Sports News 

ਹਰਭਜਨ ਦੀਆਂ 6 ਵਿਕਟਾਂ ਬਦੌਲਤ

ਓਡੀਸ਼ਾ ਦੀ ਪਾਰੀ 205 ਦੌੜਾਂ 'ਤੇ ਸਿਮਟੀ


ਅਜੀਤਗੜ੍ਹ, 28 ਅਕਤੂਬਰ - ਭਾਰਤ ਦੀ ਕੌਮੀ ਟੀਮ 'ਚ ਵਾਪਸੀ ਦੀ ਕੋਸ਼ਿਸ਼ 'ਚ ਰੁੱਝੇ ਫਿਰਕੀ ਗੇਂਦਬਾਜ਼ ਅਤੇ ਪੰਜਾਬ ਟੀਮ ਦੇ ਕਪਤਾਨ ਹਰਭਜਨ ਸਿੰਘ ਨੇ ਇਥੋਂ ਦੇ ਪੀ. ਸੀ. ਏ. ਸਟੇਡੀਅਮ 'ਚ ਓਡੀਸ਼ਾ ਨਾਲ ਖੇਡੇ ਜਾ ਰਹੀ ਰਣਜੀ ਮੈਚ ਦੇ ਪਹਿਲੇ ਦਿਨ 6 ਵਿਕਟਾਂ ਹਾਸਲ ਕੀਤੀਆਂ ਅਤੇ ਜਿਸ ਦੀ ਬਦੌਲਤ ਓਡੀਸ਼ਾ ਦੀ ਪਹਿਲੀ ਪਾਰੀ 205 ਦੌੜਾਂ 'ਤੇ ਸਿਮਟ ਗਈ | ਹਰਭਜਨ ਨੇ 54 ਦੌੜਾਂ ਦੇ ਕੇ 6 ਵਿਕਟਾਂ ਹਾਸਿਲ ਕੀਤੀਆਂ | ਦਿਨ ਦਾ ਖੇਡ ਖਤਮ ਹੋਣ ਤੱਕ ਪੰਜਾਬ ਵਲੋਂ ਜੀਵਨਜੋਤ ਸਿੰਘ (6) ਅਤੇ ਆਰ ਇੰਦਰ ਸਿੰਘ (5) ਦੌੜਾਂ ਬਣਾ ਕੇ ਕ੍ਰੀਜ਼ 'ਤੇ ਮੌਜੂਦ ਹਨ ਅਤੇ ਟੀਮ ਦਾ ਸਕੋਰ ਬਗੈਰ ਕਿਸੇ ਨੁਕਸਾਨ 'ਤੇ 11 ਦੌੜਾਂ ਹਨ |


