Sports News 

ਭਾਰਤ-ਆਸਟ੍ਰੇਲੀਆ ਟੀ-20 ਮੈਚ :

ਸਭ ਦੀਆਂ ਨਜ਼ਰਾਂ ਯੁਵਰਾਜ 'ਤੇ


ਰਾਜਕੋਟ, 10 ਅਕਤੂਬਰ - ਭਾਰਤ ਤੇ ਆਸਟੇ੍ਰਲੀਆ ਵਿਚਾਲੇ ਵੀਰਵਾਰ ਨੂੰ ਹੋਣ ਵਾਲੇ ਟੀ-20 ਮੈਚ 'ਚ ਸਾਰਿਆਂ ਦੀਆਂ ਨਜ਼ਰਾਂ ਟੀਮ 'ਚ ਵਾਪਸੀ ਕਰ ਰਹੇ ਯੁਵਰਾਜ ਸਿੰਘ 'ਤੇ ਹੋਣਗੀਆਂ | ਭਾਰਤ ਨੇ ਇਸ ਮੈਚ 'ਚ ਜਿਥੇ ਮਜ਼ਬੂਤ ਟੀਮ ਉਤਾਰੀ ਹੈ, ਉਥੇ ਆਸਟ੍ਰੇਲੀਆ ਦੀ ਟੀਮ 'ਚ ਵੀ ਜ਼ਿਆਦਾਤਰ ਅਨੁਭਵੀ ਖਿਡਾਰੀ ਹਨ | ਇੰਗਲੈਂਡ ਖਿਲਾਫ਼ ਏਸ਼ੇਜ਼ ਲੜੀ ਤੋਂ ਪਹਿਲਾਂ ਆਸਟ੍ਰੇਲੀਆ ਆਪਣੇ ਨੌਜਵਾਨ ਖਿਡਾਰੀਆਂ ਨੂੰ ਪਰਖਣਾ ਚਾਹੇਗਾ, ਹਾਲਾਂਕਿ ਇਸ ਮੈਚ 'ਚ ਮੌਸਮ ਵੀ ਰੁਕਾਵਟ ਬਣ ਸਕਦਾ ਹੈ | ਪੂਰੇ ਰਾਜ ਵਿਚ ਭਾਰੀ ਬਾਰਿਸ਼ ਹੋ ਰਹੀ ਹੈ ਤੇ ਮੌਸਮ ਵਿਭਾਗ ਨੇ ਕੱਲ੍ਹ ਇਥੇ ਵੀ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਹੈ | ਭਾਰਤ ਦੇ ਜ਼ਿਆਦਾਤਰ ਖਿਡਾਰੀਆਂ ਨੇ ਚੈਂਪੀਅਨਜ਼ ਲੀਗ ਟੀ-20 ਟੂਰਨਾਮੈਂਟ ਜਾਂ ਭਾਰਤ-ਏ ਲਈ ਖੇਡ ਕੇ ਤਿਆਰੀ ਪੁਖਤਾ ਕਰ ਲਈ ਹੈ ਤੇ ਜਾਰਜ ਬੈਲੀ ਦੀ ਕਪਤਾਨੀ ਵਾਲੀ ਆਸਟ੍ਰੇਲੀਆ ਦੀ ਟੀਮ 'ਤੇ ਉਨ੍ਹਾਂ ਦਾ ਪੱਲੜਾ ਭਾਰੀ ਰਹਿਣ ਦੀ ਉਮੀਦ ਹੈ | ਦੋਹਾਂ ਟੀਮਾਂ ਵਿਚਾਲੇ ਹੁਣ ਤੱਕ ਖੇਡੇ ਗਏ 7 ਟੀ-20 ਮੈਚਾਂ 'ਚ 4 ਆਸਟ੍ਰੇਲਅੀਆ ਨੇ ਜਿੱਤੇ ਹਨ | ਭਾਰਤ ਨੇ ਪਿੱਛਲਾ ਟੀ-20 ਮੈਚ ਪਾਕਿਸਤਾਨ ਖਿਲਾਫ਼ ਪਿਛਲੇ ਸਾਲ ਦਸੰਬਰ 'ਚ ਅਹਿਮਦਾਬਾਦ ਵਿਚ ਖੇਡਿਆ ਸੀ | ਅੰਤਰਰਾਸ਼ਟਰੀ ਕ੍ਰਿਕਟ ਤੋਂ ਦੋ ਮਹੀਨੇ ਦੇ ਬ੍ਰੇਕ ਤੋਂ ਬਾਅਦ ਕਪਤਾਨ ਮਹਿੰਦਰ ਸਿੰਘ ਧੋਨੀ ਜਿੱਤ ਨਾਲ ਸ਼ੁਰੂਆਤ ਕਰਨਾ ਚਾਹੁਣਗੇ, ਹਾਲਾਂਕਿ ਸਾਰਿਆਂ ਦੀਆਂ ਨਜ਼ਰਾਂ ਯੁਵਰਾਜ 'ਤੇ ਲੱਗੀਆਂ ਰਹਿਣਗੀਆਂ | ਯੁਵਰਾਜ ਨੇ ਵੈਸਟ ਇੰਡੀਜ਼-ਏ ਖਿਲਾਫ ਬੰਗਲੌਰ 'ਚ ਟੀ-20 ਮੈਚ 'ਚ 35 ਗੇਂਦਾਂ 'ਚ 52 ਦੌੜਾਂ ਬਣਾਈਆਂ ਸਨ | ਉਹ ਆਪਣੀ ਸਪਿੱਨ ਗੇਂਦਬਾਜ਼ੀ ਕਾਰਨ ਵੀ ਕਾਫ਼ੀ ਉਪਯੋਗੀ ਹੋ ਸਕਦੇ ਹਨ | ਉਨ੍ਹਾਂ ਤੋਂ ਇਲਾਵਾ ਸੌਰਾਸ਼ਟਰ ਦੇ ਦੋ ਖਿਡਾਰੀ ਰਵਿੰਦਰ ਜਡੇਜਾ ਤੇ ਤੇਜ਼ ਗੇਂਦਬਾਜ਼ ਜੈਦੇਵ ਉਨਾਦਕਟ ਵੀ ਘਰੇਲੂ ਮੈਦਾਨ 'ਤੇ ਚੰਗਾ ਪ੍ਰਦਰਸ਼ਨ ਕਰਨਾ ਚਾਹੁਣਗੇ | ਇਸ ਸਮੇਂ ਭਾਰਤੀ ਬੱਲੇਬਾਜ਼ੀ ਕਾਫ਼ੀ ਮਜ਼ਬੂਤ ਦਿਸ ਰਹੀ ਹੈ | ਦੂਜੇ ਪਾਸੇ ਆਸਟੇ੍ਰਲੀਆ ਦੀ ਟੀਮ ਵੀ ਜਿੱਤ ਨਾਲ ਸ਼ੁਰੂਆਤ ਕਰਨਾ ਚਾਹੇਗੀ | ਇਸ ਸਾਲ ਦੀ ਸ਼ੁਰੂਆਤ 'ਚ ਟੈਸਟ ਲੜੀ 'ਚ ਭਾਰਤ ਨੇ ਆਸਟ੍ਰੇਲੀਆ ਨੂੰ 4-0 ਨਾਲ ਹਰਾਇਆ ਸੀ |


