Sports News 

ਭਾਰਤ ਤੇ ਆਸਟ੍ਰੇਲੀਆ ਦੀਆਂ

ਟੀਮਾਂ ਚੰਡੀਗੜ੍ਹ ਪੁੱਜੀਆਂ
ਭਾਰਤ-ਆਸਟ੍ਰੇਲੀਆ ਇਕ ਦਿਨਾ ਕ੍ਰਿਕਟ ਲੜੀ


ਚੰਡੀਗੜ੍ਹ 18 ਅਕਤੂਬਰ - ਭਾਰਤ ਤੇ ਆਸਟ੍ਰੇਲੀਆ 'ਚ ਇਕ ਦਿਨਾ ਕਿ੍ਕਟ ਲੜੀ ਦੇ ਹੋਣ ਜਾ ਰਹੇ ਤੀਜੇ ਮੈਚ ਲਈ ਦੋਵੇਂ ਟੀਮਾਂ ਅੱਜ ਦੁਪਹਿਰ ਚੰਡੀਗੜ੍ਹ ਪੁੱਜੀਆਂ | ਜ਼ਿਕਰਯੋਗ ਹੈ ਕਿ 19 ਅਕਤੂਬਰ ਨੂੰ ਭਾਰਤ ਤੇ ਆਸਟ੍ਰੇਲੀਆ ਦੀਆਂ ਟੀਮਾਂ ਮੁਹਾਲੀ ਪੀ. ਸੀ. ਏ. ਸਟੇਡੀਅਮ ਵਿਖੇ ਭਿੜ੍ਹਨਗੀਆਂ | ਅੱਜ ਚੰਡੀਗੜ੍ਹ ਵਿਖੇ ਪੁੱਜੇ ਭਾਰਤੀ ਟੀਮ ਦੇ ਖਿਡਾਰੀਆਂ ਵਿਚੋਂ ਸਭ ਤੋਂ ਪਹਿਲਾਂ ਯੁਵਰਾਜ ਸਿੰਘ ਪੁੱਜੇ | ਭਾਰਤੀ ਖਿਡਾਰੀਆਂ ਨੇ ਪੀ. ਸੀ. ਏ. ਦੇ ਅਧਿਕਾਰੀਆਂ ਨਾਲ ਮੁਲਾਕਾਤ ਵੀ ਕੀਤੀ | ਭਾਰਤੀ ਟੀਮ 'ਚੋਂ ਅੱਜ ਸ਼ਿਖਰ ਧਵਨ, ਵਿਰਾਟ ਕੋਹਲੀ, ਸੁਰੇਸ਼ ਰੈਨਾ ਤੇ ਟੀਮ ਦੇ ਕਪਤਾਨ ਧੋਨੀ ਵੀ ਚੰਡੀਗੜ੍ਹ ਵਿਖੇ ਪਹੁੰਚ ਚੁੱਕੇ ਹਨ | ਇਸ ਦੌਰਾਨ ਕੋਚ ਡੈਕਨ ਫਲੈਚਰ ਵੀ ਇਥੇ ਪੁੱਜ ਗਏ | ਪੂਨੇ 'ਚ ਭਾਰਤ ਦੀ ਟੀਮ ਤੋਂ ਹਾਰ ਜਾਣ ਮਗਰੋਂ ਅੱਜ ਚੰਡੀਗੜ੍ਹ ਪੁੱਜੀ ਆਸਟ੍ਰੇਲੀਆ ਦੀ ਟੀਮ ਬਹੁਤੀ ਖੁਸ਼ ਦਿਖਾਈ ਨਹੀਂ ਦਿੱਤੀ | ਇਸ ਟੀਮ 'ਚ ਅੱਜ ਸ਼ੇਨ ਵਾਟਸਨ, ਜਾਰਜ ਬੈਲੀ, ਐਰਾਨ ਫਿੰਚ, ਮਿਸ਼ੇਲ ਜਾਨਸਨ ਅੱਜ ਚੰਡੀਗੜ੍ਹ ਪੁੱਜ ਗਏ |