ਦੱਖਣੀ ਅਫ਼ਰੀਕਾ ਨੇ ਪਾਕਿਸਤਾਨ ਨੂੰ ਹਰਾ

ਕੇ ਟੈਸਟ ਲੜੀ ਕੀਤੀ 1-1 ਨਾਲ ਬਰਾਬਰ


ਦੁਬਈ 27 ਅਕਤੂਬਰ - ਦੱਖਣੀ ਅਫ਼ਰੀਕਾ ਨੇ ਸਨਿਚਰਵਾਰ ਨੂੰ ਇਥੇ ਦੂਜੇ ਅਤੇ ਆਖਰੀ ਟੈਸਟ ਮੈਚ 'ਚ ਪਾਕਿਤਸਾਨ ਨੂੰ ਪਾਰੀ ਅਤੇ 92 ਦੌੜਾਂ ਨਾਲ ਹਰਾ ਕੇ 2 ਮੈਚਾਂ ਦੀ ਲੜੀ 1-1 ਨਾਲ ਬਰਾਬਰ ਕਰ ਲਈ ਅਤੇ ਵਿਦੇਸ਼ੀ ਜ਼ਮੀਨ 'ਤੇ ਪਿਛਲੇ 7 ਸਾਲਾਂ ਤੋਂ ਨਾ ਹਾਰਨ ਦਾ ਰਿਕਾਰਡ ਕਾਇਮ ਰੱਖਿਆ | ਪਿਛਲੇ ਹਫ਼ਤੇ ਪਹਿਲੇ ਟੈਸਟ ਮੈਚ 'ਚ 7 ਵਿਕਟਾਂ ਨਾਲ ਮਿਲੀ ਹਾਰ ਤੋਂ ਬਾਅਦ ਦੁਨੀਆ ਦੀ ਨੰਬਰ ਇਕ ਟੈਸਟ ਟੀਮ ਨੇ ਸ਼ਾਨਦਾਰ ਵਾਪਸੀ ਕੀਤੀ | ਦੱਖਣੀ ਅਫ਼ਰੀਕਾ ਨੇ ਇਕ ਦਿਨ ਅਤੇ 9.5 ਓਵਰ ਰਹਿੰਦੇ ਹੀ ਪਾਕਿਸਤਾਨ ਨੂੰ ਚੌਥੇ ਦਿਨ ਦੂਜੀ ਪਾਰੀ ਵਿਚ 326 ਦੌੜਾਂ 'ਤੇ ਸਮੇਟ ਦਿੱਤਾ | ਦੱਖਣੀ ਅਫ਼ਰੀਕਾ ਨੇ ਪਹਿਲੇ ਪਾਰੀ ਵਿਚ 414 ਦੌੜਾਂ ਦੀ ਵਿਸ਼ਾਲ ਬੜ੍ਹਤ ਹਾਸਿਲ ਕੀਤੀ ਸੀ | ਪਾਕਿਸਤਾਨੀ ਟੀਮ ਪਹਿਲੀ ਪਾਰੀ ਵਿਚ ਸਿਰਫ 99 ਦੌੜਾਂ ਹੀ ਬਣਾ ਸਕੀ ਸੀ, ਜਦੋਂਕਿ ਦੱਖਣੀ ਅਫ਼ਰੀਕਾ ਨੇ 517 ਦੌੜਾਂ ਬਣਾਈਆਂ ਸਨ | ਲੈਗ ਸਪਿੱਨਰ ਇਮਰਾਨ ਤਾਹਿਰ ਨੇ 98 ਦੌੜਾਂ ਦੇ ਕੇ ਤਿੰਨ ਵਿਕਟਾਂ ਅਤੇ ਮੈਚ ਵਿਚ ਕੁਠ 8 ਵਿਕਟਾਂ ਲਈਆਂ, ਜਦੋਂਕਿ ਕੰਮ ਚਲਾਊ ਗੇਂਦਬਾਜ਼ ਜੀਨ ਪਾਲ ਡੁਮਿਨੀ ਨੇ ਸ਼ਫੀਕ ਦਾ ਵਿਕਟ ਹਾਸਿਲ ਕਰ ਕੈਰੀਅਰ ਦਾ ਸਰਵੋਤਮ ਪ੍ਰਦਰਸ਼ਨ ਕੀਤਾ |


