Sports News 

ਨਡਾਲ ਬਣੇ ਰਹਿਣਗੇ ਨੰਬਰ-1


ਲੰਡਨ, 8 ਨਵੰਬਰ - ਵਿਸ਼ਵ ਦੇ ਨੰਬਰ ਇਕ ਖਿਡਾਰੀ ਸਪੇਨ ਦੇ ਰਾਫੇਲ ਨਡਾਲ ਨੇ ਟੇ. ਟੀ. ਪੀ. ਵਿਸ਼ਵ ਟੂਰ ਫਾਈਨਲਸ ਦੇ ਪੁਰਸ਼ ਸਿੰਗਲਸ ਮੁਕਾਬਲੇ 'ਚ ਸਵਿਟਜ਼ਰਲੈਂਡ ਦੇ ਸਟਾਨੀਲਾਸ ਵਾਵਰਿੰਕਾ ਨੂੰ ਹਰਾਉਣ ਦੇ ਨਾਲ ਹੀ ਇਹ ਪੱਕਾ ਕਰ ਦਿੱਤਾ ਹੈ ਕਿ ਇਸ ਸੈਸ਼ਨ 'ਚ ਵੀ ਉਹ ਨੰਬਰ ਇਕ ਬਣੇ ਰਹਿਣਗੇ | 7 ਮਹੀਨੇ ਤੱਕ ਸੱਟ ਕਾਰਨ ਮੈਦਾਨ ਤੋਂ ਦੂਰ ਰਹੇ ਨਡਾਲ ਨੇ ਫਰਵਰੀ 'ਚ ਵਾਪਸੀ ਤੋਂ ਬਾਅਦ ਹੀ ਆਪਣੀ ਜੇਤੂ ਮੁਹਿੰਮ ਜਾਰੀ ਰੱਖੀ ਹੈ |
ਸੈਸ਼ਨ ਦੇ ਆਖਰੀ ਏ.ਟੀ.ਪੀ. ਟੂਰ ਫਾਈਨਲਸ 'ਚ ਨਡਾਲ ਨੇ ਗਰੁੱਪ-ਏ ਦੇ ਮੁਕਾਬਲੇ 'ਚ ਵਾਵਰਿੰਕਾ ਨੂੰ ਕਰੜੇ ਮੁਕਾਬਲੇ ਤੋਂ ਬਾਅਦ 7-6, 7-6 ਨਾਲ ਹਰਾਇਆ | ਇਸ ਤੋਂ 24 ਘੰਟੇ ਪਹਿਲਾਂ ਹੀ ਨਡਾਲ ਨੇ ਹਮਵਤਨ ਡੇਵਿਡ ਫੈੱਡਰਰ ਨੂੰ ਹਰਾਇਆ ਸੀ | ਇਸ ਜਿੱਤ ਦੇ ਨਾਲ ਹੀ ਗਰੁੱਪ-ਏ 'ਚ ਨਡਾਲ ਸਭ ਤੋਂ ਵੱਧ ਅੰਕਾਂ ਨਾਲ ਚੋਟੀ 'ਤੇ ਹਨ, ਜਦੋਂਕਿ ਵਾਵਰਿੰਕਾ ਦੋ ਅੰਕਾਂ ਨਾਲ ਦੂਜੇ ਨੰਬਰ 'ਤੇ ਹੈ | ਇਸ ਤੋਂ ਇਲਾਵਾ ਗਰੁੱਪ-ਏ 'ਚ ਇਕ ਦੂਜੇ ਮੁਕਾਬਲੇ 'ਚ ਚੈੱਕ ਗਣਰਾਜ ਦੇ ਟਾਮਸ ਬੇਦਿ੍ਚ ਨੇ ਸਪੇਨ ਦੇ ਡੇਵਿਡ ਫੈਰਰ ਨੂੰ ਲਗਾਤਾਰ 6-4, 6-4 ਨਾਲ ਹਰਾਇਆ | ਗਰੁੱਪ-ਏ 'ਚ ਆਪਣੇ ਪਿਛਲੇ ਦੋਵੇਂ ਮੁਕਾਲੇ ਹਾਰ ਚੁੱਕੇ ਫੈਰਰ ਕੋਲ ਕੋਈ ਅੰਕ ਨਹੀਂ ਹੈ, ਜਦੋਂਕਿ ਬੇਦਿ੍ਚ ਨੇ ਦੋ ਅੰਕ ਬਣਾ ਲਏ ਹਨ ਤੇ ਉਹ ਤੀਜੇ ਸਥਾਨ 'ਤੇ ਹਨ | ਇਹ ਤੀਜੀ ਵਾਰ ਹੈ ਜਦੋਂ ਨਡਾਲ ਸਾਲ ਦੇ ਅੰਤ ਤੱਕ ਨੰਬਰ ਇਕ 'ਤੇ ਬਣੇ ਹੋਏ ਹਨ | ਲਗਾਤਾਰ ਮਿਲੀਆਂ ਜਿੱਤਾਂ ਕਾਰਨ ਇਹ ਖਿਡਾਰੀ ਸੈਮੀਫਾਈਨਲ ਵਿਚ ਪਹੁੰਚ ਗਿਆ ਹੈ |