ਡੈਨਮਾਰਕ ਓਪਨ : ਸਾਇਨਾ, ਗੁਰੂਸਾਈ,

ਕਸ਼ਯਪ ਅਤੇ ਜੈਰਾਮ ਜਿੱਤੇ, ਸਿੰਧੂ ਹਾਰੀ


ਓਦੇਸੀ (ਡੈਨਮਾਰਕ)- 17 ਅਕਤੂਬਰ - ਭਾਰਤ ਦੀ ਸਟਾਰ ਮਹਿਲਾ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ, ਖਿਡਾਰੀ ਗੁਰੂਸਾਈ ਦੱਤ, ਪਾਰੂਪੱਲੀ ਕਸ਼ਯਪ ਅਤੇ ਅਜੇ ਜੈਰਾਮ ਡੈਨਮਾਰਕ ਓਪਨ ਦੇ ਸਿੰਗਲਜ਼ ਮੁਕਾਬਲਿਆਂ ਦੇ ਦੂਜੇ ਦੌਰ ਵਿਚ ਜਗ੍ਹਾ ਬਣਾਉਣ ਵਿਚ ਸਫਲ ਰਹੇ ਹਨ ਪਰ ਮਹਿਲਾ ਸਿੰਗਲਜ਼ ਵਿਚ ਪੀ. ਵੀ ਸਿੰਧੂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ |ਸਾਇਨਾ ਨੇ ਬੁੱਧਵਾਰ ਨੂੰ ਬੁਲਗਾਰੀਆ ਦੀ ਸਟੇਫਾਨੀ ਸਟੋਏਵਾ ਨੂੰ 27 ਮਿੰਟ ਵਿਚ 21-16, 21-12 ਨਾਲ ਹਰਾਇਆ | ਦੂਜੇ ਪਾਸੇ ਇਸੇ ਵਰਗ ਵਿਚ ਸਿੰਧੂ ਨੂੰ ਜਾਪਾਨ ਦੀ ਏਰਿਕੋ ਹਿਰੋਸੇ ਹੱਥੋਂ 21-19, 22-20 ਨਾਲ ਹਾਰ ਮਿਲੀ | ਇਹ ਮੁਕਾਬਲਾ 50 ਮਿੰਟ ਤੱਕ ਚੱਲਿਆ | ਪੁਰਸ਼ ਸਿੰਗਲਜ਼ ਵਿਚ ਗੁਰੂਸਾਈ ਨੇ ਹਾਂਗਕਾਂਗ ਦੇ ਯੁਨ ਹੂ ਨੂੰ 39 ਮਿੰਟ ਚੱਲੇ ਮੁਕਾਬਲੇ ਵਿਚ 21-17, 21-14 ਨਾਲ ਹਰਾਇਆ | ਜਦੋਂਕਿ ਕਸ਼ਯਪ ਨੇ ਮਲੇਸ਼ੀਆ ਦੇ ਡਾਰੇਨ ਲਿਯੂ ਨੂੰ ਹਰਾਇਆ | ਲਿਯੂ ਨੇ ਸੱਟ ਲੱਗਣ ਕਾਰਨ ਮੈਚ ਵਿਚਾਲੇ ਹੀ ਛੱਡ ਦਿੱਤਾ |ਮੈਚ ਰੋਕੇ ਜਾਣ ਤੱਕ ਕਸ਼ਯਪ ਅੱਗੇ ਚੱਲ ਰਹੇ ਸਨ | ਪੁਰਸ਼ ਸਿੰਗਲਜ਼ ਵਿਚ ਹੀ ਜੈਰਾਮ ਨੇ ਉਲਟਫੇਰ ਕਰਦੇ ਹੋਏ ਟੂਰਨਾਮੈਂਟ ਵਿਚ ਥਾਈਲੈਂਡ ਦੇ ਬੂਨਸਾਕ ਪੋਨਸਾਨਾ ਨੂੰ 32 ਮਿੰਟ ਵਿਚ 21-11, 21-14 ਨਾਲ ਹਰਾਇਆ |


