Advertisement

International News 

ਕੈਨੇਡਾ 'ਚ ਲੋਕਾਂ ਨੇ 'ਕੈਨੇਡਾ ਦਿਵਸ'

ਉਤਸ਼ਾਹ ਨਾਲ ਮਨਾਇਆ


ਵੈਨਕੂਵਰ, 3 ਜੁਲਾਈ - ਕੈਨੇਡਾ ਭਰ ਵਿਚ ਪਹਿਲੀ ਜੁਲਾਈ ਨੂੰ ਦੇਸ਼ ਦਾ ਜਨਮ ਦਿਹਾੜਾ ਬੜੇ ਉਤਸ਼ਾਹ ਨਾਲ ਮਨਾਇਆ ਗਿਆ | ਕੈਨੇਡਾ ਦੀ ਰਾਜਧਾਨੀ ਔਟਾਵਾ ਵਿਖੇ ਦੇਸ਼ ਦੇ ਗਵਰਨਰ ਜਨਰਲ ਵੱਲੋਂ ਫੌਜ ਦੀ ਸਲਾਮੀ ਲਈ ਗਈ | ਪਾਰਲੀਮੈਂਟ ਹਿੱਲ 'ਤੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਹਜ਼ਾਰਾਂ ਲੋਕਾਂ ਨਾਲ ਕੈਨੇਡਾ ਡੇਅ ਦੀ ਖੁਸ਼ੀ ਸਾਂਝੀ ਕੀਤੀ | ਇਸ ਮੌਕੇ 'ਤੇ ਨਿਊ ਡੈਮੋਕਰੇਟਿਕ ਪਾਰਟੀ ਅਤੇ ਲਿਬਰਲ ਪਾਰਟੀ ਦੇ ਆਗੂਆਂ ਵੱਲੋਂ ਵੀ ਲੋਕਾਂ ਨੂੰ ਵਧਾਈ ਦਿੱਤੀ ਗਈ | ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਕ੍ਰਿਸ ਅਲੈਕਸੈਂਡਰ ਅਨੁਸਾਰ ਕੈਨੇਡਾ ਦਿਹਾੜੇ 'ਤੇ 138 ਦੇਸ਼ਾਂ ਦੇ 2200 ਨਵੇਂ ਇਮੀਗਰੈਂਟਾਂ ਨੂੰ ਕੈਨੇਡਾ ਦੀ ਨਾਗਰਿਕਤਾ ਦਿੱਤੀ ਗਈ | ਇਸ ਸਬੰਧ 'ਚ ਦੇਸ਼ ਭਰ 'ਚ 45 ਨਾਗਰਿਕਤਾ ਸਮਾਗਮ ਹੋਏ | ਦੇਸ਼ ਦੇ ਸਾਰੇ ਪ੍ਰਾਂਤਾਂ ਵਿਚ ਹੋਏ ਜਸ਼ਨਾਂ 'ਚ ਵੱਖ-ਵੱਖ ਭਾਈਚਾਰੇ ਪਰੇਡਾਂ ਵਿਚ ਪੁੱਜੇ ਤੇ ਕੈਨੇਡਾ ਦਿਹਾੜਾ ਮਨਾਇਆ ਗਿਆ | ਇਸ ਮੌਕੇ ਸਥਾਨਕ ਪ੍ਰੇਰੀਵਿੰਡ ਪਾਰਕ ਵਿਖੇ ਸਾਰਿਆਂ ਭਾਈਚਾਰਿਆਂ ਨੇ ਰਲ ਕੇ ਕੈਨੇਡਾ ਦਿਵਸ ਬੜੀ ਧੂਮ-ਧਾਮ ਨਾਲ ਮਨਾਇਆ | ਇਸ ਸਮੇਂ ਸ਼ੁਰੂ ਵਿਚ ਕੈਨੇਡਾ ਦਾ ਰਾਸ਼ਟਰੀ ਗੀਤ ਗਾਇਆ ਗਿਆ ਉਪਰੰਤ ਵੱਖ-ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਪੇਸ਼ ਕੀਤੇ | ਇਸ ਸਮੇਂ ਵਿਸ਼ੇਸ ਤੌਰ 'ਤੇ ਪਹੁੰਚੇ ਸੰਸਦ ਮੈਂਬਰ ਦਵਿੰਦਰ ਸ਼ੋਰੀ, ਸ: ਮਨਮੀਤ ਸਿੰਘ ਭੁੱਲਰ ਕੈਬਨਿਟ ਮੰਤਰੀ ਅਲਬਰਟਾ ਸਰਕਾਰ, ਸ: ਦਰਸ਼ਨ ਸਿੰਘ ਕੰਗ ਵਿਧਾਇਕ, ਡੈਨੀਕਲ ਸਮਿੱਥ ਪ੍ਰਧਾਨ ਵਾਈਲਡਰੋਜ਼ ਪਾਰਟੀ ਅਤੇ ਵਿਰੋਧੀ ਧਿਰ ਦੀ ਨੇਤਾ ਅਲਬਰਟਾ ਸਰਕਾਰ, ਜੌਨਾਦਿਨ ਡੈਨਿਸ,ਰਿਕ ਮਕੈਵਰ, ਡਾ: ਡੈਵਡ ਸਵੈਨ , ਵੂਪਾ ਟਰੀਸਾ, ਕੈਲਗਰੀ ਪੁਲਿਸ ਦੇ ਚੀਫ ਰਿਕ ਹੈਡਸਨ ਅਤੇ ਹੋਰਨਾਂ ਨੇ ਕੈਨੇਡਾ ਦਿਵਸ ਦੀ ਵਧਾਈ ਦਿੰਦੇ ਹੋਏ ਕੈਨੇਡਾ ਦੇ ਇਤਿਹਾਸ ਬਾਰੇ ਜਾਣਕਾਰੀ ਸਾਂਝੀ ਕੀਤੀ | ਸਟੇਜ ਸਕੱਤਰ ਦੀ ਭੂਮਿਕਾ ਅਸਮਾਨ ਮਹਿਮੂਦ ਨੇ ਬਾਖੂਬੀ ਨਿਭਾਈ |


