Sports News 

ਵਿਸ਼ਵ ਕਬੱਡੀ ਕੱਪ -ਪਾਕਿਸਤਾਨ ਤੇ

ਸੀਆਰਾ ਲਿਓਨ ਵਲੋਂ ਜਿੱਤਾਂ ਦਰਜ


ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਚੌਥੇ ਵਿਸ਼ਵ ਕਬੱਡੀ ਕੱਪ ਤਹਿਤ ਅੱਜ ਗੁਰਦਾਸਪੁਰ ਦੇ ਸ਼ਹੀਦ ਲੈਫਟੀਨੈਂਟ ਨਵਦੀਪ ਸਿੰਘ ਖੇਡ ਸਟੇਡੀਅਮ ਵਿਖੇ ਵੱਖ-ਵੱਖ ਦੇਸ਼ਾਂ ਦੀਆਂ ਟੀਮਾਂ ਦਰਮਿਆਨ ਤਿੰਨ ਰੌਚਕ ਖੇਡ ਮੁਕਾਬਲੇ ਹੋਏ | ਮੈਚਾਂ ਦਾ ਉਦਘਾਟਨ ਵਿਧਾਇਕ ਤੇ ਮੁੱਖ ਸੰਸਦੀ ਸਕੱਤਰ ਸ. ਗੁਰਬਚਨ ਸਿੰਘ ਬੱਬੇਹਾਲੀ ਨੇ ਕੀਤਾ |ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਅਭਿਨਵ ਤਿ੍ਖਾ ਦੀ ਅਗਵਾਈ ਤੇ ਨੋਡਲ ਅਫਸਰ ਕਮ ਐੱਸ.ਡੀ.ਐਮ. ਤਜਿੰਦਰਪਾਲ ਸਿੰਘ ਸੰਧੂ ਦੀ ਨਿਗਰਾਨੀ ਹੇਠ ਸਜਾਏ ਸਟੇਡੀਅਮ 'ਚ ਦਿਨ ਦਾ ਪਹਿਲਾ ਮੁਕਾਬਲਾ ਸਕਾਟਲੈਂਡ ਅਤੇ ਸਿਆਰਾ ਲਿਓਨ ਦੀਆਂ ਟੀਮਾਂ ਦਰਮਿਆਨ ਹੋਇਆ | ਇਹ ਮੈਚ ਸ਼ੁਰੂ ਤੋਂ ਹੀ ਇਕ ਪਾਸੜ ਰਿਹਾ | ਜਿਸ 'ਚ ਸਿਆਰਾ ਲਿਓਨ ਦੀ ਟੀਮ ਨੇ 58-25 ਦੇ ਫੱਡੇ ਫਰਕ ਨਾਲ ਇਹ ਮੈਚ ਜਿੱਤਿਆ |
ਦੂਸਰਾ ਮੈਚ ਲੜਕੀਆਂ ਦੇ ਵਰਗ 'ਚ ਇੰਗਲੈਂਡ ਅਤੇ ਮੈਕਸੀਕੋ ਦਰਮਿਆਨ ਹੋਇਆ ਜੋ ਪਹਿਲੇ 20 ਅੰਕਾਂ ਤੱਕ ਬੇਹੱਦ ਫਸਵਾਂ ਰਿਹਾ ਅਤੇ ਪਹਿਲੇ ਅੱਧ ਤੱਕ ਇੰਗਲੈਂਡ ਦੀ ਟੀਮ ਮੈਕਸੀਕੋ ਤੋਂ 8 ਅੰਕਾਂ ਨਾਲ ਅੱਗੇ ਰਹੀ ਪ੍ਰੰਤੂ ਆਖਰੀ ਸਕੋਰ 45-29 ਰਿਹਾ | ਇਸੇ ਤਰ੍ਹਾਂ ਤੀਸਰਾ ਮੈਚ ਪਾਕਿਸਤਾਨ ਅਤੇ ਡੈਨਮਾਰਕ ਦੇ ਮੁੰਡਿਆਂ ਦੀਆਂ ਟੀਮਾਂ ਦਰਮਿਆਨ ਹੋਇਆ ਇਸ 'ਚ ਪਾਕਿਸਤਾਨ ਦੀ ਟੀਮ ਨੇ ਡੈਨਮਾਰਕ ਨੂੰ 77-22 ਦੇ ਵੱਡੇ ਫਰਕ ਨਾਲ ਹਰਾ ਕੇ ਆਪਣੀ ਜੇਤੂ ਮੁਹਿੰਮ ਜਾਰੀ ਰੱਖੀ | ਇਨ੍ਹਾਂ ਮੈਚਾਂ ਦੌਰਾਨ ਗੁਰਦਾਸਪੁਰ ਦੇ ਵਿਧਾਇਕ ਅਤੇ ਮੁੱਖ ਸੰਸਦੀ ਸਕੱਤਰ ਸ. ਗੁਰਬਚਨ ਸਿੰਘ ਬੱਬੇਹਾਲੀ, ਸਾਬਕਾ ਸਪੀਕਰ ਸ. ਨਿਰਮਲ ਸਿੰਘ ਕਾਹਲੋਂ, ਸਾਬਕਾ ਮੰਤਰੀ ਜਥੇ. ਸੁੱਚਾ ਸਿੰਘ ਲੰਗਾਹ, ਆਈ.ਜੀ. ਬਾਰਡਰ ਰੇਂਜ ਈਸ਼ਵਰ ਚੰਦਰ, ਡੀ. ਆਈ. ਜੀ. ਸ੍ਰੀ ਲੋਕਨਾਥ ਆਂਗਰਾ, ਐਸ.ਐਸ. ਪੀ. ਗੁਰਦਾਸਪੁਰ ਸੁਖਵੰਤ ਸਿੰਘ ਗਿੱਲ, ਐਸ. ਡੀ. ਐਮ. ਗੁਰਦਾਸਪੁਰ ਤਜਿੰਦਰਪਾਲ ਸਿੰਘ ਸੰਧੂ, ਐੱਸ.ਡੀ. ਐਮ. ਬਟਾਲਾ ਜਗਵਿੰਦਰਜੀਤ ਸਿੰਘ ਗਰੇਵਾਲ, ਏ. ਡੀ. ਸੀ. ਸੁਖਦੇਵ ਸਿੰਘ, ਕੁਸ਼ਤੀ ਐਸੋਸੀਏਸ਼ਨ ਗੁਰਦਾਸਪੁਰ ਦੇ ਪ੍ਰਧਾਨ ਐਡਵੋਕੇਟ ਅਮਰਜੋਤ ਸਿੰਘ ਬੱਬੇਹਾਲੀ, ਐਡਵੋਕੇਟ ਜਗਰੂਪ ਸਿੰਘ ਸੇਖਵਾਂ, ਪੀ.ਐਸ. ਪਰਮਾਰ ਈ.ਟੀ.ਸੀ. ਆਦਿ ਸਮੇਤ ਵੱਡੀ ਗਿਣਤੀ ਵਿਚ ਪ੍ਰਸ਼ਾਸਨਿਕ ਅਤੇ ਪੁਲਿਸ ਅਧਿਕਾਰੀ ਹਾਜ਼ਰ ਸਨ | ਇਨ੍ਹਾਂ ਮੈਚਾਂ ਦੌਰਾਨ ਪੰਜਾਬ ਦੇ ਮਸ਼ਹੂਰ ਗਾਇਕ ਸਤਵਿੰਦਰ ਬੁੱਗਾ ਨੇ ਸਭਿਆਚਾਰਕ ਪੋ੍ਰਗਰਾਮ ਪੇਸ਼ ਕੀਤਾ |


ਸਾਇਨਾ ਤੇ ਕਸ਼ਯਪ ਚਾਇਨਾ

ਓਪਨ ਦੇ ਦੂਜੇ ਗੇੜ 'ਚ


ਸ਼ੰਘਾਈ, 14 ਨਵੰਬਰ - ਭਾਰਤੀ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਤੇ ਪਾਰੂਪੱਲੀ ਕਸ਼ਯਪ ਨੇ ਮਹਿਲਾ ਤੇ ਪੁਰਸ਼ ਸਿੰਗਲਜ਼ 'ਚ ਜਿੱਤ ਦਰਜ ਕਰਕੇ ਚਾਇਨਾ ਸੁਪਰ ਸੀਰੀਜ਼ ਪ੍ਰੀਮਿਅਰ ਦੇ ਦੂਜੇ ਗੇੜ 'ਚ ਜਗ੍ਹਾ ਬਣਾਈ ਹੈ | 6ਵੇਂ ਨੰਬਰ ਦੀ ਖਿਡਾਰਨ ਸਾਇਨਾ ਨੇ ਜਾਪਾਨ ਦੀ ਨੋਜ਼ੋਮੀ ਓਕੁਹਾਰਾ ਨੂੰ 39 ਮਿੰਟ 'ਚ 21-14, 21-19 ਨਾਲ ਹਰਾਇਆ, ਜਦੋਂਕਿ ਦੁਨੀਆ ਦੇ 12ਵੇਂ ਨੰਬਰ ਦੇ ਖਿਡਾਰੀ ਕਸ਼ਯਪ ਨੇ 46 ਮਿੰਟ ਚੱਲੇ ਪੁਰਸ਼ ਸਿੰਗਲਜ਼ ਮੁਕਾਬਲੇ 'ਚ ਥਾਈਲੈਂਡ ਦੇ 8ਵੇਂ ਨੰਬਰ ਵਾਲੇ ਬੂਨਸੈਕ ਪੋਨਸਨਾ ਨੂੰ 22-20, 21-15 ਨਾਲ ਹਰਾ ਦਿੱਤਾ | ਉਲੰਪਿਕ 'ਚ ਕਾਂਸੀ ਦਾ ਤਗਮਾ ਜੇਤੂ ਸਾਇਨਾ ਨੇ ਬਿਹਤਰੀਨ ਨੈੱਟ ਪਲੇ ਦੀ ਬਦੌਲਤ ਨੋਜ਼ੋਮੀ ਨੂੰ ਪਛਾੜਿਆ | ਭਾਰਤੀ ਖਿਡਾਰਨ ਨੇ 19 ਨੈੱਟ ਵਿਨਰ ਲਾਏ, ਜਦੋਂਕਿ ਜਾਪਾਨ ਦੀ ਖਿਡਾਰਨ 11 ਨੈੱਟ ਵਿਨਰ ਹੀ ਲਗਾ ਸਕੀ | ਸਾਇਨਾ ਪ੍ਰੀ-ਕੁਆਰਟਰ ਫਾਈਨਲ ਵਿਚ ਹੁਣ ਚੀਨ ਦੀ ਸੁਨ ਯੂ ਨਾਲ ਭਿੜੇਗੀ | ਇਸ ਸਾਲ ਮਲੇਸ਼ੀਆ ਓਪਨ 'ਚ ਵੀ ਨੋਜ਼ੋਮੀ ਨੂੰ ਹਰਾਉਣ ਵਾਲੀ ਸਾਇਨਾ ਨੇ ਵਿਰੋਧੀ ਖਿਡਾਰੀ ਨੂੰ ਪਹਿਲੀ ਗੇਮ ਵਿਚ ਕੋਈ ਮੌਕਾ ਨਹੀ. ਦਿੱਤਾ ਅਤੇ 5-2 ਦੀ ਬੜ੍ਹਤ ਬਣਾ ਲਈ | ਭਾਰਤੀ ਖਿਡਾਰੀ ਨੇ ਇਸ ਤੋਂ ਬਾਅਦ ਆਪਣੀ ਬੜ੍ਹਤ ਨੂੰ ਅੱਗੇ ਵਧਾਉਂਦੇ ਹੋਏ ਆਸਾਨ ਜਿੱਤ ਦਰਜ ਕੀਤੀ | ਦੂਜੇ ਸੈੱਟ 'ਚ ਵੀ ਸਾਇਨਾ ਨੇ 10-6 ਦੀ ਬੜ੍ਹਤ ਬਣਾਈ ਪਰ ਨੋਜ਼ੋਮੀ ਨੇ ਲਗਾਤਾਰ 4 ਅੰਕ ਜਿੱਤ ਕੇ ਸਕੋਰ ਬਰਾਬਰ ਕਰ ਦਿੱਤਾ ਪਰ ਭਾਰਤੀ ਖਿਡਾਰਨ ਜਿੱਤ ਦਰਜ ਕਰਨ 'ਚ ਸਫ਼ਲ ਰਹੀ | ਕਸ਼ਯਪ ਨੇ ਆਪਣੇ ਤੋਂ ਬਿਹਤਰ ਰੈਂਕਿੰਗ ਵਾਲੇ ਖਿਡਾਰੀ ਕੋਨਸਾਨਾ ਨੂੰ ਆਪਣੇ ਸਮੈਸ਼ ਤੇ ਨੈੱਟ ਪਲੇ ਨਾਲ ਪ੍ਰੇਸ਼ਾਨ ਕੀਤਾ ਤੇ ਉਨ੍ਹਾਂ 'ਤੇ ਜਿੱਤ ਦਰਜ ਕੀਤੀ |


