨੀ ਰਵੇਲ ਸਿੰਘ ਸਮੇਤ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਵੱਲੋਂ ਇਹ ਮਾਣ ਸਨਮਾਨ ਦਿੱਤਾ ਗਿਆ। ਸਨਮਾਨਤ ਕੀਤੀਆਂ ਗਈਆਂ ਸ਼ਖ਼ਸੀਅਤਾਂ ਨੂੰ ਚਾਂਦੀ ਦੀ ਤਸ਼ਤਰੀ, ਸਿਰੋਪਾ, ਸਿਰੀ ਸਾਹਿਬ ਅਤੇ ਲੋਈ ਦੇ ਕੇ ਸਨਮਾਨਤ ਕੀਤਾ ਗਿਆ। ਭਾਈ ਅਮਰੀਕ ਸਿੰਘ ਜ਼ਖ਼ਮੀ ਦਾ ਪੁਰਸਕਾਰ ਉਨ੍ਹਾਂ ਦੇ ਪੁੱਤਰ ਭਾਈ ਹਰਜੋਤ ਸਿੰਘ ਜ਼ਖ਼ਮੀ ਨੇ ਪ੍ਰਾਪਤ ਕੀਤਾ।ਭਾਈ ਗੁਰਮੇਜ ਸਿੰਘ ਨੇ ਦੱਸਿਆ ਕਿ ਗੁਰੂ ਘਰ ਤੋਂ ਮਿਲੀ ਪ੍ਰੇਰਣਾ ਤੇ ਬਲ ਸਦਕਾ ਉਨ੍ਹਾਂ 18 ਪੋਥੀਆਂ ਵਿੱਚ  ਗੁਰੂ ਗ੍ਰੰਥ ਸਾਹਿਬ ਦਾ ਬਰੇਲ ਲਿੱਪੀ ਵਿੱਚ ਲਿਪੀਅੰਤਰਣ ਕੀਤਾ ਹੈ, ਜਿਸ ਨਾਲ ਨੇਤਰਹੀਣ ਵਿਅਕਤੀ ਵੀ ਗੁਰਬਾਣੀ ਨਾਲ ਜੁੜ ਜਾਣਗੇ। ਉਹ ਇਸ ਕਾਰਜ ਨੂੰ ਅਗਾਂਹ ਵੀ ਜਾਰੀ ਰੱਖਣਗੇ। ਇਤਿਹਾਸਕਾਰ ਡਾ. ਕਿਰਪਾਲ ਸਿੰਘ ਨੇ ਆਖਿਆ ਕਿ ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਇਤਿਹਾਸ ਦੀ ਸੋਧ ਕਰਨ ਦਾ ਸੌਂਪਿਆ ਗਿਆ ਕੰਮ ਜਾਰੀ ਹੈ, ਜਿਸਨੂੰ ਜਲਦੀ ਹੀ ਮੁਕੰਮਲ ਕਰ ਲਿਆ ਜਾਵੇਗਾ। ਭਾਈ ਅਮਰੀਕ ਸਿੰਘ ਜ਼ਖ਼ਮੀ ਦੇ ਪੁੱਤਰ ਭਾਈ ਹਰਜੋਤ ਸਿੰਘ ਜ਼ਖ਼ਮੀ ਨੇ ਆਖਿਆ ਕਿ ਉਹ ਆਪਣੇ ਪਿਤਾ ਵਾਂਗ ਰਾਗਾਂ ਵਿੱਚ ਗੁਰਬਾਣੀ ਗਾਇਣ ਕਰਨ ਦੀ ਪ੍ਰੰਪਰਾ ਨੂੰ ਜਾਰੀ ਰੱਖਣਗੇ।ਅਕਾਲ ਤਖ਼ਤ ਦੀ ਫਸੀਲ ਤੋਂ ਸੰਬੋਧਨ ਕਰਦਿਆਂ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਆਖਿਆ ਕਿ  ਅਕਾਲ ਤਖ਼ਤ ਵੱਲੋਂ ਜਿਥੇ ਗੁਰਬਾਣੀ ਤੇ ਸਿੱਖ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰਨ ਵਾਲੇ ਤੇ ਪੰਥ ਦੋਖੀਆਂ ਨੂੰ ਧਾਰਮਿਕ ਤਨਖਾਹ ਲਾਈ ਜਾਂਦੀ ਹੈ, ਉਥੇ ਪੰਥ ਦੇ ਪ੍ਰਚਾਰ ਤੇ ਪ੍ਰਸਾਰ ਲਈ ਕੰਮ ਕਰਨ ਵਾਲੇ ਸਿੱਖਾਂ ਦਾ ਸਨਮਾਨ ਕੀਤਾ ਜਾਂਦਾ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਤਿੰਨੇ ਸ਼ਖ਼ਸੀਅਤਾਂ ਦੇ ਜੀਵਨ ਅਤੇ ਕੀਤੇ ਗਏ ਕੰਮਾਂ ਬਾਰੇ ਜਾਣਕਾਰੀ ਦਿੱਤੀ।
ਸੰਤ ਸਮਾਜ ਅਤੇ ਦਮਦਮੀ ਟਕਸਾਲ ਦੇ ਆਗੂ ਗੈਰਹਾਜ਼ਰ
ਅੱਜ ਦੇ ਸਮਾਗਮ ਵਿੱਚ ਸੰਤ ਸਮਾਜ ਅਤੇ ਦਮਦਮੀ ਟਕਸਾਲ ਦੇ ਆਗੂ ਅਤੇ ਕਾਰਕੁਨ ਗੈਰਹਾਜ਼ਰ ਰਹੇ। ਇਸ ਬਾਰੇ ਜਦੋਂ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਪੁੱਛਿਆ ਤਾਂ ਉਨ੍ਹਾਂ ਆਖਿਆ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਸੰਤ ਸਮਾਜ ਦੇ ਆਗੂਆਂ ਨੂੰ ਸੱਦਾ ਦਿੱਤਾ ਗਿਆ ਸੀ ਜਾਂ ਨਹੀਂ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਮੇਂ ਤੋਂ ਸ਼੍ਰੋਮਣੀ ਕਮੇਟੀ ਅਤੇ ਦਮਦਮੀ ਟਕਸਾਲ ਵਿਚਾਲੇ ਦੂਰੀ ਵਧ ਰਹੀ ਹੈ।