ਆਸਟ੍ਰੇਲੀਆ ਇਕ ਸਾਲ ’ਚ ਸੱਦੇਗਾ

ਦੋ ਲੱਖ ਵਿਦੇਸ਼ੀ ਕਾਮੇ


ਸਿਡਨੀ, 28 ਜੂਨ - ਆਸਟ੍ਰੇਲੀਆ ਸਰਕਾਰ ਦੇਸ਼ ਅੰਦਰ ਆਪਣੀਆਂ ਘਰੇਲੂ ਜ਼ਰੂਰਤਾਂ ਨੂੰ ਪੂਰਾ ਕਰਨ ਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਇਰਾਦੇ ਨਾਲ ਵਿਦੇਸ਼ਾਂ ਤੋਂ ਵੱਡੇ ਪੱਧਰ ’ਤੇ ਕਾਮੇ ਸੱਦੇਗਾ। ਸਰਕਾਰ ਨੇ ਆਪਣੇ ਨਵੇਂ ਇਮੀਗ੍ਰੇਸ਼ਨ ਪ੍ਰੋਗਰਾਮ ਦਾ ਬਾਕਾਇਦਾ ਐਲਾਨ ਕਰ ਦਿੱਤਾ ਹੈ। ਆਸਟ੍ਰੇਲੀਆ ਆਉਂਦੇ ਇਕ ਵਰ੍ਹੇ ਵਿੱਚ ਕਰੀਬ ਦੋ ਲੱਖ ਲੋਕਾਂ ਨੂੰ ਪੱਕੇ ਵੀਜ਼ੇ ਦਿੰਦਿਆਂ ਵਿਦੇਸ਼ਾਂ ਤੋਂ ਸੱਦੇਗਾ। ਓਧਰ ਵੀਜ਼ਾ ਕਾਨੂੰਨਾਂ ਦੇ ਮਾਹਿਰਾਂ ਨੇ ਇਸ ਨੂੰ ਇਕ ਚੰਗਾ ਕਦਮ ਮੰਨਦਿਆਂ ਸਰਕਾਰ ਨੂੰ ਆਪਣੀ ਆਵਾਸ ਨੀਤੀ ਹੋਰ ਸਰਲ ਕਰਨ ਦੀ ਮੰਗ ਕੀਤੀ ਹੈ।
ਆਸਟ੍ਰੇਲੀਆ ਦੇ ਇਮੀਗ੍ਰੇਸ਼ਨ ਵਿਭਾਗ ਦੇ ਮੰਤਰੀ ਸਕੌਟ ਮੋਰੀਸਨ ਨੇ ਦੱਸਿਆ ਕਿ ਮੌਜੂਦਾ ਸਥਿਤੀ ਅਨੁਸਾਰ ਆਸਟ੍ਰੇਲੀਆ ਨੂੰ ਵੱਖ-ਵੱਖ ਖੇਤਰਾਂ ਵਿੱਚ ਕਾਮਿਆਂ ਦੀ ਜ਼ਰੂਰਤ ਹੈ। ਸਰਕਾਰ ਆਪਣੇ ਵਿੱਤੀ ਵਰ੍ਹੇ 2014-15 ਵਿੱਚ 1 ਲੱਖ 90 ਹਜ਼ਾਰ ਲੋਕਾਂ ਨੂੰ ਵਿਦੇਸ਼ਾਂ ਤੋਂ ਬੁਲਾਏਗੀ। ਇਨ੍ਹਾਂ ਵਿੱਚ ਵੱਡੀ ਗਿਣਤੀ 1,28,550 ਹੁਨਰਮੰਦ ਕਾਮਿਆਂ ਦੀ ਹੈ। ਇਥੇ ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਵਿੱਚ ਵਿੱਤੀ ਵਰ੍ਹਾ ਪਹਿਲੀ ਜੁਲਾਈ ਤੋਂ ਸ਼ੁਰੂ ਹੁੰਦਾ ਹੈ ਅਤੇ ਇਮੀਗ੍ਰੇਸ਼ਨ ਦੇ ਵਧੇਰੇ ਕਾਨੂੰਨ ਆਮ ਤੌਰ ’ਤੇ ਉਸ ਦਿਨ ਤੋਂ ਹੀ ਆਰੰਭ ਹੁੰਦੇ ਹਨ।
ਪ੍ਰਧਾਨ ਮੰਤਰੀ ਟੋਨੀ ਐਬਟ ਦੀ ਅਗਵਾਈ ਹੇਠਲੀ ਲਿਬਰਲ ਸਰਕਾਰ ਨੇ ਆਸਟ੍ਰੇਲੀਆ ਵਿੱਚ ਪੱਕੇ ਤੌਰ ’ਤੇ ਵਸਦੇ ਪਰਵਾਸੀਆਂ ਅੰਦਰ ਆਪਣੀ ਪਕੜ ਬਣਾਉਣ ਦੀ ਨੀਤੀ ਤਹਿਤ ਫੈਮਿਲੀ ਮਾਈਗ੍ਰੇਸ਼ਨ ਸਪਾਂਸਰਡ ਕੈਟਾਗਰੀ ਤਹਿਤ ਵੀ 60 ਹਜ਼ਾਰ 885 ਅਤੇ ਸਪੈਸ਼ਲ ਮਾਈਗ੍ਰੇਸ਼ਨ ਕੈਟਾਗਰੀ ਹੇਠ 565 ਯੋਗ ਵਿਅਕਤੀਆਂ ਨੂੰ ਨਵੇਂ ਵਿੱਤੀ ਵਰ੍ਹੇ ਵਿੱਚ ਵੀਜ਼ੇ ਦੇਣ ਦੀ ਯੋਜਨਾ ਬਣਾਈ ਹੈ। ਮੰਤਰੀ ਸਕੌਟ ਮੌਰੀਸਨ ਨੇ ਕਿਹਾ ਕਿ ਇਮੀਗ੍ਰੇਸ਼ਨ ਪ੍ਰੋਗਰਾਮ ਆਸਟ੍ਰੇਲੀਆ ਦੀ ਆਰਥਿਕਤਾ ਲਈ ਲਾਹੇਵੰਦ ਸਾਬਤ ਹੁੰਦਾ ਹੋਇਆ ਹਰ ਪਾਸੇ ਲੰਬੇ ਸਮੇਂ ਤੋਂ ਸਕਿਲਡ ਵਰਕਰਾਂ ਦੀ ਘਾਟ ਨੂੰ ਪੂਰਾ ਕਰੇਗਾ। ਇਸ ਦੇ ਨਾਲ ਹੀ ਇਹ ਪ੍ਰੋਗਰਾਮ ਸਮਾਜਿਕ ਤੌਰ ’ਤੇ ਪਰਿਵਾਰਾਂ ਦਾ ਮੇਲ-ਮਿਲਾਪ ਕਰਵਾਉਣ ਦੇ ਵੀ ਸਮਰਥ ਹੋਵੇਗਾ।
ਇਥੇ ਜ਼ਿਕਰਯੋਗ ਹੈ ਕਿ ਯੂਰਪ ਤੋਂ ਬਾਅਦ ਏਸ਼ੀਆ ਤੋਂ ਆਸਟ੍ਰੇਲੀਆ ਨੂੰ ਵੱਡੀ ਗਿਣਤੀ ਵਿੱਚ ਹੁਨਰਮੰਦ ਵਰਕਰ ਮਿਲਦੇ ਹਨ। ਏਸ਼ਿਆਈ ਦੇਸ਼ਾਂ ਵਿੱਚੋਂ ਭਾਰਤ ਵਿੱਚੋਂ ਬਿਹਤਰ ਹੁਨਰਮੰਦ ਕਾਮੇ, ਜਿਨ੍ਹਾਂ ਨੂੰ ਅੰਗਰੇਜ਼ੀ ਭਾਸ਼ਾ ਦਾ ਗਿਆਨ ਹੁੰਦਾ ਹੈ, ਵਧੇਰੇ ਗਿਣਤੀ ਵਿੱਚ ਆਸਟ੍ਰੇਲੀਆ ਪੁੱਜਦੇ ਹਨ।
ਓਧਰ ਆਸਟ੍ਰੇਲੀਅਨ ਇਮੀਗ੍ਰੇਸ਼ਨ ਕਾਨੂੰਨਾਂ ਦੇ ਮਾਹਿਰ ਪ੍ਰਭਜੋਤ ਸਿੰਘ ਸੰਧੂ ਤੇ ਡਾ. ਹਰਜਿੰਦਰ ਸਿੰਘ ਨੇ ਕਿਹਾ ਕਿ ਸਕਿਲਡ ਮਾਈਗ੍ਰੇਸ਼ਨ ਕਾਨੂੰਨਾਂ ਨਰਮ ਕੀਤਿਆਂ ਹੀ ਇਹ ਪ੍ਰੋਗਰਾਮ ਸੁਚਾਰੂ ਢੰਗ ਨਾਲ ਸਫਲ ਹੋ ਸਕਦਾ ਹੈ। ਸਕਿਲਡ ਸਕਰੀਨਿੰਗ ਦੀਆਂ ਬੇਲੋੜੀਆਂ ਪੇਚੀਦਗੀਆਂ ਤੇ ਆਈਲੈਟ ਟੈਸਟ ਦੀ ਸਕੋਰਿੰਗ ਨੂੰ ਘੱਟ ਕੀਤਿਆਂ ਹੀ ਆਸਟ੍ਰੇਲੀਆ ਦੀ ਡਿਮਾਂਡ ਤੇ ਸਪਲਾਈ ਪੂਰੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਖੁਦ ਆਸਟ੍ਰੇਲੀਅਨ ਸਕਿਲਡ ਗੋਰੇ ਆਈਲੈਟ ਟੈਸਟ ਦੀ ਸਕੋਰਿੰਗ ਪੂਰਾ ਨਹੀਂ ਕਰ ਸਕਦੇ ਜਦੋਂਕਿ ਇਨ੍ਹਾਂ ਦੀ ਮੂਲ ਭਾਸ਼ਾ, ਪੜ੍ਹਾਈ ਤੇ ਸਭਿਆਚਾਰ ਅੰਗਰੇਜ਼ੀ ਹੀ ਹੈ। ਅਜਿਹੀ ਹਾਲਤ ਵਿੱਚ ਨੌਂ ਨੰਬਰਾਂ ਵਾਲੇ ਆਈਲੈਟ ਟੈਸਟ ਵਿੱਚੋਂ ਵਿਦੇਸ਼ੀ ਖਾਸਕਰ ਏਸ਼ੀਅਨ ਸਕਿਲਡ ਵਰਕਰ ਕਿਵੇਂ ਸੱਤ ਤੋਂ ਅੱਠ ਅੰਕ ਇਕੋ ਵਾਰੀ ਵਿੱਚ ਹੀ ਅੰਗਰੇਜ਼ੀ ਦੀ ਬੋਲੀ, ਲਿਖਤੀ, ਸੁਣਨ ਤੇ ਪੜ੍ਹਨ ਵਿੱਚੋਂ ਪ੍ਰਾਪਤ ਕਰ ਸਕਦੇ ਹਨ। ਇਸ ਬਾਰੇ ਆਸਟ੍ਰੇਲੀਅਨ ਸਰਕਾਰ ਨੂੰ ਵਿਚਾਰ ਕਰਨਾ ਹੋਵੇਗਾ।