ਭਾਰਤ-ਵੈਸਟ ਇੰਡੀਜ਼ ਟੈਸਟ ਲੜੀ-ਕੈਰੇਬੀਆਈ

ਟੀਮ ਪਹਿਲੀ ਪਾਰੀ 'ਚ 234 ਦੌੜਾਂ 'ਤੇ ਢੇਰ


ਕੋਲਕਾਤਾ, 7 ਨਵੰਬਰ -ਭਾਰਤ ਤੇ ਵੈਸਟ ਇੰਡੀਜ਼ ਵਿਚਾਲੇ ਕੋਲਕਾਤਾ 'ਚ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ 'ਚ ਮੁਹੰਮਦ ਸ਼ੰਮੀ ਦੀ ਸ਼ਾਨਦਾਰ ਗੇਂਦਬਾਜ਼ੀ ਕਾਰਨ ਭਾਰਤ ਨੇ ਵੈਸਟ ਇੰਡੀਜ਼ ਨੂੰ ਪਹਿਲੀ ਪਾਰੀ 'ਚ 234 ਦੌੜਾਂ 'ਤੇ ਆਲ ਆਊਟ ਕਰ ਦਿੱਤਾ। ਮੁਹੰਮਦ ਸ਼ੰਮੀ ਨੇ ਇਸ ਮੈਚ 'ਚ 71 ਦੌੜਾਂ ਦੇ ਕੇ 4 ਵਿਕਟਾਂ ਲਈਆਂ। ਇਸ ਤੋਂ ਬਾਅਦ ਖੇਡਦੇ ਹੋਏ ਭਾਰਤ ਨੇ 10 ਓਵਰਾਂ 'ਚ ਬਿਨਾਂ ਕੋਈ ਵਿਕਟ ਗਵਾਏ 37 ਦੌੜਾਂ ਬਣਾ ਲਈਆਂ ਸਨ। ਭਾਰਤੀ ਟੀਮ 197 ਦੌੜਾਂ ਪਿੱਛੇ ਹੈ ਪਰ ਉਸ ਦੀਆਂ ਸਾਰੀਆਂ ਵਿਕਟਾਂ ਸੁਰੱਖਿਅਤ ਹਨ। ਸ਼ੰਮੀ ਨੇ 1948 'ਚ ਈਡਨ ਗਾਰਡਨ 'ਚ ਬਣਾਏ ਗੁਲਾਮ ਅਹਿਮਦ ਦੇ ਰਿਕਾਰਡ ਨੂੰ ਤੋੜਿਆ। ਗੁਲਾਮ ਨੇ 94 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ ਸਨ। ਦਿਨ ਦੀ ਸਮਾਪਤੀ ਤੱਕ ਆਪਣਾ ਦੂਜਾ ਟੈਸਟ ਮੈਚ ਖੇਡ ਰਹੇ ਸ਼ਿਖਰ ਧਵਨ 21 ਦੌੜਾਂ ਤੇ ਮੁਰਲੀ ਵਿਜੇ 16 ਦੌੜਾਂ ਬਣਾ ਕੇ ਨਾਬਾਦ ਪਰਤੇ। ਧਵਨ ਨੇ 4 ਜਦੋਂਕਿ ਵਿਜੇ ਨੇ 2 ਚੌਕੇ ਲਾਏ। ਦੂਜਾ ਦਿਨ ਕਾਫ਼ੀ ਰੌਚਕ ਹੋਣ ਵਾਲੀ ਹੈ, ਕਿਉਂਕਿ ਕੈਰੇਬੀਆਈ ਟੀਮ ਸਲਾਮੀ ਬੱਲੇਬਾਜ਼ਾਂ ਨੂੰ ਆਊਟ ਕਰਨ ਦੀ ਕੋਸ਼ਿਸ਼ ਕਰੇਗੀ ਤੇ ਦਰਸ਼ਕ ਸਚਿਨ ਦੇ ਮੈਦਾਨ 'ਚ ਆਉਣ ਦੀ ਉਡੀਕ 'ਚ ਹੋਣਗੇ। ਸੋਨੇ ਦੇ ਸਿੱਕੇ ਨਾਲ ਹੋਈ ਟਾਸ ਜਿੱਤਣ ਤੋਂ ਬਾਅਦ ਕੈਰੇਬੀਆਈ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਵੈਸਟ ਇੰਡੀਜ਼ ਵੱਲੋਂ ਕ੍ਰਿਸ ਗੇਲ ਨੇ 18 ਤੇ ਕੀਰਨ ਪਾਵੇਲ ਨੇ 28 ਦੌੜਾਂ ਬਣਾਈਆਂ, ਜਦੋਂਕਿ ਮਾਰਲਨ ਸੈਮੂਅਲ ਨੇ 65 ਤੇ ਡਾਰੇਨ ਬਰਾਵੋ ਨੇ 23 ਦੌੜਾਂ ਦਾ ਯੋਗਦਾਨ ਦਿੱਤਾ। ਇਸ ਤੋਂ ਬਾਅਦ ਵੈਸਟ ਇੰਡੀਜ਼ ਦੀ ਟੀਮ ਕੋਈ ਵੀ ਵੱਡੀ ਸਾਂਝੇਦਾਰੀ ਨਹੀਂ ਕਰ ਸਕੀ। ਭਾਰਤੀ ਗੇਂਦਬਾਜ਼ਾਂ 'ਚੋਂ ਸ਼ੰਮੀ ਤੋਂ ਇਲਾਵਾ ਅਸ਼ਵਿਨ ਨੇ 2, ਜਦੋਂਕਿ ਭੁਵਨੇਸ਼ਵਰ, ਪ੍ਰਗਿਆਨ ਓਝਾ ਨੇ 1-1 ਵਿਕਟ ਲਈ। ਆਪਣੇ ਕੈਰੀਅਰ ਦਾ 199ਵਾਂ ਮੈਚ ਖੇਡ ਰਹੇ ਸਚਿਨ ਨੇ ਵੀ ਇਕ ਵਿਕਟ ਲਈ। ਸਚਿਨ ਨੇ ਟੈਸਟ ਮੈਚਾਂ 'ਚ ਹੁਣ ਤੱਕ 48 ਵਿਕਟਾਂ ਲਈਆਂ ਹਨ।


ਬਾਬਾ ਮੱਸਾ ਸਿੰਘ ਕਬੱਡੀ ਕੱਪ- ਮੀਰੀ ਪੀਰੀ

ਤੇ ਘੱਲ ਕਲਾਂ ਕਬੱਡੀ ਕਲੱਬ

ਸਾਂਝੇ ਤੌਰ 'ਤੇ ਜੇਤੂ


ਨਡਾਲਾ, 5 ਨਵੰਬਰ - ਬਾਬਾ ਮੱਸਾ ਸਿੰਘ ਮੈਮੋਰੀਅਲ ਸਪੋਰਟਸ ਕਲੱਬ ਰਜਿ: ਨਡਾਲਾ ਵੱਲੋਂ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਕਰਵਾਏ ਗਏ 14ਵੇਂ ਸਾਲਾਨਾ ਕਬੱਡੀ ਕੱਪ 'ਚ ਮੀਰੀ ਪੀਰੀ ਕਬੱਡੀ ਕੱਪ ਤੇ ਘੱਲ ਕਲਾ ਕਲੱਬ ਸਾਂਝੇ ਤੌਰ 'ਤੇ ਜੇਤੂ ਰਹੇ | ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕਰਨ ਲਈ ਮਨੋਹਰ ਸਿੰਘ ਮਾਨ ਯੂ. ਐਸ. ਏ. ਮੁੱਖ ਮਹਿਮਾਨ ਵਜੋਂ ਪਹੁੰਚੇ | ਇਸ ਮੌਕੇ ਉਨ੍ਹਾਂ ਕਲੱਬ ਨੂੰ 51 ਹਜ਼ਾਰ ਰੁਪਏ ਆਰਥਿਕ ਸਹਾਇਤਾ ਭੇਟ ਕੀਤੀ | ਕਲੱਬ ਵੱਲੋਂ ਸਾਂਝੇ ਤੌਰ 'ਤੇ ਜੇਤੂ ਟੀਮਾਂ ਨੂੰ 1 ਲੱਖ 75 ਹਜ਼ਾਰ ਰੁਪਏ ਦੇ ਨਕਦ ਇਨਾਮ ਤੇ ਟਰਾਫ਼ੀਆਂ ਦਿੱਤੀਆਂ ਗਈਆਂ | ਇਸ ਮੌਕੇ ਕੈਨੇਡਾ ਤੋਂ ਉਚੇਚੇ ਤੌਰ 'ਤੇ ਪਹੁੰਚੇ ਪ੍ਰਵਾਸੀ ਭਾਰਤੀ ਲਖਵੀਰ ਸਿੰਘ ਜੌਹਲ ਨੇ ਪ੍ਰਵਾਸੀ ਭਾਰਤੀ ਤੇ ਉੱਘੇ ਕਾਲਮ ਨਵੀਸ ਸਤਪਾਲ ਸਿੰਘ ਜੌਹਲ ਵੱਲੋਂ ਲਗਾਤਾਰ 10 ਸਾਲ ਤੱਕ ਕਲੱਬ ਵੱਲੋਂ ਇਸ ਕਬੱਡੀ ਕੱਪ ਦੌਰਾਨ ਪਹਿਲਾਂ ਇਨਾਮ ਦੇਣ ਦਾ ਐਲਾਨ ਕੀਤਾ | ਇਸ ਮੌਕੇ 60 ਕਿੱਲੋ ਕਬੱਡੀ ਮੈਚਾਂ ਵਿਚ ਬੁੱਢਾਥੇਹ ਨੇ ਕਾਲਾ ਸੰਘਿਆਂ ਨੂੰ ਹਰਾ ਕੇ ਪਹਿਲ ਇਨਾਮ ਜਿੱਤਿਆ | ਇਸ ਮੌਕੇ ਪ੍ਰਵਾਸੀ ਪੰਜਾਬੀ ਵੀਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਕਲੱਬ ਪ੍ਰਧਾਨ ਪਰਮਜੀਤ ਸਿੰਘ ਕੰਗ, ਬਲਰਾਮ ਸਿੰਘ ਮਾਨ, ਹਰਜਿੰਦਰ ਸਿੰਘ ਸਾਹੀ, ਲਖਵੀਰ ਸਿੰਘ ਜੌਹਲ, ਬਾਵਾ ਸਿੰਘ ਕੰਗ, ਉਮਰਾਉ ਸਿੰਘ ਮਾਨ, ਰਜੇਸ਼ ਕੁਮਾਰ ਦੇਸਾ, ਲੱਕੀ ਭਾਰਦਵਾਜ, ਗੁਰਦੀਪ ਸਿੰਘ ਸ਼ਿਪਰਾ, ਜਗਜੀਤ ਸਿੰਘ ਖੱਖ, ਅਮਨਦੀਪ ਸਿੰਘ ਡਡਿਆਲ, ਹੈਪੀ ਖੱਖ, ਜੋਗਿੰਦਰ ਸਿੰਘ ਖੱਖ, ਕਬੱਡੀ ਖਿਡਾਰੀ ਸੋਨੂੰ ਜੰਪ, ਹਰਪ੍ਰੀਤ ਸਿੰਘ ਤੇ ਹੋਰ ਹਾਜ਼ਰ ਸਨ |