ਭਾਰਤ-ਆਸਟ੍ਰੇਲੀਆ ਇਕ ਦਿਨਾ

ਕ੍ਰਿਕਟ ਲੜੀ-ਚੌਥਾ ਮੈਚ

ਚੜ੍ਹਿਆ ਬਾਰਿਸ਼ ਦੀ ਭੇਟ


ਰਾਂਚੀ 24 ਅਕਤੂਬਰ - ਰਾਂਚੀ ਦੇ ਜੇ. ਐਸ. ਸੀ. ਏ. ਇੰਟਰਨੈਸ਼ਨਲ ਸਟੇਡੀਅਮ ਵਿਖੇ ਭਾਰਤ ਤੇ ਆਸਟ੍ਰੇਲੀਆ ਵਿਚਾਲੇ ਖੇਡਿਆ ਜਾ ਰਿਹਾ ਚੌਥਾ ਇਕ ਦਿਨਾ ਕ੍ਰਿਕਟ ਮੈਚ ਬਾਰਿਸ਼ ਕਾਰਨ ਰੱਦ ਕਰ ਦਿੱਤਾ ਗਿਆ, ਜਦੋਂਕਿ ਆਸਟ੍ਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੂੰ 8 ਵਿਕਟਾਂ ਪਿੱਛੇ ਜਿੱਤ ਲਈ 296 ਦੌੜਾਂ ਦਾ ਟੀਚਾ ਦਿੱਤਾ ਸੀ, ਜਿਸ ਦੇ ਜਵਾਬ ਵਿਚ ਭਾਰਤ ਨੇ 4.1 ਓਵਰਾਂ ਵਿਚ ਬਿਨਾਂ ਕੋਈ ਵਿਕਟ ਗਵਾਏ 27 ਦੌੜਾਂ ਬਣਾ ਲਈਆਂ ਸਨ ਪਰ ਬਾਰਿਸ਼ ਸ਼ੁਰੂ ਹੋਣ ਕਾਰਨ ਮੈਚ ਰੋਕ ਦਿੱਤਾ ਗਿਆ, ਜੋਕਿ ਬਾਰਿਸ਼ ਨਾ ਰੁਕਣ ਕਾਰਨ ਦੁਬਾਰਾ ਸ਼ੁਰੂ ਨਾ ਹੋ ਸਕਿਆ ਤੇ ਮੈਚ ਰੱਦ ਕਰਨਾ ਪਿਆ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਕਰਨ ਦਾ ਫ਼ੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਸਟ੍ਰੇਲੀਆ ਦੀ ਸ਼ੁਰੂਆਤ ਠੀਕ ਨਹੀਂ ਰਹੀ ਤੇ ਉਸ ਦੇ ਸਲਾਮੀ ਬੱਲੇਬਾਜ਼ ਆਰੋਨ ਫਿੰਚ ਤੇ ਫਿਲ ਹਿਊਜਸ ਨੇ ਕ੍ਰਮਵਾਰ 5 ਤੇ 11 ਦੌੜਾਂ ਬਣਾ ਕੇ ਆਊਟ ਹੋ ਗਏ। ਫਿੰਚ ਨੂੰ ਮੁਹੰਮਦ ਸ਼ੰਮੀ ਨੇ ਆਊਟ ਕੀਤਾ। ਸ਼ੇਨ ਵਾਟਸਨ ਵੀ ਕੁਝ ਖਾਸ ਨਹੀਂ ਕਰ ਸਕੇ ਤੇ ਸਿਰਫ 14 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਤੋਂ ਬਾਅਦ ਆਸਟ੍ਰੇਲੀਆ ਦੇ ਕਪਤਾਨ ਜਾਰਜ ਬੈਲੇ ਨੇ ਟੀਮ ਨੂੰ ਸੰਭਾਲਿਆ ਤੇ ਸ਼ਾਨਦਾਰ 98 ਦੌੜਾਂ ਦੀ ਪਾਰੀ ਖੇਡੀ। ਜਾਰਜ ਬੈਲੇ ਦਾ ਸਾਥ ਗਲੇਨ ਮੈਕਸਵੈੱਲ ਨੇ ਨਿਭਾਇਆ, ਜਿਨ੍ਹਾਂ ਨੇ 92 ਦੌੜਾਂ ਦੀ ਪਾਰੀ ਖੇਡੀ। ਭਾਰਤ ਵੱਲੋਂ ਪਹਿਲਾ ਮੈਚ ਖੇਡਦੇ ਰਹੇ ਮੁਹੰਮਦ ਸ਼ੰਮੀ ਨੇ ਸਭ ਤੋਂ ਵੱਧ 3 ਵਿਕਟਾਂ ਲਈਆਂ, ਜਦੋਂਕਿ ਵਿਨੇ ਕੁਮਾਰ ਤੇ ਅਸ਼ਵਿਨ ਨੂੰ 2-2 ਵਿਕਟਾਂ ਮਿਲੀਆਂ। ਇਕ ਵਿਕਟ ਰਵਿੰਦਰ ਜਡੇਜਾ ਨੂੰ ਮਿਲੀ। ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਲੜੀ ਵਿਚ 2-1 ਨਾਲ ਭਾਰਤ ਤੋਂ ਅੱਗੇ ਚੱਲ ਰਿਹਾ ਹੈ।
ਮੈਨੂੰ ਆਪਣੇ ਆਪ 'ਤੇ ਵਿਸ਼ਵਾਸ-ਸ਼ੰਮੀ
ਰਾਂਚੀ. ਭਾਰਤ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ, ਜਿਨ੍ਹਾਂ ਨੇ ਆਪਣੀਆਂ ਗੇਂਦਾਂ ਨਾਲ ਆਸਟ੍ਰੇਲੀਆ ਦੇ ਬੱਲੇਬਾਜ਼ਾਂ ਨੂੰ ਅੱਜ ਕਾਫ਼ੀ ਪ੍ਰੇਸ਼ਾਨ ਕੀਤਾ ਅਤੇ 42 ਦੌੜਾਂ ਦੇ ਕੇ ਤਿੰਨ ਵਿਕਟਾਂ ਲਈ ਨੇ ਕਿਹਾ ਮੈਂ ਮੈਚ ਦੌਰਾਨ ਕੁਝ ਅਨੋਖਾ ਨਹੀਂ ਕੀਤਾ। ਮੁਹੰਮਦ ਸ਼ੰਮੀ ਨੇ ਚੌਥਾ ਇਕ ਦਿਨਾ ਮੈਚ ਬਾਰਿਸ਼ ਕਾਰਨ ਰੱਦ ਹੋਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੈਂ ਗੇਂਦਬਾਜ਼ੀ ਦੇ ਮੁੱਢਲੇ ਨੁਕਤਿਆਂ ਵੱਲ ਧਿਆਨ ਦਿੱਤਾ ਤੇ ਸਹੀ ਦਿਸ਼ਾ 'ਤੇ ਲੰਬਾਈ ਨਾਲ ਗੇਂਦਬਾਜ਼ੀ ਕੀਤੀ। ਉਨ੍ਹਾਂ ਕਿਹਾ ਕਿ ਮੈਦਾਨ ਵਿਚ ਉਤਰਨ ਸਮੇਂ ਮੈਂ ਕਿਸੇ ਦਬਾਅ ਵਿਚ ਨਹੀਂ ਸੀ। ਉਨ੍ਹਾਂ ਕਿਹਾ ਕਿ ਮੈਨੂੰ ਆਪਣੇ ਆਪ 'ਤੇ ਪੂਰਾ ਯਕੀਨ ਹੈ।