ਭਾਰਤ-ਬਰਤਾਨੀਆ ਵਿਦਿਅਕ ਸਾਂਝਾਂ

ਲਈ ਲਾਰਡ ਪਾਲ ਦਾ ਸਨਮਾਨ


ਲੰਡਨ, 26 ਜੂਨ - ਨਾਮਵਰ ਪਰਵਾਸੀ ਭਾਰਤੀ ਸਨਅਤਕਾਰ ਲਾਰਡ ਸਵਰਾਜ ਪਾਲ ਨੂੰ ਭਾਰਤ-ਬਰਤਾਨੀਆ ਵਿਦਿਅਕ ਸਬੰਧਾਂ ਲਈ ਵਿਸ਼ੇਸ਼ ਕਾਰਜ ਕਰਨ ਲਈ ਲਾਈਫ-ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਹੈ।
ਬੀਤੀ ਰਾਤ ਮੈਡਮ ਤੁਸਾਦ ਦੇ ਮੋਮ ਦੇ ਬੁੱਤਾਂ ਵਾਲੇ ਮਿਊਜ਼ੀਅਮ ਵਿੱਚ ਹੋਏ ਇਕ ਸਮਾਰੋਹ ਵਿੱਚ ਗਲੋਬਲ ਸਕਿੱਲ ਟਰੀ ਨੇ ਉਨ੍ਹਾਂ ਨੂੰ ਪੁਰਸਕਾਰ ਭੇਟ ਕੀਤਾ। ਲਾਰਡ ਪਾਲ ਨੇ ਕਿਹਾ ਕਿ ਜਦੋਂ ਤੁਹਾਨੂੰ ਤੁਹਾਡਾ ਆਪਣਾ ਹੀ ਭਾਈਚਾਰਾ ਮਾਨਤਾ ਦਿੰਦਾ ਹੈ ਤਾਂ ਬੜਾ ਚੰਗਾ ਲੱਗਦਾ ਹੈ।
ਕਪਾਰੋ ਗਰੁੱਪ ਦੇ ਮੁਖੀ ਅਤੇ ਯੂਕੇ ਦੀਆਂ ਦੋ ਪ੍ਰਮੁੱਖ ਯੂਨੀਵਰਸਿਟੀਆਂ ਵੁਲਵਰਹੈਂਪਟਨ ਅਤੇ ਵੈਸਟਮਿੰਸਟਰ ਦੇ ਚਾਂਸਲਰ ਪਾਲ ਨੇ ਕਿਹਾ ਕਿ ਸਿੱਖਿਆ ਹੀ ਇਕ ਅਜਿਹਾ ਖੇਤਰ ਹੈ ਜਿਸ ਵਿੱਚ ਭਾਰਤ ਵਿਸ਼ਵ ਦਾ ਆਗੂ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਨੂੰ ਵਿਸ਼ਵ ਕਲਾਸ ਯੂਨੀਵਰਸਿਟੀਆਂ ਦੀ ਲੋੜ ਹੈ ਤੇ ਕਿਸੇ ਵੀ ਭਾਰਤੀ ਸਰਕਾਰ ਲਈ ਏਜੰਡੇ ’ਤੇ ਪਹਿਲੀ ਲੋੜ ਸਿੱਖਿਆ ਹੋਣੀ ਚਾਹੀਦੀ ਹੈ। ਨਵੀਂ ਸਰਕਾਰ ਨੇ ਇਸ ਬਾਰੇ ਗੱਲਬਾਤ ਸ਼ੁਰੂ ਕੀਤੀ ਹੈ ਤੇ ਉਨ੍ਹਾਂ ਨੂੰ ਆਸ ਹੈ ਕਿ ਇਹ ਇਸ ਦਿਸ਼ਾ ਵਿੱਚ ਕੰਮ ਕਰਦੀ ਰਹੇਗੀ।
