International News 

ਮੁਸ਼ੱਰਫ ਦੇ ਵਿਦੇਸ਼ ਜਾਣ ਉਤੇ ਰੋਕ

ਲਾਉਣ ਸਬੰਧੀ ਪਟੀਸ਼ਨ ਰੱਦ


ਇਸਲਾਮਾਬਾਦ, 7 ਜਨਵਰੀ - ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਦੇ ਪਾਕਿਸਤਾਨ ਤੋਂ ਬਾਹਰ ਜਾਣ ਸਬੰਧੀ ਰੋਕ ਲਾਉਣ ਵਾਲੀ ਪਟੀਸ਼ਨ ਨੂੰ ਅਦਾਲਤ ਨੇ ਖਾਰਜ ਕਰ ਦਿੱਤਾ ਹੈ ਪਰ ਇਸ ਦੇ ਨਾਲ ਹੀ ਕਿਹਾ ਹੈ ਕਿ ਉਹ ਅਦਾਲਤ ਦੀ ਆਗਿਆ ਤੋਂ ਬਿਨਾਂ ਵਿਦੇਸ਼ ਨਹੀਂ ਜਾ ਸਕਦੇ।
ਇਸਲਾਮਾਬਾਦ ਹਾਈ ਕੋਰਟ ਦੇ ਜਸਟਿਸ ਸ਼ੌਕਤ ਅਜ਼ੀਜ਼ ਨੇ ਪਟੀਸ਼ਨ ਨੂੰ ਖਾਰਜ ਕਰਦਿਆਂ ਫੈਸਲਾ ਸੁਣਾਇਆ ਕਿ ਇਹ ਅਦਾਲਤ ਦਾ ਕੰਮ ਹੈ ਕਿ ਮੁਸ਼ੱਰਫ ਨੂੰ ਜ਼ਮਾਨਤ ਦਿੱਤੀ ਜਾਵੇ ਜਾਂ ਕਿ ਉਸ ਦੀ ਹਾਜ਼ਰੀ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ, ‘‘ਮੁਸ਼ੱਰਫ (70) ਅਦਾਲਤ ਦੀ ਆਗਿਆ ਤੋਂ ਬਿਨਾਂ ਦੇਸ਼ ਛੱਡ ਕੇ ਨਹੀਂ ਜਾ ਸਕਦਾ। ਉਨ੍ਹਾਂ ਨਾਲ ਹੀ ਕਿਹਾ ਕਿ ਦੇਸ਼-ਧਰੋਹੀ ਦਾ ਮੁਕੱਦਮਾ ਚਲਾਉਣ ਲਈ ਬਣਾਈ ਗਈ ਵਿਸ਼ੇਸ਼ ਅਦਾਲਤ ਦੇ ਕੰਮ ਵਿਚ ਹਾਈ ਕੋਰਟ ਦਖਲ ਨਹੀਂ ਦੇਵੇਗੀ। ਇਹ ਪਟੀਸ਼ਨ ਸ਼ੌਹਦਾ ਫਾਊਂਡੇਸ਼ਨ ਆਫ ਪਾਕਿਸਤਾਨ ਟਰਸਟ, ਲਾਲ ਮਸਜਿਦ ਨੇ ਦਾਇਰ ਕੀਤੀ ਸੀ। ਇਹ ਫਾਊਂਡੇਸ਼ਨ 2007 ਵਿਚ ਇਸਲਾਮਾਬਾਦ ਵਿਚ ਹੋਈ ਫੌਜੀ ਕਾਰਵਾਈ ਦੌਰਾਨ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਦੀ ਨੁਮਾਇੰਦਗੀ ਕਰਦੀ ਹੈ।

