International News 
ਰਿੱਕ ਗਰੇਵਾਲ ਵੱਲੋਂ ਕੌਂਸਲ ਦੀ
ਚੋਣ ਲੜਨ ਦਾ ਐਲਾਨ


ਸਟਾਕਟਨ, 20 ਦਸੰਬਰ - ਕੈਲੀਫੋਰਨੀਆ ਵਿਚ ਜਿਉਂ ਜਿਉਂ ਪੰਜਾਬੀਆਂ ਦੀ ਆਬਾਦੀ ਵਧ ਰਹੀ ਹੈ, ਨਵੀਂ ਪਨੀਰੀ ਦਾ ਰੁਝਾਨ ਸਥਾਨਕ ਰਾਜਨੀਤੀ ਵਿਚ ਵਧਦਾ ਜਾ ਰਿਹਾ ਹੈ। ਸਟਾਕਟਨ ਦੇ ਰਿੱਕ ਗਰੇਵਾਲ ਨੇ ਸਾਲ 2014 ਵਿਚ ਡਿਸਟ੍ਰਿਕਟ-1 ਤੋਂ ਕੌਂਸਲ ਦੀ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ। ਇਥੇ ਹੋਏ ਇਕ ਭਰਵੇਂ ਸਮਾਗਮ ਵਿਚ ਸਟਾਕਟਨ ਦੇ ਮੌਜੂਦਾ ਮੇਅਰ ਅਤੇ ਸ਼ੈਰਿਫ ਨੇ ਵੀ ਰਿੱਕ ਗਰੇਵਾਲ ਨੂੰ ਹਮਾਇਤ ਦੇਣ ਦਾ ਭਰੋਸਾ ਦਿੱਤਾ। ਭਾਰੀ ਗਿਣਤੀ ਵਿਚ ਪੰਜਾਬੀ ਅਤੇ ਅਮਰੀਕੀ ਸ਼ਖਸੀਅਤਾਂ ਪਹੁੰਚੀਆਂ ਹੋਈਆਂ ਸਨ, ਜਿਨ੍ਹਾਂ ਨੇ ਰਿੱਕ ਗਰੇਵਾਲ ਨੂੰ ਜਿਤਾਉਣ ਲਈ ਆਪਣੇ ਵੱਲੋਂ ਹਮਾਇਤ ਦੇਣ ਦਾ ਐਲਾਨ ਕੀਤਾ।ਰਿੱਕ ਗਰੇਵਾਲ ਲੰਮੇ ਸਮੇਂ ਤੋਂ ਸਟਾਕਟਨ ਦੀ ਸਥਾਨਕ ਰਾਜਨੀਤੀ ਵਿਚ ਵਿਚਰ ਰਹੇ ਹਨ। ਉਸ ਨੇ ਸਟਾਕਟਨ ਸ਼ੈਰਿਫ ਡਿਪਾਰਟਮੈਂਟ ਲਈ 8 ਸਾਲ ਬੈਕਅੱਪ ਪਾਇਲਟ ਵਜੋਂ ਕੰਮ ਕੀਤਾ ਹੈ। ਇਸ ਵੇਲੇ ਉਹ ਟਵਿੱਨ ਕਰੀਕਸ ਹੋਮ ਓਨਰ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਹਨ।
ਆਪਹੁਦਰੇ ਡਰੋਨ ਹਮਲਿਆਂ
ਵਿਰੁੱਧ ਮਤਾ ਪਾਸ