ਚੌਥਾ ਵਿਸ਼ਵ ਕਬੱਡੀ ਕੱਪ 30 ਨਵੰਬਰ ਤੋਂ

14 ਦਸੰਬਰ ਤੱਕ ਖੇਡਿਆ ਜਾਵੇਗਾ-ਸੁਖਬੀਰ
ਉਦਘਾਟਨੀ ਸਮਾਗਮ ਬਠਿੰਡਾ ਤੇ ਸਮਾਪਤੀ ਸਮਾਰੋਹ ਲੁਧਿਆਣਾ ਵਿਖੇ ਹੋਵੇਗਾ


ਚੰਡੀਗੜ੍ਹ 22 ਅਕਤੂਬਰ - ਪੰਜਾਬ ਦੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਜਿਨ੍ਹਾਂ ਕੋਲ ਖੇਡ ਵਿਭਾਗ ਦਾ ਚਾਰਜ ਵੀ ਹੈ, ਵੱਲੋਂ ਚੌਥੇ ਵਿਸ਼ਵ ਕਬੱਡੀ ਕੱਪ ਦੇ ਪ੍ਰੋਗਰਾਮ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ, ਜੋਕਿ 30 ਨਵੰਬਰ ਤੋਂ 14 ਦਸੰਬਰ ਤੱਕ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਖੇ ਹੋਵੇਗਾ | ਅੱਜ ਇਥੇ ਇਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ: ਬਾਦਲ ਨੇ ਕਿਹਾ ਕਿ ਚੌਥੇ ਵਿਸ਼ਵ ਕਬੱਡੀ ਕੱਪ ਦੇ ਸੋਧੇ ਪ੍ਰੋਗਰਾਮ ਸਬੰਧੀ ਸੱਦਾ ਪੱਤਰ ਵਿਸ਼ਵ ਦੀਆਂ ਵੱਖ-ਵੱਖ ਟੀਮਾਂ ਨੂੰ ਭੇਜ ਦਿੱਤੇ ਗਏ ਹਨ | ਕਬੱਡੀ ਕੱਪ ਦਾ ਉਦਘਾਟਨੀ ਸਮਾਰੋਹ ਬਠਿੰਡਾ ਦੇ ਸਪੋਰਟਸ ਸਟੇਡੀਅਮ ਵਿਖੇ ਜਦਕਿ ਸਮਾਪਤੀ ਸਮਾਰੋਹ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿਖੇ ਹੋਵੇਗਾ | ਕਬੱਡੀ ਕੱਪ ਦੌਰਾਨ ਮਰਦਾਂ ਦੇ ਵਰਗ 'ਚ 12 ਜਦਕਿ ਔਰਤ ਵਰਗ 'ਚ 8 ਟੀਮਾਂ ਭਾਗ ਲੈਣਗੀਆਂ | ਸ: ਬਾਦਲ ਨੇ ਕਿਹਾ ਕਿ ਕਬੱਡੀ ਕੱਪ ਲਈ ਕੁੱਲ 20 ਕਰੋੜ ਰੁਪਏ ਦੇ ਬਜਟ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ | ਮਰਦ ਵਰਗ 'ਚ ਭਾਰਤ, ਅਰਜਨਟੀਨਾ, ਅਮਰੀਕਾ, ਇੰਗਲੈਂਡ, ਕੈਨੇਡਾ. ਪਾਕਿਸਤਾਨ, ਸਿਉਰਾ ਲਿਓਨ, ਈਰਾਨ, ਡੈਨਮਾਰਕ, ਕੀਨੀਆ, ਸਕਾਟਲੈਂਡ ਤੇ ਸਪੇਨ ਸ਼ਾਮਿਲ ਹਨ | ਔਰਤ ਵਰਗ 'ਚ ਭਾਰਤ, ਅਮਰੀਕਾ, ਇੰਗਲੈਂਡ, ਡੈਨਮਾਰਕ, ਈਰਾਨ, ਮੈਕਸੀਕੋ, ਕੀਨੀਆ ਤੇ ਪਾਕਿਸਤਾਨ ਦੀਆਂ ਟੀਮਾਂ ਭਾਗ ਲੈਣਗੀਆਂ | ਮੀਟਿੰਗ ਦੌਰਾਨ ਸੂਚਨਾ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ, ਸਥਾਨਕ ਸਰਕਾਰਾਂ ਬਾਰੇ ਮੰਤਰੀ ਅਨਿਲ ਜੋਸ਼ੀ, ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ, ਉਪ-ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਪੀ. ਐਸ.ਔਜਲਾ, ਅਸ਼ੋਕ ਗੁਪਤਾ ਸਕੱਤਰ ਸਪੋਰਟਸ, ਉਪ-ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਮਨਵੇਸ਼ ਸਿੰਘ ਸਿੱਧੂ ਤੇ ਅਜੈ ਮਹਾਜਨ ਤੇ ਖੇਡ ਵਿਭਾਗ ਦੇ ਡਾਇਰੈਕਟਰ ਸ਼ਿਵ ਦੁਲਾਰ ਸਿੰਘ ਢਿੱਲੋਂ ਹਾਜ਼ਰ ਸਨ |