ਭਾਰਤ-ਆਸਟ੍ਰੇਲੀਆ ਇਕ ਦਿਨਾ ਕ੍ਰਿਕਟ

ਲੜੀ- ਰੋਹਿਤ ਦੇ ਦੋਹਰੇ ਸੈਂਕੜੇ ਨਾਲ

ਭਾਰਤ ਦੀ ਸ਼ਾਨਦਾਰ ਜਿੱਤ


ਬੰਗਲੁਰੂ 3 ਨਵੰਬਰ - ਬੰਗਲੁਰੂ ਦੇ ਐਮ. ਚਿੰਨਾਸਵਾਮੀ ਸਟੇਡੀਅਮ 'ਚ ਭਾਰਤ ਤੇ ਆਸਟ੍ਰੇਲੀਆ ਵਿਚਾਲੇ ਖੇਡੇ ਗਏ 7ਵੇਂ ਤੇ ਆਖਰੀ ਇਕ ਦਿਨਾ ਮੈਚ 'ਚ ਰੋਹਿਤ ਸ਼ਰਮਾ ਦੇ ਦੋਹਰੇ ਸੈਂਕੜੇ ਦੀ ਬਦੌਲਤ ਭਾਰਤੀ ਟੀਮ ਨੇ 57 ਦੌੜਾਂ ਨਾਲ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਰੋਹਿਤ ਸ਼ਰਮਾ ਨੂੰ ਮੈਨ ਆਫ਼ ਦ ਮੈਚ ਤੇ ਪਲੇਅਰ ਆਫ ਦ ਸੀਰੀਜ਼ ਐਲਾਨਿਆ ਗਿਆ। ਇਸ ਤੋਂ ਪਹਿਲਾਂ ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਕਰਨ ਦਾ ਫ਼ੈਸਲਾ ਕੀਤਾ। ਭਾਰਤੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਰਧਾਰਿਤ 50 ਓਵਰਾਂ 'ਚ 6 ਵਿਕਟਾਂ ਗਵਾ ਕੇ ਆਸਟ੍ਰੇਲੀਆ ਨੂੰ ਜਿੱਤ ਲਈ 384 ਦੌੜਾਂ ਦਾ ਵਿਸ਼ਾਲ ਟੀਚਾ ਦਿੱਤਾ। ਭਾਰਤ ਵੱਲੋਂ ਸਲਾਮੀ ਬੱਲੇਬਾਜ਼ਾਂ ਸ਼ਿਖਰ ਧਵਨ ਤੇ ਰੋਹਿਤ ਸ਼ਰਮਾ ਨੇ ਭਾਰਤ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ। ਸ਼ਿਖ਼ਰ ਧਵਨ ਨੇ 60 ਦੌੜਾਂ ਬਣਾਈਆਂ, ਜਦੋਂਕਿ ਰੋਹਿਤ ਸ਼ਰਮਾ ਨੇ ਕਈ ਰਿਕਾਰਡ ਤੋੜਦੇ ਹੋਏ ਧਮਾਕੇਦਾਰ 209 ਦੌੜਾਂ ਬਣਾਈਆਂ। ਉਨ੍ਹਾਂ ਨੇ ਆਪਣੀ ਪਾਰੀ 'ਚ 158 ਗੇਂਦਾਂ ਦਾ ਸਾਹਮਣਾ ਕਰਦੇ ਹੋਏ 12 ਚੌਕੇ ਤੇ 16 ਛੱਕੇ ਲਾਏ। ਇਸ ਤੋਂ ਇਲਾਵਾ ਧੋਨੀ ਨੇ ਰੋਹਿਤ ਸ਼ਰਮਾ ਦਾ ਸਾਥ ਦਿੰਦੇ ਹੋਏ 38 ਗੇਂਦਾਂ ਦਾ ਸਾਹਮਣਾ ਕਰਦੇ ਹੋਏ 62 ਦੌੜਾਂ ਦੀ ਪਾਰੀ ਖੇਡੀ। ਸੁਰੇਸ਼ ਰੈਨਾ (28) ਤੇ ਯੁਵਰਾਜ ਸਿੰਘ (12) ਇਕ ਵਾਰ ਫਿਰ ਅਸਫ਼ਲ ਸਾਬਤ ਹੋਏ। ਆਸਟ੍ਰੇਲੀਆ ਦਾ ਕੋਈ ਵੀ ਗੇਂਦਬਾਜ਼ ਭਾਰਤੀ ਖਿਡਾਰੀਆਂ ਨੂੰ ਦੌੜਾਂ ਬਣਾਉਣ ਤੋਂ ਰੋਕ ਨਹੀਂ ਸਕਿਆ। ਜੇਵੀਅਰ ਡੋਰਥੀ ਨੂੰ 2 ਜਦੋਂਕਿ ਜੇਮਸ ਫਕਨਰ ਤੇ ਕਲਿੰਟ ਮੈਕੇ ਨੂੰ 1-1 ਵਿਕਟ ਮਿਲੀ। ਉੱਧਰ ਆਸਟ੍ਰੇਲੀਆ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਤੇ ਉਸ ਦੇ ਸਲਾਮੀ ਬੱਲੇਬਾਜ਼ ਆਰੋਨ ਫਿੰਚ 5 ਤੇ ਫਿਲਿਪ ਹਿਊਜਸ ਸਿਰਫ 23 ਦੌੜਾਂ ਬਣਾ ਕੇ ਹੀ ਆਊਟ ਹੋ ਗਏ। ਬਰੈਡ ਹੈਡਿਨ ਨੇ ਪਾਰੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਉਹ ਵੀ 40 ਦੌੜਾਂ ਬਣਾ ਕੇ ਚਲਦੇ ਬਣੇ। ਇਸ ਤੋਂ ਬਾਅਦ ਆਏ ਜਾਰਜ ਬੈਲੀ ਸਿਰਫ 4 ਦੌੜਾਂ ਬਣਾ ਕੇ ਰਨ ਆਊਟ ਹੋ ਗਏ। ਇਸ ਤੋਂ ਬਾਅਦ ਗਲੇਨ ਮੈਕਸਵੈੱਲ ਤੇ ਸ਼ੇਨ ਵਾਟਸਨ ਨੇ ਆਸਟ੍ਰੇਲੀਆ ਦੀ ਪਾਰੀ ਨੂੰ ਸੰਭਾਲਿਆ। ਮੈਕਸਵੈੱਲ 19 ਗੇਂਦਾਂ 'ਚ 50 ਦੌੜਾਂ ਬਣਾ ਕੇ ਦੂਜਾ ਸਭ ਤੋਂ ਤੇਜ਼ ਅਰਧ ਸੈਂਕੜਾ ਬਣਾਉਣ ਵਾਲੇ ਖਿਡਾਰੀ ਬਣ ਗਏ ਪਰ 60 ਦੌੜਾਂ ਬਣਾ ਕੇ ਉਹ ਵੀ ਆਊਟ ਹੋ ਗਏ। ਇਸ ਤੋਂ ਬਾਅਦ ਆਏ ਜੇਮਜ਼ ਫਕਨਰ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਆਸਟ੍ਰੇਲੀਆ ਨੂੰ ਫਿਰ 'ਚ ਮੈਚ 'ਚ ਵਾਪਸ ਲੈ ਆਏ। ਉਨ੍ਹਾਂ ਨੇ 73 ਗੇਂਦਾਂ ਦਾ ਸਾਹਮਣਾ ਕਰਦੇ ਹੋਏ 116 ਦੌੜਾਂ ਬਣਾਈਆਂ ਤੇ 57 ਗੇਂਦਾਂ 'ਚ ਸੈਂਕੜਾ ਪੂਰਾ ਕਰਨ ਵਾਲੇ ਆਸਟ੍ਰੇਲੀਆ ਦੇ ਪਹਿਲੇ ਖਿਡਾਰੀ ਬਣ ਗਏ ਪਰ ਉਹ ਵੀ ਆਸਟ੍ਰੇਲੀਆ ਦੀ ਹਾਰ ਨੂੰ ਟਾਲ ਨਹੀਂ ਸਕੇ ਤੇ ਆਸਟ੍ਰੇਲੀਆ ਦੀ ਪੂਰੀ ਟੀਮ 45.1 ਓਵਰਾਂ 'ਚ 326 ਦੌੜਾਂ 'ਤੇ ਢੇਰ ਹੋ ਗਈ ਅਤੇ ਭਾਰਤ ਨੇ ਇਹ ਮੈਚ 57 ਦੌੜਾਂ ਨਾਲ ਜਿੱਤ ਲਿਆ। ਭਾਰਤ ਵੱਲੋਂ ਰਵਿੰਦਰ ਜਡੇਜਾ ਅਤੇ ਮੁਹੰਮਦ ਸ਼ੰਮੀ ਨੂੰ 3-3 ਵਿਕਟਾਂ ਮਿਲੀਆਂ, ਜਦੋਂਕਿ ਅਸ਼ਵਿਨ ਨੇ ਦੋ ਵਿਕਟਾਂ ਲਈਆਂ।
ਦੋਹਰਾ ਸੈਂਕੜਾ ਲਗਾ ਕੇ ਰੋਹਿਤ ਨੇ ਲਾਈ ਰਿਕਾਰਡਾਂ ਦੀ ਝੜੀ