ਸੰਯੁਕਤ ਰਾਸ਼ਟਰ, 20 ਦਸੰਬਰ - ਸੰਯੁਕਤ ਰਾਸ਼ਟਰ ਨੇ ਅਮਰੀਕਾ ਵੱਲੋਂ ਡਰੋਨ ਦੀ ਆਪਹੁਦਰੇ ਢੰਗ ਨਾਲ ਕੀਤੀ ਜਾ ਰਹੀ ਵਰਤੋਂ ਨੂੰ ਰੋਕਣ ਲਈ ਸਰਬਸੰਮਤੀ ਨਾਲ ਅਤਿਵਾਦ ਵਿਰੋਧੀ ਮਤਾ ਪਾਸ ਕਰ ਦਿੱਤਾ ਹੈ। ਇਸ ’ਚ ਡਰੋਨ ਦੀ ਵਰਤੋਂ ਕੌਮਾਂਤਰੀ ਕਾਨੂੰਨ ਅਨੁਸਾਰ ਕਰਨ ਲਈ ਕਿਹਾ ਹੈ। ਪਾਕਿਸਤਾਨ ਵੱਲੋਂ ਡਰੋਨ ਹਮਲਿਆਂ ਦੀ ਨਿਖੇਧੀ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਕਾਰਨ ਅਤਿਵਾਦੀ ਘੱਟ ਪਰ ਆਮ ਲੋਕ ਵੱਧ ਮਰ ਰਹੇ ਹਨ। ਉਧਰ ਮਾਹਰਾਂ ਦਾ ਕਹਿਣਾ ਹੈ ਕਿ ਸੰਯੁਕਤ ਰਾਸ਼ਟਰ ਦਾ ਡਰੋਨ ਖ਼ਿਲਾਫ਼ ਮਤਾ ਉਦੋਂ ਤਕ ਕਾਗਜ਼ ਦਾ ਟੁਕੜਾ ਹੈ ਜਦੋਂ ਤਕ ਇਸ ਨੂੰ ਲਾਗੂ ਕਰਨ ਲਈ ਸੁਰੱਖਿਆ ਕੌਂਸਲ ਦੀ ਮਨਜ਼ੂਰੀ ਨਹੀਂ ਮਿਲਦੀ।ਅਮਰੀਕਾ ਦੇ ਰੱਖਿਆ ਮਾਹਰਾਂ ਦਾ ਕਹਿਣਾ ਹੈ ਕਿ ਡਰੋਨ ਨੇ ਤਾਂ ਸਿਰਫ਼ ਅਤਿਵਾਦੀ ਹੀ ਮਾਰੇ ਹਨ, ਜਦਕਿ ਮਨੁੱਖੀ ਅਧਿਕਾਰ ਕਾਰਕੁਨਾਂ ਨੇ ਦਾਅਵਾ ਕੀਤਾ ਹੈ ਕਿ ਆਮ ਲੋਕ ਇਸ ਦੀ ਲਪੇਟ ਵਿਚ ਵੱਧ ਆਏ ਹਨ। ਪਾਕਿਸਤਾਨ ਤਾਂ ਡਰੋਨ ਹਮਲਿਆਂ ਨੂੰ ਉਸ  ਦੀ ਪ੍ਰਭੂਸੱਤਾ ਦੀ ਉਲੰਘਣਾ ਕਰਾਰ ਦੇ ਚੁੱਕਿਆ ਹੈ। ਇਹ ਪਹਿਲੀ ਵਾਰ ਹੈ ਜਦੋਂ ਡਰੋਨ ਦਾ ਜ਼ਿਕਰ ਸੰਯੁਕਤ ਰਾਸ਼ਟਰ ਦੇ ਕਿਸੇ ਮਤੇ ਵਿਚ ਆਇਆ ਹੈ। ਇਸ ਬਾਰੇ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ, ‘‘ਅਸੀਂ ਡਰੋਨ ਹਮਲਿਆਂ ਬਾਰੇ ਆਪਣੇ ਹਮਖਿਆਲੀ ਮੁਲਕਾਂ ਨਾਲ ਰਾਬਤਾ ਬਣਾ ਕੇ ਸੰਯੁਕਤ ਰਾਸ਼ਟਰ ਵਿਚ ਇਸ ਬਾਰੇ ਮਤਾ ਲਿਆਂਦਾ ਹੈ। ਸਾਡੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ 27 ਸਤੰਬਰ ਨੂੰ ਸੰਯੁਕਤ ਰਾਸ਼ਟਰ ਆਮ ਸਭਾ ਵਿਚ ਇਹ ਮੁੱਦਾ ਜ਼ੋਰਦਾਰ ਢੰਗ ਨਾਲ ਰੱਖਿਆ ਸੀ।’’ਮੰਤਰਾਲੇ ਨੇ ਕਿਹਾ ਕਿ ਪਾਕਿਸਤਾਨ ਦੇ ਸਰਹੱਦੀ ਇਲਾਕਿਆਂ ਵਿਚ ਡਰੋਨ ਹਮਲੇ ਉਸ ਦੀ ਪ੍ਰਭੂਸੱਤਾ ਦਾ ਅਪਮਾਨ ਕਰ ਰਹੇ ਹਨ। ਇਸ ਕਾਰਨ ਜਿੱਥੇ ਆਮ ਲੋਕ ਮਰ ਰਹੇ ਹਨ, ਉੱਥੇ ਅਤਿਵਾਦ ਖ਼ਿਲਾਫ਼ ਉਸ ਦੀ ਲੜਾਈ ਨੂੰ ਵੀ ਢਾਹ ਲੱਗ ਰਹੀ ਹੈ।ਮਤੇ ਵਿਚ ਕਿਹਾ ਗਿਆ ਹੈ ਕਿ ਜਦੋਂ ਵੀ ਕੋਈ ਮੁਲਕ ਅਤਿਵਾਦਆਂ ਖ਼ਿਲਾਫ਼ ਕੋਈ ਕਾਰਵਾਈ ਕਰੇ ਜਾਂ ਡਰੋਨ ਵਰਤੇ ਤਾਂ ਉਹ ਇਸ ਗੱਲ ਦਾ ਜ਼ਰੂਰ ਖਿਆਲ ਰੱਖੇ ਕਿ ਕੌਮਾਂਤਰੀ ਕਾਨੂੰਨਾਂ ਦੀ ਉਲੰਘਣਾ ਨਾ ਹੋਵੇ ਤੇ ਨਾ ਹੀ ਸੰਯੁਕਤ ਰਾਸ਼ਟਰ ਚਾਰਟਰ ਤੇ ਮਨੁੱਖੀ ਅਧਿਕਾਰ ਕਾਨੂੰਨ ਨੂੰ ਅੱਖੋਂ ਪਰੋਖੇ ਕੀਤਾ ਜਾਵੇ।ਪਾਕਿਸਤਾਨ ਨੇ ਡਰੋਨ ਖ਼ਿਲਾਫ਼ ਆਵਾਜ਼ ਉਠਾਉਣ ਲਈ ਕੋਈ ਕੌਮਾਂਤਰੀ ਮੌਕਾ ਨਹੀਂ ਛੱਡਿਆ ਤੇ ਅਗਲੇ ਸਾਲ ਉਹ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਵਿਚ ਵੀ ਇਹ ਮੁੱਦਾ ਮੁੜ ਚੁੱਕੇਗਾ।