ਮੁੰਬਈ 'ਚ ਖੇਡਿਆ ਜਾਵੇਗਾ

ਸਚਿਨ ਦਾ ਆਖਰੀ ਟੈਸਟ


ਨਵੀਂ ਦਿੱਲੀ, 12 ਅਕਤੂਬਰ - ਬੀਤੇ ਦਿਨੀਂ ਟੈਸਟ ਕ੍ਰਿਕਟ ਤੋਂ ਸੰਨਿਆਸ ਕਰਨ ਵਾਲੇ ਭਾਰਤੀ ਕ੍ਰਿਕਟ ਖਿਡਾਰੀ ਸਚਿਨ ਤੇਂਦੁਲਕਰ ਦੀ ਇੱਛਾ ਅਨੁਸਾਰ ਹੀ ਉਨ੍ਹਾਂ ਦੇ ਕੈਰੀਅਰ ਦਾ ਆਖਰੀ ਅਤੇ ਉਨ੍ਹਾਂ ਦਾ 200ਵਾਂ ਟੈਸਟ ਉਨ੍ਹਾਂ ਦੇ ਘਰੇਲੂ ਮੈਦਾਨ ਮੁੰਬਈ ਵਿਖੇ ਖੇਡਿਆ ਜਾਵੇਗਾ | ਮੁੰਬਈ ਕ੍ਰਿਕਟ ਐਸੋਸੀਏਸ਼ਨ ਦੇ ਮੁਖੀ ਰਵੀ ਸਾਂਵਤ ਨੇ ਦੱਸਿਆ ਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਇਕ ਉੱਚ ਅਧਿਕਾਰੀ ਨੇ ਦੱਸਿਆ ਕਿ ਇਸ ਟੈਸਟ ਲਈ ਮੁੰਬਈ ਦਾ ਨਾਂਅ ਲਗਭਗ ਪੱਕਾ ਹੋ ਗਿਆ ਹੈ ਬਸ ਹੁਣ ਮੰਗਲਵਾਰ ਨੂੰ ਹੋਣ ਵਾਲੀ ਬੀ. ਸੀ. ਸੀ. ਆਈ. ਦੀ ਮੀਟਿੰਗ 'ਚ ਇਸ ਬਾਰੇ ਰਸਮੀ ਐਲਾਨ ਕੀਤਾ ਜਾਵੇਗਾ | ਬੀ. ਸੀ. ਸੀ. ਆਈ. ਦੀ ਮੈਚਾਂ ਦੇ ਪ੍ਰੋਗਰਾਮਾਂ ਦੇ ਰੂਪ-ਰੇਖਾ ਉਲੀਕਣ ਵਾਲੀ ਕਮੇਟੀ, ਜਿਸ ਦੀ ਪ੍ਰਧਾਨਗੀ ਰਾਜੀਵ ਸ਼ੁਕਲਾ ਕਰਨਗੇ, ਇਸ ਬਾਰੇ ਫੈਸਲਾ ਕਰਨਗੇ | ਇਸ ਤੋਂ ਇਲਾਵਾ ਬੀ. ਸੀ. ਸੀ. ਆਈ. ਇਸ ਮੌਕੇ ਸਚਿਨ ਨੂੰ ਖਾਸ ਤਰੀਕੇ ਦਾ ਨਾਲ ਵਿਦਾਇਗੀ ਦੀ ਯੋਜਨਾ ਬਣਾ ਰਹੀ ਹੈ, ਜੋ ਕਿ ਹਮੇਸ਼ਾ ਯਾਦ ਰੱਖੀ ਜਾਵੇਗੀ |
ਕਾਬਲੇਗੌਰ ਹੈ ਕਿ ਸਚਿਨ ਦੇ ਆਖਰੀ ਟੈਸਟ ਲਈ ਕੋਲਕਾਤਾ ਤੇ ਮੁੰਬਈ ਵਿਚਾਲੇ ਇਸ ਨੂੰ ਆਪਣੇ ਇਥੇ ਕਰਾਉਣ ਦੀ ਦੌੜ ਲੱਗੀ ਸੀ | ਪ੍ਰੰਤੂ ਸਚਿਨ ਨੇ ਆਪਣੇ ਸੰਨਿਆਸ ਦੇ ਐਲਾਨ ਮੌਕੇ ਆਪਣੇ ਘਰੇਲੂ ਮੈਦਾਨ ਵਿਖੇ ਆਪਣਾ ਆਖਰੀ ਟੈਸਟ ਮੈਚ ਖੇਡਣ ਦੀ ਇੱਛਾ ਜਤਾਈ ਸੀ, ਜਿਸ ਕਰਕੇ ਮੁੰਬਈ ਦੇ ਹੱਕ 'ਚ ਇਹ ਫੈਸਲਾ ਹੋਇਆ | ਵੈਸਟ ਇੰਡੀਜ਼ ਨਾਲ ਲੜੀ ਦਾ ਦੂਸਰਾ ਟੈਸਟ 14 ਨਵੰਬਰ ਤੋਂ ਖੇਡਿਆ ਜਾਵੇਗਾ |
ਸਚਿਨ ਦੀ ਆਖਰੀ ਪਾਰੀ ਦੇਖਣਾ ਚਾਹੰੁਦੇ ਨੇ ਗੁਰੂ ਆਚਰੇਕਰ