ਇਸ ਸਮਾਗਮ ਵਿੱਚ ਉਨ੍ਹਾਂ ਦੀ ਭਤੀਜੀ ਸੁਸ਼ਮਾ ਬਰਲੀਆ ਨੂੰ ਵੀ ਸਨਮਾਨਤ ਕੀਤਾ ਗਿਆ, ਜੋ ਪ੍ਰਸਿੱਧ ਏਪੀਜੇ ਸੱਤਿਆਪਾਲ ਗਰੁੱਪ ਆਫ ਐਜੂਕੇਸ਼ਨ (ਇੰਡੀਆ) ਦੀ ਪ੍ਰਧਾਨ ਹੈ। ਉਹ ਭਾਰਤ ਦੇ ਚੰਦ ਕੁ ਵਿਦਿਅਕ ਮਾਹਰਾਂ ਵਿੱਚੋਂ ਇਕ ਹੈ ਜਿਸ ਨੂੰ ਕੌਮਾਂਤਰੀ ਸਰਟੀਫਿਕੇਟ ਨਾਲ ਨਿਵਾਜਿਆ ਗਿਆ ਹੈ। ਉਸ ਦਾ ਸਨਮਾਨ ‘‘ਭਾਰਤੀ ਸਿੱਖਿਆ ਦੀ ਸਾਖ ਨੂੰ ਭਾਰਤ ਅਤੇ ਆਲਮੀ ਪੱਧਰ ਉਤੇ ਉਤਸ਼ਾਹਤ ਕਰਨ’’ ਲਈ ਕੀਤਾ ਗਿਆ। ਏਪੀਜੇ ਸੱਤਿਆ ਯੂਨੀਵਰਸਿਟੀ ਨੂੰ ਪਹਿਲੀ ਉਸ ਯੂਨੀਵਰਸਿਟੀ ਵਜੋਂ ਮਾਨਤਾ ਦਿੱਤੀ ਗਈ ਹੈ, ਜੋ ਭਾਰਤ ਦੇ ਪ੍ਰਸਿੱਧ ਦ੍ਰਿਸ਼ਟੀਵੇਤਾਵਾਂ ਵਿੱਚੋਂ ਇਕ ਮਰਹੂਮ ਡਾ. ਸੱਤਿਆਪਾਲ ਦੀ ਅਗਵਾਈ ’ਚ ਕਾਇਮ ਕੀਤੇ ਜਾਣ ਤੋਂ ਲੈ ਕੇ ਹੁਣ ਤੱਕ ਉਦਾਰ ਅਧਿਐਨ ਨੂੰ ਹੱਲਾਸ਼ੇਰੀ ਦੇ ਰਹੀ ਹੈ। ਡਾ. ਸੱਤਿਆਪਾਲ, ਲਾਰਡ ਸਵਰਾਜ ਪਾਲ ਦੇ ਭਰਾ ਸਨ। ਸੁਸ਼ਮਾ ਬਰਲੀਆ ਨੇ ਦੱਸਿਆ ਕਿ ਏਪੀਜੇ ਦੀ ਨੀਂਹ 48 ਸਾਲ ਪਹਿਲਾਂ ਉਨ੍ਹਾਂ ਦੇ ਪਿਤਾ ਡਾ. ਸੱਤਿਆਪਾਲ ਨੇ ਰੱਖੀ ਸੀ, ਜੋ ਮਾਨਵੀ ਕਦਰਾਂ-ਕੀਮਤਾਂ ’ਤੇ ਆਧਾਰਤ ਇਸ ਇੰਸਟਚਿਊਟ ਦੇ ਪ੍ਰੇਰਣਾ-ਸਰੋਤ ਸਨ।
ਗਲੋਬਲ ਸਕਿੱਲ ਟਰੀ ਭਾਰਤ ਵਿੱਚ ਇਕ ਵਿਚਾਰਸ਼ੀਲ ਸੰਸਥਾ ਹੈ, ਜੋ ਭਾਰਤ ਨੂੰ ਸਿੱਖਿਆ ਪੱਖੋਂ ਆਲਮੀ ਕੇਂਦਰ ਬਣਾਉਣ ਲਈ ਯਤਨਸ਼ੀਲ ਹੈ। ਇਸ ਦੇ ਬਾਨੀ ਸ਼ੇਖਰ ਭੱਟਾਚਾਰਜੀ ਨੇ ਇਸ ਨੂੰ ਵਿਲੱਖਣ ਮੰਚ ਕਰਾਰ ਦਿੱਤਾ। ਇਸ ਮੌਕੇ ਹੋਰ ਕਈ ਭਾਰਤੀ ਅਦਾਰਿਆਂ ਨੂੰ ਵੀ ਸਨਮਾਨਤ ਕੀਤਾ ਗਿਆ ਤੇ ਅਹਿਮ ਹਸਤੀਆਂ ਸਮਾਗਮ ’ਚ ਹਾਜ਼ਰ ਸਨ।