ਕਤਲੇਆਮ 84 ਤੇ ਗੁਜਰਾਤ ਦੰਗਿਆਂ
ਦੀ ਤੁਲਨਾ ਸਹੀ ਨਹੀਂ: ਸੇਨ


ਨਵੀਂ ਦਿੱਲੀ,19 ਦਸੰਬਰ - ਨੋਬੇਲ  ਪੁਰਸਕਾਰ ਜੇਤੂ ਅਮਰਤਿਆ ਸੇਨ ਨੇ ਕਿਹਾ ਹੈ ਕਿ ਗੁਜਰਾਤ ਵਿਚ ਹੋਏ ਸਾਲ 2002 ਦੇ ਦੰਗਿਆਂ ਦੀ 1984 ਵਿਚ ਦਿੱਲੀ ਵਿਖੇ ਹੋਏ ਸਿੰਖ ਕਤਲ-ਏ-ਆਮ ਨਾਲ ਤੁਲਨਾ ਨਹੀਂ ਕਰਨੀ ਚਾਹੀਦੀ। ਇਸ ਨਾਲ ਉਨ੍ਹਾਂ ਨੇ ਇੰਫੋਸਿਸ ਦੇ ਮੁਖੀ ਐਨ.ਆਰ. ਨਰਾਇਣਮੂਰਤੀ ਦੀ ਉਸ ਗੱਲ ਨਾਲ ਅਸਹਿਮਤੀ ਪ੍ਰਗਟ ਕੀਤੀ ਕਿ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਦੇ ਰਾਹ ਵਿਚ ਗੋਧਰਾ ਕਾਂਡ ਨੂੰ ਨਹੀਂ ਲਿਆਉਣਾ ਚਾਹੀਦਾ।ਇਕ ਟੀ.ਵੀ. ਚੈਨਲ ਨਾਲ ਇੰਟਰਵਿਊ ਦੌਰਾਨ ਉਨ੍ਹਾਂ ਕਿਹਾ ਕਿ ਇਹ ਬੜੀ ਸ਼ਰਮ ਵਾਲੀ ਗੱਲ ਹੈ ਕਿ 1984 ਦੇ ਕਤਲ-ਏ-ਆਮ ਦੋਸ਼ੀਆਂ ਨੂੰ ਹਾਲੇ ਤਕ ਸਜ਼ਾ ਨਹੀਂ ਹੋਈ। ਉਨ੍ਹਾਂ ਨਾਲ ਹੀ 1984 ਦੇ ਕਤਲ-ਏ-ਆਮ ਤੇ ਗੁਜਰਾਤ ਦੰਗਿਆਂ ਦੀ ਤੁਲਨਾ ਕਰਨ ਨੂੰ ਸਰਾਸਰ ਗਲਤ ਕਰਾਰ ਦਿੱਤਾ ਕਿਉਂਕਿ ਗੋਧਰਾ ਕਾਂਡ ਤਾਂ ਨਰਿੰਦਰ ਮੋਦੀ ਦੇ ਨੱਕ ਹੇਠ ਹੋਇਆ ਸੀ, ਜਦਕਿ ਕਾਂਗਰਸ ਦੇ ਆਗੂ ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਮਨਮੋਹਨ ਸਿੰਘ, ਜੋ ਅੱਜ ਚੋਣਾਂ ਲੜ ਰਹੇ ਹਨ, ਉਹ ਸਿੱਖ ਕਤਲ-ਏ-ਆਮ ਵੇਲੇ ਸੱਤਾ ’ਚ ਨਹੀਂ ਸਨ। ਕੋਈ ਵੀ ਉਨ੍ਹਾਂ ਨੂੰ ਉਸ ਕਾਰੇ ਬਾਰੇ ਜ਼ਿੰਮੇਵਾਰੀ ਨਹੀਂ ਮੰਨਦਾ, ਜਦਕਿ ਗੁਜਰਾਤ ਦੰਗਿਆਂ ਵੇਲੇ ਮੋਦੀ ਮੁੱਖ ਮੰਤਰੀ ਸਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਸਿੱਖਾਂ ਨੂੰ ਕਤਲ ਕਰਨ ਦੀ ਕਾਂਗਰਸ ਦੀ ਫਿਲਾਸਫੀ ਨਹੀਂ ਸੀ। ਗੁਜਰਾਤ ਵਿਚ ਇਸ ਵੇਲੇ ਮੁਸਲਮਾਨਾਂ ਨੂੰ ਦੂਜੇ ਦਰਜੇ ਦਾ ਨਾਗਰਿਕ ਮੰਨਿਆ ਜਾ ਰਿਹਾ ਹੈ। ਸ੍ਰੀ ਸੇਨ ਨੇ ਕਿਹਾ, ‘‘ਨਰਾਇਣਮੂਰਤੀ ਮੇਰੇ ਚੰਗੇ ਮਿੱਤਰ ਹਨ, ਪਰ ਮੋਦੀ ਦੇ ਮਾਮਲੇ ’ਤੇ ਉਨ੍ਹਾਂ ਦੇ ਜੋ ਵਿਚਾਰ ਹਨ, ਉਨ੍ਹਾਂ ਨਾਲ ਮੈਂ ਸਹਿਮਤ ਨਹੀਂ ਹਾਂ।’’ਉਨ੍ਹਾਂ ਕਿਹਾ ਕਿ ਹਾਲ ਹੀ ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੀ ਹਾਰ ਦਾ ਭਾਵ ਇਹ ਨਹੀਂ ਹੈ ਕਿ ਮੋਦੀ ਦੀ ਹਵਾ ਚੱਲ ਰਹੀ ਹੈ ਪਰ ਇਸ ਹਾਲਾਤ ਦਾ ਮੋਦੀ ਵਰਗੇ ਆਗੂ ਲਾਹਾ ਲੈ ਲੈਂਦੇ ਹਨ। ਕਾਂਗਰਸ ਦੀ ਅੰਦਰੂਨੀ ਸਥਿਤੀ ਤੇ ਚੋਣ ਨਤੀਜੇ ਸਾਫ ਦੱਸ ਰਹੇ ਹਨ ਕਿ ਪਾਰਟੀ ਦੀ ਇਸ ਵਾਰ ਨੀਤੀ ਚੋਣਾਂ ਜਿੱਤਣ ਦੀ ਨਹੀਂ ਹੈ।ਸੁਪਰੀਮ ਕੋਰਟ ਵੱਲੋਂ ਹਮਜਿਨਸੀ ਸਬੰਧਾਂ ਨੂੰ ਅਪਰਾਧ ਕਰਾਰ ਦਿੱਤੇ ਜਾਣ ’ਤੇ ਉਨ੍ਹਾਂ ਕਿਹਾ, ‘‘ਫੈਸਲੇ ਬਾਰੇ ਕਿਸੇ ਨਤੀਜੇ ’ਤੇ ਪੁੱਜਣ ਤੋਂ ਪਹਿਲਾਂ ਸੰਸਦ ਦੇ ਫੈਸਲੇ ਦੀ ਉਡੀਕ ਕੀਤੀ ਜਾਵੇ।ਆਮ ਆਦਮੀ ਪਾਰਟੀ ਦੇ ਉਭਾਰ ਸਬੰਧੀ ਉਨ੍ਹਾਂ ਕਿਹਾ ਕਿ ਇਹ ਚੰਗੀ ਗੱਲ ਹੈ, ਪਰ ਇਸ ਪਾਰਟੀ ਅੱਗੇ ਦਿੱਲੀ ਵਿਚ ਚੁਣੌਤੀ ਬਹੁਤੀ ਔਖੀ ਨਹੀਂ ਸੀ। ਆਸ ਹੈ ਕਿ ਇਹ ਨਵੀਂ ਪਾਰਟੀ ਭਾਰਤੀ ਸਿਆਸਤ ਵਿਚ ਆਪਣਾ ਰੰਗ ਦਿਖਾਏਗੀ।
ਅਮਰੀਕਾ 'ਚ ਦੇਵਿਯਾਨੀ ਖੋਬਰਾਗਡੇ ਦੀ ਕੱਪੜੇ
ਉਤਾਰ ਕੇ ਲਈ ਗਈ ਤਲਾਸ਼ੀ