ਨਵੀਂ ਦਿੱਲੀ, 12 ਅਕਤੂਬਰ - ਸਚਿਨ ਤੇਂਦੁਲਕਰ ਨੂੰ ਕ੍ਰਿਕਟ ਦੀਆਂ ਬਾਰੀਕੀਆਂ ਸਿਖਾਉਣ ਵਾਲੇ ਉਨ੍ਹਾਂ ਦੇ ਬਚਪਨ ਦੇ ਕੋਚ ਰਮਾਕਾਂਤ ਆਚਰੇਕਰ ਇਸ ਚੈਂਪੀਅਨ ਬੱਲੇਬਾਜ਼ ਦੇ ਕੈਰੀਅਰ ਦੀ ਆਖਰੀ ਪਾਰੀ ਦੇਖਣਾ ਚਾਹੰੁਦੇ ਹਨ ਅਤੇ ਜੇਕਰ ਇਹ ਮੈਚ ਮੁੰਬਈ 'ਚ ਹੋਵੇਗਾ ਤਾਂ ਉਹ ਜ਼ਰੂਰ ਜਾਣਗੇ | 81 ਸਾਲਾ ਰਮਾਕਾਂਤ ਨੂੰ ਤੁਰਨ-ਫਿਰਨ 'ਚ ਦਿੱਕਤ ਹੈ ਇਸੇ ਕਰਕੇ ਉਹ ਪਿਛਲੇ ਕਈ ਸਾਲਾਂ ਤੋਂ ਮੈਦਾਨ 'ਤੇ ਜਾ ਕੇ ਸਚਿਨ ਦੀਆਂ ਪਾਰੀਆਂ ਨਹੀਂ ਦੇਖ ਸਕੇ | ਉਨ੍ਹਾਂ ਦੀ ਬੇਟੀ ਕਲਪਨਾ ਮੁਰਕਰ ਨੇ ਦੱਸਿਆ ਕਿ ਉਹ ਆਪਣੇ ਇਸ ਹੋਣਹਾਰ ਚੇਲੇ ਦੀ ਆਖਰੀ ਪਾਰੀ ਵੇਖਣਾ ਚਾਹੰੁਦੇ ਹਨ ਅਤੇ ਜੇਕਰ ਇਹ ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿਚ ਹੋਇਆ ਤਾਂ ਉਹ ਜ਼ਰੂਰ ਜਾਣਗੇ |
ਯੁਵਰਾਜ ਨੇ ਆਪਣੀ ਪਾਰੀ ਸਚਿਨ ਨੂੰ ਸਮਰਪਿਤ ਕੀਤੀ
ਰਾਜਕੋਟ, 12 ਅਕਤੂਬਰ - ਆਸਟ੍ਰੇਲੀਆ ਦੇ ਖਿਲਾਫ ਟੀ-20 'ਚ ਅਜੇਤੂ 77 ਦੌੜਾਂ ਦੀ ਆਤਿਸ਼ੀ ਪਾਰੀ ਖੇਡਣ ਦੇ ਬਾਅਦ ਖੁਸ਼ ਹੋਣ ਦੀ ਬਜਾਏ ਯੁਵਰਾਜ ਸਿੰਘ ਦੁਖੀ ਹਨ ਕਿਉਂਕਿ ਇਸੇ ਦਿਨ ਸਚਿਨ ਨੇ ਟੈਸਟ ਕ੍ਰਿਕਟ ਨੂੰ ਅਲਵਿਦਾ ਕਹਿਣ ਦਾ ਐਲਾਨ ਕੀਤਾ | ਯੁਵਰਾਜ ਨੇ ਇਸ ਪਾਰੀ ਨੂੰ ਸਚਿਨ ਨੂੰ ਸਮਰਪਿਤ ਕਰਦਿਆਂ ਕਿਹਾ ਕਿ 'ਮੈਨੂੰ ਨਹੀਂ ਪਤਾ ਕਿ ਮੈਂ ਖੁਸ਼ ਹੋਵਾਂ ਜਾ ਦੁਖੀ, ਮੈ ਖੁਸ਼ ਹਾਂ ਕਿ ਮੈ ਸ਼ਾਨਦਾਰ ਪਾਰੀ ਖੇਡੀ, ਪ੍ਰੰਤੂ ਮੈ ਦੁਖੀ ਹਾਂ ਕਿਉਂਕਿ ਸਚਿਨ ਕ੍ਰਿਕਟ ਨੂੰ ਅਲਵਿਦਾ ਕਹਿ ਰਹੇ ਹਨ | ਉਨ੍ਹਾਂ ਕਿਹਾ ਕਿ ਮੈ ਇਸ ਪਾਰੀ ਨੂੰ ਸਚਿਨ ਨੂੰ ਸਮਰਪਿਤ ਕਰਨਾ ਚਾਹਾਂਗਾ ਅਤੇ ਉਨ੍ਹਾਂ ਨੂੰ ਫੋਨ 'ਤੇ ਵੀ ਇਸ ਬਾਰੇ ਜਾਣਕਾਰੀ ਦੇਵਾਂਗਾ | ਉਨ੍ਹਾਂ ਕਿਹਾ ਕਿ ਮੈ ਇਸ ਪਾਰੀ ਨੂੰ ਆਪਣੀ ਮਾਂ ਨੂੰ ਵੀ ਸਮਰਪਿਤ ਕਰਨੀ ਚਾਹਾਂਗਾ ਜਿਨ੍ਹਾਂ ਨੇ ਮੇਰੀ ਵਾਪਸੀ ਦੇ ਲਈ ਇੰਨੀਆਂ ਦੁਆਵਾਂ ਕੀਤੀਆਂ |


