International News 

ਮੈਲਬਰਨ ਨੇੜੇ ਭਿਆਨਕ ਅੱਗ

ਲਗਣ ਕਾਰਨ ਕਈ ਘਰ ਸੜੇ


ਮੈਲਬਰਨ, 10 ਫਰਵਰੀ - ਮੈਲਬਰਨ ਦੇ ਬਾਹਰੀ ਇਲਾਕਿਆਂ ਵਿੱਚ ਅੱਜ ਗਰਮ ਹਵਾਵਾਂ ਦੇ ਚੱਲਦਿਆਂ ਲੱਗੀ ਅੱਗ ਨੇ ਕਈ ਘਰ ਸੁਆਹ ਕਰ ਦਿੱਤੇ ਹਨ। ਲੱਖਾਂ ਹੈਕਟੇਅਰ ਜ਼ਮੀਨ ਨੂੰ ਵੀ ਲਪੇਟ ’ਚ ਲੈ ਲਿਆ ਹੈ। ਸ਼ਹਿਰ ਤੋਂ ਕਰੀਬ 31 ਕਿਲੋਮੀਟਰ ਦੂਰ ਪੈਂਦੇ ਕਸਬੇ ’ਚ 5 ਘਰ ਕੁਝ ਹੀ ਸਮੇਂ ’ਚ ਅੱਗ ਦੀ ਭੇਟ ਚੜ੍ਹ ਗਏ ਤੇ ਲੋਕਾਂ ਨੂੰ ਜਾਨ ਬਚਾਉਣ ਲਈ ਘਰ-ਬਾਰ ਛੱਡਣੇ ਪਏ ਹਨ। ਹਜ਼ਾਰਾਂ ਲੋਕਾਂ ਨੇ ਸਰਕਾਰੀ ਰਾਹਤ ਕੈਂਪਾਂ ਜਾਂ ਆਪਣੇ ਰਿਸ਼ਤੇਦਾਰਾਂ ਕੋਲ ਠਾਹਰ ਲਈ ਹੈ। ਪਿਛਲੇ ਪੰਜ ਸਾਲਾਂ ’ਚ ਗਰਮੀ ਦੇ ਮੌਸਮ ਦੌਰਾਨ ਲੱਗੀ ਇਹ ਅੱਗ ਤਬਾਹਕੁਨ ਸਾਬਤ ਹੋਈ ਹੈ। ਸ਼ਹਿਰ ਤੇ ਉੱਤਰੀ ਇਲਾਕੇ ਕਰੇਗੀਬਰਨ ’ਚ ਵੀ ਅੱਜ ਅੱਗ ਕਾਰਨ ਖ਼ਤਰਾ ਪੈਦਾ ਹੋ ਗਿਆ। ਸੈਂਕੜੇ ਅੱਗ ਬੁਝਾਊ ਦਸਤੇ ਵੱਖ-ਵੱਖ ਜਗ੍ਹਾ ਅੱਗ ’ਤੇ ਕਾਬੂ ਪਾਉਣ ’ਚ ਜੁਟੇ ਹੋਏ ਹਨ। ਸਰਕਾਰ ਨੇ ਪੀੜਤਾਂ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ ਹੈ।ਇਸ ਤਬਾਹੀ ’ਚ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ ਪਰ ਖੇਤਰੀ ਤੇ ਸ਼ਹਿਰ ਤੋਂ ਬਾਹਰੀ ਇਲਾਕਿਆਂ ’ਚ ਰਹਿੰਦੇ ਲੋਕ ਵੱਡੀ ਪੱਧਰ ਉਪਰ ਮਾਲੀ ਤੌਰ ’ਤੇ ਨੁਕਸਾਨੇ ਗਏ ਹਨ। ਫਰਵਰੀ 2009 ’ਚ ਸ਼ਹਿਰ ਦੀਆਂ ਉੱਤਰ ਪੂਰਬੀ ਪਹਾੜੀਆਂ ਵਿੱਚ ਲੱਗੀ ਅਜਿਹੀ ਅੱਗ ਨੇ 179 ਜਾਨਾਂ ਲੈ ਲਈਆਂ ਸਨ।

ਅਸੀਂ ਚਾਹੁੰਦੇ ਹਾਂ ਕਿ ਸਕਾਟਲੈਂਡ

ਸਾਡੇ ਨਾਲ ਰਹੇ : ਕੈਮਰੂਨ


ਲੰਡਨ - ਸਕਾਟਲੈਂਡ ਦੀ ਆਜ਼ਾਦੀ ਲਈ ਸਤੰਬਰ 2014 ਨੂੰ ਪੈਣ ਵਾਲੀਆਂ ਰਾਇਸ਼ੁਮਾਰੀ ਵੋਟਾਂ ਲਈ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਨੇ ਅੱਜ ਇੰਗਲੈਂਡ, ਵੇਲਜ਼ ਅਤੇ ਦੱਖਣੀ ਆਇਰਲੈਂਡ ਨੂੰ ਕਿਹਾ ਹੈ ਕਿ ਉਹ ਸਕਾਟਲੈਂਡ ਦੇ ਵੋਟਰਾਂ ਨੂੰ ਅਪੀਲ ਕਰਨ ਕਿ ਉਹ ਸਾਡੇ ਨਾਲ ਰਹਿਣ |ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਡੇ ਨਾਲ ਰਹੋ | ਲੰਡਨ ਵਿਖੇ ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਵਿਚ ਕਿਹਾ ਹੈ ਕਿ ਜੇਕਰ ਸਕਾਟਲੈਂਡ ਉਨ੍ਹਾਂ ਨੂੰ ਛੱਡ ਕੇ ਜਾਂਦਾ ਹੈ ਤਾਂ ਬਹੁਤ ਵੱਡਾ ਘਾਟਾ ਹੋਵੇਗਾ |ਸਕਾਟਲੈਂਡ ਨੈਸ਼ਨਲ ਪਾਰਟੀ ਨੇ ਕਿਹਾ ਹੈ ਕਿ 'ਪ੍ਰਧਾਨ ਮੰਤਰੀ ਇਹ ਬਿਆਨ ਸਕਾਟਲੈਂਡ ਵਿਚ ਆ ਕੇ ਦੇਣ ਤੋਂ ਡਰਦੇ ਹਨ |' ਸਕਾਟਲੈਂਡ ਦੇ ਵੱਖ ਹੋਣ ਸਬੰਧੀ ਸਕਾਟਲੈਂਡ ਨੈਸ਼ਨਲ ਪਾਰਟੀ ਵੱਲੋਂ ਕੀਤੇ ਵਾਅਦੇ ਅਨੁਸਾਰ ਲੋਕ ਰਾਇ ਲੈਣ ਲਈ 18 ਸਤੰਬਰ ਨੂੰ ਵੋਟਾਂ ਪੈ ਰਹੀਆਂ ਹਨ, ਜਿਸ ਵਿਚ 16 ਸਾਲ ਤੋਂ ਵੱਧ ਉਮਰ ਵਾਲੇ 40 ਲੱਖ ਵੋਟਰ ਹਿੱਸਾ ਲੈਣਗੇ | ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਇਸ ਲੋਕ ਨਿਰਣੇ ਨਾਲ 630 ਲੱਖ ਲੋਕ ਪ੍ਰਭਾਵਿਤ ਹੋਣਗੇ |