ਥਾਈਲੈਂਡ ਵਿੱਚ ਸਰਕਾਰ ਵਿਰੋਧੀ
ਮੁਜ਼ਾਹਰੇ ਜਾਰੀ

ਸ਼ਿਨਾਵਤਰੇ ਯੰਗਲਕ ਵੱਲੋਂ ਕੌਮੀ ਸੁਧਾਰਾਂ ਦਾ ਐਲਾਨ

ਬੈਂਕਾਕ, 23 ਦਸੰਬਰ - ਪ੍ਰਧਾਨ ਮੰਤਰੀ ਯਿੰਗਲਕ ਸ਼ਿਨਾਵਾਤਰਾ ਦੀ ਸਰਕਾਰ ਗਿਰਾਉਣ ਲਈ ਬੈਂਕਾਕ ਵਿਚ ਅੱਜ ਮੁੜ ਮੁਜ਼ਾਹਰੇ ਸ਼ੁਰੂ ਹੋ ਗਏ। ਕੱਲ੍ਹ ਮੁੱਖ ਵਿਰੋਧੀ ਪਾਰਟੀ ਨੇ 2 ਫਰਵਰੀ ਨੂੰ ਹੋਣ ਵਾਲੀਆਂ ਜ਼ਿਮਨੀ ਚੋਣਾਂ ਦੇ ਬਾਈਕਾਟ ਦਾ ਐਲਾਨ ਕੀਤਾ ਸੀ।ਮੁਜ਼ਾਹਰਾਕਾਰੀਆਂ ਦੇ ਮੋਹਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਹਜ਼ਾਰਾਂ ਲੋਕਾਂ ਦੇ ਸੜਕਾਂ ’ਤੇ ਆਉਣ ਦੀ ਉਮੀਦ ਹੈ। ਮੁੱਖ ਵਿਰੋਧੀ ਡੈਮੋਕਰੈਟ ਪਾਰਟੀ ਨੇ ਕੱਲ੍ਹ ਆਖਿਆ ਸੀ ਕਿ ਉਹ ਜ਼ਿਮਨੀ ਚੋਣਾਂ ਵਿਚ ਹਿੱਸਾ ਨਹੀਂ ਲਵੇਗੀ ਜਿਨ੍ਹਾਂ ਦਾ ਦੋ ਹਫਤੇ ਪਹਿਲਾਂ ਪ੍ਰਧਾਨ ਮੰਤਰੀ ਯਿੰਗਲਕ ਨੇ ਐਲਾਨ ਕੀਤਾ ਸੀ। ਬੀਬੀ ਯਿੰਗਲਕ ਨੇ ਕੱਲ੍ਹ ਕੌਮੀ ਸੁਧਾਰਾਂ ਦਾ ਵੀ ਐਲਾਨ ਕੀਤਾ ਸੀ ਜਿਨ੍ਹਾਂ ਤਹਿਤ ਸਾਰੀਆਂ ਸਿਆਸੀ ਪਾਰਟੀਆਂ ਲਈ ਚੋਣਾਂ ਤੋਂ ਬਾਅਦ ਸੁਧਾਰਾਂ ਦੀ ਪ੍ਰਕਿਰਿਆ ਜਾਰੀ ਰੱਖਣ ਦਾ ਅਹਿਦ ਲੈਣਾ ਜ਼ਰੂਰੀ ਕਰਾਰ ਦਿੱਤਾ ਗਿਆ ਸੀ। ਡੈਮੋਕਰੈਟ ਪਾਰਟੀ ਨੇ ਇਸ ਨੂੰ ਸਰਕਾਰ ਦਾ ਇਕ ਹਥਕੰਡਾ ਕਰਾਰ ਦਿੱਤਾ ਸੀ ਤਾਂ ਕਿ ਲੋਕਾਂ ਨੂੰ ਸਰਕਾਰ ਖਿਲਾਫ਼ ਮੁਜ਼ਾਹਰਿਆਂ ਵਿਚ ਹਿੱਸਾ ਲੈਣ ਤੋਂ ਨਿਰਉਤਸ਼ਾਹਿਤ ਕੀਤਾ ਜਾ ਸਕੇ।ਸਰਕਾਰ ਵੱਲੋਂ ਐਲਾਨੀ ਸੁਧਾਰ ਕੌਂਸਲ ਕੌਮੀ ਪੱਧਰ ਤੋਂ ਲੈ ਕੇ ਮੁਕਾਮੀ ਪੱਧਰ ’ਤੇ ਕਾਇਮ ਕੀਤੀ ਜਾਵੇਗੀ ਅਤੇ ਇਸ ਵਿਚ ਸਮਾਜ ਦੇ ਵੱਖ-ਵੱਖ ਤਬਕਿਆਂ ਦੇ ਲੋਕਾਂ ਨੂੰ ਨੁਮਾਇੰਦਗੀ ਦਿੱਤੀ ਜਾਵੇਗੀ। ਕਾਇਮ ਮੁਕਾਮ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੌਮੀ ਸੁਧਾਰ ਕੌਂਸਲ ਦੋ ਸਾਲ ਹੋਂਦ ਵਿਚ ਰਹੇਗੀ ਅਤੇ ਅਗਲੀ ਸਰਕਾਰ ਦੇ ਨਾਲੋ-ਨਾਲ ਕੰਮ ਕਰੇਗੀ।ਇਸ ਦਾ ਮੁੱਖ ਕੰਮ ਦੇਸ਼ ਲਈ ਲੰਮਚਿਰੀ ਸੁਧਾਰਾਂ ਖਾਸ ਕਰਕੇ ਸਿਆਸੀ ਸੁਧਾਰਾਂ ਦਾ ਖਾਕਾ ਤਿਆਰ ਕਰਨਾ ਹੋਵੇਗਾ ਤਾਂ ਕਿ ਭਵਿੱਖ ਦੀ ਰਾਜਨੀਤੀ ਸਹੀ ਮਾਅਨਿਆਂ ਵਿਚ ਲੋਕਾਂ ਦੀ ਆਵਾਜ਼ ਬਣ ਸਕੇ।
ਝੱਜ ਨੇ ਦੋਸ਼ ਨਾ ਕਬੂਲੇ,
ਖ਼ੁਦ ਨੂੰ ਬੇਗੁਨਾਹ ਦੱਸਿਆ