ਚੈਂਪੀਅਨਜ਼ ਲੀਗ ਦੇ ਫਾਈਨਲ ਦੌਰਾਨ ਸਚਿਨ

ਤੇ ਦ੍ਰਾਵਿੜ ਨੂੰ 'ਗਾਰਡ ਆਫ ਆਨਰ'


ਨਵੀਂ ਦਿੱਲੀ 8 ਅਕਤੂਬਰ - ਆਪਣਾ ਆਖਰੀ ਟੀ-20 ਮੈਚ ਖੇਡ ਰਹੇ ਰਾਜਸਥਾਨ ਰਾਇਲਜ਼ ਦੇ ਕਪਤਾਨ ਰਾਹੁਲ ਦ੍ਰਾਵਿੜ ਅਤੇ ਮੁੰਬਈ ਇੰਡੀਅਨਜ਼ ਦੇ ਸਚਿਨ ਤੇਂਦੁਲਕਰ ਨੂੰ ਫਿਰੋਜਸ਼ਾਹ ਕੋਟਲਾ ਮੈਦਾਨ 'ਚ ਚੈਂਪੀਅਨਜ਼ ਲੀਗ ਦੇ ਫਾਈਨਲ ਮੈਚ ਦੌਰਾਨ ਉਨ੍ਹਾਂ ਦੀ ਟੀਮ ਦੇ ਸਾਥੀਆਂ ਵਲੋਂ 'ਗਾਰਡ ਆਫ ਆਨਰ' ਦਿੱਤਾ | ਫੀਲਡਿੰਗ ਦਾ ਫੈਸਲਾ ਕਰਨ ਦੇ ਬਾਅਦ ਜਦੋ ਦ੍ਰਾਵਿੜ ਮੈਦਾਨ 'ਤੇ ਆਏ ਤਾਂ ਰਾਜਸਥਾਨ ਰਾਇਲਜ਼ ਦੇ ਖਿਡਾਰੀਆਂ ਨੇ ਉਨ੍ਹਾਂ ਨੂੰ ਸਲਾਮੀ ਦਿੱਤੀ ਜਦਕਿ ਸਚਿਨ ਨੂੰ ਉਸ ਵਕਤ ਇਹ ਸਨਮਾਨ ਦਿੱਤਾ ਗਿਆ ਜਦੋਂ ਉਹ 15 ਦੌੜਾਂ ਬਣਾ ਕੇ ਆਊਟ ਹੋਣ ਤੋਂ ਬਾਅਦ ਪੈਵੇਲੀਅਨ ਪਰਤ ਰਹੇ ਸਨ |