ਨਿਊਯਾਰਕ, 17 ਦਸੰਬਰ  - ਅਮਰੀਕਾ 'ਚ ਭਾਰਤੀ ਔਰਤ ਡਿਪਟੀ ਕੌਂਸਲ ਜਨਰਲ ਦੀ ਕੱਪੜੇ ਉਤਾਰ ਕੇ ਤਲਾਸ਼ੀ ਲੈਣ ਦੀ ਗੱਲ ਸਾਹਮਣੇ ਆਈ ਹੈ। ਅਮਰੀਕਾ 'ਚ ਭਾਰਤੀ ਔਰਤ ਡਿਪਲੋਮੈਟ ਦੇਵਿਯਾਨੀ ਨੂੰ ਪੁਲਿਸ ਨੇ ਵੀਜ਼ਾ ਧੋਖਾਧੜੀ ਤੇ ਘਰੇਲੂ ਨੋਕਰਾਣੀ ਦਾ ਆਰਥਕ ਸ਼ੋਸ਼ਣ ਕਰਨ ਦੇ ਇਲਜ਼ਾਮ 'ਚ ਗ੍ਰਿਫ਼ਤਾਰ ਕੀਤਾ ਸੀ। ਨਿਊਯਾਰਕ 'ਚ ਗ੍ਰਿਫ਼ਤਾਰ ਦੇਵਿਯਾਨੀ ਖੋਬਰਾਗੜੇ ਦੇ ਨਾਲ ਬਦਸਲੂਕੀ ਕੀਤੀ ਗਈ। ਇੰਨਾ ਹੀ ਨਹੀਂ ਉਨ੍ਹਾਂ ਨੂੰ ਪੁਲਿਸ ਸਟੇਸ਼ਨ 'ਚ ਖੂੰਖਾਰ ਮੁਲਜਮਾਂ ਤੇ ਨਸ਼ੇੜੀਆਂ ਦੇ ਨਾਲ ਖੜ੍ਹਾ ਕੀਤਾ ਗਿਆ ।
ਟੋੋਰਾਂਟੋ ’ਚ ਕਵਿਤਾ ਬਾਰੇ ਹੋਈਆਂ ਗੱਲਾਂ