ਸੈਕਰਾਮੈਂਟੋ (ਕੈਲੀਫੋਰਨੀਆ), 22 ਦਸੰਬਰ - ਅਮਰੀਕਾ ਦੀ ਸੰਘੀ ਜਾਂਚ ਏਜੰਸੀ (ਐਫਬੀਆਈ) ਵੱਲੋਂ ਬੀਤੇ ਦਿਨ ਗ੍ਰਿਫਤਾਰ ਕੀਤੇ ਗਏ ਬੱਬਰ ਖਾਲਸਾ ਦੇ ਕਥਿਤ ਖਾੜਕੂ ਬਲਵਿੰਦਰ ਸਿੰਘ ਝੱਜ ਨੇ ਆਪਣੇ ’ਤੇ ਲੱਗੇ ਦੋਸ਼ਾਂ ਨੂੰ ਰੱਦ ਕੀਤਾ ਹੈ। ਉਸ ਖ਼ਿਲਾਫ਼ ਕਤਲ, ਅਗਵਾ ਤੇ ਹੋਰ ਮੁਲਕ ਵਿੱਚ ਅਤਿਵਾਦੀ ਸਰਗਰਮੀਆਂ ਚਲਾਉਣ ਦੀ ਸਾਜ਼ਿਸ਼ ਰਚਣ ਵਰਗੇ ਦੋਸ਼ ਹਨ। ਰੀਨੋ ਦੀ ਅਦਾਲਤ ਵਿੱਚ ਪੇਸ਼ ਕੀਤੇ ਗਏ ਬਲਵਿੰਦਰ ਸਿੰਘ ਉਰਫ ਝੱਜ ਉਰਫ ਹੈਪੀ ਉਰਫ ਪੋਲੀ ਉਰਫ ਬਲਜੀਤ ਸਿੰਘ ਨੇ ਕਿਹਾ ਕਿ ਉਸ ਖ਼ਿਲਾਫ਼ ਲਗਾਏ ਦੋਸ਼ ਝੂਠੇ ਹਨ ਤੇ ਉਸ ਦਾ ਅਸਲ ਨਾਮ  ਬਲਜੀਤ ਸਿੰਘ ਹੈ ਨਾ ਕਿ ਬਲਵਿੰਦਰ ਸਿੰਘ। ਉਸ ਨੂੰ 17 ਦਸੰਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਹ ਭਾਰਤ ਤੋਂ ਅਮਰੀਕਾ ਆਇਆ ਸੀ ਤੇ  ਇੱਥੇ ਹੀ ਸ਼ਰਨ ਲੈ ਕੇ ਦੇਸ਼ ਦਾ ਪੱਕਾ ਨਾਗਰਿਕ ਬਣ ਗਿਆ। ਉਸ ਖ਼ਿਲਾਫ਼ ਮੁਕੱਦਮੇ ਦੀ ਮੁੱਢਲੀ ਸੁਣਵਾਈ 11 ਫਰਵਰੀ ਤੋਂ ਸ਼ੁਰੂ ਹੋਵੇਗੀ ਤੇ ਜੇਕਰ ਦੋਸ਼ ਸਾਬਤ ਹੋ ਗਏ ਤਾਂ ਉਸ ਨੂੰ ਸਾਰੀ ਉਮਰ ਜੇਲ੍ਹ ਵਿੱਚ ਗੁਜ਼ਾਰਨੀ ਪਵੇਗੀ। ਬਲਵਿੰਦਰ ਸਿੰਘ ਉੱਪਰ ਦੋਸ਼ ਹੈ ਕਿ ਉਹ ਬੱਬਰ ਖ਼ਾਲਸਾ ਇੰਟਰਨੈਸ਼ਨਲ ਤੇ ਖ਼ਾਲਿਸਤਾਨ ਜ਼ਿੰਦਾਬਾਦ ਫੋਰਸ ਨਾਲ ਜੁੜਿਆ ਰਿਹਾ ਹੈ। ਉਸ ਨੇ ਆਪਣੀ ਪਛਾਣ ਬਦਲਣ ਲਈ ਜਾਅਲਸਾਜ਼ੀ ਕੀਤੀ।   ਉਸ ਨੇ ਭਾਰਤ ਵਿੱਚ ਗੜਬੜੀਆਂ ਕਰਨ ਲਈ ਗੁਰਜੰਟ ਸਿੰਘ ਤੇ ਸਰੂਪ ਸਿੰਘ ਨੂੰ ਪੈਸਾ ਭੇਜਿਆ।
ਪੂਤਿਨ ਵੱਲੋਂ ਆਪਣੇ ਸਿਆਸੀ
ਸ਼ਰੀਕ ਨੂੰ ਮੁਆਫ਼ੀ