ਭਾਰਤੀ ਬੱਲੇਬਾਜ਼ ਰੋਹਿਤ ਸ਼ਰਮਾ ਨੇ ਸਨਿੱਚਰਵਾਰ ਨੂੰ ਇਥੇ ਧਮਾਕੇਦਾਰ ਦੋਹਰਾ ਸੈਂਕੜਾ ਜੜਦੇ ਹੋਏ ਰਿਕਾਰਡਾਂ ਦੀ ਝੜੀ ਲਗਾ ਦਿੱਤੀ ਤੇ ਆਪਣਾ ਨਾਂਅ ਇਤਿਹਾਸ 'ਚ ਦਰਜ ਕਰਵਾ ਲਿਆ। ਰੋਹਿਤ ਦੋਹਰਾ ਸੈਂਕੜਾ ਲਾਉਣ ਵਾਲਾ ਸਚਿਨ ਤੇ ਸਹਿਵਾਗ ਤੋਂ ਬਾਅਦ ਤੀਜਾ ਖਿਡਾਰੀ ਬਣਿਆ ਹੈ। ਸਭ ਤੋਂ ਪਹਿਲਾਂ ਦੋਹਰਾ ਸੈਂਕੜਾ ਲਾਉਣ ਦਾ ਰਿਕਾਰਡ ਸਚਿਨ ਤੇਂਦੁਲਕਰ (200) ਦੇ ਨਾਂਅ ਦਰਜ ਹੈ। ਵਰਿੰਦਰ ਸਹਿਵਾਗ (219) ਨੇ 2011 'ਚ ਵੈਸਟ ਇੰਡੀਜ਼ ਖਿਲਾਫ਼ ਇਹ ਰਿਕਾਰਡ ਬਣਾਇਆ ਸੀ। ਰੋਹਿਤ ਨੇ ਆਪਣੀਆਂ ਪਹਿਲੀਆਂ 100 ਦੌੜਾਂ 114 ਗੇਂਦਾਂ 'ਚ ਜਦੋਂਕਿ ਅਗਲੀਆਂ 100 ਦੌੜਾਂ ਸਿਰਫ 44 ਗੇਂਦਾਂ 'ਚ ਬਣਾਈਆਂ। ਰੋਹਿਤ ਦੀ ਧਮਾਕੇਦਾਰ ਬੱਲੇਬਾਜ਼ੀ ਕਾਰਨ ਭਾਰਤ ਪਿਛਲੇ ਪੰਜ ਓਵਰਾਂ 'ਚ 100 ਦੌੜਾਂ ਬਣਾਉਣ 'ਚ ਸਫ਼ਲ ਰਿਹਾ। ਕਪਤਾਨ ਮਹਿੰਦਰ ਸਿੰਘ ਧੋਨੀ ਤੇ ਰੋਹਿਤ ਨੇ 5ਵੀਂ ਵਿਕਟ ਲਈ 167 ਦੌੜਾਂ ਜੋੜੀਆਂ ਜੋ ਕਿ ਆਸਟ੍ਰੇਲੀਆ ਖਿਲਾਫ਼ ਰਿਕਾਰਡ ਹੈ। ਭਾਰਤ ਦੀਆਂ 383 ਦੌੜਾਂ ਆਸਟ੍ਰੇਲੀਆ ਖਿਲਾਫ਼ ਹੁਣ ਤੱਕ ਦਾ ਸਭ ਤੋਂ ਵੱਡਾ ਸਕੋਰ ਹੈ।


