Advertisement

International News 

ਮਧੇਸ਼ੀ ਪਾਰਟੀਆਂ ਅਤੇ ਮਾਓਵਾਦੀਆਂ ਨੇ

ਨੇਪਾਲ ’ਚ ਗੱਠਜੋੜ ਬਣਾਇਆ

ਕਾਠਮੰਡੂ, 12 ਜੁਲਾਈ - ਨੇਪਾਲ ਦੀ ਮੁੱਖ ਵਿਰੋਧੀ ਪਾਰਟੀ ਯੂਸੀਪੀਐਨ (ਮਾਓਵਾਦੀ) ਅਤੇ ਛੇ ਮਧੇਸ਼ੀ ਪਾਰਟੀਆਂ ਨੇ ਏਕਾ ਕਰਕੇ ਸੰਘੀ ਢਾਂਚੇ ’ਚ ਆਪਣੇ ਲਈ ਵਿਸ਼ੇਸ਼ ਰਿਆਇਤਾਂ ਦੀ ਮੰਗ ਕੀਤੀ ਹੈ। ਇਕ ਸਮਾਗਮ ਦੌਰਾਨ ਫੈਡਰਲ ਰਿਪਬਲਿਕ ਅਲਾਇੰਸ ਬਣਾਉਣ ਦਾ ਐਲਾਨ ਕੀਤਾ ਗਿਆ ਜਿਸ ’ਚ ਪ੍ਰਚੰਡ ਦੀ ਅਗਵਾਈ ਹੇਠਲੀ ਯੂਸੀਪੀਐਨ (ਮਾਓਵਾਦੀ), ਮਧੇਸ਼ੀ ਜਨਾਧਿਕਾਰ ਫੋਰਮ (ਲੋਕਤਾਂਤਰਿਕ), ਮਧੇਸ਼ੀ ਜਨਾਧਿਕਾਰ ਫੋਰਮ-ਨੇਪਾਲ, ਤਰਾਈ ਮਧੇਸ਼ ਲੋਕਤਾਂਤਰਿਕ ਪਾਰਟੀ, ਸਦਭਾਵਨਾ ਪਾਰਟੀ, ਫੈਡਰਲ ਸੋਸ਼ਲਿਸਟ ਪਾਰਟੀ ਅਤੇ ਤਰਾਈ ਮਧੇਸ਼ ਸਦਭਾਵਨਾ ਪਾਰਟੀ ਸ਼ਾਮਲ ਹਨ।
ਸਦਭਾਵਨਾ ਪਾਰਟੀ ਦੇ ਪ੍ਰਧਾਨ ਰਾਜਿੰਦਰ ਮਹਾਤੋ ਨੇ ਕਿਹਾ ਕਿ ਗਠਜੋੜ ਕਾਇਮ ਕਰਨ ਦਾ ਮਕਸਦ ਵੱਡੀਆਂ ਪਾਰਟੀਆਂ ਨੇਪਾਲੀ ਕਾਂਗਰਸ ਅਤੇ ਸੀਪੀਐਨ-ਯੂਐਮਐਲ ’ਤੇ ਦਬਾਅ ਪਾ ਕੇ ਵੱਖ-ਵੱਖ ਸਮੇਂ ’ਤੇ ਕੀਤੇ ਗਏ ਮਧੇਸ਼ ਸੰਘਰਸ਼ਾਂ ਦੌਰਾਨ ਲੋਕਾਂ ਦੀਆਂ ਉਮੀਦਾਂ ਬਾਰੇ ਜਾਣਕਾਰੀ ਦੇਣਾ ਹੈ। ਉਨ੍ਹਾਂ ਕਿਹਾ ਕਿ ਨਵੇਂ ਸੰਵਿਧਾਨ ਦੇ ਖਰੜੇ ’ਚ ਸਿਆਸੀ ਲਹਿਰਾਂ ਨੂੰ ਵੀ ਧਿਆਨ ’ਚ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਉਹ ਛੇ ਮਹੀਨਿਆਂ ਅੰਦਰ ਸੰਵਿਧਾਨ ਘੜਨ ਲਈ ਸਰਕਾਰ ’ਤੇ ਦਬਾਅ ਬਣਾਉਣਗੇ।
ਯੂਸੀਪੀਐਨ (ਮਾਓਵਾਦੀ) ਦੇ ਆਗੂ ਅਗਨੀ ਸਪਕੋਟਾ ਨੇ ਕਿਹਾ ਕਿ ਨਵੇਂ ਸੰਵਿਧਾਨ ’ਚ ਮੁਲਕ ਦੇ ਪ੍ਰਗਤੀਵਾਦੀ ਢਾਂਚੇ ਨੂੰ ਯਕੀਨੀ ਬਣਾਇਆ ਜਾਵੇ।
ਇਨ੍ਹਾਂ ਪਾਰਟੀਆਂ ਨੇ ਯੂਸੀਪੀਐਨ (ਮਾਓਵਾਦੀ) ਦੀ ਅਗਵਾਈ ਹੇਠਲੀ ਸਰਕਾਰ ਦੌਰਾਨ ਵੀ ਅਜਿਹਾ ਗਠਜੋੜ ਬਣਾਇਆ ਸੀ। ਇਹ ਗਠਜੋੜ ਉਸ ਸਮੇਂ ਟੁੱਟ ਗਿਆ ਸੀ ਜਦੋਂ ਨਵੰਬਰ 2013 ’ਚ ਦੂਜੀ ਸੰਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮਧੇਸ਼ ਆਧਾਰਤ ਪਾਰਟੀਆਂ ਨੇ ਯੂਸੀਪੀਐਨ (ਮਾਓਵਾਦੀ) ਨਾਲ ਚੋਣ ਭਾਈਵਾਲ ਕਰਨ ਤੋਂ ਇਨਕਾਰ ਕਰ ਦਿੱਤਾ ਸੀ।