ਹਾਈਕੋਰਟ ਵਲੋਂ ਜਵਾਲਾ ਗੁੱਟਾ

ਨੂੰ ਖੇਡਣ ਦੀ ਇਜ਼ਾਜਤ


ਨਵੀਂ ਦਿੱਲੀ, 11 ਅਕਤੂਬਰ - ਦਿੱਲੀ ਹਾਈਕੋਰਟ ਨੇ ਅੱਜ ਭਾਰਤੀ ਬੈਡਮਿੰਟਨ ਸੰਘ (ਬਾਈ) ਨੂੰ ਕਿਹਾ ਹੈ ਕਿ ਉਹ ਬੈਡਮਿੰਟਨ ਖਿਡਾਰਨ ਜਵਾਲਾ ਗੁੱਟਾ ਨੂੰ ਆਗਾਮੀ ਟੂਰਨਾਮੈਂਟਾਂ 'ਚ ਖੇਡਣ ਦੀ ਮਨਜ਼ੂਰੀ ਦੇਵੇ, ਜਦੋਂ ਤੱਕ ਕਿ ਅਨੁਸ਼ਾਸ਼ਨ ਕਮੇਟੀ ਉਨ੍ਹਾਂ ਦੀ ਕਥਿਤ ਅਨੁਸ਼ਾਸ਼ਨਹੀਣਤਾ ਦੇ ਮੁੱਦੇ 'ਤੇ ਆਖਰੀ ਫੈਸਲਾ ਨਹੀਂ ਕਰ ਲੈਂਦੀ। ਜਸਟਿਸ ਵੀ. ਕੇ. ਜੈਨ ਨੇ ਜਵਾਲਾ ਦੀ ਅਰਜ਼ੀ ਸਵੀਕਾਰ ਕਰਦਿਆਂ ਕਿਹਾ ਕਿ ਮੇਰਾ ਨਜ਼ਰੀਆ ਹੈ ਕਿ ਬਾਈ ਨੂੰ ਜਵਾਲਾ ਨੂੰ ਟੂਰਨਾਮੈਂਟ 'ਚ ਖੇਡਣ ਦੀ ਮਨਜ਼ੂਰੀ ਦਿੱਤੀ ਜਾਣੀ ਚਾਹੀਦੀ ਹੈ। ਅਦਾਲਤ ਨੇ ਕਿਹਾ ਕਿ ਜਦੋਂ ਤੱਕ ਕਮੇਟੀ ਆਪਣਾ ਆਖਰੀ ਫੈਸਲਾ ਨਹੀਂ ਕਰ ਲੈਂਦੀ ਤਦ ਤੱਕ ਜਵਾਲਾ ਨੂੰ ਟੂਰਨਾਮੈਂਟ 'ਚ ਹਿੱਸਾ ਲੈਣ ਦੀ ਮਨਜ਼ੂਰੀ ਮਿਲਣੀ ਚਾਹੀਦੀ ਹੈ। ਜਵਾਲਾ ਨੂੰ ਜਿਨਾਂ ਦੋ ਆਗਾਮੀ ਟੂਰਨਾਮੈਂਟਾਂ 'ਚ ਹਿੱਸਾ ਲੈਣਾ ਹੈ, ਉਨ੍ਹਾਂ ਵਿਚ ਡੈਨਮਾਰਕ ਓਪਨ ਅਤੇ ਫ੍ਰੈਂਚ ਓਪਨ ਸ਼ਾਮਿਲ ਹਨ। ਡੈਨਮਾਰਕ ਓਪਨ 15 ਤੋਂ ਜਦਕਿ ਫ੍ਰੈਂਚ ਓਪਨ 22 ਤੋਂ ਖੇਡਿਆ ਜਾਵੇਗਾ। ਕਾਬਲੇਗੌਰ ਹੈ ਕਿ ਬਾਈ ਨੇ ਜਵਾਲਾ 'ਤੇ ਉਮਰ ਭਰ ਦੀ ਪਾਬੰਦੀ ਲਗਾਉਣ ਦੀ ਸਿਫਾਰਿਸ਼ ਕੀਤੀ ਸੀ।

ਸਚਿਨ ਵੱਲੋਂ ਹੁਣ ਟੈਸਟ ਕ੍ਰਿਕਟ

ਤੋਂ ਵੀ ਸੰਨਿਆਸ ਲੈਣ ਦਾ ਐਲਾਨ
ਵੈਸਟ ਇੰਡੀਜ਼ ਖਿਲਾਫ ਆਖਰੀ ਤੇ 200ਵਾਂ ਟੈਸਟ ਮੈਚ ਖੇਡ ਕੇ ਕਹਿਣਗੇ ਅਲਵਿਦਾ


