Advertisement

International News 

ਇਰਾਨ ਵੱਲੋਂ ਨਵਾਜ਼ ਸ਼ਰੀਫ਼ ਦੇ ਜਹਾਜ਼

ਵਿੱਚ ਤੇਲ ਭਰਨ ਤੋਂ ਨਾਂਹ

ਲਾਹੌਰ, 5 ਜੂਨ - ਪਾਕਿਸਤਾਨ ਨੂੰ ਉਸ ਸਮੇਂ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਜਦੋਂ ਇਰਾਨ ਦੇ ਅਧਿਕਾਰੀਆਂ ਨੇ ਬਕਾਏ ਦੀ ਰਕਮ ਨੂੰ ਲੈ ਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਉਡਾਣ ‘ਚ ਤੇਲ ਭਰਨ ਤੋਂ ਇਨਕਾਰ ਕਰ ਦਿੱਤਾ। ਪਾਕਿਸਤਾਨ ਦੀ ਸਰਕਾਰੀ ਉਡਾਣ ਸੇਵਾ ਪੀਆਈਏ ਵੱਲੋਂ ਪੰਜ ਹਜ਼ਾਰ ਅਮਰੀਕੀ ਡਾਲਰ ਤੋਂ ਵੱਧ ਪੈਸੇ ਭਰਨ ਤੋਂ ਬਾਅਦ ਇਹ ਜਹਾਜ਼ ਉੱਡ ਸਕਿਆ।
ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਦੇ ਸੀਨੀਅਰ ਅਧਿਕਾਰੀ ਨੇ ਖ਼ਬਰ ਏਜੰਸੀ ਪੀਟੀਆਈ ਨੂੰ ਦੱਸਿਆ ਕਿ ਪਿਛਲੇ ਮਹੀਨੇ 12 ਮਈ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੀ ਉਡਾਣ ‘ਚ ਤਹਿਰਾਨ ਦੇ ਹਵਾਈ ਅੱਡੇ ‘ਤੇ ਤੇਲ ਭਰਨ ਤੋਂ ਇਨਕਾਰ ਕਰ ਦਿੱਤਾ ਗਿਆ ਸੀ ਅਤੇ ਚਿਤਾਵਨੀ ਦਿੱਤੀ ਸੀ ਕਿ ਜਦੋਂ ਤੱਕ ਬਕਾਇਆ ਰਕਮ ਜਾਰੀ ਨਹੀਂ ਕੀਤੀ ਜਾਏਗੀ ਉਸ ਸਮੇਂ ਤੱਕ ਜਹਾਜ਼ ਨੂੰ ਉੱਡਣ ਨਹੀਂ ਦਿੱਤਾ ਜਾਏਗਾ।
ਅਧਿਕਾਰੀ ਮੁਤਾਬਕ ਇਰਾਨ ਦੇ ਹਵਾਈ ਅੱਡੇ ਦੇ ਅਧਿਕਾਰੀ ਇਸ ਗੱਲ ਤੋਂ ਖ਼ਫਾ ਸਨ ਕਿ ਪੀਆਈਏ ਨੇ ਚਾਰ ਮਹੀਨੇ ਬੀਤਣ ਦੇ ਬਾਅਦ ਵੀ ਰਕਮ ਨਹੀਂ ਭਰੀ।ਚਿਤਾਵਨੀ ਤੋਂ ਬਾਅਦ ਪੀਆਈਏ ‘ਚ ਹੰਗਾਮਾ ਮਚ ਗਿਆ ਅਤੇ ਅਧਿਕਾਰੀਆਂ ਨੇ ਤਹਿਰਾਨ ‘ਚ ਆਪਣੇ ਅਫ਼ਸਰਾਂ ਨੂੰ ਬਕਾਇਆ ਭਰਨ ਲਈ ਕਿਹਾ ਤਾਂ ਜੋ ਪਾਕਿਸਤਾਨ ਨੂੰ ਨਮੋਸ਼ੀ ਤੋਂ ਬਚਾਇਆ ਜਾ ਸਕੇ।