ਸੱਜਣ ਸਿੰਘ ਸੇਠੀ ਯਾਦਗਾਰੀ ਮਾਸਟਰਜ਼

ਨਿਸ਼ਾਨੇਬਾਜ਼ੀ ਪ੍ਰਤੀਯੋਗਤਾ- ਨਮਨਵੀਰ

ਸਿੰਘ ਨੇ ਜਿੱਤਿਆ ਸੋਨ ਤਗਮਾ


ਪਟਿਆਲਾ, 21 ਅਕਤੂਬਰ - ਇੱਥੇ ਨਿਊ ਮੋਤੀ ਬਾਗ਼ ਗੰਨ ਕਲੱਬ ਵਿਖੇ ਕੌਮੀ ਰਾਈਫ਼ਲ ਐਸੋਸੀਏਸ਼ਨ ਆਫ਼ ਇੰਡੀਆ ਦੇ ਪ੍ਰਧਾਨ ਸ: ਰਣਇੰਦਰ ਸਿੰਘ ਦੀ ਅਗਵਾਈ 'ਚ ਕਰਵਾਈ ਗਈ ਸ: ਸੱਜਣ ਸਿੰਘ ਸੇਠੀ ਯਾਦਗਾਰੀ ਮਾਸਟਰਜ਼ ਨਿਸ਼ਾਨੇਬਾਜ਼ੀ ਪ੍ਰਤੀਯੋਗਤਾ ਦੇ ਜੂਨੀਅਰ ਗਰੁੱਪ ਵਰਗ 'ਚ ਪੰਜਾਬੀ ਪੁੱਤਰ ਨਵਨਵੀਰ ਸਿੰਘ ਬਰਾੜ ਤੇ ਸੀਨੀਅਰ ਵਰਗ 'ਚ ਉੱਤਰ ਪ੍ਰਦੇਸ਼ ਦੇ ਅਸਦ ਸੁਲਤਾਨ ਨੇ ਸੋਨ ਤਗਮੇ ਜਿੱਤਣ ਦਾ ਮਾਣ ਪ੍ਰਾਪਤ ਕੀਤਾ | ਜੇਤੂ ਟੀਮਾਂ ਨੂੰ ਇਨਾਮ ਵੰਡਣ ਦੀ ਰਸਮ ਪੰਜਾਬ ਦੇ ਕੈਬਨਿਟ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਅਦਾ ਕੀਤੀ | ਇਸ ਮੌਕੇ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਸੇਠੀ, ਜਨਰਲ ਸਕੱਤਰ ਵੀ. ਵੀ. ਐਸ. ਰਾਓਤੇ ਹੋਰ ਸ਼ਖ਼ਸੀਅਤਾਂ ਮੌਜੂਦ ਸਨ | ਪ੍ਰਧਾਨ ਰਣਇੰਦਰ ਸਿੰਘ ਨੇ ਖ਼ੁਦ ਉੜੀਸਾ ਦੀ ਪ੍ਰਤੀਨਿਧਤਾ ਕੀਤੀ ਤੇ ਸੀਨੀਅਰ ਵਰਗ 'ਚ ਚੌਥੇ ਸਥਾਨ 'ਤੇ ਰਹੇ | ਇਸ ਮੌਕੇ ਸ: ਬਿਕਰਮ ਸਿੰਘ ਮਜੀਠੀਆ ਨੇ ਕਿਹਾ ਉਹ ਪੰਜਾਬ 'ਚ ਨਿਸ਼ਾਨੇਬਾਜ਼ੀ ਨੂੰ ਹੋਰ ਵਧੇਰੇ ਪ੍ਰੱਫੁਲਿਤ ਕਰਨ ਲਈ ਕੌਮੀ ਪ੍ਰਧਾਨ ਰਣਇੰਦਰ ਸਿੰਘ ਨਾਲ ਮਿਲ ਕੇ ਯਤਨ ਕਰਨਗੇ | ਟੂਰਨਾਮੈਂਟ ਦੇ ਫਾਈਨਲ ਮੁਕਾਬਲੇ 'ਚ ਉੱਤਰ ਪ੍ਰਦੇਸ਼ ਦੇ ਅਸਦ ਸੁਲਤਾਨ ਨੇ ਆਪਣੇ ਹੀ ਰਾਜ ਦੇ ਰਿਆਨ ਰਿਜ਼ਵੀ ਨੂੰ 14-12 ਨਾਲ ਹਰਾ ਕੇ ਸੋਨ ਤਗਮਾ ਜਿੱਤਿਆ | ਪੰਜਾਬ ਦੇ ਜ਼ੋਰਾਵਰ ਸੰਧੂ ਨੇ ਤੀਸਰੇ ਸਥਾਨ ਲਈ ਹੋਏ ਮੁਕਾਬਲੇ 'ਚ ਰਣਇੰਦਰ ਸਿੰਘ (ਉੜੀਸਾ) ਨੂੰ 12-10 ਨਾਲ ਹਰਾ ਕੇ ਕਾਂਸੀ ਦਾ ਤਗਮਾ ਜਿੱਤਿਆ | ਇਸੇ ਤਰ੍ਹਾਂ ਜੂਨੀਅਰ ਵਰਗ 'ਚ ਪੰਜਾਬ ਦੇ ਜੈਤੋ ਸ਼ਹਿਰ ਦੇ ਜੰਮਪਲ ਨਮਨਵੀਰ ਸਿੰਘ ਬਰਾੜ ਸਪੁੱਤਰ ਅਰਵਿੰਦਰ ਸਿੰਘ ਬਰਾੜ ਤੇ ਹਰਪ੍ਰੀਤ ਕੌਰ ਬਰਾੜ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 104 ਅੰਕਾਂ ਨਾਲ ਸੋਨ, ਉੱਤਰ ਪ੍ਰਦੇਸ਼ ਦੇ ਮੁਹੰਮਦ ਸ਼ੀਸ ਨੇ 99 ਅੰਕਾਂ ਨਾਲ ਚਾਂਦੀ ਤੇ ਸੁਲੇਮਾਨ ਅਰਸ਼ ਇਲਾਹੀ ਨੇ 93 ਅੰਕਾਂ ਨਾਲ ਕਾਂਸੀ ਦਾ ਤਗਮਾ ਜਿੱਤਿਆ |<< Start < Prev 1 2 3 4 5 6 7 8 9 10 Next > End >>

ਮੁੱਖ ਖ਼ਬਰਾਂ : 

ਖੇਡ ਖ਼ਬਰਾ : 

ਅੰਤਰਰਾਸ਼ਟਰੀ ਖ਼ਬਰਾ : 

ਪੰਜਾਬ ਖ਼ਬਰਾਂ : 

ਨਵੇਂ ਲੇਖ : 

 

 

Random Video 

Receive Newsletter & Updates 

Sample Newsletter


Receive HTML?

Advertisement
Advertisement
Advertisement