ਪ੍ਰੀਤੀ ਜ਼ਿੰਟਾ ਅਮਰੀਕਾ ਤੋਂ ਪਰਤੀ
ਪੁਲੀਸ ਦੋ ਦਿਨਾਂ ’ਚ ਦਰਜ ਕਰ ਸਕਦੀ ਹੈ ਬਿਆਨ


ਮੁੰਬਈ, 23 ਜੂਨ - ਸਾਬਕਾ ਪ੍ਰੇਮੀ ਅਤੇ ਉਦਯੋਗਪਤੀ ਨੈੱਸ ਵਾਡੀਆ ’ਤੇ ਬਦਸਲੂਕੀ ਦਾ ਦੋਸ਼ ਲਾਉਣ ਵਾਲੀ ਬਾਲੀਵੁੱਡ ਅਦਾਕਾਰਾ ਪ੍ਰੀਤੀ ਜ਼ਿੰਟਾ ਅੱਜ ਅਮਰੀਕਾ ਤੋਂ ਮੁੰਬਈ ਪਰਤ ਆਈ ਹੈ। ਉਹ ਅਗਲੇ ਦੋ ਦਿਨਾਂ ’ਚ ਪੁਲੀਸ ਕੋਲ ਆਪਣਾ ਬਿਆਨ ਦਰਜ ਕਰਵਾ ਸਕਦੀ ਹੈ।
39 ਵਰ੍ਹਿਆਂ ਦੀ ਪ੍ਰੀਤੀ ਜ਼ਿੰਟਾ 12 ਜੂਨ ਨੂੰ ਸ੍ਰੀ ਵਾਡੀਆ ਖ਼ਿਲਾਫ਼ ਐਫਆਈਆਰ ਦਰਜ ਕਰਵਾਉਣ ਤੋਂ ਬਾਅਦ ਮੁਲਕ ਤੋਂ ਬਾਹਰ ਚਲੀ ਗਈ ਸੀ। ਉਹ ਅੱਜ ਦੁਪਹਿਰ ਛਤਰਪਤੀ ਸ਼ਿਵਾਜੀ ਕੌਮਾਂਤਰੀ ਹਵਾਈ ਅੱਡੇ ’ਤੇ ਪਹੁੰਚੀ ਅਤੇ ਬਾਹਰ ਇੰਤਜ਼ਾਰ ਕਰ ਰਹੇ ਮੀਡੀਆ ਨਾਲ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ।
ਇਸ ਮਾਮਲੇ ਦੀ ਤਹਿਕੀਕਾਤ ਕਰ ਰਹੇ ਡਿਪਟੀ ਪੁਲੀਸ ਕਮਿਸ਼ਨਰ ਰਵਿੰਦਰ ਸ਼ਿਸਵੇ ਨੇ ਕਿਹਾ, ‘‘ਪ੍ਰੀਤੀ ਹੁਣ ਮੁੰਬਈ ਪਹੁੰਚ ਗਈ ਹੈ ਅਤੇ  ਉਸ ਦਾ ਬਿਆਨ ਛੇਤੀ ਦਰਜ ਕੀਤਾ ਜਾਵੇਗਾ।’’ ਇਕ ਹੋਰ ਅਧਿਕਾਰੀ ਨੇ ਕਿਹਾ ਕਿ ਫ਼ਿਲਮ ਅਦਾਕਾਰਾ ਦੇ ਬਿਆਨ ਭਲਕੇ ਜਾਂ ਮੰਗਲਵਾਰ ਨੂੰ ਦਰਜ ਕੀਤੇ ਜਾ ਸਕਦੇ ਹਨ। ਪ੍ਰੀਤੀ ਜ਼ਿੰਟਾ ਨੇ 12 ਜੂਨ ਨੂੰ ਪੁਲੀਸ ਕੋਲ ਦਿੱਤੀ ਸ਼ਿਕਾਇਤ ’ਚ ਦੋਸ਼ ਲਾਇਆ ਸੀ ਕਿ ਸ੍ਰੀ ਵਾਡੀਆ (44) ਨੇ 30 ਮਈ ਨੂੰ ਵਾਨਖੇੜੇ ਸਟੇਡੀਅਮ ’ਚ ਆਈਪੀਐਲ ਦੇ ਮੁਕਾਬਲੇ ਦੌਰਾਨ ਉਨ੍ਹਾਂ ਦੀ ਸਾਖ਼ ਨੂੰ ਦਾਗ਼ ਲਾਉਣ ਦੀ ਕੋਸ਼ਿਸ਼ ਕੀਤੀ ਸੀ। ਉਂਜ, ਨੈੱਸ ਵਾਡੀਆ ਨੇ ਇਨ੍ਹਾਂ ਦੋਸ਼ਾਂ ਨੂੰ ਝੂਠਾ ਅਤੇ ਆਧਾਰਹੀਣ ਕਰਾਰ ਦਿੱਤਾ ਹੈ।
ਸ੍ਰੀ ਸ਼ਿਸਵੇ ਨੇ ਕਿਹਾ ਕਿ ਪ੍ਰੀਤੀ ਤੋਂ ਘਟਨਾ ਦੇ ਸਥਾਨ ਅਤੇ ਮੌਕੇ ’ਤੇ ਮੌਜੂਦ ਲੋਕਾਂ ਬਾਰੇ ਪੁੱਛਗਿੱਛ ਕੀਤੀ ਜਾਵੇਗੀ। ਪ੍ਰੀਤੀ ਜ਼ਿੰਟਾ ਨੇ ਦਾਅਵਾ ਕੀਤਾ ਸੀ ਕਿ ਜਦੋਂ ਉਹ ਕਿੰਗਜ਼ ਇਲੈਵਨ ਅਤੇ ਚੇਨਈ ਸੁਪਰਕਿੰਗਜ਼ ਦੇ ਮੈਚ ਦੌਰਾਨ ਸੀਟ ਤੋਂ ਉੱਠੀ ਤਾਂ ਉਹ (ਨੈੱਸ) ਉਸ ਕੋਲ ਆਇਆ ਅਤੇ ਸਾਰਿਆਂ ਦੇ ਸਾਹਮਣੇ ਚੀਖ਼ਣਾ ਅਤੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਅਧਿਕਾਰੀ ਨੇ ਕਿਹਾ, ‘‘ਅਸੀਂ ਪ੍ਰੀਤੀ ਦੇ ਬੈਠਣ ਵਾਲੀ ਥਾਂ ਦੀ ਜਾਣਕਾਰੀ ਚਾਹੁੰਦੇ ਹਾਂ। ਨਾਲ ਹੀ ਕਿਨ੍ਹਾਂ ਸਾਹਮਣੇ ਇਹ ਘਟਨਾ ਵਾਪਰੀ, ਉਨ੍ਹਾਂ ਬਾਰੇ ਜਾਣਨਾ ਚਾਹੁੰਦੇ ਹਾਂ।’’ ਪੁਲੀਸ ਨੂੰ ਸੀਸੀਟੀਵੀ ਦੀ ਫੁਟੇਜ ਤੋਂ ਕੋਈ ਠੋਸ ਜਾਣਕਾਰੀ ਹਾਸਲ ਨਹੀਂ ਹੋ ਸਕੀ। ਇਸ ਲਈ ਉਹ ਪ੍ਰੀਤੀ ਜ਼ਿੰਟਾ ਦਾ ਬਿਆਨ ਲੈਣਾ ਚਾਹੁੰਦੀ ਹੈ। ਡੀਸੀਪੀ ਨੇ ਕਿਹਾ ਕਿ ਪ੍ਰੀਤੀ ਜ਼ਿੰਟਾ ਵੱਲੋਂ ਬਿਆਨ ਦਰਜ ਕਰਵਾਉਣ ਤੋਂ ਬਾਅਦ ਅਗਲੀ ਕਾਰਵਾਈ ਬਾਰੇ ਫ਼ੈਸਲਾ ਲਿਆ ਜਾਵੇਗਾ। ਜਾਂਚਕਰਤਾਵਾਂ ਨੇ ਸੰਕੇਤ ਦਿੱਤਾ ਹੈ ਕਿ ਨੈੱਸ ਵਾਡੀਆ ਨੂੰ ਪ੍ਰੀਤੀ ਜ਼ਿੰਟਾ ਦੇ ਬਿਆਨ ਦੇਣ ਮਗਰੋਂ ਪੁੱਛਗਿੱਛ ਲਈ ਸੱਦਿਆ ਜਾ ਸਕਦਾ ਹੈ।