ਨਵੀਂ ਦਿੱਲੀ, 11 ਅਕਤੂਬਰ - ਕ੍ਰਿਕਟ ਦਾ ਰੱਬ ਕਹਿਲਾਉਣ ਵਾਲੇ ਭਾਰਤ ਦੇ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਅੱਜ ਟੈਸਟ ਕ੍ਰਿਕਟ ਤੋਂ ਵੀ ਸੰਨਿਆਸ ਲੈਣ ਦਾ ਐਲਾਨ ਕੀਤਾ | ਸਚਿਨ ਪਹਿਲਾਂ ਹੀ ਟੀ-20 ਅਤੇ ਇਕ ਦਿਨਾ ਕ੍ਰਿਕਟ ਨੂੰ ਅਲਵਿਦਾ ਕਹਿ ਚੁੱਕੇ ਹਨ | ਸਚਿਨ ਨੇ ਵੈਸਟ ਇੰਡੀਜ਼ ਖਿਲਾਫ ਅਗਲੇ ਮਹੀਨੇ ਹੋਣ ਵਾਲੇ ਆਪਣੇ 200ਵੇਂ ਮੈਚ ਤੋਂ ਬਾਅਦ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ | ਇਸ ਦੇ ਨਾਲ ਹੀ ਉਨ੍ਹਾਂ ਦੇ ਭਵਿੱਖ ਨੂੰ ਲੈ ਕੇ ਲਗਾਈਆਂ ਗਈਆਂ ਅਟਕਲਾਂ ਦਾ ਦੌਰ ਵੀ ਖਤਮ ਹੋ ਗਿਆ | ਹਾਲ ਦੇ ਸਮੇਂ 'ਚ ਖਰਾਬ ਫਾਰਮ 'ਚ ਗੁਜ਼ਰ ਰਹੇ 40 ਸਾਲਾ ਸਚਿਨ ਨੇ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਦੇ ਆਪਣੇ ਫੈਸਲੇ ਤੋਂ ਬੀ. ਸੀ. ਸੀ. ਆਈ. ਨੂੰ ਜਾਣੰੂ ਕਰਵਾ ਦਿੱਤਾ | ਇਸ ਦੇ ਨਾਲ ਹੀ ਉਨ੍ਹਾਂ ਦੇ 24 ਸਾਲ ਦੇ ਕੌਮਾਂਤਰੀ ਕ੍ਰਿਕਟ ਕੈਰੀਅਰ ਦਾ ਅੰਤ ਵੀ ਹੋ ਜਾਵੇਗਾ। ਸਚਿਨ ਨੇ ਕਿਹਾ ਕਿ ਮੈ ਆਪਣੇ ਪੂਰੇ ਜੀਵਨ 'ਚ ਭਾਰਤ ਵਲੋਂ ਕ੍ਰਿਕਟ ਖੇਡਣ ਦਾ ਸੁਪਨਾ ਵੇਖਿਆ। ਪਿਛਲੇ 24 ਸਾਲ 'ਚ ਮੈ ਹਰ ਰੋਜ਼ ਇਸ ਸੁਪਨੇ ਨਾਲ ਜੀਅ ਰਿਹਾ ਹਾਂ। ਮੇਰੇ ਲਈ ਕ੍ਰਿਕਟ ਤੋਂ ਬਿਨਾ ਜੀਵਨ ਦੀ ਕਲਪਨਾ ਕਰਨੀ ਮੁਸ਼ਕਿਲ ਹੈ ਕਿਉਂਕਿ 11 ਸਾਲ ਦੀ ਉਮਰ ਤੋਂ ਮੈ ਸਿਰਫ ਇਹ ਹੀ ਕੀਤਾ ਹੈ'। ਸਚਿਨ ਨੇ ਬੀ. ਸੀ. ਸੀ. ਆਈ. ਨੂੰ ਆਪਣੇ ਫੈਸਲੇ ਦੀ ਜਾਣਕਾਰੀ ਦੇ ਦਿੱਤੀ ਹੈ। ਬੀ. ਸੀ. ਸੀ. ਆਈ. ਦੇ ਸਕੱਤਰ ਸੰਜੇ ਪਟੇਲ ਵਲੋਂ ਜਾਰੀ ਇਕ ਬਿਆਨ ਵਿਚ ਸਚਿਨ ਦੇ ਸੰਨਿਆਸ ਦੀ ਜਾਣਕਾਰੀ ਦਿੱਤੀ ਗਈ। ਵੈਸਟ ਇੰਡੀਜ਼ ਦੇ ਖਿਲਾਫ ਬੀ. ਸੀ. ਸੀ. ਆਈ. ਵਲੋਂ ਘਰੇਲੂ ਲੜੀ ਕਰਵਾਉਣ ਦੇ ਫੈਸਲੇ ਦੇ ਬਾਅਦ ਹੀ ਅਟਕਲਾ ਲਗਾਈਆਂ ਜਾ ਰਹੀਆਂ ਸਨ ਕਿ ਸਚਿਨ ਨੂੰ ਆਪਣੇ ਘਰੇਲੂ ਮੈਦਾਨ 'ਤੇ ਸੰਨਿਆਸ ਲੈਣ ਦਾ ਮੌਕਾ ਦੇਣ ਦੇ ਲਈ ਅਜਿਹਾ ਕੀਤਾ ਗਿਆ ਹੈ। ਹਾਲ ਹੀ ਵਿਚ ਸਚਿਨ ਨੇ ਆਈ. ਪੀ. ਐਲ. ਤੋਂ ਵੀ ਸੰਨਿਆਸ ਲੈ ਲਿਆ ਅਤੇ ਚੈਂਪੀਅਨਜ਼ ਲੀਗ ਟੀ-20 ਜਿੱਤ ਕੇ ਉਨ੍ਹਾਂ ਦੀ ਟੀਮ ਨੇ ਸਚਿਨ ਨੂੰ ਸ਼ਾਨਦਾਰ ਵਿਦਾਈ ਦਿੱਤੀ। ਕ੍ਰਿਕਟ ਦੇ ਇਤਿਹਾਸ 'ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਸਚਿਨ ਨੇ 198 ਟੈਸਟ ਮੈਚਾਂ 'ਚ 53.86 ਦੀ ਔਸਤ ਨਾਲ 15,837 ਦੌੜਾਂ ਬਣਾ ਚੁੱਕੇ ਹਨ। ਇਸ ਤੋਂ ਇਲਾਵਾ ਉੋਨ੍ਹਾਂ ਨੇ 463 ਇਕ ਦਿਨਾ ਮੈਚਾਂ 'ਚ 44.83 ਦੀ ਔਸਤ ਨਾਲ 18,426 ਦੌੜਾਂ ਬਣਾਈਆਂ। ਉਹ ਕੌਮਾਂਤਰੀ ਕ੍ਰਿਕਟ 'ਚ 100 ਸੈਂਕੜੇ ਲਗਾਉਣ ਵਾਲੇ ਇਕ ਮਾਤਰ ਬੱਲੇਬਾਜ਼ ਹਨ, ਹਾਲ ਹੀ ਵਿੱਚ ਉਨ੍ਹਾਂ ਨੇ ਕ੍ਰਿਕਟ ਦੇ ਸਾਰੇ ਫਾਰਮੈਟਾਂ 'ਚ ਆਪਣੀਆਂ 50,000 ਦੌੜਾਂ ਪੂਰੀਆਂ ਕੀਤੀਆਂ ਸਨ। ਇਸ ਮੌਕੇ ਸਚਿਨ ਨੇ ਆਪਣੇ ਘਰੇਲੂ ਮੈਦਾਨ 'ਤੇ ਆਪਣਾ ਆਖਰੀ ਟੈਸਟ ਮੈਚ ਖੇਡਣ ਦੀ ਇੱਛਾ ਜਤਾਈ।
ਸਚਿਨ ਦੇ ਟੈਸਟ ਕ੍ਰਿਕਟ ਕੈਰੀਅਰ 'ਤੇ ਇਕ ਨਜ਼ਰ
ਪਾਕਿਸਤਾਨ ਦੇ ਖਿਲਾਫ 15 ਨਵੰਬਰ 1989 'ਚ ਸਚਿਨ ਨੇ ਆਪਣਾ ਪਹਿਲਾ ਟੈਸਟ ਖੇਡਿਆ ਸੀ, ਇਸ ਤੋਂ ਪਹਿਲਾਂ ਸਚਿਨ ਨੇ ਵਿਨੋਦ ਕਾਂਬਲੀ ਦੇ ਨਾਲ ਮਿਲ ਕੇ 1988 'ਚ ਲਾਰਡ ਹੈਰਿਸ ਸ਼ੀਲਡ ਅੰਤਰ ਸਕੂਲ ਟੂਰਨਾਮੈਂਟ 'ਚ 664 ਦੌੜਾਂ ਦੀ ਅਜੇਤੂ ਸਾਂਝੇਦਾਰੀ ਨਿਭਾਈ ਸੀ। ਸਚਿਨ ਨੇ ਟੈਸਟ ਕ੍ਰਿਕਟ 'ਚ ਆਪਣਾ ਪਹਿਲਾਂ ਸੈਂਕੜਾ 1990 'ਚ ਇੰਗਲੈਂਡ ਦੇ ਖਿਲਾਫ ਓਲਡ ਟ੍ਰੈਫੋਰਡ 'ਚ ਲਗਾਇਆ। ਇਸ ਤੋਂ ਬਾਅਦ 1991-92 ਦੇ ਆਸਟ੍ਰੇਲੀਆ ਦੌਰੇ 'ਤੇ ਸਚਿਨ ਨੇ ਸਿਡਨੀ ਅਤੇ ਪਰਥ ਵਰਗੀ ਤੇਜ਼ ਪਿੱਚ 'ਤੇ ਸੈਂਕੜੇ ਲਗਾ ਕੇ ਆਪਣੇ ਆਪ ਨੂੰ ਸਾਬਿਤ ਕੀਤਾ। ਸਚਿਨ ਦੀ ਜਿੰਦਗੀ ਦਾ ਸਭ ਤੋਂ ਬੇਹਤਰੀਨ ਪਲ ਉਹ ਸੀ, ਜਦੋਂ ਆਸਟ੍ਰੇਲੀਆ ਦੇ ਮਹਾਨ ਬੱਲੇਬਾਜ਼ ਸਰ ਡਾਨ ਬ੍ਰੈਡਮੈਨ ਨੇ ਸਚਿਨ ਦੀ ਬੱਲੇਬਾਜ਼ੀ ਦੀ ਪ੍ਰਸੰਸਾ ਕਰਦਿਆਂ ਕਿਹਾ ਸੀ ਕਿ 'ਸਚਿਨ ਵਿਚ ਮੈਨੂੰ ਆਪਣੀ ਝਲਕ ਦਿਸਦੀ ਹੈ'। ਇਸ ਤੋਂ ਇਲਾਵਾ ਸਚਿਨ ਨੂੰ ਟਾਈਮਜ਼ ਮੈਗਜ਼ੀਨ ਨੇ ਖੇਡ ਜਗਤ ਦੀਆਂ 10 ਸਰਬੋਤਮ ਖੇਡ ਪਲ ਵਿਚ ਸ਼ਾਮਿਲ ਕੀਤਾ ਸੀ। ਇਸ ਤੋਂ ਇਲਾਵਾ ਸਚਿਨ ਇਕ ਦਿਨਾ ਕ੍ਰਿਕਟ 'ਚ ਦੋਹਰਾ ਸੈਂਕੜਾ ਲਗਾਉਣ ਵਾਲੇ ਦੁਨੀਆ ਦੇ ਪਹਿਲੇ ਬੱਲੇਬਾਜ਼ ਬਣੇ ਸਨ। ਸਚਿਨ ਨੂੰ ਜਿੱਥੇ ਬੱਲੇਬਾਜ਼ੀ ਲਈ ਤਾਂ ਜਾਣਿਆ ਹੀ ਜਾਂਦਾ ਸੀ, ਉਹ ਗੇਂਦਬਾਜ਼ੀ ਨਾਲ ਵੀ ਆਪਣਾ ਕਮਾਲ ਵਿਖਾਉਂਦੇ ਸਨ। ਇਸੇ ਦਾ ਸਬੂਤ ਹੈ ਕਿ ਉਨ੍ਹਾਂ ਨੇ ਇਕ ਦਿਨਾ ਕ੍ਰਿਕਟ 'ਚ 154 ਵਿਕਟਾਂ ਹਾਸਿਲ ਕੀਤੀਆਂ। ਇਸੇ ਤਰਾਂ ਫੀਲਡਿੰਗ ਵਿਚ ਵੀ ਉਨ੍ਹਾਂ ਦਾ ਪ੍ਰਦਰਸ਼ਨ ਹਮੇਸ਼ ਬੇਹਤਰੀਨ ਰਹਿੰਦਾ ਸੀ, ਉਨ੍ਹਾਂ ਨੇ ਟੈਸਟ ਕ੍ਰਿਕਟ 'ਚ 114 ਅਤੇ ਇਕ ਦਿਨਾ ਕ੍ਰਿਕਟ 'ਚ 140 ਕੈਚ ਫੜੇ।
ਸਚਿਨ ਨੂੰ ਮਿਲ ਚੁੱਕੇ ਸਨਮਾਨ
ਕ੍ਰਿਕਟ ਇਤਿਹਾਸ ਦੇ ਸਭ ਤੋਂ ਸਫਲ ਬੱਲੇਬਾਜ਼ ਮੰਨੇ ਜਾਣ ਵਾਲੇ ਸਚਿਨ ਨੂੰ ਆਪਣੇ ਕੈਰੀਅਰ ਦੌਰਾਨ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਐਵਾਰਡਾਂ ਨਾਲ ਨਿਵਾਜਿਆ ਗਿਆ। ਸਚਿਨ ਨੂੰ ਮਿਲ ਚੁੱਕੇ ਸਨਮਾਨ :-