‘ਆਪ’ ਤੋਂ ਅਕਾਲੀ ਦਲ ਨੂੰ ਕੋਈ

ਖ਼ਤਰਾ ਨਹੀਂ: ਸੁਖਬੀਰ
*   ਕੇਂਦਰ ਵੱਲੋਂ ਇਕ ਰੈਂਕ-ਇਕ ਪੈਨਸ਼ਨ ਦੀ ਮਨਜ਼ੂਰੀ ਸਿਆਸੀ ਸਟੰਟ ਕਰਾਰ
*    ਕੌਮੀ ਰਾਜਨੀਤੀ ’ਚ ਨਹੀਂ ਜਾਣਗੇ: ਪ੍ਰਕਾਸ਼ ਸਿੰਘ ਬਾਦਲ


ਮੁਹਾਲੀ, 18 ਫਰਵਰੀ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸਪਸ਼ਟ ਕਿਹਾ ਹੈ ਕਿ ਆਮ ਆਦਮੀ ਪਾਰਟੀ ਤੋਂ ਸੱਤਾਧਾਰੀ ਗੱਠਜੋੜ ਨੂੰ ਕਿਸੇ ਕਿਸਮ ਦਾ ਖਤਰਾ ਨਹੀਂ ਹੈ ਜਦੋਂ ਕਿ ਲੋਕਾਂ ਵਿੱਚ ਆਪਣਾ ਆਧਾਰ ਗੁਆ ਚੁੱਕੀ ਕਾਂਗਰਸ ਪਾਰਟੀ ਨੂੰ ਲੋਕ ਸਭਾ ਚੋਣਾਂ ਤੋਂ ਬਾਅਦ ਮੂੰਹ ਛੁਪਾਉਣ ਲਈ ਥਾਂ ਨਹੀਂ ਲੱਭੇਗੀ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ-ਭਾਜਪਾ ਗੱਠਜੋੜ ਸੂਬੇ ਵਿੱਚ ਇੰਡਸਟਰੀ, ਖੇਤੀ ਖੇਤਰ ’ਚ ਇਨਕਲਾਬ ਲਿਆਉਣ ਅਤੇ ਵਿਕਾਸ ਦੇ ਮੁੱਦੇ ’ਤੇ ਲੋਕ ਸਭਾ ਚੋਣਾਂ ਲੜੇਗਾ। ਇਸ ਤੋਂ ਪਹਿਲਾਂ ਉਨ੍ਹਾਂ ਸੈਕਟਰ-62 ਸਥਿਤ ਅਤਿ-ਆਧੁਨਿਕ ਨੇਚਰ ਪਾਰਕ ਵਿੱਚ ਅਲਟਰਾ ਮਾਡਰਨ ਆਡੀਟੋਰੀਅਮ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਸਮੇਤ ਹੋਰਨਾਂ ਸੂਬਿਆਂ ਵਿੱਚ ਲੋਕਾਂ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰਨ ਬਾਰੇ ਪੁੱਛੇ ਜਾਣ ’ਤੇ ਸ੍ਰੀ ਬਾਦਲ ਨੇ ਕਿਹਾ ਕਿ ਉਹ ਪੰਜਾਬ ਵਿੱਚ ਚੋਣ ਲੜਨ ਲਈ ‘ਆਪ’ ਦਾ ਸੁਆਗਤ ਕਰਦੇ ਹਨ।  ਉਂਜ ਵੀ ਆਪ ਤੋਂ ਅਕਾਲੀ ਦਲ ਨੂੰ ਕੋਈ ਖਤਰਾ ਨਹੀਂ ਹੈ। ਪੰਜਾਬ ਦੇ ਲੋਕ ਵਿਕਾਸ ਚਾਹੁੰਦੇ ਹਨ। ਇਸ ਲਈ ਸੂਬੇ ਦੇ ਲੋਕ ਅਕਾਲੀ-ਭਾਜਪਾ ਨੂੰ ਛੱਡ ਕੇ ਬਾਕੀ ਕਿਸੇ ਵੀ ਪਾਰਟੀ ਨੂੰ ਮੂੰਹ ਨਹੀਂ ਲਾਉਣਗੇ ਕਿਉਂਕਿ ਉਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਕਾਂਗਰਸ ਦੀਆਂ ਗਲਤ ਨੀਤੀਆਂ ਕਾਰਨ ਕੰਗਾਲ ਹੋ ਚੁੱਕੇ ਪੰਜਾਬ ਨੂੰ ਮੁੜ ਵਿਕਾਸ ਦੀ ਲੀਹ ’ਤੇ ਕੇਵਲ ਅਕਾਲੀ-ਭਾਜਪਾ ਸਰਕਾਰ ਹੀ ਲੈ ਕੇ ਆਈ ਹੈ।