ਵਜ਼ੀਰਿਸਤਾਨ ਡਰੋਨ ਹਮਲੇ

ਵਿੱਚ 7 ਅਤਿਵਾਦੀ ਹਲਾਕ

ਇਸਲਾਮਾਬਾਦ, 11 ਜੁਲਾਈ - ਪਾਕਿਸਤਾਨ ਦੇ ਉੱਤਰੀ ਵਜ਼ੀਰਿਸਤਾਨ ਕਬਾਇਲੀ ਖੇਤਰ ਵਿੱਚ ਅਮਰੀਕੀ ਡਰੋਨ ਹਮਲੇ ਵਿੱਚ ਚਾਰ ਵਿਦੇਸ਼ੀ ਲੜਾਕੂਆਂ ਸਮੇਤ ਘੱਟੋ-ਘੱਟ 7 ਅਤਿਵਾਦੀ ਮਾਰੇ ਗਏ। ਇਸੇ ਖਿੱਤੇ ਵਿੱਚ ਦੇਸ਼ ਦੀ ਫੌਜ ਤਾਲਿਬਾਨ ਬਾਗੀਆਂ ਵਿਰੁੱਧ ਜ਼ੋਰਦਾਰ ਅਪਰੇਸ਼ਨ ਚਲਾ ਰਹੀ ਹੈ। ਦੇਸ਼ ਦੇ ਗੜਬੜਗ੍ਰਸਤ ਬਲੋਚਿਸਤਾਨ ਸੂਬੇ ਵਿੱਚ ਫਰੰਟੀਅਰ ਕੋਰ (ਐਸਸੀ) ਦੀ ਚੌਕੀ ’ਤੇ ਅਣਪਛਾਤੇ ਅਤਿਵਾਦੀਆਂ ਵੱਲੋਂ ਕੀਤੇ ਗਏ ਇਕ ਹਮਲੇ ਵਿੱਚ ਅਰਧ ਸੈਨਿਕ ਬਲਾਂ ਦੇ ਪੰਜ ਸੈਨਿਕ ਮਾਰੇ ਗਏ। ਰੇਡੀਓ ਪਾਕਿਸਤਾਨ ਅਨੁਸਾਰ ਇਹ ਘਟਨਾ ਲੋਰਾਲਈ ਜ਼ਿਲ੍ਹੇ ਦੇ ਡੁੱਕੀ ਖੇਤਰ ਵਿੱਚ ਵਾਪਰੀ।
ਇਕ ਸੁਰੱਖਿਆ ਅਧਿਕਾਰੀ ਨੇ ਦੱਸਿਆ ਕਿ ਅਮਰੀਕਾ ਦੇ ਮਾਨਵ-ਰਹਿਤ ਜਹਾਜ਼ ਨੇ ਦੱਤਾਖੇਲ ਸਬ-ਡਵੀਜ਼ਨ ਦੇ ਪਿੰਡ ਮੱਦਾਖੇਲ ਵਿੱਚ ਇਕ ਘਰ ਅਤੇ ਇਕ ਵਾਹਨ ਉਤੇ ਦੋ ਮਿਸਾਈਲਾਂ ਦਾਗੀਆਂ। ਮੁੱਢਲੀਆਂ ਰਿਪੋਰਟਾਂ ਦਾ ਕਹਿਣਾ ਸੀ ਕਿ ਸੱਤ ਲੋਕ ਮਾਰੇ      ਗਏ ਸਨ ਤੇ ਤਿੰਨ ਇਸ ਹਮਲੇ ਵਿੱਚ ਜ਼ਖਮੀ ਹੋਏ ਸਨ। ਇਕ ਹੋਰ ਅਧਿਕਾਰੀ ਅਨੁਸਾਰ ਮਾਰੇ ਗਏ ਅਤਿਵਾਦੀਆਂ ਵਿੱਚੋਂ ਚਾਰ ਵਿਦੇਸ਼ੀ ਸਨ। ਇਨ੍ਹਾਂ ਦੇ ਮੁਲਕਾਂ ਦੇ ਨਾਮ ਨਹੀਂ ਦਿੱਤੇ ਗਏ ਪਰ ਦੱਤਾਖੇਲ ਖੇਤਰ ਅਫ਼ਗਾਨ ਬਾਗੀਆਂ ਵੱਲੋਂ ਚਲਾਏ ਜਾ ਰਹੇ ਹੱਕਾਨੀ ਨੈੱਟਵਰਕ ਦਾ ਵੱਡਾ ਗੜ੍ਹ ਹੈ। ਪਾਕਿਸਤਾਨ ਨੇ ਜ਼ਿਲ੍ਹੇ ਵਿੱਚੋਂ ਅਲ-ਕਾਇਦਾ ਦੇ ਸਥਾਨਕ ਤੇ ਵਿਦੇਸ਼ੀ ਅਤਿਵਾਦੀਆਂ ਦੇ ਸਫਾਏ ਲਈ ਪਿਛਲੇ ਮਹੀਨੇ ਤੋਂ ਇਥੇ ਫੌਜੀ ਅਪਰੇਸ਼ਨ ਸ਼ੁਰੂ ਕੀਤਾ ਹੋਇਆ ਹੈ। ਸੂਬਾ ਬਲੋਚਿਸਤਾਨ ਵਿੱਚ ਫਰੰਟੀਅਰ ਕੋਰ ਦੀ ਚੌਕੀ ਉਤੇ ਅਣਪਛਾਤੇ ਅਤਿਵਾਦੀਆਂ ਵੱਲੋਂ ਕੀਤੇ ਗਏ ਹਮਲੇ ਵਿੱਚ ਅਰਧ ਸੈਨਿਕ ਬਲਾਂ ਦੇ ਪੰਜ ਮੈਂਬਰ ਮਾਰੇ ਗਏ। ਸੁਰੱਖਿਆ ਬਲਾਂ ਨੇ ਘਟਨਾ ਮਗਰੋਂ ਤਲਾਸ਼ੀਆਂ ਦਾ ਦੌਰ ਆਰੰਭਿਆ ਪਰ ਹਾਲੇ ਤੱਕ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਕਿਸੇ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਵੀ ਨਹੀਂ ਲਈ ਪਰ ਬਲੋਚ ਰਾਸ਼ਟਰਵਾਦੀ ਅਕਸਰ ਸੁਰੱਖਿਆ ਬਲਾਂ ’ਤੇ ਹਮਲੇ ਕਰਦੇ ਰਹਿੰਦੇ ਹਨ।


ਅਫ਼ਗਾਨਿਸਤਾਨ ਵਿੱਚ ਹਿੰਸਾ

ਦੀਆਂ ਘਟਨਾਵਾਂ ਵਧੀਆਂ

ਕਾਬੁਲ, 10 ਜੁਲਾਈ -  ਅਫ਼ਗਾਨਿਸਤਾਨ ’ਚ ਸਾਲ ਦੇ ਪਹਿਲੇ ਅੱਧ ਦੌਰਾਨ ਹਿੰਸਾ ’ਚ ਭਾਰੀ ਵਾਧਾ ਹੋਇਆ ਹੈ। ਸੰਯੁਕਤ ਰਾਸ਼ਟਰ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਪਿਛਲੇ ਵਰ੍ਹੇ ਨਾਲੋਂ 24 ਫ਼ੀਸਦੀ ਤੋਂ ਵੱਧ ਆਮ ਲੋਕ ਹਿੰਸਾ ਦੇ ਸ਼ਿਕਾਰ ਹੋਏ ਹਨ। ਸੰਯੁਕਤ ਰਾਸ਼ਟਰ ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਆਈਵੀਡੀ ਰਾਹੀਂ ਧਮਾਕੇ ਕਰਨ ਦੀ ਬਜਾਏ ਦਹਿਸ਼ਤੀ ਗੁੱਟਾਂ ਨੇ ਘਾਤ ਲਾ ਕੇ ਹਮਲੇ ਕਰਨ ਦਾ ਨਵਾਂ ਰਾਹ ਚੁਣਿਆ ਹੈ। ਅਜਿਹੇ ਹਮਲਿਆਂ ਨਾਲ ਮਹਿਲਾਵਾਂ ਅਤੇ ਬੱਚੇ ਵੀ ਗੋਲੀਬਾਰੀ ਦੀ ਆੜ ’ਚ ਆ ਜਾਂਦੇ ਹਨ। ਸੰਯੁਕਤ ਰਾਸ਼ਟਰ ਦੇ ਅਫ਼ਗਾਨਿਸਤਾਨ ’ਚ ਮਿਸ਼ਨ ਚੀਫ ਜੈਨ ਕੁਬੀਸ ਨੇ ਕਿਹਾ ਕਿ ਜੂਨ ਮਹੀਨੇ ਤੱਕ 4853 ਆਮ ਲੋਕ ਦਹਿਸ਼ਤੀ ਹਮਲਿਆਂ ਦਾ ਸ਼ਿਕਾਰ ਹੋਏ ਹਨ। ਇਨ੍ਹਾਂ ’ਚੋਂ 1564 ਲੋਕਾਂ ਦੀ ਮੌਤ ਗਈ ਜਦੋਂਕਿ 3289 ਜ਼ਖ਼ਮੀ ਹੋ ਗਏ।
ਅਮਰੀਕਾ ਦੀ ਅਗਵਾਈ ਹੇਠਲੀ ਨਾਟੋ ਫੌਜਾਂ ਦੇ ਇਸ ਸਾਲ ਦੇ ਅਖੀਰ ’ਚ ਵਾਪਸ ਜਾਣ ਕਾਰਨ ਤਾਲਿਬਾਨ ਹਮਲਿਆਂ ’ਚ ਤੇਜ਼ੀ ਲੈ ਆਉਂਦੀ ਹੈ। ਉਧਰ ਸਿਆਸੀ ਪੱਧਰ’ਤੇ ਵੀ ਖੜੋਤ ਕਾਰਨ ਹਾਲਾਤ ਬਦ ਤੋਂ ਬਦਤਰ ਹੁੰਦੇ  ਜਾ ਰਹੇ ਹਨ। ਰਾਸ਼ਟਰਪਤੀ ਅਹੁਦੇ ਲਈ ਹੋਈ ਚੋਣ ਦੇ ਨਤੀਜੇ ਨੂੰ ਇਕ ਉਮੀਦਵਾਰ ਅਬਦੁੱਲਾ ਅਬਦੁੱਲਾ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ।
ਦੱਖਣੀ ਸੂਬੇ ਹੇਲਮੰਡ ’ਚ ਮਈ ਮਹੀਨੇ ਦੌਰਾਨ ਅਮਰੀਕੀ ਫੌਜਾਂ ਦੀ ਵਾਪਸੀ ਤੋਂ ਬਾਅਦ ਪਿਛਲੇ ਕੁਝ ਹਫਤਿਆਂ ’ਚ ਤਾਲਿਬਾਨ ਅਤੇ ਅਫ਼ਗਾਨ ਸੁਰੱਖਿਆ ਬਲਾਂ ਵਿਚਕਾਰ ਜੰਮ ਕੇ ਲੜਾਈ ਹੋਈ ਹੈ। ਅਫ਼ਗਾਨਿਸਤਾਨ ਦੇ ਵਿਗੜਦੇ ਹਾਲਾਤ ਨੂੰ ਦੇਖਦਿਆਂ  ਸੰਯੁਕਤ ਰਾਸ਼ਟਰ ਸਮੇਤ ਹੋਰ ਮੁਲਕਾਂ ’ਚ ਬੇਚੈਨੀ ਦਾ ਮਾਹੌਲ ਹੈ ਅਤੇ ਉਨ੍ਹਾਂ ਖਦਸ਼ਾ ਪ੍ਰਗਟਾਇਆ ਹੈ ਕਿ ਆਉਂਦੇ ਸਮੇਂ ’ਚ ਖੂਨ-ਖਰਾਬਾ ਵੱਧ ਸਕਦਾ ਹੈ।


ਬਰਤਾਨੀਆ ਵੱਲੋਂ ਭਾਰਤ ਨਾਲ

ਪੁਖ਼ਤਾ ਸਬੰਧਾਂ ਲਈ ਪਹਿਲਕਦਮੀ
ਭਾਰਤ ਫੇਰੀ ਮੌਕੇ ਬਰਤਾਨਵੀ ਦੇ ਵਿਦੇਸ਼ ਮੰਤਰੀ ਵਿਲੀਅਮ ਹੇਗ ਅਤੇ ਖਜ਼ਾਨਾ

ਮੰਤਰੀ ਜਾਰਜ ਓਸਬੌਰਨ ਦਾ ਭਾਰਤ ਵਾਸੀਆਂ ਦੇ ਨਾਂ ਸੰਦੇਸ਼


ਸਾਰੀ ਦੁਨੀਆਂ ਨੇ ਮਨੁੱਖਤਾ ਦੇ ਇਤਿਹਾਸ ਵਿੱਚ ਸਭ ਤੋਂ ਵੱਡੀ ਚੋਣ  ਪ੍ਰਕਿਰਿਆ ਵਿੱਚੋਂ ਭਾਰਤ ਨੂੰ ਗੁਜ਼ਰਦਿਆਂ ਦੇਖਿਆ ਹੈ ਅਤੇ ਅਸੀਂ ਵੀ ਦੇਖਣੋਂ ਅਣਭਿੱਜ ਨਹੀਂ ਰਹਿ ਸਕੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਤਿਹਾਸਕ ਜਿੱਤ ਅਤੇ ਉਨ੍ਹਾਂ ਦੀਆਂ ਭਾਰਤ ਦੇ ਭਵਿੱਖ ਲਈ ਪ੍ਰਭਾਵਸ਼ਾਲੀ ਯੋਜਨਾਵਾਂ ਨੇ ਸਮੁੱਚੇ ਵਿਸ਼ਵ ਦਾ ਧਿਆਨ ਖਿੱਚਿਆ ਹੈ।
ਭਾਰਤ ਦੇ ਲੋਕਾਂ ਨੇ ਉਨ੍ਹਾਂ ਦੀ ਸਰਕਾਰ ਨੂੰ ਤਬਦੀਲੀ ਅਤੇ ਸੁਧਾਰਾਂ ਲਈ ਫਤਵਾ ਦਿੱਤਾ ਹੈ ਜਿਨ੍ਹਾਂ ਨਾਲ ਦੇਸ਼ ਦੀ ਕਾਇਆਕਲਪ ਹੋ ਸਕੇ। ਤੁਹਾਡੇ ਪ੍ਰਧਾਨ ਮੰਤਰੀ ਦੀ ਲੋਕ ਹਿੱਤ ਵਾਲੇ ਵਿਕਾਸ ਤੇ ਵਾਧੇ ਸਬੰਧੀ ਦੂਰਅੰਦੇਸ਼ੀ ਤੋਂ ਪ੍ਰਭਾਵਿਤ ਹੋ ਕੇ ਬਰਤਾਨੀਆ, ਭਾਰਤ ਨਾਲ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਲਈ ਤਿਆਰ ਹੈ। ਇਨ੍ਹਾਂ ਅਹਿਮ ਮੁੱਦਿਆਂ ਕਰਕੇ ਬਰਤਾਨੀਆ ਦੇ ਵਿਦੇਸ਼ ਮੰਤਰੀ ਅਤੇ ਖਜ਼ਾਨਾ ਮੰਤਰੀ ਦੀ ਹੈਸੀਅਤ ਵਿੱਚ ਅਸੀਂ ਇਕ ਟੀਮ ਵਜੋਂ ਇਸ ਹਫਤੇ ਭਾਰਤ ਆ ਰਹੇ ਹਾਂ ਤਾਂ ਜੋ ਦੋਵਾਂ ਦੇਸ਼ਾਂ ਵਿੱਚ ਨਵੀਂ ਭਾਈਵਾਲੀ ਦੀ ਸ਼ੁਰੂਆਤ ਹੋ ਸਕੇ।ਸਾਡੇ ਪਹਿਲਾਂ ਹੀ ਬਹੁਤ ਗੂੜ੍ਹੇ ਤੇ ਅਹਿਮ ਸਬੰਧ ਹਨ ਪਰ ਇਹ ਹੋਰ ਵੀ ਮਜ਼ਬੂਤ ਕੀਤੇ ਜਾ ਸਕਦੇ ਹਨ ਤੇ ਇਸ ਲਈ ਹੀ ਪਿਛਲੇ ਚਾਰ ਸਾਲ ਤੋਂ ਸਾਡੀ ਸਰਕਾਰ ਆਪਸੀ ਭਾਈਵਾਲੀ ਦੇ ਆਧਾਰ ਨੂੰ ਮਜ਼ਬੂਤ ਕਰਨ ਲਈ ਵਿਆਪਕ ਕੋਸ਼ਿਸ਼ਾਂ ਕਰ ਰਹੀ ਹੈ। ਇਨ੍ਹਾਂ ਯਤਨਾਂ ਵਜੋਂ ਹੀ ਬੀਤੇ ਸਮੇਂ ਵਿੱਚ ਬਰਤਾਨੀਆ ਦੇ ਪੰਜਾਹ ਮੰਤਰੀ ਭਾਰਤ ਯਾਤਰਾ ਕਰ ਚੁੱਕੇ ਹਨ। ਇਸ ਲਈ ਅਸੀਂ ਆਪਣੇ ਕੂਟਨੀਤਕ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਲੱਗੇ ਹਾਂ ਤੇ ਅਸੀਂ ਵਪਾਰ ਤੇ ਨਿਵੇਸ਼ ਵਿੱਚ ਤੇਜ਼ੀ ਲਿਆਉਣ ਲਈ ਨਵੀਂ ਊਰਜਾ ਭਰੀ ਹੈ। ਸਾਡੇ ਦੋਵਾਂ ਦੇਸ਼ਾਂ ਦੀਆਂ ਕੋਸ਼ਿਸ਼ਾਂ ਨੂੰ ਬੂਰ ਵੀ ਪੈ ਰਿਹਾ ਹੈ। ਇਸ ਸਮੇਂ ਸਾਲ 2009 ਦੇ ਮੁਕਾਬਲੇ ਦੁਵੱਲੇ ਵਪਾਰ ਵਿੱਚ ਕੋਈ 50 ਫੀਸਦੀ ਵਾਧਾ ਹੋਇਆ ਹੈ। ਬਰਤਾਨੀਆ ਦੀਆਂ ਕੰਪਨੀਆਂ ਨੇ ਭਾਰਤ ਵਿੱਚ ਸਭ ਤੋਂ ਵੱਧ ਨਿਵੇਸ਼ ਕੀਤਾ ਹੈ ਅਤੇ ਭਾਰਤੀਆਂ ਨੇ ਵੀ ਸਮੁੱਚੀ ਯੂਰਪੀ ਯੂਨੀਅਨ ਤੋਂ ਵੱਧ ਇਕੱਲੇ ਇੰਗਲੈਂਡ ਵਿੱਚ ਨਿਵੇਸ਼ ਕੀਤਾ ਹੈ।