ਭਾਰਤ-ਆਸਟ੍ਰੇਲੀਆ ਇਕ ਦਿਨਾ ਕਿ੍ਕਟ

ਲੜੀ-ਲੜੀ 'ਤੇ ਕਬਜ਼ਾ ਕਰਨ

ਉਤਰੇਗੀ ਭਾਰਤੀ ਟੀਮ


ਬੰਗਲੌਰ 2 ਨਵੰਬਰ - ਨਾਗਪੁਰ 'ਚ 6 ਵਿਕਟਾਂ ਨਾਲ ਮਿਲੀ ਧਮਾਕੇਦਾਰ ਜਿੱਤ ਨਾਲ ਉਤਸ਼ਾਹਿਤ ਟੀਮ ਇੰਡੀਆ ਸਨਿਚਰਵਾਰ ਨੂੰ ਜਦੋਂ ਇਥੇ ਐਮ. ਚਿੰਨਾਸਵਾਮੀ ਸਟੇਡੀਅਮ 'ਚ ਆਸਟੇਲੀਆ ਖਿਲਾਫ਼ 7ਵੇਂ ਤੇ ਆਖਰੀ ਇਕ ਦਿਨਾ ਮੈਚ 'ਚ ਉਤਰੇਗੀ ਤਾਂ ਉਸ ਦਾ ਟੀਚਾ ਜਿੱਤ ਨਾਲ ਲੜੀ 'ਤੇ ਕਬਜ਼ਾ ਕਰਨਾ ਹੋਵੇਗਾ | ਭਾਰਤ ਨੇ ਨਾਗਪੁਰ 'ਚ ਬੁੱਧਵਾਰ ਨੂੰ 6ਵੇਂ ਮੈਚ 'ਚ 351 ਦੌੜਾਂ ਦਾ ਸਕੋਰ ਸਫ਼ਲਤਾ ਨਾਲ ਪਾਰ ਕਰਦੇ ਹੋਏ ਆਪਣੀ ਬੱਲੇਬਾਜ਼ੀ ਦਾ ਲੋਹਾ ਮਨਵਾਇਆ ਸੀ ਤੇ ਲੜੀ 'ਚ 2-2 ਨਾਲ ਬਰਾਬਰੀ ਹਾਸਿਲ ਕਰ ਲਈ ਸੀ | ਲੜੀ 'ਚ ਟੀਮ ਇੰਡੀਆ ਦੋ ਵਾਰ 350 ਦੌੜਾਂ ਤੋਂ ਵੱਧ ਦਾ ਟੀਚਾ ਹਾਸਿਲ ਚੁੱਕੀ ਹੈ ਤੇ ਇਕ ਵਾਰ ਫਿਰ ਟੀਮ ਦੀ ਬੇੜੀ ਪਾਰ ਲਾਉਣ ਦੀ ਜ਼ਿੰਮੇਵਾਰੀ ਬੱਲੇਬਾਜ਼ਾਂ ਸਿਰ ਹੀ ਹੋਵੇਗੀ | ਭਾਰਤੀ ਬੱਲੇਬਾਜ਼ੀ ਇਸ ਸਮੇਂ ਚੋਟੀ 'ਤੇ ਹੈ | ਰੋਹਿਤ ਸ਼ਰਮਾ, ਸ਼ਿਤਰ ਧਵਨ, ਵਿਰਾਟ ਕੋਹਲੀ ਤੇ ਮਹਿੰਦਰ ਸਿੰਘ ਧੋਨੀ ਜ਼ਬਰਦਸਤ ਫਾਰਮ 'ਚ ਹਨ ਪਰ ਯੁਵਰਾਜ ਸਿੰਘ, ਸੁਰੇਸ਼ ਰੈਨਾ ਤੇ ਰਵਿੰਦਰ ਜਡੇਜਾ ਤੋਂ ਵੀ ਟੀਮ ਨੂੰ ਉਮੀਦਾਂ ਹਨ | ਜਿਥੇ ਤੱਕ ਓਪਨਿੰਗ ਦਾ ਸਵਾਲ ਹੈ ਤਾਂ ਰੋਹਿਤ ਤੇ ਸਿਖ਼ਰ ਦੇ ਰੂਪ 'ਚ ਟੀਮ ਨੂੰ ਅਜਿਹੀ ਸਲਾਮੀ ਜੋੜੀ ਮਿਲੀ ਹੈ, ਜੋ ਠੋਸ ਸਾਂਝੇਾਦਰੀ ਨਾਲ ਬਾਕੀ ਬੱਲੇਬਾਜ਼ਾਂ ਦਾ ਕੰਮ ਆਸਾਨ ਕਰ ਰਹੀ ਹੈ | ਜੈਪੁਰ ਤੇ ਨਾਗਪੁਰ 