ਕੈਨੇਡਾ ਵਿੱਚ ਪੰਜਾਬੀ ’ਤੇ

ਭਾਰੂ ਪੈਣ ਲੱਗੀ ਹਿੰਦੀ

ਵੈਨਕੂਵਰ, 22 ਜੂਨ - ਬੀਤੇ ਕੁਝ ਦਿਨਾਂ ਤੋਂ ਬੀਸੀ ਵਿੱਚ ਹਿੰਦੀ ਦੇ ਪੰਜਾਬੀ ਉਤੇ ਭਾਰੂ ਪੈਣ ਦੇ ਸੰਕੇਤ ਮਿਲਣ ਲੱਗੇ ਹਨ। ਕੁਝ ਥਾਵਾਂ ਉਪਰ ਲੱਗੇ ਸਾਈਨ ਬੋਰਡਾਂ ਉਤੋਂ ਪੰਜਾਬੀ ਮਿਟਾ ਕੇ ਹਿੰਦੀ ਲਿਖੀ ਜਾਣ ਲੱਗੀ ਹੈ।
ਵੈਨਕੂਵਰ ਹਵਾਈ ਅੱਡੇ ’ਤੇ ਪਹਿਲਾਂ ‘ਜੀ ਆਇਆਂ’ ਲਿਖਿਆ ਦਿਖਦਾ ਸੀ ਪਰ ਹੁਣ ਡਿਜੀਟਲ ਬੋਰਡ  ’ਤੇ ਹਿੰਦੀ ਵਿੱਚ ‘ਸਵਾਗਤਮ’ ਲਿਖ ਦਿੱਤਾ ਗਿਆ ਹੈ। ਕੁਝ ਹੋਰ ਥਾਵਾਂ ਪੀਸ ਆਰਚ ਰਸਤੇ ਅਮਰੀਕਾ ਤੋਂ ਕੈਨੇਡਾ ਦਾਖ਼ਲ ਹੋਣ ਵੇਲੇ ਲੱਗੇ ਬੋਰਡ ਅਤੇ ਅਲਬਰਟਾ ਤੋਂ ਬੀਸੀ ਵਿੱਚ ਦਾਖ਼ਲੇ ਵੇਲੇ ‘ਬੀਸੀ ਵਿੱਚ ਆਪ ਦਾ ਸਵਾਗਤ ਹੈ’ ਲੱਗਿਆ ਬੋਰਡ ਵੀ ਹੁਣ ਸਵਾਗਤਮ ਵਿੱਚ ਬਦਲ ਗਏ ਹਨ। ਸਰੀ ਜਿਥੇ ਅੱਧਿਓਂ ਵੱਧ ਅਬਾਦੀ ਪੰਜਾਬੀ ਲੋਕਾਂ ਦੀ ਹੈ ਤੇ ਹਿੰਦੀ ਬੋਲਣ ਵਾਲੇ ਆਟੇ ਵਿੱਚ ਲੂਣ ਬਰਾਬਰ ਹਨ, ਉਥੇ ਵੀ ਕਈ ਸੜਕਾਂ ’ਤੇ ਬੋਰਡ ਹਿੰਦੀ ਵਿੱਚ ਲਿਖੇ ਜਾਣ ਦੀ ਤਿਆਰੀ ਹੈ। ਕੁਝ ਇਕ ਸਰਕਾਰੀ ਅਦਾਰਿਆਂ ਦੇ ਬੋਰਡ ਹਿੰਦੀ ਵਿੱਚ ਹੋ ਵੀ ਗਏ ਹਨ। ਇਨ੍ਹਾਂ ਵਿੱਚ ਨਿਊਟਨ ਖੇਤਰ ਵਾਲਾ ਸਿਹਤ ਕੇਂਦਰ ਵੀ ਸ਼ਾਮਲ ਹੈ। ਪੰਜਾਬੀ ਪ੍ਰੇਮੀਆਂ ਦਾ ਕਹਿਣਾ ਹੈ ਕਿ ਇਹ ਸਾਰਾ ਕੁਝ ਕਿਸੇ ਸਾਜ਼ਿਸ਼ ਅਧੀਨ ਕੀਤਾ ਜਾ ਰਿਹਾ ਹੈ।
ਬੀਸੀ ਵਿੱਚ ਪੈਟਰੋਲ ਦੀਆਂ ਕੀਮਤਾਂ ਰਿਕਾਰਡ ਉਚਾਈ ’ਤੇ:ਬੀਸੀ ਵਿੱਚ ਪੈਟਰੋਲ ਦੀਆਂ ਕੀਮਤਾਂ ਵਿੱਚ ਰਿਕਾਰਡ ਤੋੜ ਵਾਧਾ ਹੋਇਆ ਹੈ। ਸ਼ਨੀਵਾਰ ਨੂੰ ਬੀਸੀ ਦੇ ਗੈਸ ਸਟੇਸ਼ਨਾਂ ’ਤੇ ਪੈਟਰੋਲ ਦੀ ਕੀਮਤ ਇਕ ਡਾਲਰ 56 ਸੈਂਟ ਹੋ ਗਈ ਜੋ ਚਾਰ ਮਹੀਨੇ ਪਹਿਲਾਂ ਇਸ ਤੋਂ 26 ਸੈਂਟ ਘੱਟ ਸੀ। ਇੰਜ ਚਾਰ ਮਹੀਨਿਆਂ ਵਿੱਚ ਪੈਟਰੋਲ ਦੀਆਂ ਕੀਮਤਾਂ ਵਿੱਚ 20 ਫ਼ੀਸਦੀ ਦਾ ਵਾਧਾ ਹੋ ਗਿਆ ਹੈ। ਇਸ ਖੇਤਰ ਨਾਲ ਸਬੰਧਤ ਕੁਝ ਲੋਕਾਂ ਦਾ ਕਹਿਣਾ ਹੈ ਕਿ ਕੀਮਤਾਂ ਵਿੱਚ ਵਾਧਾ ਰਿਫਾਇਨਰੀਆਂ ਦੀ ਸਫ਼ਾਈ ਕਾਰਨ ਪੈਦਾਵਾਰ ਘੱਟ ਹੋਣ ਨਾਲ ਹੋਇਆ ਹੈ।