ਅਸੀਂ ਇਸ ਹਫਤੇ ਆਰਥਿਕ ਵਿਕਾਸ ਤੇ ਵਿਸ਼ਵ ਪੱਧਰ ਉੱਤੇ ਆਪਸੀ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਲਈ ਮੋਦੀ ਸਰਕਾਰ ਦੀਆਂ ਯੋਜਨਾਵਾਂ ਦੀ ਹਮਾਇਤ ਕਰਦੇ ਹਾਂ ਅਤੇ ਮਿਲ ਕੇ ਕੰਮ ਕਰਨ ਦੇ ਚਾਹਵਾਨ ਹਾਂ। ਜਿਸ ਤਰ੍ਹਾਂ ਭਾਰਤ ਵਿਆਪਕ ਤਬਦੀਲੀਆਂ ਲਈ ਵੱਡੇ ਪੱਧਰ ‘ਤੇ ਤਿਆਰੀ ਕਰ ਰਿਹਾ ਹੈ, ਤਾਂ ਸਾਡਾ ਯਕੀਨ ਹੈ ਕਿ ਬਰਤਾਨੀਆ ਵੀ ਇਸ ਵਿੱਚ ਅਹਿਮ ਯੋਗਦਾਨ ਪਾ ਸਕਦਾ ਹੈ। ਪਹਿਲੀ ਗੱਲ ਸਾਡੇ ਦੁਵੱਲੇ ਵਪਾਰ ਤੇ ਨਿਵੇਸ਼ ਵਿੱਚ ਵਿਕਾਸ ਦੀ ਅਥਾਹ ਸੰਭਾਵਨਾ ਹੈ। ਬਰਤਾਨਵੀ ਕੰਪਨੀਆਂ ਇਸ ਸਮੇਂ ਸਵਿਟਜ਼ਰਲੈਂਡ ਨੂੰ ਵੇਚਣ ਵਾਲੇ ਸਾਮਾਨ ਤੋਂ ਵੀ ਘੱਟ ਸਾਮਾਨ ਭਾਰਤ ਨੂੰ ਵੇਚ ਰਹੀਆਂ ਹਨ ਜਦੋਂਕਿ ਸਵਿਟਜ਼ਰਲੈਂਡ ਭਾਰਤ ਤੋਂ ਆਕਾਰ ਵਿੱਚ ਡੇਢ ਸੌ ਗੁਣਾ ਛੋਟਾ ਹੈ। ਇਸ ਵਰਤਾਰੇ ਨੂੰ ਬਦਲਣ ਦੀ ਲੋੜ ਹੈ ਤੇ ਬਰਤਾਨਵੀ ਆਰਥਿਕਤਾ ਵਿੱਚ ਵਪਾਰ ਲਈ ਨਵੀੱਂ ਪਹਿਲਕਦਮੀ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਅਸੀਂ ਹੋਰ ਕਿਸੇ ਵੀ ਪੱਛਮੀ ਦੇਸ਼ ਨਾਲੋਂ ਵੱਧ ਤੇਜ਼ੀ ਨਾਲ ਵਿਕਾਸ ਕਰ ਰਹੇ ਹਾਂ। ਅਸੀਂ ਬਰਾਮਦਾਂ ਨੂੰ ਉਤਸ਼ਾਹਤ ਕਰਨ ਵਾਲਾ ਮਾਹੌਲ ਸਿਰਜਿਆ ਹੈ ਤੇ ਅਸੀਂ ਆਪਣੇ ਕਾਰੋਬਾਰ ਮਾਹੌਲ ਨੂੰ ਵਧੇਰੇ ਸਮਰੱਥ ਬਣਾਇਆ ਹੈ। ਅਸੀਂ ਚਾਹੁੰਦੇ ਹਾਂ ਕਿ ਟਾਟਾ ਵੱਲੋਂ ਕੀਤੀ ਪਹਿਲਕਦਮੀ ਤੋਂ ਬਾਅਦ ਹੋਰ ਕੰਪਨੀਆਂ ਭਾਰਤ ਆਉਣ। ਅਸੀਂ ਭਾਰਤ ਵਿੱਚ ਬੁਨਿਆਦੀ ਢਾਂਚੇ ਨੂੰ ਵਿਕਸਤ ਕਰਨ ਲਈ ਸਹਾਇਤਾ ਦੇਣ ਲਈ ਤਿਆਰ ਹਾਂ। ਅਸੀਂ ਚਾਹੁੰਦੇ ਹਾਂ ਜਿਨ੍ਹਾਂ ਬਰਤਾਨਵੀ ਫਰਮਾਂ ਨੇ ਲੰਡਨ ਓਲੰਪਿਕ ਮੌਕੇ ਮੁੱਢਲੇ ਢਾਂਚੇ ਦੀ ਉਸਾਰੀ ਕੀਤੀ ਹੈ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਕ ਸੌ ਨਵੇਂ ਸ਼ਹਿਰ ਉਸਾਰਨ ਦੀ ਯੋਜਨਾ ਵਿੱਚ ਉਨ੍ਹਾਂ ਦੀ ਸਹਾਇਤਾ ਲਈ ਜਾਵੇ। ਸਾਡੀਆਂ ਵਿਸ਼ਵ ਦੀਆਂ ਮੋਹਰੀ ਟਰਾਂਸਪੋਰਟ ਕੰਪਨੀਆਂ ਭਾਰਤ ਵਿੱਚ ਨਵੀਆਂ ਸੜਕਾਂ, ਹਵਾਈ ਅੱਡੇ, ਰੇਲਵੇ ਤੇ ਬੰਦਰਗਾਹਾਂ ਉਸਾਰਨ ਵਿੱਚ ਸਹਾਇਕ ਹੋ ਸਕਦੀਆਂ ਹਨ। ਇਸ ਦੇ ਨਾਲ-ਨਾਲ ਸਾਡੀਆਂ ਰੱਖਿਆ ਖੇਤਰ ਦੀਆਂ ਅਤੇ ਪੁਲਾੜ ਕੰਪਨੀਆਂ ਵੀ ਭਾਰਤ ਦੀ ਸਹਾਇਤਾ ਕਰਨ ਦੇ ਯੋਗ ਹਨ। ਦੂਜੀ ਗੱਲ, ਸਾਡਾ ਵਿਸ਼ਵਾਸ ਹੈ ਕਿ ਭਾਰਤ ਤੇ ਬਰਤਾਨੀਆ ਵਿੱਚ ਸਿੱਖਿਆ ਸਬੰਧ ਹੋਰ ਮਜ਼ਬੂਤ ਹੋਣੇ ਚਾਹੀਦੇ ਹਨ। ਇਸ ਤਹਿਤ ਵਿਦਿਆਰਥੀਆਂ ਦੇ ਅਦਾਨ-ਪ੍ਰਦਾਨ ਤੋਂ ਦੋਵੇਂ ਦੇਸ਼ਾਂ ਨੂੰ ਲਾਭ ਪੁੱਜ ਸਕਦਾ ਹੈ। ਪਿਛਲੇ ਪੰਜ ਸਾਲਾਂ ਵਿੱਚ ਬਰਤਾਨੀਆ ਨੇ ਇਕ ਲੱਖ ਭਾਰਤੀ ਵਿਦਿਆਰਥੀਆਂ ਦਾ ਸਵਾਗਤ ਕੀਤਾ ਹੈ ਤੇ ਇਨ੍ਹਾਂ ਵਿੱਚ ਹਜ਼ਾਰਾਂ ਖੋਜ਼ਾਰਥੀ ਤੇ ਵਿਦਵਾਨ ਵੀ ਸ਼ਾਮਲ ਹਨ। ਦੋਵਾਂ ਦੇਸ਼ਾਂ ਵਿੱਚ ਖੋਜ ਕਾਰਜਾਂ ਨੂੰ ਤੇਜ਼ ਕਰਨ ਲਈ ਅਸੀਂ ਪੰਜਾਹ ਮਿਲੀਅਨ ਪੌਂਡ ਦਾ ਨਿਊਟਨ ਫੰਡ ਕਾਇਮ ਕੀਤਾ ਹੈ ਤਾਂ ਜੋ ਵਿਸ਼ਵ ਪੱਧਰ ਉੱਤੇ ਪੈਦਾ ਹੋਣ ਵਾਲੀਆਂ ਚੁਣੌਤੀਆਂ ਨਾਲ ਨਜਿੱਠਿਆ ਜਾ ਸਕੇ। ਇਨ੍ਹਾਂ ਚੁਣੌਤੀਆਂ ਵਿੱਚ ਨਿਰੰਤਰ ਪਾਣੀ ਸਪਲਾਈ, ਲੋਕਾਂ ਦੀ ਸਿਹਤ ਲਈ ਨਵਿਆਉਣਯੋਗ ਊਰਜਾ ਆਦਿ ਸ਼ਾਮਲ ਹਨ ਤੇ ਅਸੀਂ ਸਿੱਖਿਆ ਦੇ ਖੇਤਰ ਵਿੱਚ ਸਾਂਝ ਨੂੰ ਵਿਕਸਤ ਕਰਨ ਲਈ ਯਤਨਸ਼ੀਲ ਹਾਂ। ਭਾਰਤ, ਦੇਸ਼ ਵਿੱਚ ਸਥਾਈ ਵਿਕਾਸ ਲਈ ਵਿਦੇਸ਼ਾਂ ਵਿੱਚ ਸੁਰੱਖਿਅਤ ਵਾਤਾਵਰਣ ਦਾ ਮੁਦਈ ਹੈ। ਬਰਤਾਨੀਆ ਆਪਣੀ ਕੂਟਨੀਤੀ ਤੇ ਰੱਖਿਆ ਸਮਰੱਥਾ ਅਤੇ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਕੌਂਸਲ ਦੀ ਸਥਾਈ ਮੈਂਬਰੀ, ਨਾਟੋ ਦੀ ਮੈਂਬਰੀ ਤੇ ਯੂਰਪੀ ਯੂਨੀਅਨ ਦੀ ਮੈਂਬਰੀ ਹੋਣ ਨਾਤੇ ਦੋਵਾਂ ਮੁਲਕਾਂ ਨੂੰ ਦਰਪੇਸ਼ ਸਮੱਸਿਆਵਾਂ ਦੇ ਨਿਪਟਾਰੇ ਲਈ ਸਹਾਈ ਸਿੱਧ ਹੋ ਸਕਦਾ ਹੈ। ਸਾਨੂੰ ਇਰਾਕ ਵਿੱਚ ਭਾਰਤੀਆਂ ਨੂੰ ਅਗਵਾ ਕਰਨ ਦੀ ਫਿਕਰਮੰਦੀ ਹੈ ਤੇ ਇਸ ਸਮੱਸਿਆ ਦੇ ਹੱਲ ਲਈ ਅਸੀਂ ਮਿਲ ਕੇ ਕੰਮ ਕਰ ਸਕਦੇ ਹਾਂ। ਅਸੀਂ ਸੰਯੁਕਤ ਰਾਸ਼ਟਰ ਵਿੱਚ ਭਾਰਤ ਦੀ ਪੱਕੀ ਸੀਟ ਦੇ ਵੀ ਹਮਾਇਤੀ ਹਾਂ।
ਬਰਤਾਨੀਆ ਪਿਛਲੇ ਚਾਰ ਸਾਲਾਂ ਤੋਂ ਲੰਬੇ ਸਮੇਂ ਲਈ ਭਾਰਤ ਨਾਲ ਸਬੰਧਾਂ ਦੀ ਮਜ਼ਬੂਤੀ ਲਈ ਕਾਰਜਸ਼ੀਲ ਹੈ। ਇਸ ਹਫਤੇ ਇਨ੍ਹਾਂ ਉਦੇਸ਼ਾਂ ਦੀ ਪੂਰਤੀ ਲਈ ਅਸੀਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ, ਖਜ਼ਾਨਾ ਮੰਤਰੀ ਅਰੁਣ ਜੇਤਲੀ ਅਤੇ ਉੱਘੇ ਕਾਰੋਬਾਰੀਆਂ ਨਾਲ ਮੁਲਾਕਾਤਾਂ ਕਰਾਂਗੇ। ਅਸੀਂ ਆਪਣੇ ਸਬੰਧਾਂ ਨੂੰ ਹੋਰ ਬਿਹਤਰ ਬਣਾਉਣਾ ਚਾਹੁੰਦੇ ਹਾਂ। ਤੁਹਾਡੀ ਸਰਕਾਰ ਦੀਆਂ ਭਵਿੱਖ ਦੀਆਂ ਯੋਜਨਾਵਾਂ ਦੀ ਹਮਾਇਤ ਕਰਦੇ ਹੋਏ, ਇਸ ਵਿਸ਼ੇਸ਼ ਰਿਸ਼ਤੇ ਨੂੰ ਨਵੀਆਂ ਬੁਲੰਦੀਆਂ ਤੱਕ ਲੈ ਕੇ ਜਾਵਾਂਗੇ ਤਾਂ ਜੋ ਇਹ ਰਿਸ਼ਤਾ ਇੱਕੀਵੀਂ ਸਦੀ ਦੀ ਇਕ ਵਿਆਪਕ ਭਾਈਵਾਲੀ ਵਜੋਂ ਵਿਕਸਤ ਹੋ ਸਕੇ। ਇਨ੍ਹਾਂ ਉਦੇਸ਼ਾਂ ਨੂੰ ਨਾਲ ਲੈ ਕੇ ਅਸੀਂ ਅੱਗੇ ਵਧਾਂਗੇ।