'ਚ ਉਨ੍ਹਾਂ ਨੇ ਓਪਨਿੰਗ 'ਚ ਸ਼ਾਨਦਾਰ ਸਾਂਝੇਦਾਰੀ ਕਰਦੇ ਹੋਏ ਵਿਰਾਟ ਨੂੰ ਬਿਨ੍ਹਾਂ ਕਿਸੇ ਦਬਾਅ ਦੇ ਖੇਡਣ ਦਾ ਮੌਕਾ ਦਿੱਤਾ ਸੀ | ਤੀਜੇ ਨੰਬਰ 'ਤੇ ਵਿਰਾਟ ਨੇ ਹੁਣ ਤੱਕ ਜੋ ਵਿਰਾਟ ਪ੍ਰ੍ਰਦਰਸ਼ਨ ਕੀਤਾ ਹੈ, ਉਸ ਨਾਲ ਉਨ੍ਹਾਂ ਨੂੰ ਭਵਿੱਖ ਦਾ ਸਚਿਨ ਤੇਂਦੁਲਕਰ ਮੰਨਿਆ ਜਾ ਰਿਹਾ ਹੈ | ਅਗਲੇ ਹਫ਼ਤੇ 25 ਸਾਲ ਦੇ ਹੋਣ ਜਾ ਰਹੇ ਵਿਰਾਟ ਇਕ ਦਿਨਾ ਮੈਚਾਂ 'ਚ 17 ਸੈਂਕੜੇ ਲਗਾ ਚੁੱਕੇ ਹਨ, ਜਿਸ 'ਚੋਂ 16 'ਚ ਭਾਰਤ ਦੀ ਜਿੱਤ ਹੋਈ ਹੈ |
ਟੀਚੇ ਦਾ ਪਿੱਛਾ ਕਰਦੇ ਹੋਏ ਉਨ੍ਹਾਂ ਦਾ ਔਸਤ 80 ਤੋਂ ਉਪਰ ਹੈ, ਜਿਥੇ ਤੱਕ ਆਸਟ੍ਰੇਲੀਆ ਦਾ ਸਵਾਲ ਹੈ ਤਾਂ ਉਸ ਦੇ ਬੱਲੇਬਾਜ਼ਾਂ ਖਾਸਕਰ ਜਾਰਜ ਬੈਲੀ ਨੇ ਆਪਣੇ ਪ੍ਰਦਰਸ਼ਨ ਤੋਂ ਸਭ ਤੋਂ ਪ੍ਰਭਾਵਿਤ ਕੀਤਾ ਹੈ | ਨਾਗਪੁਰ 'ਚ ਉਨ੍ਹਾਂ ਨੇ 114 ਗੇਂਦਾਂ 'ਚ 13 ਚੌਕੇ ਤੇ 6 ਛੱਕੇ ਲਾਉਂਦੇ ਹੋਏ 156 ਦੌੜਾਂ ਬਣਾਈਆਂ ਸਨ | ਆਸਟ੍ਰੇਲੀਆ ਕੋਲ 9ਵੇਂ ਨੰਬਰ ਤੱਕ ਚੰਗੇ ਬੱਲੇਬਾਜ਼ ਹਨ ਪਰ ਗੇਂਦਬਾਜ਼ੀ 'ਚ ਆਸਟ੍ਰੇਲੀਆ ਨੂੰ ਮਿਸ਼ੇਲ ਜਾਨਸਨ ਦੀ ਕਮੀ ਭਾਰੀ ਪੈ ਸਕਦੀ ਹੈ |<< Start < Prev 1 2 3 4 5 6 7 8 9 10 Next > End >>

ਖੇਡ ਖ਼ਬਰਾ : 

ਅੰਤਰਰਾਸ਼ਟਰੀ ਖ਼ਬਰਾ : 

ਪੰਜਾਬ ਖ਼ਬਰਾਂ : 

ਨਵੇਂ ਲੇਖ : 

 

 

Random Video 

Receive Newsletter & Updates 

Sample Newsletter


Receive HTML?

Advertisement
Advertisement
Advertisement