ਸਰੀ ਵਿੱਚ ਹਫ਼ਤੇ ’ਚ ਤੀਜਾ ਕਤਲ : ਸਰੀ ਵਿੱਚ ਸ਼ਨੀਵਾਰ ਨੂੰ ਇਕ ਹੋਰ ਕਤਲ ਹੋ ਗਿਆ। ਕਲ ਵੀ 65 ਐਵੇਨਿਊ ’ਤੇ ਪੰਜਾਬੀ ਮੁੰਡੇ ਦਾ ਕਤਲ ਹੋਇਆ ਸੀ। ਸ਼ਨੀਵਾਰ ਨੂੰ 156 ਸਟਰੀਟ, 24 ਐਵੇਨਿਊ ’ਤੇ ਕਤਲ ਹੋ ਗਿਆ। ਪੁਲੀਸ ਵੱਲੋਂ ਮਾਮਲੇ ਦੀ ਤਹਿਕੀਕਾਤ ਕੀਤੀ ਜਾ ਰਹੀ ਹੈ।
ਕੈਨੇਡਾ ਵਿੱਚ ਹੁਣ ਦੋ ਸਾਲ ਦੇ ਵਰਕ ਪਰਮਿਟ ਮਿਲਣਗੇ: ਕੈਨੇਡਾ ਸਰਕਾਰ ਨੇ ਅਸਥਾਈ ਵਿਦੇਸ਼ੀ ਕਾਮਿਆਂ ਨੂੰ ਵਪਾਰਕ ਘਰਾਣਿਆਂ ਵੱਲੋਂ ਸੱਦਣ ’ਤੇ ਨਵੇਂ ਹੁਕਮ ਜਾਰੀ ਕੀਤੇ ਹਨ। ਇਮੀਗਰੇਸ਼ਨ ਮੰਤਰੀ ਕਰਿਸ ਅਲੈਗਜ਼ੈਂਡਰ ਅਤੇ ਰੁਜ਼ਗਾਰ ਮੰਤਰੀ ਜੇਸਨ ਕੈਨੀ ਨੇ ਦੱਸਿਆ ਕਿ ਫਾਸਟ ਫੂਡ ਵਾਲਿਆਂ ਉਤੇ ਇਸ ਬਾਰੇ ਕੁਝ ਮਹੀਨੇ ਪਹਿਲਾਂ ਲਾਈ ਗਈ ਪਾਬੰਦੀ ਹਟਾ ਲਈ ਗਈ ਹੈ, ਪਰ ਹੁਣ ਕੁਝ ਨਵੀਆਂ ਪਾਬੰਦੀਆਂ ਲਾ ਦਿੱਤੀਆਂ ਗਈਆਂ ਹਨ। ਹੁਣ ਵਪਾਰਕ ਅਦਾਰੇ ਘੱਟ ਤਨਖ਼ਾਹ ਦੇ ਲਾਲਚ ਨਾਲ ਕਿਸੇ ਵਿਦੇਸ਼ੀ ਕਾਮੇ ਨੂੰ ਨਹੀ ਸੱਦ ਸਕਣਗੇ। ਸੱਦੇ ਜਾਣ ਵਾਲੇ ਕਾਮਿਆਂ ਨੂੰ  ਹੁਣ ਪਹਿਲਾਂ ਦੇ ਚਾਰ ਸਾਲਾਂ ਦੀ ਬਜਾਏ ਸਿਰਫ਼ ਦੋ ਸਾਲਾਂ ਦਾ ਵਰਕ ਪਰਮਿਟ ਜਾਰੀ ਕੀਤਾ ਜਾਏਗਾ ਤੇ ਉਹ ਉਦੋਂ ਤੱਕ ਹੀ ਕੈਨੇਡਾ ਵਿੱਚ ਰਹਿ ਸਕਣਗੇ।  ਸਰਕਾਰ ਵੱਲੋਂ ਵਪਾਰਕ ਅਦਾਰਿਆਂ ਦੀ ਇਸ ਬਾਰੇ ਜਾਂਚ ਲਗਾਤਾਰ ਕੀਤੇ ਜਾਣ ਦੀ ਵਿਵਸਥਾ ਕੀਤੀ ਗਈ ਹੈ ਅਤੇ ਇੰਨਾਂ ਕਾਮਿਆਂ ਦੀ ਫੀਸ ਵੀ ਵਧਾ ਦਿੱਤੀ ਗਈ ਹੈ। ਮੰਤਰੀਆਂ ਨੇ ਦੱਸਿਆ ਕਿ ਕੁਝ ਵਪਾਰਕ ਘਰਾਣਿਆਂ ਵੱਲੋਂ ਇਸ ਸਹੂਲਤ ਦੀ ਉਲੰਘਣਾ ਕੀਤੇ ਜਾਣ ਕਾਰਨ ਅਜਿਹਾ ਕੀਤਾ ਗਿਆ ਹੈ ਅਤੇ ਕਾਮਿਆਂ ਦੇ ਸ਼ੋਸ਼ਣ ’ਤੇ ਵੀ ਨੱਥ ਪਾਉਣ ਦਾ ਯਤਨ ਕੀਤਾ ਗਿਆ ਹੈ।<< Start < Prev 1 2 3 4 5 6 7 8 9 10 Next > End >>

ਮੁੱਖ ਖ਼ਬਰਾਂ : 

ਖੇਡ ਖ਼ਬਰਾ : 

ਪੰਜਾਬ ਖ਼ਬਰਾਂ : 

ਨਵੇਂ ਲੇਖ : 

 

Random Video 

Latest Added Magzine 

Advertisement

Advertisement
Advertisement
Advertisement