♦ ਸਚਿਨ ਤੇਂਦੁਲਕਰ ਨੂੰ ਆਸਟ੍ਰੇਲੀਆ ਦੇ ਸਰਬੋਤਮ ਨਾਗਰਿਕ ਐਵਾਰਡ 'ਆਰਡਰ ਆਫ ਆਸਟ੍ਰੇਲੀਆ ਨਾਲ 2012 'ਚ ਸਨਮਾਨਿਤ ਕੀਤਾ ਗਿਆ।
♦ ਰਾਜੀਵ ਗਾਂਧੀ ਖੇਡ ਰਤਨ (1997-98)
♦ ਅਰਜਨ ਐਵਾਰਡ (1994)
♦ ਪਦਮ ਵਿਭੂਸ਼ਨ (2008)


<< Start < Prev 1 2 3 4 5 6 7 8 9 10 Next > End >>

ਮੁੱਖ ਖ਼ਬਰਾਂ : 

ਖੇਡ ਖ਼ਬਰਾ : 

ਅੰਤਰਰਾਸ਼ਟਰੀ ਖ਼ਬਰਾ : 

ਪੰਜਾਬ ਖ਼ਬਰਾਂ : 

ਨਵੇਂ ਲੇਖ : 

 

 

Random Video 

Receive Newsletter & Updates 

Sample Newsletter


Receive HTML?

Advertisement
Advertisement
Advertisement