ਟੋਰਾਂਟੋ, 15 ਦਸੰਬਰ - ਪੰਜਾਬੀ ਕਲਮਾਂ ਦਾ ਕਾਫਲਾ ਟੋਰਾਂਟੋ ਦੀ ਬੈਠਕ ਵਿਚ ਕਵਿਤਾ ਦੇ ਰੂਪ ਅਤੇ ਵਿਸ਼ਾ-ਵਸਤੂ ਬਾਰੇ ਗੱਲਬਾਤ ਹੋਈ, ਜਿਸ ਵਿਚ ਇਲਾਕੇ ਦੇ ਨਾਮਵਰ ਲੇਖਕ, ਚਿੰਤਕ ਅਤੇ ਸਾਹਿਤ ਰਸੀਆਂ ਨੇ ਭਾਗ ਲਿਆ। ਮੁੱਖ ਬੁਲਾਰੇ ਇਕਬਾਲ ਰਾਮੂਵਾਲੀਆ ਨੇ ਆਖਿਆ ਕਿ ਜਿਹੜੀ ਰਚਨਾ ਤੁਹਾਨੂੰ ਆਪਣੇ ਵੱਲ ਖਿੱਚਦੀ ਹੈ, ਉਸ ਨੂੰ ਕਵਿਤਾ ਮੰਨਦਾ ਹਾਂ।
ਜਨਮ ਵੇਲੇ ਬੱਚੇ ਦੀ ਚੀਖ ਵੀ ਇੱਕ ਕਵਿਤਾ ਹੁੰਦੀ ਏ ਅਤੇ ਕਵਿਤਾ ਸ਼ਬਦਾਂ ਦਾ ਉਹ ਜਾਦੂ ਹੈ, ਜਿਸ ਨੂੰ ਸੁਣ ਕੇ ਦਿਲ ਨੂੰ ਹਲੂਣਾ ਆ ਜਾਵੇ। ਕਵਿਤਾ ਵਿੱਚ ਲੈਅ ਦੀ ਅਹਿਮੀਅਤ ਨੂੰ ਉਭਾਰਦਿਆਂ ਉਨ੍ਹਾਂ ਨੇ ਅਫ਼ਸੋਸ ਜ਼ਾਹਿਰ ਕੀਤਾ ਕਿ ਭਾਵੇਂ ਬਿਨਾਂ ਤੁਕਾਂਤ ਦੇ ਵੀ ਵਧੀਆ ਕਵਿਤਾ ਲਿਖੀ ਜਾ ਸਕਦੀ ਹੈ, ਪਰ ਖੁੱਲ੍ਹੀ ਕਵਿਤਾ ਦੀ ਆੜ ਹੇਠ ਕਵੀਆਂ ਵੱਲੋਂ ਲਈਆਂ ਗਈਆਂ ਖੁੱਲ੍ਹਾਂ ਨੇ ਕਵਿਤਾ ਨੂੰ ਵਿਗਾੜ ਦਿੱਤਾ ਹੈ।ਕੁਲਵਿੰਦਰ ਖਹਿਰਾ ਨੇ ਲੀਓਨ ਟਰੌਟਸਕੀ ਦੇ ਕਵਿਤਾ ਬਾਰੇ ਲੇਖ ਨੂੰ ਸੰਖੇਪ ਰੂਪ ਵਿੱਚ ਪੇਸ਼ ਕੀਤਾ।  ਉਨ੍ਹਾਂ ਕਿਹਾ ਕਿ ਟਰੌਟਸਕੀ ਦੇ ਵਿਚਾਰ ਅਨੁਸਾਰ ਲੋਕਾਂ ਦੀਆਂ ਲੋੜਾਂ ਅਤੇ ਮਸਲਿਆਂ ਨਾਲ ਜੁੜੀ ਹੋਈ ਕਵਿਤਾ ਹੀ ਚਿਰਜੀਵੀ ਹੁੰਦੀ ਹੈ। ਲੇਖਕ ਨੂੰ ਨਵੀਨਤਾ ਵਲ ਵਧਣ ਅਤੇ ਸਮਾਜ ਨਾਲ ਜੁੜ ਕੇ ਚਲਣ ਦੀ ਲੋੜ ਹੈ।ਬੈਠਕ ਦੌਰਾਨ ਸੜਕ ਹਾਦਸੇ ਦਾ ਸ਼ਿਕਾਰ ਹੋ ਕੇ ਵਿਛੋੜਾ ਦੇ ਗਏ ਕਹਾਣੀਕਾਰ ਤਲਵਿੰਦਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਦੀ ਮੌਤ ’ਤੇ ਸ਼ੋਕ ਮਤਾ ਪਾਸ ਕੀਤਾ ਗਿਆ। ਇਸ ਮੌਕੇ ਹਰਪਾਲ ਸਿੰਘ ‘ਰਾਮਦਵਾਲੀ’, ਸਤਨਾਮ ਸਿੰਘ ਮੰਡ, ਬਲਦੇਵ ਦੂਹੜੇ, ਡਾ: ਚੋਪੜਾ, ਗਿਆਨ ਜੀਤ ਸਿੰਘ, ਜੋਗਿੰਦਰ ਅਣਖੀਲਾ, ਗੁਰਦਾਸ ਮਿਨਹਾਸ, ਰਾਜਪਾਲ ਬੋਪਾਰਾਏ, ਹਰਜੀਤ ਸਿੰਘ ਬੇਦੀ, ਸੁਖਵਿੰਦਰ ਰਾਮਪੁਰੀ ਅਤੇ ਇਕਬਾਲ ਰਾਮੂਵਾਲੀਆ ਨੇ ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ।

<< Start < Prev 1 2 3 4 5 6 7 8 9 10 Next > End >>

ਖੇਡ ਖ਼ਬਰਾ : 

ਅੰਤਰਰਾਸ਼ਟਰੀ ਖ਼ਬਰਾ : 

ਪੰਜਾਬ ਖ਼ਬਰਾਂ : 

ਨਵੇਂ ਲੇਖ : 

 

 

Random Video 

Receive Newsletter & Updates 

Sample Newsletter


Receive HTML?

Advertisement
Advertisement
Advertisement