ਆਸਟਰੇਲੀਆ ਵਿੱਚ ਨਸਲੀ

ਵਿਤਕਰੇ ਦੇ ਦੋਸ਼ ਹੇਠ ਗੋਰੀ ਗ੍ਰਿਫ਼ਤਾਰ


ਸਿਡਨੀ, 5 ਜੁਲਾਈ - ਆਸਟਰੇਲੀਆ ਵਿੱਚ ਪਰਵਾਸੀਆਂ ਨਾਲ ਨਸਲੀ ਵਿਤਕਰਾ ਤੇ ਭੇਦਭਾਵ ਅਜੇ ਵੀ ਜਾਰੀ ਹੈ। ਇਸ ਤਰ੍ਹਾਂ ਦੀ ਘਟਨਾ ਸਿਡਨੀ ਵਿੱਚ ਸਵਾਰੀਆਂ ਨਾਲ ਭਰੀ ਟਰੇਨ ਵਿੱਚ ਸੀਟ ਨਾ ਮਿਲਣ ’ਤੇ ਵਾਪਰੀ ਹੈ। ਪੁਲੀਸ ਪ੍ਰਸ਼ਾਸਨ ਨੇ ਇਸ ਮਾਮਲੇ ’ਚ ਗੋਰੀ ਔਰਤ ਨੂੰ ਗ੍ਰਿਫਤਾਰ ਕਰ ਲਿਆ ਹੈ।ਸਿਡਨੀ ਸ਼ਹਿਰ ਤੋਂ ਪੱਛਮੀ ਇਲਾਕੇ ਵੱਲ ਪੈਂਦੇ ਸਬਅਰਬਾ ਨੂੰ ਜਾਂਦੀ ਟਰੇਨ ਵਿੱਚ ਕਰੀਬ 55 ਸਾਲ ਦੀ ਗੋਰੀ ਔਰਤ, ਜੋ ਆਪਣੇ ਆਪ ਨੂੰ ਆਸਟਰੇਲੀਅਨ ਦੱਸਦੀ ਹੈ, ਨੇ ਸੀਟ ਉਪਰ ਬੈਠੀ ਏਸ਼ੀਅਨ ਔਰਤ ਨਾਲ ਬਦਸਲੂਕੀ ਕੀਤੀ। ਏਸ਼ੀਅਨ ਔਰਤ, ਜੋ ਚਿਹਰੇ ਤੋਂ ਚੀਨ ਦੀ ਲੱਗਦੀ ਸੀ, ਨੂੰ ਗੋਰੀ ਔਰਤ ਨੇ ਇਥੋਂ ਤਕ ਕਹਿ ਦਿੱਤਾ, ‘‘ਤੂੰ ਇਥੇ ਕਿਉਂ ਆਈ ਏਂ? ਇਹ ਸਾਡਾ ਦੇਸ਼ ਹੈ, ਤੂੰ ਵਾਪਸ ਚੀਨ ਚਲੀ ਜਾ।’’ ਚੀਨੀ ਔਰਤ ਨੂੰ ਅੰਗਰੇਜ਼ੀ ਭਾਸ਼ਾ ਬੋਲਣ ਵਿੱਚ ਮੁਸ਼ਕਲ ਆ ਰਹੀ ਸੀ। ਉਸ ਨੇ ਗੋਰੀ ਨੂੰ ਕਿਹਾ ਕਿ ਉਹ ਵੀ ਆਸਟਰੇਲੀਅਨ ਸਿਟੀਜ਼ਨ ਹੈ ਪਰ ਜੇਕਰ ਤੈਨੂੰ ਖੜ੍ਹੇ ਹੋਣ ’ਚ ਮੁਸ਼ਕਲ ਪੇਸ਼ ਆ ਰਹੀ ਹੈ ਤਾਂ ਉਸ ਨਾਲ ਅਜਿਹਾ ਦੁਰਵਿਹਾਰ ਨਹੀਂ ਕਰ ਸਕਦੀ। ਗੋਰੀ ਔਰਤ ਨੇ ਉਸ ਦੇ ਅੰਗਰੇਜ਼ੀ ਬੋਲਣ ਤੇ ਚੀਨੀ ਦਿਖ ਹੋਣ ਦਾ ਮਜ਼ਾਕ ਉਡਾਇਆ। ਇਸ ਦੌਰਾਨ ਚੀਨੀ ਔਰਤ ਦੇ ਨੇੜੇ ਬੈਠk ਨੌਜਵਾਨ ਗੋਰk ਤੇ ਹੋਰ ਸਵਾਰੀਆ ਨੇ ਗੋਰੀ ਔਰਤ ਨੂੰ ਫਿਟਕਾਰ ਲਗਾਈ ਪਰ ਗੋਰੀ ਔਰਤ ਨੇ ਉਨ੍ਹਾਂ ਸਵਾਰੀਆ ਤੇ ਗੋਰੇ ਲੋਕਾਂ ਨੂੰ ਵੀ ਨਹੀਂ ਬਖਸ਼ਿਆ। ਚੀਨੀ ਔਰਤ ਨੇੜੇ ਬੈਠੇ ਗੋਰੇ ਨੂੰ ਇਸ ਔਰਤ ਨੇ ਕਿਹਾ ਕਿ ਉਸ ਨੂੰ ਕੋਈ ਆਸਟਰੇਲੀਅਨ ਗੋਰੀ ਕੁੜੀ ਨਹੀਂ ਮਿਲੀ? ਇਸ ਉਪਰ ਉਸ ਗੋਰੇ ਨੇ ਜਵਾਬ ਵਿੱਚ ਕਿਹਾ ਕਿ ਉਹ ਆਮ ਸਵਾਰੀਆਂ ਵਾਂਗ ਸਫ਼ਰ ਕਰ ਰਿਹਾ ਹੈ ਤੇ ਸ਼ਾਦੀਸ਼ੁਦਾ ਹੈ।