ਮਾਸਕੋ, 21 ਦਸੰਬਰ - ਰੂਸ ਦੇ ਚਰਚਿਤ ਕੈਦੀ ਮਿਖਾਇਲ ਖੋਦਰਕੋਵਸਕੀ ਨੂੰ ਅੱਜ ਜੇਲ੍ਹ ’ਚੋਂ ਰਿਹਾਅ ਕਰ ਦਿੱਤਾ ਗਿਆ।  ਰਾਸ਼ਟਰਪਤੀ ਵਾਲਦੀਮੀਰ ਪੁਤਿਨ ਨੇ ਆਪਣੇ ਇਸ ਸਿਆਸੀ ਸ਼ਰੀਕ ਨੂੰ ਮੁਆਫ਼ ਕਰਕੇ ਸਭ ਨੂੰ ਹੈਰਾਨ ਕਰ   ਦਿੱਤਾ। ਸ੍ਰੀ ਪੁਤਿਨ ਵੱਲੋਂ ਰੂਸ ਦੇ ਸਾਬਕਾ, ਸਭ ਤੋਂ ਅਮੀਰ ਵਿਅਕਤੀ, ਜੋ 10 ਸਾਲ ਤੋਂ ਵੱਧ ਸਮਾਂ ਜੇਲ੍ਹ ਵਿਚ ਰਿਹਾ, ਨੂੰ ਅੱਜ ਮੁਆਫੀ ਦਿੱਤੀ ਗਈ।  ਬੀਤੇ ਦਿਨ ਉਨ੍ਹਾਂ ਦੇਸ਼ ਨੂੰ ਇਹ ਕਹਿ ਕੇ ਹੈਰਾਨ ਕੀਤਾ ਸੀ ਕਿ ਖੋਦਰਕੋਵਸਕੀ ਨੇ ਆਪਣੀ ਬਿਮਾਰ ਮਾਂ ਦਾ ਵਾਸਤਾ ਦੇ ਕੇ ਇਨਸਾਨੀਅਤ ਦੇ ਨਾਤੇ ਨਰਮਾਈ ਵਰਤਣ ਲਈ ਕਿਹਾ ਹੈ। ਸ੍ਰੀ ਪੁਤਿਨ ਨੇ ਕਿਹਾ, ‘‘ਇਨਸਾਨੀਅਤ ਦੇ ਨਾਤੇ ਮੇਰਾ ਮੰਨਣਾ ਹੈ ਕਿ ਮਿਖਾਇਲ ਬੋਰਿਸੋਵਿਚ ਖੋਦਰਕੋਵਸਕੀ ਨੂੰ ਮੁਆਫ਼ੀ ਮਿਲਣੀ ਚਾਹੀਦੀ ਹੈ ਅਤੇ ਜੇਲ੍ਹ ਦੀ ਸਜ਼ਾ ਤੋਂ ਆਜ਼ਾਦੀ ਮਿਲਣੀ ਚਾਹੀਦੀ ਹੈ।’’
ਕਾਫੀ ਡਰਾਇਆ ਗਿਆ ਸੀ
ਸੰਗੀਤਾ ਦੇ ਪਰਿਵਾਰ ਨੂੰ