ਚੈਂਪੀਅਨਜ਼ ਲੀਗ : ਮੁੰਬਈ ਇੰਡੀਅਨਜ਼

ਬਣੀ ਚੈਂਪੀਅਨ


ਨਵੀਂ ਦਿੱਲੀ, 7 ਅਕਤੂਬਰ - ਮੁੰਬਈ ਇੰਡੀਅਨਜ਼ ਨੇ ਅੱਜ ਇਥੇ ਸਚਿਨ ਤੇਂਦੁਲਕਰ ਨੂੰ ਟੀ-20 ਕੈਰੀਅਰ 'ਚ ਸ਼ਾਨਦਾਰ ਤਰੀਕੇ ਨਾਲ ਵਿਦਾਈ ਦੇ ਕੇ ਚੈਂਪੀਅਨਜ਼ ਲੀਗ ਦਾ ਖਿਤਾਬ ਦੂਸਰੀ ਵਾਰ ਜਿੱਤ ਲਿਆ। ਫਾਈਨਲ 'ਚ ਮੁੰਬਈ ਨੇ ਰਾਜਸਥਾਨ ਰਾਇਲਜ਼ ਨੂੰ 33 ਦੌੜਾਂ ਨਾਲ ਹਰਾਇਆ। ਇਸ ਤੋਂ ਪਹਿਲਾਂ ਮੁੰਬਈ 2011 'ਚ ਵੀ ਚੈਂਪੀਅਨਜ਼ ਲੀਗ ਦਾ ਖਿਤਾਬ ਜਿੱਤ ਚੁੱਕੀ ਹੈ। ਜਿੱਤ ਲਈ 203 ਦੌੜਾਂ ਦੇ ਵਿਸ਼ਾਲ ਟੀਚੇ ਦਾ ਪਿੱਛਾ ਕਰਦਿਆਂ ਰਾਜਸਥਾਨ ਦੀ ਟੀਮ 169 ਦੌੜਾਂ 'ਤੇ ਸਿਮਟ ਗਈ ਹਾਲਾਂਕਿ ਉਨ੍ਹਾਂ ਨੇ ਸ਼ਾਨਦਾਰ ਸ਼ੁਰੂਆਤ ਕਰਦਿਆਂ ਪਹਿਲੀਆਂ 100 ਦੌੜਾਂ ਕੇਵਲ 9 ਓਵਰਾਂ 'ਚ ਹੀ ਪੂਰੀਆਂ ਕਰ ਲਈਆਂ। ਰਹਾਨੇ (65) ਅਤੇ ਸੰਜੂ ਸੈਮਸਨ (60) ਨੇ ਤੇਜ਼ ਪਾਰੀਆਂ ਖੇਡ ਕੇ ਆਪਣੀ ਟੀਮ ਨੂੰ ਜਿੱਤ ਦਿਵਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪ੍ਰੰਤੂ ਮੁੰਬਈ ਦੇ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ, ਖਾਸ ਕਰਕੇ ਹਰਭਜਨ ਸਿੰਘ ਨੇ ਇਕ ਓਵਰ 'ਚ ਹੀ 3 ਵਿਕਟਾਂ ਹਾਸਿਲ ਕਰਕੇ ਮੈਚ ਦਾ ਰੁਖ ਪਲਟ ਦਿੱਤਾ, ਜਿਸ ਲਈ ਉਸ ਨੂੰ ਮੈਨ ਆਫ ਮੈਚ ਐਲਾਨਿਆ ਗਿਆ। ਹਰਭਜਨ ਨੇ ਮੈਚ 'ਚ ਕੁਲ 4 ਵਿਕਟਾਂ ਹਾਸਿਲ ਕੀਤੀਆਂ। ਇਕ ਸਮੇਂ ਰਾਜਸਥਾਨ ਦਾ ਸਕੋਰ 16 ਓਵਰਾਂ 'ਚ 3 ਵਿਕਟਾਂ 'ਤੇ 155 ਦੌੜਾਂ ਸੀ ਪ੍ਰੰਤੂ ਰਾਜਸਥਾਨ ਨੇ ਆਪਣੀਆਂ ਆਖਰੀ 6 ਵਿਕਟਾਂ 14 ਦੌੜਾਂ 'ਤੇ ਹੀ ਗਵਾ ਲਈਆਂ। ਇਸ ਤੋਂ ਪਹਿਲਾਂ ਮੁੰਬਈ ਇੰਡੀਅਨਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਿਤ ਓਵਰਾਂ 'ਚ 6 ਵਿਕਟਾਂ ਦੇ ਨੁਕਸਾਨ 'ਤੇ 202 ਦੌੜਾਂ ਦਾ ਵੱਡਾ ਸਕੋਰ ਬਣਾਇਆ। ਸਲਾਮੀ ਬੱਲੇਬਾਜ਼ ਡਵੈਨ ਸਮਿੱਥ (44) ਵਲੋਂ ਟੀਮ ਨੂੰ ਦਿੱਤੀ ਗਈ ਮਜ਼ਬੂਤ ਸ਼ੁਰੂਆਤ ਨੂੰ ਗਲੈਨ ਮੈਕਸਵੈਲ ਅਤੇ ਕਪਤਾਨ ਰੋਹਿਤ ਸ਼ਰਮਾ ਦੀਆਂ ਪਾਰੀਆਂ ਨੇ ਅੰਜਾਮ ਦਿੱਤਾ। ਰੋਹਿਤ ਸ਼ਰਮਾ ਨੇ 14 ਗੇਂਦਾਂ 'ਚ 33 ਦੌੜਾਂ ਦੀ ਪਾਰੀ ਖੇਡੀ ਜਦਕਿ ਗਲੈਨ ਮੈਕਸਵੈਲ ਨੇ 14 ਗੇਂਦਾਂ 'ਚ 37 ਦੌੜਾਂ ਬਣਾਈਆਂ। ਮੈਕਸਵੈਲ ਨੇ ਦਿਨੇਸ਼ ਕਾਰਤਿਕ ਨਾਲ ਮਿਲ ਕੇ ਛੇਵੀਂ ਵਿਕਟ ਲਈ 14 ਗੇਂਦਾਂ 'ਚ 41 ਦੌੜਾਂ ਜੋੜੀਆਂ। ਚੈਂਪੀਅਨਜ਼ ਲੀਗ 'ਚ ਮੁੰਬਈ ਦਾ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਸਕੋਰ ਸੀ, ਮੁੰਬਈ ਨੇ ਆਖਰੀ 10 ਓਵਰਾਂ 'ਚ 142 ਦੌੜਾਂ ਜੋੜੀਆਂ। ਰਾਜਸਥਾਨ ਵਲੋਂ ਫਿਰਕੀ ਗੇਂਦਬਾਜ਼ ਪ੍ਰਵੀਨ ਤਾਂਬੇ ਇਕ ਵਾਰ ਫਿਰ ਸਭ ਤੋਂ ਸਫਲ ਗੇਂਦਬਾਜ਼ ਸਾਬਿਤ ਹੋਇਆ, ਉਸ ਨੇ 19 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ। ਇਸ ਤੋਂ ਪਹਿਲਾਂ ਸਲਾਮੀ ਬੱਲੇਬਾਜ਼ ਸਚਿਨ ਆਪਣੇ ਆਖਰੀ ਟੀ-20 ਮੈਚ 'ਚ ਕੁਝ ਖਾਸ ਨਹੀਂ ਕਰ ਸਕੇ ਅਤੇ ਮਹਿਜ਼ 15 ਦੌੜਾਂ ਬਣਾ ਕੇ ਸ਼ੇਨ ਵਾਟਸਨ ਦਾ ਸ਼ਿਕਾਰ ਬਣੇ। ਟੂਰਨਾਮੈਂਟ 'ਚ ਸਭ ਤੋਂ ਵੱਧ 288 ਦੌੜਾਂ ਬਣਾਉਣ ਲਈ ਰਾਜਸਥਾਨ ਦੇ ਅੰਜਿਕਾ ਰਿਹਾਣੇ ਨੂੰ ਗੋਲਡਨ ਬੈਟ ਅਤੇ ਰਾਜਸਥਾਨ ਦੇ ਗੇਂਦਬਾਜ਼ ਪ੍ਰਵੀਨ ਤਾਂਬੇ ਨੂੰ ਸਭ ਤੋਂ ਵੱਧ 12 ਵਿਕਟਾਂ ਹਾਸਲ ਕਰਨ ਦੇ ਲਈ ਗੋਲਡਨ ਬਾਲ ਨਾਲ ਸਨਮਾਨਿਤ ਕੀਤਾ ਗਿਆ।