ਇਸ ਸਾਰੇ ਘਟਨਾਕ੍ਰਮ ਦੀ ਵੀਡੀਓ ਕੁਝ ਸਵਾਰੀਆ ਨੇ ਆਪਣੇ ਮੋਬਾਈਲ ਫੋਨਾਂ ਰਾਹੀਂ ਬਣਾ ਲਈ। ਸਿਡਨੀ ਦੇ ਪੱਛਮੀ ਇਲਾਕੇ ਵਿੱਚ ਪੈਂਦੇ ਟਰੇਨ ਸਟੇਸ਼ਨ ਸਟੈਂਥਫੀਲਡ ਉਪਰ ਟਰੇਨ ਰੁਕਣ ’ਤੇ ਕੁਝ ਸਵਾਰੀਆਂ ਨੇ ਰੇਲਵੇ ਗਾਰਡ ਨੂੰ ਘਟਨਾ ਬਾਰੇ ਦੱਸਿਆ। ਇੰਨੇ ਨੂੰ ਕੁਝ ਸਵਾਰੀਆਂ ਨੇ ਫੁਰਤੀ ਨਾਲ ਪੁਲੀਸ ਨੂੰ ਸੱਦ ਲਿਆ। ਪੁਲੀਸ ਨੇ ਘਟਨਾ ਦੀ ਵੀਡੀਓ ਫ਼ਿਲਮ ਵੇਖਣ ’ਤੇ ਪੀੜਤ ਔਰਤ ਨਾਲ ਗੱਲਬਾਤ ਕਰਨ ਤੋਂ ਬਾਅਦ ਮੁਲਜ਼ਮ ਗੋਰੀ ਔਰਤ ਨੂੰ ਗ੍ਰਿਫਤਾਰ ਕਰ ਲਿਆ।
ਸੂਬੇ ਦੇ ਸਹਾਇਕ ਪੁਲੀਸ ਕਮਿਸ਼ਨਰ ਮਿਸ਼ੇਲ ਨੇ ਕਿਹਾ ਕਿ ਇਹ ਨਾ ਸਹਿਣਯੋਗ ਵਿਵਹਾਰ ਹੈ। ‘‘ਅਸੀਂ ਇਸ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ। ਵਿਸ਼ੇਸ਼ ਤੌਰ ’ਤੇ ਪਬਲਿਕ ਟਰਾਂਸਪੋਰਟ ਜਿੱਥੇ ਕਿ ਰੋਜ਼ਾਨਾ ਲੋਕ ਆਪਣੇ ਕੰਮਕਾਜ ’ਤੇ ਜਾਂਦੇ-ਆਉਂਦੇ ਹਨ।’’ ਉਨ੍ਹਾਂ ਅੱਗੇ ਕਿਹਾ ਕਿ ਇਹ ਵਿਹਾਰ ਨਸਲੀ ਰੰਗ ਭੇਦ ਦੇ ਵਿਤਕਰੇ ਨੂੰ ਦਰਸਾਉਂਦਾ ਹੈ ਤੇ ਮੁਲਜ਼ਮ ਨੇ ਇਹ ਜਾਣਬੁੱਝ ਕੇ ਕੀਤਾ ਹੈ।


<< Start < Prev 1 2 3 4 5 6 7 8 9 10 Next > End >>

ਮੁੱਖ ਖ਼ਬਰਾਂ : 

ਖੇਡ ਖ਼ਬਰਾ : 

ਪੰਜਾਬ ਖ਼ਬਰਾਂ : 

ਨਵੇਂ ਲੇਖ : 

 

Random Video 

Latest Added Magzine 

Advertisement

Advertisement
Advertisement
Advertisement