ਯੂਪੀਏ ਗੱਠਜੋੜ ਵੱਲੋਂ ਸਾਬਕਾ ਫੌਜੀਆਂ ਨੂੰ ਇਕ ਰੈਂਕ-ਇਕ ਪੈਨਸ਼ਨ ਦੇਣ ਦੇ ਐਲਾਨ ਬਾਰੇ ਟਿੱਪਣੀ ਕਰਦਿਆਂ ਉਪ ਮੁੱਖ ਮੰਤਰੀ ਨੇ ਇਸ ਨੂੰ ਸਿਆਸੀ ਸਟੰਟ ਕਰਾਰ ਦਿੱਤਾ।  ਸ੍ਰੀ ਬਾਦਲ ਨੇ ਮੰਨਿਆ ਮੁਹਾਲੀ ਵਿੱਚ ਬਣ ਰਿਹਾ ਦੁਨੀਆਂ ਦਾ ਪਹਿਲਾ ਏਸੀ ਬੱਸ ਅੱਡਾ ਲੇਟ ਹੋ ਰਿਹਾ ਹੈ।ਦਰਿਆਵਾਂ ਨੂੰ ਜੋੜਨ ਬਾਰੇ ਮੈਨੂੰ ਪੂਰੀ ਜਾਣਕਾਰੀ ਨਹੀਂ: ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਦਰਿਆਵਾਂ ਨੂੰ ਜੋੜਨ ਬਾਰੇ ਉਨ੍ਹਾਂ ਨੂੰ ਪੂਰੀ ਜਾਣਕਾਰੀ ਨਹੀਂ ਹੈ। ਇਹ ਗੱਲ ਆਖ ਕੇ ਸੁਖਬੀਰ ਸਿੰਘ ਬਾਦਲ ਨੇ ਖੇਤੀਬਾੜੀ ਸੰਮੇਲਨ ਦੇ ਮਕਸਦ ’ਤੇ ਹੀ ਪ੍ਰਸ਼ਨ-ਚਿੰਨ੍ਹ ਲਗਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਖੇਤੀ ਸੰਮੇਲਨ ਦੇ ਉਦਘਾਟਨੀ ਸਮਾਰੋਹ ਵਿੱਚ ਪਹੁੰਚੇ ਤੇਲਗੂ ਦੇਸ਼ਮ ਪਾਰਟੀ ਦੇ ਨੇਤਾ ਚੰਦਰ ਬਾਬੂ ਨਾਇਡੂ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਅਤੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਡਾ ਰਮਨ ਸਿੰਘ ਨੇ ਆਪਣੇ ਭਾਸ਼ਨ ਵਿੱਚ ਖੇਤੀਬਾੜੀ ਲਈ ਸਿੰਜਾਈ ਦੀ ਘਾਟ ਨੂੰ ਪੂਰਾ ਕਰਨ ਲਈ ਦਰਿਆਵਾਂ ਨੂੰ ਜੋੜਨ ਦੀ ਵਕਾਲਤ ਕੀਤੀ ਸੀ। ਇਸ ਸਬੰਧੀ ਜਿਥੇ ਕਲ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਖਾਮੋਸ਼ ਰਹੇ ਸਨ। ਉਘੇ ਖੇਤੀ ਵਿਗਿਆਨੀ ਤੇ ਆਰਥਿਕ ਮਾਹਿਰ ਡਾ ਐਮ ਐਸ ਸਵਾਮੀਨਾਥਨ ਸਮੇਤ ਹੋਰ ਕਈ ਖੇਤੀ ਮਾਹਿਰਾਂ ਅਤੇ ਵਿਗਿਆਨੀਆਂ ਨੂੰ ਸੰਮੇਲਨ ਵਿੱਚ ਨਾ ਸੱਦੇ ਜਾਣ ਬਾਰੇ ਸੁਖਬੀਰ ਨੇ ਇਹ ਕਹਿ ਕੇ ਪਿੱਛਾ ਛੁਡਾ ਲਿਆ, ‘ਮੈਂ ਬੁਲਾਉਣ ਵਾਲਿਆਂ ਵਿੱਚ ਨਹੀਂ ਸੀ।’