ਹਿਨਾ ਸਿੱਧੂ ਨੇ ਵਿਸ਼ਵ ਨਿਸ਼ਾਨੇਬਾਜ਼ੀ

'ਚ ਸੋਨ ਤਗਮਾ ਜਿੱਤਿਆ


ਪਟਿਆਲਾ 12 ਨਵੰਬਰ - ਪੰਜਾਬ ਦੀ ਮੁਟਿਆਰ ਹਿਨਾ ਸਿੱਧੂ ਨੇ ਆਪਣੇ ਦੇਸ਼ ਦਾ ਨਾਂਅ ਰੋਸ਼ਨ ਕਰਦਿਆਂ ਜਰਮਨੀ ਦੇ ਮਿਊਨਿਖ 'ਚ ਹੋਏ ਨਿਸ਼ਾਨੇਬਾਜ਼ੀ (ਆਈ. ਐਸ. ਐਸ. ਐਫ.) ਵਿਸ਼ਵ ਕੱਪ 'ਚ ਮਹਿਲਾ ਵਰਗ ਗੇ 10 ਮੀਟਰ ਸਿੰਗਲਜ਼ ਪਿਸਟਲ ਮੁਕਾਬਲੇ 'ਚ ਸੋਨ ਤਗਮਾ ਜਿੱਤ ਕੇ ਇਤਿਹਾਸ ਸਿਰਜਿਆ ਹੈ | ਉਹ ਭਾਰਤ ਦੀ ਪਹਿਲੀ ਪਿਸਟਲ ਨਿਸ਼ਾਨੇਬਾਜ਼ ਹੈ, ਜਿਸ ਨੇ ਇਸ ਚੈਂਪੀਅਨਸ਼ਿਪ 'ਚ ਸੋਨ ਤਗਮਾ ਜਿੱਤਿਆ ਹੋਵੇ |
ਹਿਨਾ ਨੇ ਬੀਤੇ ਦਿਨੀਂ ਇਥੇ ਖੇਡੇ ਗਏ ਫਾਈਨਲ ਮੈਚ 'ਚ ਚੀਨ ਦੀ ਉਲੰਪਿਕ ਦੀ ਦੋ ਵਾਰ ਦੀ ਚੈਂਪੀਅਨ ਗੁਆਓ ਵੇਨਜੁਨ, ਸਰਬੀਆ ਦੀ ਵਿਸ਼ਵ ਚੈਂਪੀਅਨ ਅਰਨੋਵਿਚ ਜੋਰਾਨਾ ਅਤੇ ਯੂਕਰੇਨ ਦੀ ਓਲੇਨਾ ਕੋਸਤੇਵਿਚ ਨੂੰ ਹਰਾ ਕੇ ਸੋਨ ਤਗਮਾ ਜਿੱਤਿਆ | ਇਸ ਚੈਂਪੀਅਨਸ਼ਿਪ 'ਚ ਇਸ ਤੋਂ ਪਹਿਲਾਂ ਅੰਜਲੀ ਭਾਗਵਤ (2002) ਅਤੇ ਗਗਨ ਨਾਰੰਗ ਨੇ ਸੋਨ ਤਗਮਾ ਜਿੱਤਿਆ ਸੀ | ਇਹ ਟੂਰਨਾਮੈਂਟ ਸਾਲ 'ਚ ਇਕ ਵਾਰ ਕਰਵਾਇਆ ਜਾਂਦਾ ਹੈ ਅਤੇ ਇਸ 'ਚ ਦੁਨੀਆ ਦੇ ਚੋਟੀ ਦੇ 10 ਨਿਸ਼ਾਨੇਬਾਜ਼ ਭਾਗ ਲੈਂਦੇ ਹਨ | ਹੀਨਾ ਨੇ ਕੁਆਲੀਫਿਕੇਸ਼ਨ ਦੌਰ 'ਚ 384 ਅੰਕ ਬਣਾਏ ਅਤੇ ਯੂਕਰੇਨ ਦੀ ਓਲੇਨਾ ਦੇ ਬਾਅਦ ਤੀਸਰੇ ਸਥਾਨ 'ਤੇ ਰਹੀ | ਫਾਈਨਲ 'ਚ ਭਾਰਤੀ ਨਿਸ਼ਾਨੇਬਾਜ਼ ਦੀ ਸ਼ੁਰੂਆਤ ਸ਼ਾਨਦਾਰ ਰਹੀ, ਉਸ ਨੇ ਦੋ ਵਾਰ 9.3 ਦਾ ਸਕੋਰ ਬਣਾਇਆ ਅਤੇ ਪਹਿਲੇ ਦੋ ਸ਼ਾਟ ਦੇ ਬਾਅਦ ਅੱਠਵੇਂ ਸਥਾਨ 'ਤੇ ਖਿਸਕ ਗਈ, ਪ੍ਰੰਤੂ ਇਸ ਤੋਂ ਬਾਅਦ ਉਸ ਨੇ ਸ਼ਾਨਦਾਰ ਵਾਪਸੀ ਕਰਦਿਆਂ ਲਗਾਤਾਰ 15 ਸਟੀਕ ਨਿਸ਼ਾਨੇ ਬਣਾਏ ਅਤੇ ਲਗਾਤਾਰ 5.2 ਅੰਕਾਂ ਦੀ ਬੜ੍ਹਤ ਬਣਾ ਲਈ | ਹਾਲਾਂਕਿ ਮਹਿਲਾਵਾਂ ਦੇ 50 ਮੀਟਰ ਰਾਈਫਲ ਥ੍ਰੀ ਪੋਜੀਸ਼ਨ ਮੁਕਾਬਲੇ 'ਚ ਭਾਰਤ ਦੀਲੱਜਾ ਗੋਸਵਾਮੀ ਮਾਤ 0.3 ਅੰਕਾਂ ਦੇ ਅੰਤਰ ਨਾਲ ਕਾਂਸੀ ਦੇ ਤਗਮੇ ਤੋਂ ਖੁੰਝ ਗਈ |