ਰਾਹੁਲ ਨੂੰ ਅਮਰੀਕੀ ਅਦਾਲਤ 'ਚ

ਸੱਦੇ ਜਾਣ ਦੀ ਮੰਗ


ਨਿਊਯਾਰਕ, 31 ਜਨਵਰੀ - ਸਿੱਖਾਂ ਦੇ ਹੱਕਾਂ ਲਈ ਜੂਝ ਰਹੇ ਸਿੱਖ ਸੰਗਠਨ ਜਿਸ ਨੇ ਕਾਂਗਰਸ ਪਾਰਟੀ ਅਤੇ ਉਸ ਦੀ ਪ੍ਰਧਾਨ ਸੋਨੀਆ ਗਾਂਧੀ ਖਿਲਾਫ ਮਾਨਵੀ ਹੱਕਾਂ ਦੀ ਉਲੰਘਣਾ ਦਾ ਮਾਮਲਾ ਦਾਇਰ ਕੀਤਾ ਹੋਇਆ ਹੈ, ਨੇ ਕਿਹਾ ਕਿ ਉਹ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ਵਿਚ ਪਾਰਟੀ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੂੰ ਅਮਰੀਕੀ ਅਦਾਲਤ ਸਾਹਮਣੇ ਗਵਾਹ ਵਜੋਂ ਹਾਜ਼ਰ ਹੋਣ ਦੀ ਮੰਗ ਕਰੇਗਾ ਪਰ ਇਸ ਮੰਗ ਨੂੰ ਕਾਂਗਰਸ ਪਾਰਟੀ ਦੇ ਵਕੀਲ ਨੇ ਰੱਦ ਕਰ ਦਿੱਤਾ ਹੈ | ਸਿੱਖਸ ਫਾਰ ਜਸਟਿਸ ਨੇ ਕਿਹਾ ਕਿ ਰਾਹਲੁ ਗਾਂਧੀ ਵਲੋਂ ਇਕ ਟੈਲੀਵੀਜ਼ਨ ਚੈਨਲ ਨਾਲ ਮੁਲਾਕਾਤ ਵਿਚ ਇਹ ਕਹਿਣ ਕਿ 1984 ਦੇ ਸਿੱਖ ਵਿਰੋਧੀ ਦੰਗਿਆਂ ਵਿਚ ਕੁਝ ਕਾਂਗਰਸੀ ਸ਼ਾਮਿਲ ਸਨ ਅਤੇ ਉਨ੍ਹਾਂ ਨੂੰ ਇਸ ਦੀ ਸਜ਼ਾ ਮਿਲੀ ਹੈ ਪਿੱਛੋਂ ਉਸ ਨੇ ਫ਼ੈਸਲਾ ਕੀਤਾ ਹੈ ਕਿ ਰਾਹੁਲ ਗਾਂਧੀ ਨੂੰ ਅਮਰੀਕੀ ਅਦਾਲਤ ਵਿਚ ਗਵਾਹ ਵਜੋਂ ਹਾਜ਼ਰ ਹੋਣ ਲਈ ਮੰਗ ਕੀਤੀ ਜਾਵੇ | ਗਰੁੱਪ ਦਾ ਕਹਿਣਾ ਕਿ ਉਹ ਮੰਗ ਕਰੇਗਾ ਕਿ 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਸਬੰਧਤ ਮਾਮਲੇ ਵਿਚ ਰਾਹੁਲ ਗਾਂਧੀ ਨੂੰ ਨਿਊਯਾਰਕ ਦੀ ਫੈਡਰਲ ਅਦਾਲਤ ਵਿਚ ਗਵਾਹ ਵਜੋਂ ਪੇਸ਼ ਹੋਣ ਲਈ ਸੱਦਿਆ ਜਾਵੇ | ਸਿੱਖ ਸੰਗਠਨ ਦੀ ਮੰਗ 'ਤੇ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਉੱਘੇ ਭਾਰਤੀ ਅਮਰੀਕੀ ਵਕੀਲ ਰਵੀ ਬਤਰਾ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਅਦਾਲਤ ਵਿਚ ਹਾਜ਼ਰ ਹੋਣ ਲਈ ਕੀਤੀ ਕਿਸੇ ਵੀ ਅਪੀਲ ਨੂੰ ਖਾਰਜ ਕਰਨ ਲਈ ਜਵਾਬ ਦਿੱਤਾ ਜਾਵੇਗਾ |