ਸੁਰਜੀਤ ਪਾਤਰ ਨੂੰ

ਕੁਸੁਮਗਰਾਜ ਪੁਰਸਕਾਰ


ਨਾਸਿਕ, 18 ਫਰਵਰੀ - ਸ਼ਾਇਰ ਸੁਰਜੀਤ ਪਾਤਰ ਨੂੰ ਯਸ਼ਵੰਤ ਰਾਓ ਚਵਾਨ ਓਪਨ ਯੂਨੀਵਰਸਿਟੀ ਵੱਲੋਂ ਇਕ ਲੱਖ ਰੁਪਏ ਦੇ  ‘ਕੁਸੁਮ ਗਰਾਜ ਲਿਟਰੇਰੀ ਐਵਾਰਡ-2014’ ਨਾਲ ਨਿਵਾਜਣ ਦਾ ਐਲਾਨ ਕੀਤਾ ਹੈ। ਪੁਰਸਕਾਰ 7 ਮਾਰਚ ਨੂੰ ਦਿੱਤਾ ਜਾਵੇਗਾ। ਇਹ ਪੁਰਸਕਾਰ ਮਰਹੂਮ ਮਰਾਠੀ ਕਵੀ ਵੀ.ਵੀ. ਸ਼ਿਰਵਾਡਕਰ ਦੀ ਯਾਦ ’ਚ ਸ਼ੁਰੂ ਕੀਤਾ ਗਿਆ ਸੀ ਜਿਨ੍ਹਾਂ ਕੁਸੁਮਗਰਾਜ ਦੇ ਨਾਂ ਹੇਠ ਕਵਿਤਾਵਾਂ ਲਿਖੀਆਂ ਸਨ।


<< Start < Prev 1 2 3 4 5 6 7 8 9 10 Next > End >>

ਮੁੱਖ ਖ਼ਬਰਾਂ : 

ਖੇਡ ਖ਼ਬਰਾ : 

ਅੰਤਰਰਾਸ਼ਟਰੀ ਖ਼ਬਰਾ : 

ਪੰਜਾਬ ਖ਼ਬਰਾਂ : 

ਨਵੇਂ ਲੇਖ : 

 

 

Random Video 

Receive Newsletter & Updates 

Sample Newsletter


Receive HTML?

Advertisement
Advertisement
Advertisement