ਸਿਡਨੀ ਵਿੱਚ ਪੰਜਾਬੀਆਂ ਵੱਲੋਂ ਆਪਣੇ

ਸਭਿਆਚਾਰ ਤੇ ਗੀਤ-ਸੰਗੀਤ ਦੀ ਪੇਸ਼ਕਾਰੀ

ਸਿਡਨੀ, 2 ਜੂਨ - ਸ਼ਹਿਰ ਦਾ ਪੱਛਮੀ ਇਲਾਕਾ ਪੰਜਾਬੀਆਂ ਦੇ ਗੜ੍ਹ ਵਜੋਂ ਜਾਣਿਆ ਜਾਂਦਾ ਹੈ। ਇਲਾਕੇ ’ਚ ਪੈਂਦੀ ਬਲੈਕ ਟਾਊਨ ਸਿਟੀ ਕੌਂਸਲ ਵੱਲੋਂ ਸਾਲਾਨਾ ਸਟਰੀਟ ਅਲਾਈਵ ਐਂਡ ਪਰੇਡ ਡੇਅ ਸ਼ੋਅ ਕਰਵਾਇਆ ਗਿਆ। ਕਰੀਬ ਹਫਤਾ ਭਰ ਚੱਲੇ ਵੱਖ-ਵੱਖ ਸਮਾਗਮਾਂ ਦੇ ਬਾਅਦ ਕੌਂਸਲ ਵੱਲੋਂ ਕੱਲ੍ਹ ਪਰੇਡ ਮਾਰਚ ਕਰਵਾਇਆ ਗਿਆ ਜਿਸ ਵਿੱਚ ਕਰੀਬ ਪੰਜਾਹ ਦੇਸ਼ਾਂ ਨਾਲ ਸਬੰਧਤ ਲੋਕਾਂ ਵੱਲੋਂ ਆਪਣੇ ਵਿਰਸੇ ਤੇ ਸਭਿਆਚਾਰ ਨੂੰ ਦਰਸਾਉਂਦੀਆਂ ਝਲਕੀਆਂ ਪੇਸ਼ ਕੀਤੀਆਂ ਗਈਆਂ।  ਕਰੀਬ ਇਕ ਦਰਜਨ ਸਬਅਰਬਾਂ ’ਚ ਵੱਸਦੇ ਪੰਜਾਬੀਆਂ ਨੇ ਆਪਣੇ ਰਵਾਇਤੀ ਪਹਿਰਾਵੇ ਵਿੱਚ ਖਾਲਸਈ ਪਰਚਮ ਸ੍ਰੀ ਨਿਸ਼ਾਨ ਸਾਹਿਬ ਦੀ ਅਗਵਾਈ ਹੇਠ ਭਾਰੀ ਗਿਣਤੀ ਵਿੱਚ ਮਾਰਚ ਕੀਤਾ। ਇਸ ਮੌਕੇ ਉਨ੍ਹਾਂ ਆਪਣੇ ਸਭਿਆਚਾਰ ਤੇ ਲੋਕ ਕਲਾਵਾਂ ਨੂੰ ਦਰਸਾਉਂਦੀ ਝਾਕੀ ਜਾਗੋ, ਗਿੱਧਾ, ਭੰਗੜਾ, ਗੀਤ, ਟੱਪੇ, ਬੋਲੀਆਂ ਆਦਿ ਪੇਸ਼ ਕੀਤੇ। ਢੋਲ ਦੀ ਤਾਲ ਉਪਰ ਨੱਚਦੇ ਪੰਜਾਬੀਆਂ ਨੂੰ ਵੇਖ ਕੇ ਗੋਰੇ-ਗੋਰੀਆਂ ਤੇ ਹੋਰ ਲੋਕ ਵੀ ਪ੍ਰਭਾਵਿਤ ਹੋਏ। ਸਿਡਨੀ ਵਿੱਚ ਪੰਜਾਬੀ ਨੌਜਵਾਨ, ਬੱਚੇ-ਬੱਚੀਆਂ ਨੂੰ ਆਪਣੇ ਸਭਿਆਚਾਰ ਨਾਲ ਜੋੜੀ ਰੱਖਣ ਦਾ ਉਪਰਾਲੇ ਕਰਦੇ ਪੰਜਾਬੀ ਸੰਗੀਤ ਸੈਂਟਰ ’ਚ ਇਸ ਕਾਰਜ ਨੂੰ ਆਮ ਲੋਕਾਂ ਨੇ ਵੀ ਸਲਾਹਿਆ।
ਇਸ ਦੌਰਾਨ ਗੁਰਦੁਆਰਾ ਪਾਰਕਲੀ ਸਾਹਿਬ ਦੇ ਨਵੇਂ ਚੁਣੇ ਗਏ ਪ੍ਰਧਾਨ ਕੈਪਟਨ ਸਰਜਿੰਦਰ ਸਿੰਘ ਸੰਧੂ ਦੀ ਅਗਵਾਈ ਹੇਠ ਇਕ ਪਰਚਾ ਵੀ ਪਰੇਡ ਨੂੰ ਦੇਖਣ ਵਾਲੇ ਦਰਸ਼ਕਾਂ ਖਾਸਕਰ ਗੋਰਿਆਂ ਨੂੰ ਵੰਡਿਆ ਗਿਆ ਜਿਸ ਵਿੱਚ ਸਿੱਖੀ ਦੀ ਪਛਾਣ ਪਹਿਰਾਵੇ ਬਾਰੇ ਸੰਖੇਪ ਇਤਿਹਾਸ ਸ਼ਾਮਲ ਸੀ ਜੋ ਕਿ ਇਹ ਦਰਸਾਉਂਦਾ ਸੀ ਕਿ ਸਿੱਖਾਂ ਨੂੰ ‘ਬਿਨ ਲਾਦੇਨ’ ਨਾਲ ਨਾ ਜੋੜ ਕੇ ਵੇਖਿਆ ਜਾਵੇ। ਪਰੇਡ ਸਮਾਗਮ ਵਿੱਚ ਬਲੈਕ ਟਾਊਨ ਸਿਟੀ ਕੌਂਸਲ ਦੇ ਮੇਅਰ ਲੀਨ ਰੋਬੀਸਨ, ਪੰਜਾਬੀ ਪਰੇਡ ਦੇ ਕੋਆਰਡੀਨੇਟਰ ਡਾ. ਸੁਰਿੰਦਰ ਸਿੰਘ, ਸਕੱਤਰ ਊਧਮ ਸਿੰਘ ਸੋਹਾਣਾ, ਪੰਜਾਬੀ ਸੰਗੀਤ ਸੈਂਟਰ ਦੇ ਡਾਇਰੈਕਟਰ ਡਾ. ਦਵਿੰਦਰ ਸਿੰਘ ਧਾਰਿਆ, ਸੈਂਟਰ ਦੇ ਪ੍ਰਧਾਨ ਤੇ ਪੱਤਰਕਾਰ ਹਰਕੀਰਤ ਸਿੰਘ ਸੰਧਰ, ਗੁਰਜੀਤ ਸਿੰਘ ਖਹਿਰਾ ਅਤੇ ਹੋਰ ਲੋਕ ਸ਼ਾਮਲ ਹੋਏ।