ਚੈਂਪੀਅਨਜ਼ ਲੀਗ : ਮੁੰਬਈ ਇੰਡੀਅਨਜ਼

ਤੇ ਰਾਜਸਥਾਨ ਰਾਇਲਜ਼ ਵਿਚਾਲੇ

ਖਿਤਾਬੀ ਟੱਕਰ ਅੱਜ


ਨਵੀਂ ਦਿੱਲੀ, 6 ਅਕਤੂਬਰ - ਚੈਂਪੀਅਨਜ਼ ਲੀਗ ਟੀ-20 ਵਿਚ ਦੋ ਭਾਰਤੀ ਟੀਮਾਂ ਰਾਜਸਥਾਨ ਰਾਇਲਜ਼ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਐਤਵਾਰ ਨੂੰ ਖਿਤਾਬੀ ਟੱਕਰ ਹੋਵੇਗੀ | ਅੱਜੇ ਇਥੇ ਖੇਡੇ ਗਏ ਦੂਸਰੇ ਸੈਮੀਫਾਈਨਲ ਮੈਚ 'ਚ ਮੁੰਬਈ ਇੰਡੀਅਨਜ਼ ਨੇ ਤਿ੍ਨੀਦਾਦ ਟੇਬੋਗੋ ਨੂੰ 6 ਵਿਕਟਾਂ ਨਾਲ ਹਰਾ ਕੇ ਫਾਈਨਲ 'ਚ ਜਗਾ ਬਣਾਈ | ਜਿੱਤ ਲਈ ਮਿਲੇ 154 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਮੁੰਬਈ ਦੀ ਟੀਮ ਨੇ ਸਲਾਮੀ ਬੱਲੇਬਾਜ਼ ਸਚਿਨ ਤੇਂਦੁਲਕਰ (35) ਅਤੇ ਡਵੈਨ ਸਮਿੱਥ (59) ਦੀਆਂ ਸ਼ਾਨਦਾਰ ਪਾਰੀਆਂ ਬਦੌਲਤ ਪਹਿਲੇ ਵਿਕਟ ਲਈ 90 ਦੌੜਾਂ ਦੀ ਸਾਂਝੇਦਾਰੀ ਕੀਤੀ ਅਤੇ ਆਪਣੀ ਟੀਮ ਨੂੰ ਮਜ਼ਬੂਤ ਸਥਿਤੀ 'ਚ ਪਹੰੁਚਾ ਦਿੱਤਾ | ਆਪਣੀ ਪਾਰੀ ਦੌਰਾਨ ਸਚਿਨ ਪੁਰਾਣੇ ਰੰਗ 'ਚ ਦਿਸੇ ਤੇ ਇਸ ਦੌਰਾਨ ਉਨ੍ਹਾਂ ਕ੍ਰਿਕਟ 'ਚ ਆਪਣੀਆਂ 50,000 ਦੌੜਾਂ ਵੀ ਪੂਰੀਆਂ ਕੀਤੀਆਂ | ਦਿਨੇਸ਼ ਕਾਰਿਤਕ ਨੇ ਵੀ 33 ਦੌੜਾਂ ਦੀ ਪਾਰੀ ਖੇਡੀ ਅਤੇ ਛੱਕਾ ਲਗਾ ਕੇ ਆਪਣੀ ਟੀਮ ਨੂੰ ਮੈਚ ਜਿਤਵਾਇਆ | ਕੈਰੇਬਾਈ ਟੀਮ ਵਲੋਂ ਸੁਨੀਲ ਨਰਾਇਣ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 3 ਵਿਕਟਾਂ ਹਾਸਿਲ ਕੀਤੀਆਂ | ਇਸ ਤੋਂ ਪਹਿਲਾਂ ਤਿ੍ਨਿਦਾਦ ਟੋਬੇਗੋ ਨੇ ਸਲਾਮੀ ਬੱਲੇਬਾਜ਼ ਈਵਨ ਲਿਊਸ ਦੇ ਅਰਧ ਸੈਂਕੜੇ ਅਤੇ ਯਾਨਿਕ ਓਟਲੇ ਦੀ 41 ਦੌੜਾਂ ਦੀ ਪਾਰੀ ਬਦੌਲਤ ਨਿਰਧਾਰਿਤ ਓਵਰਾਂ 'ਚ 5 ਵਿਕਟਾਂ ਦੇ ਨੁਕਸਾਨ 'ਤੇ 153 ਦੌੜਾਂ ਬਣਾਈਆਂ | ਲਿਊਸ ਨੇ 46 ਗੇਂਦਾਂ 'ਚ 62 ਦੌੜਾਂ ਦੀ ਪਾਰੀ ਖੇਡੀ, ਜਿਸ 'ਚ ਉਸ ਨੇ 4 ਚੌਕੇ ਅਤੇ 4 ਛੱਕੇ ਲਗਾਏ | ਮੁੰਬਈ ਇੰਡੀਅਨਜ਼ ਦੇ ਗੇਂਦਬਾਜ਼ਾਂ ਨੇ ਮਿਡਲ ਓਵਰਾਂ 'ਚ ਸ਼ਾਨਦਾਰ ਗੇਂਦਬਾਜ਼ੀ ਕੀਤੀ ਅਤੇ ਕੈਰੇਬੀਆਈ ਟੀਮ ਨੂੰ 160 ਤੋਂ ਘੱਟ ਦੌੜਾਂ 'ਤੇ ਹੀ ਰੋਕ ਦਿੱਤਾ | ਫਿਰਕੀ ਗੇਂਦਬਾਜ਼ ਪ੍ਰਗਿਆਨ ਓਝਾ ਅਤੇ ਨੈਥਨ ਕਾਲਟਰ ਨਾਈਲ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ | ਇਸ ਤੋਂ ਪਹਿਲਾਂ ਤਿ੍ਨੀਦਾਦ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ ਅਤੇ ਲਿੰਡੀ ਸਿੰਮਨਜ ਦੂਸਰੇ ਓਵਰ 'ਚ ਹੀ ਹਰਭਜਨ ਸਿੰਘ ਦਾ ਸ਼ਿਕਾਰ ਬਣੇ |
ਸਚਿਨ ਨੇ ਕ੍ਰਿਕਟ 'ਚ 50,000 ਦੌੜਾਂ ਪੂਰੀਆਂ ਕੀਤੀਆਂ
ਭਾਰਤੀ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਅੱਜ ਇਥੇ ਚੈਂਪੀਅਨਜ਼ ਲੀਗ ਦੇ ਦੂਸਰੇ ਸੈਮੀਫਾਈਨਲ ਮੈਚ ਦੌਰਾਨ ਕ੍ਰਿਕਟ ਦੇ ਸਾਰੇ ਫਾਰਮੈਟ 'ਚ 50,000 ਦੌੜਾਂ ਪੂਰੀਆਂ ਕੀਤੀਆਂ, ਇਸ ਲਈ ਅੱਜ ਉਨ੍ਹਾਂ ਨੂੰ 26 ਦੌੜਾਂ ਦੀ ਲੋੜ ਸੀ, ਪ੍ਰੰਤੂ ਉਨ੍ਹਾਂ ਨੇ ਅੱਜ 35 ਦੌੜਾਂ ਦੀ ਪਾਰੀ ਖੇਡ ਕੇ ਇਹ ਕਾਰਨਾਮਾ ਕੀਤਾ | ਸਚਿਨ ਦੇ ਹੁਣ ਸਾਰੇ ਤਰਾਂ ਦੇ ਮੈਚਾਂ 'ਚ ਹੁਣ 953 ਮੁਕਾਬਲਿਆਂ 'ਚ 50,009 ਦੌੜਾਂ ਹਨ | ਸਚਿਨ ਇਹ ਉਪਲਬਧੀ ਹਾਸਿਲ ਕਰਨ ਵਾਲੇ ਦੁਨੀਆ ਦੇ ਪਹਿਲੇ ਨੰਬਰ ਦੇ ਬੱਲੇਬਾਜ਼ ਬਣ ਗਏ ਹਨ |