ਕਾਂਗਰਸ ਪਾਰਟੀ ਦੀ ਅਪੀਲ ’ਤੇ ਅਮਰੀਕੀ

ਅਦਾਲਤ ਕਰੇਗੀ ਸੁਣਵਾਈ

ਨਿਊਯਾਰਕ, 30 ਜਨਵਰੀ - ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ਵਿੱਚ ਭਾਰਤ ਵਿੱਚ ਸੱਤਾਧਾਰੀ ਧਿਰ ਕਾਂਗਰਸ ਵਿਰੁੱਧ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਦਰਜ ਕੇਸ ਵਿੱਚ ਪਾਰਟੀ ਵੱਲੋਂ ਪੇਸ਼ ਅਪੀਲ ’ਤੇ ਇਥੋਂ ਦੀ ਇਕ ਅਦਾਲਤ 19 ਮਾਰਚ ਨੂੰ ਸੁਣਵਾਈ ਕਰੇਗੀ।ਸਿੱਖਸ ਫਾਰ ਜਸਟਿਸ ਨਾਂ ਦੀ ਜਥੇਬੰਦੀ ਵੱਲੋਂ ਦਾਇਰ ਕੇਸ ਵਿੱਚ ਕਾਂਗਰਸ ਵੱਲੋਂ ਪੇਸ਼ ਅਰਜ਼ੀ ’ਤੇ ਅਮਰੀਕੀ ਜ਼ਿਲ੍ਹਾ ਜੱਜ ਰੌਬਰਟ ਸਵੀਟ ਸੁਣਵਾਈ ਕਰਨਗੇ। ਅਮਰੀਕਾ ਵਿੱਚ ਕਾਂਗਰਸ ਪਾਰਟੀ ਦੇ ਵਕੀਲ ਰਵੀ ਬੱਤਰਾ ਨੇ 17 ਜਨਵਰੀ ਨੂੰ ਮੈਨਹਟਨ ਫੈਡਰਲ ਅਦਾਲਤ ਵਿੱਚ ਅਰਜ਼ੀ ਦੇ ਕੇ ਇਸ ਸ਼ਿਕਾਇਤ ਨੂੰ ਰੱਦ ਕਰਨ ਦੀ ਮੰਗ ਕੀਤੀ ਸੀ।ਵਕੀਲ ਬੱਤਰਾ ਨੇ ਇਸ ਨੂੰ ਅਧਿਕਾਰ ਖੇਤਰ ਦੇ ਆਧਾਰ ’ਤੇ ਰੱਦ ਕਰਨ ਦੀ ਅਪੀਲ ਕੀਤੀ। ਉਨ੍ਹਾਂ ਇਹ ਦਾਅਵਾ ਵੀ ਰੱਦ ਕੀਤਾ ਕਿ ਪੀੜਤਾਂ ਨੂੰ ਮੁਆਵਜ਼ਾ ਨਹੀਂ ਮਿਲਿਆ। ਜਥੇਬੰਦੀ ਨੂੰ ਕਾਂਗਰਸ ਦੇ ਮਤੇ ਬਾਰੇ ਜਵਾਬ ਦੇਣ ਲਈ 17 ਫਰਵਰੀ ਤੱਕ ਦਾ ਸਮਾਂ ਦਿੱਤਾ ਗਿਆ ਹੈ ਅਤੇ ਉਸ ਮਗਰੋਂ ਬੱਤਰਾ 10 ਮਾਰਚ ਤੱਕ ਆਪਣਾ ਜਵਾਬ ਪੇਸ਼ ਕਰਨਗੇ। ਸਿੱਖਸ ਫਾਰ ਜਸਟਿਸ ਨੇ ‘ਟੌਰਚਰ ਵਿਕਟਮਜ਼ ਪ੍ਰੋਟੈਕਸ਼ਨ ਐਕਟ’ ਤਹਿਤ ਇਹ ਕੇਸ ਦਾਇਰ ਕੀਤਾ ਸੀ, ਜਿਸ ਤਹਿਤ ਅਮਰੀਕੀ ਅਦਾਲਤਾਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਦੇਸ਼ ਤੋਂ ਬਾਹਰ ਦੇ ਮਾਮਲੇ ਦੀ ਵੀ ਸੁਣਵਾਈ ਕਰ ਸਕਦੀਆਂ ਹਨ।  

ਅਮਰੀਕਾ ਵਿੱਚ ਧਰੁਵੀ ਸੀਤ ਹਵਾਵਾਂ ਨੇ ਤੋੜਿਆ ਰਿਕਾਰਡ


ਸ਼ਿਕਾਗੋ: ਖ਼ਤਰਨਾਕ ਰੂਪ ਵਿੱਚ ਚੱਲ ਰਹੀਆਂ ਧਰੁਵੀ ਸੀਤ ਹਵਾਵਾਂ ਨੇ ਕਈ ਦਹਾਕਿਆਂ ਦੀ ਠੰਢ ਦਾ ਰਿਕਾਰਡ ਤੋੜ ਦਿੱਤਾ ਹੈ। ਸ਼ਿਕਾਗੋ ਵਿੱਚ ਮੰਗਲਵਾਰ ਨੂੰ ਤਾਪਮਾਨ ਮਨਫ਼ੀ 30 ਡਿਗਰੀ ਫਾਰਨਹੀਟ ਤਕ ਡਿੱਗ ਗਿਆ। ਉਪਰੋਕਤ ਤਸਵੀਰ ਵੀ ਸ਼ਿਕਾਗੋ ਦੀਆਂ ਬਹੁਮੰਜ਼ਲੀ ਇਮਾਰਤਾਂ ਦੀ ਹੈ ਜਿਨ੍ਹਾਂ ਦੇ ਨੇੜੇ ਬਰਫ਼ ਦਾ ਵੱਡਾ ਢੇਰ ਨਜ਼ਰ ਆ ਰਿਹਾ ਹੈ। ਸੜਕਾਂ ਬਰਫ਼ਬਾਰੀ ਨਾਲ ਚਿੱਟੀਆਂ ਨਜ਼ਰ ਆਉਂਦੀਆਂ ਹਨ। ਧਰੁਵੀ ਸੀਤ ਹਵਾਵਾਂ ਮਿਡਵੈਸਟ ਤੋਂ ਅਮਰੀਕਾ ਦੇ ਦੱਖਣੀ ਤੇ ਪੂਰਬੀ ਅਮਰੀਕਨ ਹਿੱਸਿਆਂ ਤੇ ਪੂਰਬੀ ਕੈਨੇਡਾ ਤਕ ਫੈਲ ਰਹੀਆਂ ਹਨ। ਅਮਰੀਕਨ ਸ਼ਹਿਰ ਵੇਇਸ ਵਿੱਚ ਮੰਗਲਵਾਰ ਨੂੰ ਬਰਫਾਨੀ ਤੂਫਾਨ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ ਤਿੰਨ ਜ਼ਖ਼ਮੀ ਹੋਏ ਹਨ। ਪਿਛਲੇ ਦੋ ਹਫ਼ਤਿਆਂ ਵਿੱਚ ਕੋਲੋਰਾਡੋ, ਵਿਓਮਿੰਗ ਤੇ ਮੋਂਟਾਨਾ ਵਿੱਚ 5 ਵਿਅਕਤੀ ਮਰ ਚੁੱਕੇ ਹਨ। 


<< Start < Prev 1 2 3 4 5 6 7 8 9 10 Next > End >>

ਮੁੱਖ ਖ਼ਬਰਾਂ : 

ਖੇਡ ਖ਼ਬਰਾ : 

ਅੰਤਰਰਾਸ਼ਟਰੀ ਖ਼ਬਰਾ : 

ਪੰਜਾਬ ਖ਼ਬਰਾਂ : 

ਨਵੇਂ ਲੇਖ : 

 

 

Random Video 

Receive Newsletter & Updates 

Sample Newsletter


Receive HTML?

Advertisement
Advertisement
Advertisement