ਪੰਜ ਸਾਲ ਬਾਅਦ ਤਾਲਿਬਾਨ ਨੇ

ਛੱਡਿਆ ਅਮਰੀਕੀ ਫੌਜੀ


ਵਾਸ਼ਿੰਗਟਨ, 1 June - ਅਫਗਾਨਿਸਤਾਨ 'ਚ 5 ਸਾਲ ਬੰਦੀ ਬਣਾਈ ਰੱਖੇ ਅਮਰੀਕੀ ਫੌਜ ਦਾ ਸਾਰਜੈਂਟ ਬੌਵ ਬਰਗਡਾਹਲ ਨੂੰ ਅੱਜ ਤਾਲਿਬਾਨ ਨੇ ਰਿਹਾਅ ਕਰ ਦਿੱਤਾ ਹੈ ਤੇ ਉਹ ਇਸ ਵੇਲੇ ਅਮਰੀਕਾ ਦੇ ਕਬਜ਼ੇ ਵਿਚ ਹੈ | ਇਹ ਐਲਾਨ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਕੀਤਾ | ਫੌਜੀ ਦੀ ਰਿਹਾਈ ਬਦਲੇ ਅਮਰੀਕਾ ਨੇ ਪੰਜ ਤਾਲਿਬਾਨੀ ਹਿਰਾਸਤੀਆਂ ਨੂੰ ਛੱਡਿਆ ਹੈ ਜੋ ਕਿ ਗੁਆਂਟਾਨਾਮੋ ਬੇਅ ਦੀ ਜੇਲ੍ਹ ਵਿਚ ਬੰਦ ਸਨ | ਤਾਲਿਬਾਨ ਨੇ ਉਕਤ ਫੌਜੀ ਨੂੰ 30 ਜੂਨ 2009 ਨੂੰ ਪੂਰਬੀ ਅਫਗਾਨਿਸਤਾਨ 'ਚ ਬੰਦੀ ਬਣਾ ਲਿਆ ਸੀ |