ਰਹਾਨੇ ਦੀ ਬਦੌਲਤ ਰਾਜਸਥਾਨ ਰਾਇਲਜ਼ ਫਾਈਨਲ 'ਚ
ਸੈਮੀਫਾਈਨਲ 'ਚ ਚੇਨਈ ਸੁਪਰਕਿੰਗਜ਼

ਨੂੰ 14 ਦੌੜਾਂ ਨਾਲ ਹਰਾਇਆ


ਜੈਪੁਰ, 5 ਅਕਤੂਬਰ - ਚੈਂਪੀਅਨਜ਼ ਲੀਗ ਟੀ-20 ਦੇ ਅੱਜ ਇਥੇ ਖੇਡੇ ਗਏ ਪਹਿਲੇ ਸੈਮੀਫਾਈਨਲ ਮੈਚ 'ਚ ਮੇਜ਼ਬਾਨ ਟੀਮ ਨੇ ਅਜਿੰਕਾ ਰਹਾਨੇ ਦੇ ਦਮ 'ਤੇ ਜੈਪੁਰ ਵਿਖੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਬਰਕਰਾਰ ਰੱਖਦਿਆਂ ਧੋਨੀ ਦੀ ਅਗਵਾਈ ਵਾਲੀ ਚੇਨਈ ਸੁਪਰਕਿੰਗਜ਼ ਨੂੰ 14 ਦੌੜਾਂ ਨਾਲ ਹਰਾ ਕੇ ਫਾਈਨਲ 'ਚ ਜਗਾ ਬਣਾ ਲਈ | ਜਿੱਤ ਲਈ ਮਿਲੇ 160 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਚੇਨਈ ਦੀ ਟੀਮ ਰਾਜਸਥਾਨ ਦੇ ਗੇਂਦਬਾਜ਼ਾਂ ਅੱਗੇ ਟਿਕ ਨਹੀਂ ਸਕੀ ਅਤੇ 20 ਓਵਰਾਂ 'ਚੇ 8 ਵਿਕਟਾਂ 'ਤੇ 145 ਦੌੜਾਂ ਹੀ ਬਣਾ ਸਕੀ | ਹਾਲਾਂਕਿ ਅਸ਼ਵਿਨ ਨੇ ਆਪਣੀ ਟੀਮ ਵਲੋਂ 46 ਦੌੜਾਂ ਦੀ ਜੁਝਾਰੂ ਪਾਰੀ ਖੇਡ ਕੇ ਹਾਰ ਟਾਲਣ ਦੀ ਕੋਸ਼ਿਸ਼ ਕੀਤੀ ਪਰ ਇਹ ਨਾ ਕਾਫੀ ਰਹੀ | ਰਾਜਸਥਾਨ ਵਲੋਂ 42 ਸਾਲ ਦੇ ਫਿਰਕੀ ਗੇਂਦਬਾਜ਼ ਪਰਵੀਨ ਤਾਂਬੇ ਨੇ ਕੇਵਲ 10 ਦੌੜਾਂ ਦੇ ਕੇ 3 ਵਿਕਟਾਂ ਹਾਸਿਲ ਕੀਤੀਆਂ | ਇਸ ਤੋਂ ਪਹਿਲਾਂ ਸਲਾਮੀ ਬੱਲੇਬਾਜ਼ ਅਜਿੰਕਾ ਰਹਾਨੇ ਦੀ ਸ਼ਾਨਦਾਰ 70 ਦੌੜਾਂ ਦੀ ਪਾਰੀ ਬਦੌਲਤ ਰਾਜਸਥਾਨ ਰਾਇਲਜ਼ ਨੇ ਨਿਰਧਾਰਿਤ ਓਵਰਾਂ 'ਚ 8 ਵਿਕਟਾਂ ਦੇ ਨੁਕਸਾਨ 'ਤੇ 159 ਦੌੜਾਂ ਬਣਾਈਆਂ | ਰਹਾਨੇ ਨੇ 56 