ਮੇਰੀ ਬੇਟੀ ਉਲੰਪਿਕ 'ਚ ਵੀ ਤਗਮਾ ਜਿੱਤੇਗੀ : ਪਿਤਾ ਰਾਜਬੀਰ
ਸੋਨ ਤਗਮਾ ਜਿੱਤਣ ਵਾਲੀ ਸ਼ਾਹੀ ਸ਼ਹਿਰ ਦੀ ਜੰਮਪਲ ਹਿਨਾ ਸਿੱਧੂ ਦੇ ਬੈਂਕ ਕਾਲੋਨੀ ਸਥਿਤ ਘਰ 'ਚ ਖ਼ੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ | ਸਭ ਤੋਂ ਪਹਿਲਾ ਹਿਨਾ ਸਿੱਧੂ ਦੇ ਦਾਦਾ ਜੀ ਸ: ਰਣਜੀਤ ਸਿੰਘ ਸਿੱਧੂ ਨੇ ਆਪਣੀ ਪੋਤਰੀ ਦੀ ਕਾਮਯਾਬੀ ਲਈ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ | ਸੰਗਰੂਰ ਜ਼ਿਲ੍ਹੇ ਦੇ ਸ਼ਹਿਰ ਲਹਿਰਾਗਾਗਾ ਦਾ ਪਿਛੋਕੜ ਰੱਖਣ ਵਾਲੇ ਇਸ ਪਰਿਵਾਰ ਨੂੰ ਯਕੀਨ ਹੈ ਕਿ ਉਹ ਉਲੰਪਿਕ 'ਚੋਂ ਵੀ ਤਗਮਾ ਜ਼ਰੂਰ ਜਿੱਤੇਗੀ | ਹਿਨਾ ਦੇ ਪਿਤਾ ਸ: ਰਾਜਬੀਰ ਸਿੰਘ ਸਿੱਧੂ ਈ.ਟੀ.ਓ. ਨੇ ਕਿਹਾ ਕਿ ਅਗਲੇ ਵਰ੍ਹੇ ਹੋਣ ਵਾਲੀਆਂ ਰਾਸ਼ਟਰ ਮੰਡਲ ਤੇ ਏਸ਼ੀਅਨ ਖੇਡਾਂ ਹਿਨਾ ਦਾ ਅਗਲਾ ਨਿਸ਼ਾਨਾ ਹੈ | ਉਨ੍ਹਾਂ ਗਿਲਾ ਪ੍ਰਗਟ ਕੀਤਾ ਕਿ ਉਨ੍ਹਾਂ ਦੀ ਬੇਟੀ ਨੇ ਵਿਸ਼ਵ ਚੈਂਪੀਅਨ ਦਾ ਮਾਣ ਪ੍ਰਾਪਤ ਕੀਤਾ ਹੈ, ਪਰ ਕਿਸੇ ਵੀ ਸਰਕਾਰੀ ਨੁਮਾਇੰਦੇ ਵੱਲੋਂ ਉਨ੍ਹਾਂ ਨੂੰ ਵਧਾਈ ਨਹੀਂ ਦਿੱਤੀ ਗਈ | ਉਨ੍ਹਾਂ ਦੱਸਿਆ ਕਿ ਹਿਨਾ ਨੂੰ ਇੰਗਲੈਂਡ ਵਾਸੀ ਕਾਰੋਬਾਰੀ ਲਕਸ਼ਮੀ ਮਿੱਤਲ ਸਪਾਂਸਰਸ਼ਿਪ ਦੇ ਰਹੇ ਹਨ | ਇਸ ਮੌਕੇ 'ਤੇ ਹਿਨਾ ਸਿੱਧੂ ਦੇ ਮਾਤਾ ਰਮਿੰਦਰ ਕੌਰ, ਚਾਚਾ-ਚਾਚੀ ਇੰਦਰਜੀਤ ਸਿੱਧੂ ਤੇ ਸ਼ੈਲਜਾ ਪ੍ਰੀਤ ਸਿੱਧੂ, ਨਾਨੀ ਹਰਮੋਹਨ ਕੌਰ, ਚਚੇਰੀ ਭੈਣ ਹਰਸ਼ੀਨ ਸਿੱਧੂ ਤੇ ਭਰਾ ਕਰਨਬੀਰ ਸਿੱਧੂ ਹਾਜ਼ਰ ਸਨ |


ਖੇਡਾਂ 'ਚ ਭਿ੍ਸ਼ਟਾਚਾਰ 'ਤੇ ਸੀ. ਬੀ. ਆਈ.

ਸੰਮੇਲਨ 'ਚ ਭਾਗ ਲੈਣਗੇ ਦ੍ਰਾਵਿੜ


ਨਵੀਂ ਦਿੱਲੀ, 11 ਨਵੰਬਰ - ਸਾਬਕਾ ਭਾਰਤੀ ਕਪਤਾਨ ਰਾਹੁਲ ਦ੍ਰਾਵਿੜ ਕ੍ਰਿਕਟ 'ਚ ਫਿਕਸਿੰਗ ਦੇ ਦੋਸ਼ਾਂ ਨੂੰ ਲੈ ਕੇ ਖੇਡਾਂ 'ਚ ਭਿ੍ਸ਼ਟਾਚਾਰ 'ਤੇ ਵਿਚਾਰ ਕਰਨ ਲਈ ਹੋਣ ਵਾਲੇ ਸੀ. ਬੀ. ਆਈ. ਦੇ ਸੰਮੇਲਨ 'ਚ ਦੇਸ਼ ਦੇ ਬਿਹਤਰੀਨ ਜਾਂਚ ਕਰਤਾਵਾਂ ਦੇ ਨਾਲ ਆਪਣੇ ਵਿਚਾਰਾਂ ਦਾ ਆਦਾਨ ਪ੍ਰਦਾਨ ਕਰਨਗੇ | ਸੀ. ਬੀ. ਆਈ. ਦਾ 'ਭਿ੍ਸ਼ਟਾਚਾਰ ਤੇ ਅਪਰਾਧ ਨਾਲ ਨਿਪਟਣ ਲਈ ਆਮ ਰਣਨੀਤੀਆਂ ਵਿਕਸਿਤ ਕਰਨਾ' ਵਿਸ਼ੇ 'ਤੇ ਤਿੰਨ ਦਿਨਾ ਸੰਮੇਲਨ ਕੱਲ੍ਹ ਸ਼ੁਰੂ ਹੋਵੇਗਾ | ਪ੍ਰਧਾਨ ਮੰਤਰੀ ਇਸ ਦਾ ਉਦਘਾਟਨ ਕਰਨਗੇ ਤੇ ਇਸ ਮੌਕੇ ਵਿਸ਼ੇਸ਼ ਡਾਕ ਟਿਕਟ ਵੀ ਜਾਰੀ ਕੀਤੀ ਜਾਵੇਗੀ | ਪ੍ਰਧਾਨ ਮੰਤਰੀ ਇਸ ਦੇ ਨਾਲ ਹੀ ਸੀ. ਬੀ. ਆਈ. ਦੇ 6 ਅਧਿਕਾਰੀਆਂ ਨੂੰ ਉਨ੍ਹਾਂ ਦੇ ਬੇਜੋੜ ਕੰਮ ਲਈ ਵਿਸ਼ੇਸ਼ ਸੇਵਾ ਸਨਮਾਨ ਵੀ ਪ੍ਰਦਾਨ ਕਰਨਗੇ | ਇਸੇ ਸਾਲ ਜਦੋਂਕਿ ਕ੍ਰਿਕਟ ਜਗਤ ਨੂੰ ਸੱਟੇਬਾਜ਼ੀ ਤੇ ਸਪਾਟ ਫਿਕਸਿੰਗ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰਨਾ ਪਿਆ, ਉਦੋਂ ਏਜੰਸੀ ਨੇ ਵਿਸ਼ੇਸ਼ ਸੈਸ਼ਨ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ |


ਕੋਲਕਾਤਾ 'ਚ ਭਾਰਤੀ ਟੀਮ ਵੱਲੋਂ

ਸਚਿਨ ਨੂੰ ਜਿੱਤ ਦਾ ਤੋਹਫ਼ਾ


ਕੋਲਕਾਤਾ, 9 ਨਵੰਬਰ - ਭਾਰਤੀ ਕ੍ਰਿਕਟ ਟੀਮ ਨੇ ਈਡਨ ਗਾਰਡਨ ਸਟੇਡੀਅਮ 'ਚ ਖੇਡੇ ਗਏ ਪਹਿਲੇ ਟੈਸਟ ਮੈਚ 'ਚ ਵੈਸਟ ਇੰਡੀਜ਼ ਨੂੰ ਇਕ ਪਾਰੀ ਤੇ 51 ਦੌੜਾਂ ਨਾਲ ਹਰਾ ਦਿੱਤਾ | ਮੈਚ ਦਾ ਫੈਸਲਾ ਤਿੰਨ ਦਿਨਾਂ 'ਚ ਹੀ ਹੋ ਗਿਆ | ਵੈਸਟ ਇੰਡੀਜ਼ ਨੇ ਪਹਿਲੀ ਪਾਰੀ 'ਚ 234 ਦੌੜਾਂ ਬਣਾਈਆਂ ਸਨ | ਭਾਰਤ ਨੇ ਆਪਣੀ ਪਹਿਲੀ ਪਾਰੀ ਵਿਚ ਰੋਹਿਤ ਸ਼ਰਮਾ (177) ਅਤੇ ਆਰ. ਅਸ਼ਵਿਨ (124) ਦੇ ਸ਼ਾਨਦਾਰ ਸੈਂਕੜਿਆਂ ਦੀ ਬਦੌਲਤ 453 ਦੌੜਾਂ ਬਣਾਈਆਂ ਸਨ | ਪਹਿਲੀ ਪਾਰੀ ਦੇ ਆਧਾਰ 'ਤੇ ਭਾਰਤ ਨੂੰ 219 ਦੌੜਾਂ ਦੀ ਬੜ੍ਹਤ ਮਿਲੀ ਸੀ | ਜਵਾਬ ਵਿਚ ਖੇਡਣ ਉਤਰੀ ਵੈਸਟ ਇੰਡੀਜ਼ ਦੀ ਟੀਮ ਆਪਣੀ ਦੂਜੀ ਪਾਰੀ ਵਿਚ 168 ਦੌੜਾਂ ਹੀ ਬਣਾ ਸਕੀ | ਭਾਰਤ ਵਲੋਂ ਮੁਹੰਮਦ ਸ਼ੰਮੀ ਨੇ ਦੂਜੀ ਪਾਰੀ 'ਚ 5 ਵਿਕਟਾਂ ਤੇ ਮੈਚ ਵਿਚ 9 ਵਿਕਟਾਂ ਲਈਆਂ, ਜਦੋਂਕਿ ਅਸ਼ਵਿਨ ਨੂੰ ਦੂਜੀ ਪਾਰੀ 'ਚ ਤਿੰਨ ਵਿਕਟਾਂ ਮਿਲੀਆਂ | ਇਸ ਜਿੱਤ ਦੇ ਨਾਲ ਹੀ ਭਾਰਤ ਨੇ 2 ਮੈਚਾਂ ਦੀ ਲੜੀ 'ਚ 1-0 ਨਾਲ ਬੜ੍ਹਤ ਹਾਸਿਲ ਕਰ ਲਈ ਹੈ | ਤੀਜੇ ਦਿਨ ਦੀ ਸ਼ੁਰੂਆਤ ਕਰਦੇ ਹੋਏ ਅਸ਼ਵਿਨ ਨੇ ਸਭ ਤੋਂ ਪਹਿਲਾਂ ਸੈਂਕੜਾ ਪੂਰਾ ਕੀਤਾ ਤੇ ਇਸ ਤੋਂ ਬਾਅਦ ਰੋਹਿਤ ਨੇ ਆਪਣੀਆਂ 150 ਦੌੜਾਂ ਪੂਰੀਆਂ ਕੀਤੀਆਂ | ਦੋਹਾਂ ਨੇ ਇਸ ਸਾਂਝੇਦਾਰੀ ਦੌਰਾਨ 7ਵੇਂ ਵਿਕਟ ਲਈ ਭਾਰਤ ਲਈ ਸਭ ਤੋਂ ਵੱਧ ਦੌੜਾਂ ਜੋੜੀਆਂ ਤੇ ਦੋਹਾਂ ਨੇ 1986 'ਚ ਦਲੀਪ ਵੇਂਗਸਰਕਰ ਤੇ ਰਵੀ ਸ਼ਾਸਤਰੀ ਵਿਚਾਲੇ ਹੋਈ 259 ਦੌੜਾਂ ਦੀ ਸਾਂਝੇਦਾਰੀ ਦਾ ਰਿਕਾਰਡ ਤੋੜਿਆ ਪਰ ਅੰਪਾਇਰ ਦੇ ਇਕ ਗਲਤ ਫੈਸਲੇ ਨੇ ਰੋਹਿਤ ਤੇ ਦਰਸ਼ਕਾਂ ਨੂੰ ਨਿਰਾਸ਼ ਕੀਤਾ ਤੇ ਰੋਹਿਤ 177 ਦੌੜਾਂ ਬਣਾ ਕੇ ਆਊਟ ਹੋ ਗਏ | ਇਸ ਤੋਂ ਬਾਅਦ ਵੈਸਟ ਇੰਡੀਜ਼ ਦੇ ਗੇਂਦਬਾਜ਼ ਹਾਵੀ ਹੋ ਗਏ ਤੇ ਭਾਰਤੀ ਟੀਮ 453 ਦੌੜਾਂ ਬਣਾ ਕੇ ਆਊਟ ਹੋ ਗਈ | ਇਸ ਤੋਂ ਬਾਅਦ ਦੂਜੀ ਪਾਰੀ ਵਿਚ ਖੇਡਣ ਉਤਰੀ ਵੈਸਟ ਇੰਡੀਜ਼ ਦੀ ਟੀਮ ਦਾ ਕੋਈ ਵੀ ਖਿਡਾਰੀ ਕਰੀਜ਼ 'ਤੇ ਲੰਬਾ ਸਮਾਂ ਟਿਕ ਨਹੀਂ ਸਕਿਆ | ਕ੍ਰਿਸ ਗੇਲ 33, ਪਾਵੇਲ 36, ਡੈਰੇਨ ਬ੍ਰਾਵੋ 37 ਤੇ ਚੰਦਰਪੋਲ ਨੇ 31 ਦੌੜਾਂ ਬਣਾਈਆਂ ਤੇ ਪੂਰੀ ਕੈਰੇਬੀਆਈ ਟੀਮ 168 ਦੌੜਾਂ 'ਤੇ ਆਊਟ ਹੋ ਗਈ | ਰੋਹਿਤ ਸ਼ਰਮਾ ਨੂੰ ਮੈਨ ਆਫ਼ ਦ ਮੈਚ ਐਲਾਨਿਆ ਗਿਆ |<< Start < Prev 1 2 3 4 5 6 7 8 9 10 Next > End >>

ਮੁੱਖ ਖ਼ਬਰਾਂ : 

ਖੇਡ ਖ਼ਬਰਾ : 

ਅੰਤਰਰਾਸ਼ਟਰੀ ਖ਼ਬਰਾ : 

ਪੰਜਾਬ ਖ਼ਬਰਾਂ : 

ਨਵੇਂ ਲੇਖ : 

 

 

Random Video 

Receive Newsletter & Updates 

Sample Newsletter


Receive HTML?

Advertisement
Advertisement
Advertisement