 


ਫਿਅਲਪੀਨਜ਼ ਵਿੱਚ ਇਮਾਰਤ ਨੂੰ ਅੱਗ

ਲੱਗਣ ਨਾਲ 8 ਮਹਿਲਾਵਾਂ ਦੀ ਮੌਤ

ਮਨੀਲਾ, 31 ਮਈ - ਫਿਲਪੀਨ ਦੀ ਰਾਜਧਾਨੀ ’ਚ ਦੋ ਮੰਜ਼ਿਲਾ ਇਮਾਰਤ ਨੂੰ ਅੱਗ ਲਗਣ ਕਾਰਨ ਅੱਠ ਮਹਿਲਾਵਾਂ ਦੀ ਮੌਤ ਹੋ ਗਈ ਜਦਕਿ ਅੱਠ ਹੋਰ ਔਰਤਾਂ ਵਾਲ ਵਾਲ ਬਚ ਗਈਆਂ। ਪੁਲੀਸ ਮੁਤਾਬਕ ਇਮਾਰਤ ਨੂੰ ਬਾਹਰੋਂ ਤਾਲਾ ਲਾਇਆ ਹੋਇਆ ਸੀ ਅਤੇ ਬਚਣ ਦਾ ਰਾਹ ਨਹੀਂ ਮਿਲ ਸਕਿਆ। ਪੁਲੀਸ ਅਧਿਕਾਰੀ ਕ੍ਰਿਸ ਗੈਬੁਟਿਨ ਮੁਤਾਬਕ ਇਮਾਰਤ ਦੇ ਦਰਵਾਜ਼ੇ ਨੂੰ ਬਾਹਰੋਂ ਤਾਲਾ ਲੱਗਾ ਹੋਇਆ ਸੀ ਅਤੇ ਹਨੇਰਾ ਹੋਣ ਕਰਕੇ ਉਨ੍ਹਾਂ ਨੂੰ ਰਸਤਾ ਨਹੀਂ ਲੱਭਿਆ ਅਤੇ ਅੱਠ ਮਹਿਲਾਵਾਂ ਦੀ ਮੌਤ ਹੋ ਗਈ। ਹਾਲਾਂਕਿ ਅੱਠ ਹੋਰ ਮਹਿਲਾਵਾਂ ਛੱਤ ’ਤੇ ਪਹੁੰਚਣ ’ਚ ਕਾਮਯਾਬ ਰਹੀਆਂ ਅਤੇ ਉਨ੍ਹਾਂ ਉਪਰੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ।ਪੁਲੀਸ ਮੁਤਾਬਕ ਮ੍ਰਿਤਕ ਮਹਿਲਾਵਾਂ ’ਚੋਂ ਛੇ ਦੀ ਉਮਰ 19 ਤੋਂ 24 ਸਾਲਾਂ ਵਿਚਕਾਰ ਸੀ। ਗੈਬੁਟਿਨ ਮੁਤਾਬਕ ਅੱਗ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਪਰ ਪੁਲੀਸ ਨੇ ਇਮਾਰਤ ਦੇ ਮਾਲਕ ਨੂੰ ਗ੍ਰਿਫਤਾਰ ਕਰ ਲਿਆ ਹੈ। ਉਸ ’ਤੇ ਮਨੁੱਖੀ ਤਸਕਰੀ, ਅਣਗਹਿਲੀ ਅਤੇ ਇਲਾਕੇ ’ਚ ਲਾਇਸੈਂਸ ਤੋਂ ਬਿਨਾਂ ਕਾਰੋਬਾਰ ਕਰਨ ਦੇ ਦੋਸ਼ ਲਾਏ ਗਏ ਹਨ। ਸਾਰੀਆਂ ਮਹਿਲਾਵਾਂ ਨੂੰ ਪੇਂਡੂ ਇਲਾਕਿਆਂ ਤੋਂ ਮਨੀਲਾ ਲਿਆ ਕੇ ਇਲੈਕਟ੍ਰਾਨਿਕ ਸਾਮਾਨ ਅਤੇ ਸੀਡੀ ਦੇ ਗੁਦਾਮ ’ਚ ਕੰਮ ਲਈ ਰੱਖਿਆ ਗਿਆ ਸੀ। ਫਿਲਪੀਨ ’ਚ ਇਹ ਆਮ ਗੱਲ ਹੈ ਕਿ ਘੱਟ ਤਨਖਾਹਾਂ ਦੇ ਕੇ ਕਰਮਚਾਰੀਆਂ ਨੂੰ ਕੰਮ ਵਾਲੀਆਂ ਥਾਵਾਂ ’ਤੇ ਸੌਣ ਲਈ  ਕਿਹਾ ਜਾਂਦਾ ਹੈ।


ਅਫ਼ਗ਼ਾਨਿਸਤਾਨ ’ਚੋਂ ਅਮਰੀਕੀ

ਫ਼ੌਜਾਂ ਦੀ ਵਾਪਸੀ 2016 ਤੱਕ


ਵਾਸ਼ਿੰਗਟਨ, 30 ਮਈ -   ਅਮਰੀਕਾ ਨੇ ਅਫ਼ਗਾਨਿਸਤਾਨ ’ਚੋਂ ਆਪਣੀਆਂ ਫੌਜਾਂ ਇਸ ਸਾਲ ਦੇ ਅਖੀਰ ’ਤੇ ਵਾਪਸ ਸੱਦਣ ਦੇ ਫੈਸਲੇ ਨੂੰ ਪਲਟ ਦਿੱਤਾ ਹੈ। ਹੁਣ ਅਮਰੀਕਾ 9800 ਫੌਜੀ ਅਫ਼ਗਾਨਿਸਤਾਨ ’ਚ ਰੱਖੇਗਾ ਅਤੇ ਸਾਲ 2016 ਤਕ ਇਨ੍ਹਾਂ ਦੀ ਮੁਕੰਮਲ ਵਾਪਸੀ ਹੋਏਗੀ।
ਵਾਈਟ ਹਾਊਸ ਰੋਜ਼ ਗਾਰਡਨ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਕਿ ਜਿਹੜਾ ਕੰਮ ਅਸੀਂ ਸ਼ੁਰੂ ਕੀਤਾ ਸੀ, ਉਸ ਨੂੰ ਹੁਣ ਅਸੀਂ ਖਤਮ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ 2015 ਦੇ ਸ਼ੁਰੂ ਤਕ 32 ਹਜ਼ਾਰ ਅਮਰੀਕੀ ਫੌਜੀਆਂ ’ਚੋਂ ਕਰੀਬ 9800 ਫੌਜੀ ਅਫ਼ਗਾਨਿਸਤਾਨ ’ਚ ਰਹਿ ਜਾਣਗੇ। ਉਨ੍ਹਾਂ ਕਿਹਾ ਕਿ 2014 ਤੋਂ ਬਾਅਦ ਅਫ਼ਗਾਨਿਸਤਾਨ ’ਚ ਅਮਰੀਕੀ ਫੌਜਾਂ ਦੀ ਮੌਜੂਦਗੀ ਲਈ ਅਫਗ਼ਾਨਿਸਤਾਨ ਦੇ ਨਵੇਂ ਰਾਸ਼ਟਰਪਤੀ ਵੱਲੋਂ ਦੁਵੱਲਾ ਸੁਰੱਖਿਆ ਸਮਝੌਤਾ (ਬੀਐਸਏ) ਕਰਨਾ ਪਏਗਾ।
ਅਫ਼ਗਾਨਿਸਤਾਨ ਦੇ ਅਣਐਲਾਨੇ ਦੌਰੇ ’ਤੇ ਪੁੱਜੇ ਓਬਾਮਾ ਨੇ ਕਿਹਾ ਸੀ ਕਿ ਅਫ਼ਗਾਨਿਸਤਾਨ ਦੇ ਭਵਿੱਖ ਦਾ ਫੈਸਲਾ ਅਫ਼ਗਾਨੀਆਂ ਨੇ ਆਪ ਹੀ ਕਰਨਾ ਹੈ। ਇਹ ਅਮਰੀਕਾ ਦੀ ਜ਼ਿੰਮੇਵਾਰੀ ਨਹੀਂ ਹੈ।
ਦੱਸ ਦਈਏ ਕਿ ਅਮਰੀਕਾ ਅਤੇ ਨਾਟੋ ਫੌਜਾਂ ਨੇ ਇਸ ਸਾਲ ਦੇ ਅਖੀਰ ਤੱਕ ਅਫ਼ਗਾਨਿਸਤਾਨ ’ਚੋਂ ਵਾਪਸੀ ਦਾ ਐਲਾਨ ਕੀਤਾ ਹੋਇਆ ਹੈ। ਓਬਾਮਾ 2014 ਤੋਂ ਬਾਅਦ ਵੀ ਅਫ਼ਗਾਨਿਸਤਾਨ ’ਚ ਵਿਦੇਸ਼ੀ ਫੌਜਾਂ ਰੱਖਣ ਦੇ ਪੱਖੀ ਹਨ ਤਾਂ ਜੋ ਅਫ਼ਗਾਨ ਸੁਰੱਖਿਆ ਬਲਾਂ ਨੂੰ ਸਿਖਲਾਈ ਦਿੱਤੀ ਜਾ ਸਕੇ। ਅਫ਼ਗਾਨਿਸਤਾਨ ਦੇ ਮੌਜੂਦਾ ਰਾਸ਼ਟਰਪਤੀ ਹਾਮਿਦ ਕਰਜ਼ਈ ਨੇ ਬੀਐਸਏ ਨੂੰ ਮਾਨਤਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਹੁਣ ਉਨ੍ਹਾਂ ਦੇ ਉਤਰਾਧਿਕਾਰੀ ’ਤੇ ਟੇਕ ਰੱਖੀ ਹੋਈ ਹੈ ਕਿ ਉਹ ਸਮਝੌਤੇ ’ਤੇ ਹਸਤਾਖਰ ਕਰਨਗੇ। ਉਧਰ ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਹਾਮਿਦ ਕਰਜ਼ਈ ਨੇ ਕਿਹਾ ਹੈ ਕਿ ਨਾਟੋ ਫੌਜਾਂ ਦੀ ਵਾਪਸੀ ਤੋਂ ਬਾਅਦ ਦੇਸ਼ ’ਚ ਸੁਰੱਖਿਆ ਬਲਾਂ ਨੂੰ ਸਿਖਲਾਈ ਦੇਣ ਲਈ ਭਾਰਤ ਸਮੇਤ ਹੋਰ ਮਿੱਤਰ ਮੁਲਕਾਂ ਤੋਂ ਹਮਾਇਤ ਦੀ ਲੋੜ ਹੈ।
ਸ੍ਰੀ ਕਰਜ਼ਈ ਭਾਰਤ ’ਚ ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਗਮ ਤੋਂ ਬਾਅਦ ਦੇਸ਼ ਪਰਤ ਆਏ ਹਨ। ਇਸ ਦੌਰਾਨ ਉਨ੍ਹਾਂ ਰਾਸ਼ਟਰਪਤੀ ਪ੍ਰਣਬ ਮੁਖਰਜੀ ਅਤੇ ਸ੍ਰੀ ਮੋਦੀ ਨਾਲ ਵੱਖੋ-ਵੱਖਰੇ ਤੌਰ ’ਤੇ ਗੱਲਬਾਤ ਕੀਤੀ। ਦੋਹਾਂ ਆਗੂਆਂ ਨੇ ਨਾਟੋ ਫੌਜਾਂ ਦੀ ਵਾਪਸੀ ਤੇ ਭਾਰਤ ਅਤੇ ਅਫ਼ਗਾਨਿਸਤਾਨ ਵਿਚਕਾਰ ਸਹਿਯੋਗ ਵਧਾਉਣ ਬਾਰੇ ਵਿਚਾਰ-ਵਟਾਂਦਰਾ ਵੀ ਕੀਤਾ। << Start < Prev 1 2 3 4 5 6 7 8 9 10 Next > End >>

ਮੁੱਖ ਖ਼ਬਰਾਂ : 

ਖੇਡ ਖ਼ਬਰਾ : 

ਪੰਜਾਬ ਖ਼ਬਰਾਂ : 

ਨਵੇਂ ਲੇਖ : 

 

Random Video 

Latest Added Magzine 

Advertisement

Advertisement
Advertisement
Advertisement