ਗੇਦਾਂ 'ਚ 6 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 70 ਦੌੜਾਂ ਬਣਾਈਆਂ ਅਤੇ ਉਸ ਨੇ ਸ਼ੇਨ ਵਾਟਸਨ (32) ਨਾਲ ਮਿਲ ਕੇ ਚੌਥੇ ਵਿਕਟ ਲਈ 39 ਗੇਂਦਾਂ 'ਚ 59 ਦੌੜਾਂ ਦੀ ਅਹਿਮ ਸਾਂਝੇਦਾਰੀ ਨਿਭਾਈ ਅਤੇ ਆਪਣੀ ਟੀਮ ਦੇ ਸਕੋਰ ਨੂੰ 100 ਤੋਂ ਪਾਰ ਪਹੰੁਚਾਇਆ, ਪ੍ਰੰਤੂ ਆਖਰੀ ਓਵਰ 'ਚ ਮੇਜ਼ਬਾਨ ਟੀਮ ਨੇ ਆਪਣੀਆਂ 3 ਵਿਕਟਾਂ ਗਵਾ ਦਿੱਤੀਆਂ ਜਿਸ ਕਰਕੇ ਉਹ 160 ਦੇ ਸਕੋਰ ਤੱਕ ਨਹੀਂ ਪਹੰੁਚ ਸਕੀ | ਇਸ ਤੋਂ ਪਹਿਲਾਂ ਕਪਤਾਨ ਰਾਹੁਲ ਦ੍ਰਾਵਿੜ ਤੀਸਰੇ ਓਵਰ 'ਚ ਹੀ ਕ੍ਰਿਸ ਮੌਰਿਸ ਦਾ ਸ਼ਿਕਾਰ ਬਣੇ | ਬੱਲੇਬਾਜ਼ੀ 'ਚ ਉੱਪਰ ਭੇਜੇ ਗਏ ਕੇਵਿਨ ਕੂਪਰ ਵੀ ਕੁਝ ਖਾਸ ਕਮਾਲ ਨਹੀਂ ਕਰ ਸਕੇ | ਰਹਾਨੇ ਦਾ ਟੂਰਨਾਮੈਂਟ 'ਚ ਇਹ ਤੀਸਰਾ ਅਰਧ ਸੈਂਕੜਾ ਸੀ | ਚੇਨਈ ਸੁਪਰ ਕਿੰਗਜ਼ ਵਲੋਂ ਡਵੈਨ ਬ੍ਰਾਵੋ ਨੇ ਸਭ ਤੋਂ ਵੱਧ 3 ਵਿਕਟਾਂ ਹਾਸਿਲ ਕੀਤੀਆਂ ਜਦਕਿ ਜੇਸਨ ਹੋਲਡਰ ਤੇ ਕ੍ਰਿਸ ਮੌਰਿਸ ਨੇ 2-2 ਖਿਡਾਰੀਆਂ ਨੂੰ ਆਊਟ ਕੀਤਾ |<< Start < Prev 1 2 3 4 5 6 7 8 9 10 Next > End >>

ਮੁੱਖ ਖ਼ਬਰਾਂ : 

ਖੇਡ ਖ਼ਬਰਾ : 

ਅੰਤਰਰਾਸ਼ਟਰੀ ਖ਼ਬਰਾ : 

ਪੰਜਾਬ ਖ਼ਬਰਾਂ : 

ਨਵੇਂ ਲੇਖ : 

 

 

Random Video 

Receive Newsletter & Updates 

Sample Newsletter


Receive HTML?

Advertisement
Advertisement
Advertisement