ਨਿਊਯਾਰਕ, 21 ਦਸੰਬਰ - ਭਾਰਤੀ ਕੂਟਨੀਤਕ ਦੇਵਯਾਨੀ ਖੋਬਰਾਗੜੇ ਦੀ ਸਾਬਕਾ ਨੌਕਰਾਣੀ ਸੰਗੀਤਾ ਰਿਚਰਡ ਦੇ ਪਰਿਵਾਰ ਨੇ ਦੋਸ਼ ਲਾਇਆ ਕਿ ਕਈ ਮੌਕਿਆਂ 'ਤੇ ਉਹ ਕਾਫੀ ਡਰ-ਡਰ ਕੇ ਜੀਅ ਰਹੇ ਸਨ ਕਿਉਂਕਿ ਉਨ੍ਹਾਂ ਨੂੰ ਕਈ ਵਾਰ ਕਿਹਾ ਗਿਆ ਸੀ ਕਿ ਉਹ ਘਰੇਲੂ ਨੌਕਰਾਣੀ ਦੇ ਰੂਪ ਵਿਚ ਕੰਮ ਕਰ ਰਹੀ ਆਪਣੀ ਪਰਿਵਾਰਕ ਮੈਂਬਰ ਨੂੰ ਭਾਰਤ ਵਾਪਸ ਬੁਲਾਉਣ | ਨਿਊਯਾਰਕ ਟਾਈਮਜ਼ ਵਿਚ ਛਪੀ ਇਕ ਰਿਪੋਰਟ ਵਿਚ ਰਿਚਰਡ ਦੇ ਪਰਿਵਾਰ ਦੇ ਕਰੀਬੀ ਵਿਅਕਤੀ ਦੇ ਹਵਾਲੇ ਨਾਲ ਕਈ ਇਸ ਤਰ੍ਹਾਂ ਦੇ ਮੌਕਿਆਂ ਦਾ ਵੇਰਵਾ ਦਿੱਤਾ ਗਿਆ ਜਦੋਂ ਪਰਿਵਾਰ ਦੇ ਮੈਂਬਰ ਡਰੇ ਹੋਏ ਸਨ | ਇਸੇ ਤਰ੍ਹਾਂ ਦੇ ਇਕ ਮਾਮਲੇ ਵਿਚ ਰਿਚਰਡ ਦੇ ਪਤੀ ਫਿਲਪ ਆਪਣੇ ਬੱਚੇ ਨੂੰ ਸਾਇਕਲ 'ਤੇ ਘੁਮਾ ਰਹੇ ਸੀ ਕਿ ਉਸੇਂ ਸਮੇਂ ਇਕ ਵਿਅਕਤੀ ਬੰਦੂਕ ਲੈ ਕੇ ਆਇਆ ਅਤੇ ਕਿਹਾ ਕਿ ਉਹ ਆਪਣੀ ਪਤਨੀ ਨੂੰ ਵਾਪਸ ਬੁਲਾਵੇ | ਰਿਚਰਡ ਦੇ ਪਤੀ ਨੇ ਕਿਹਾ ਕਿ ਕਈ ਵਾਰ ਦੇਵਯਾਨੀ ਦੇ ਪਿਤਾ ਨੇ ਉਨ੍ਹਾਂ ਨੂੰ ਫੋਨ ਕੀਤਾ ਕਿ ਉਹ ਆਪਣੀ ਪਤਨੀ ਨੂੰ ਭਾਰਤ ਵਾਪਸ ਬੁਲਾਵੇ | ਇਕ ਹੋਰ ਘਟਨਾ ਵਿਚ ਰਿਚਰਡ ਦੇ ਪਤੀ ਤੋਂ ਭਾਰਤ ਵਿਚ ਪੁਲਿਸ ਨੇ ਪੁੱਛਗਿੱਛ ਕਰਦੇ ਹੋਏ ਕਿਹਾ ਕਿ ਉਹ ਦੱਸੇ ਕਿ ਅਮਰੀਕਾ ਵਿਚ ਉਸ ਦੀ ਪਤਨੀ ਕਿਥੇ ਹੈ |

<< Start < Prev 1 2 3 4 5 6 7 8 9 10 Next > End >>

ਮੁੱਖ ਖ਼ਬਰਾਂ : 

ਖੇਡ ਖ਼ਬਰਾ : 

ਅੰਤਰਰਾਸ਼ਟਰੀ ਖ਼ਬਰਾ : 

ਪੰਜਾਬ ਖ਼ਬਰਾਂ : 

ਨਵੇਂ ਲੇਖ : 

 

 

Random Video 

Receive Newsletter & Updates 

Sample Newsletter


Receive HTML?

Advertisement
Advertisement
Advertisement