Advertisement

ਮੁੱਖ ਖ਼ਬਰਾਂ 

ਪੰਜਾਬ ਦਾ ਮਾਹੌਲ ਖ਼ਰਾਬ ਕਰਨ ਵਾਲੇ

ਜੇਲ੍ਹਾਂ ਵਿੱਚ ਡੱਕੇ ਜਾਣਗੇ: ਸੁਖਬੀਰ

ਬਲਾਚੌਰ-ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਵਾਲੇ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਪੰਜਾਬ ਵਿੱਚ ਗੈਂਗਸਟਰ ਬਣਾ ਕੇ ਕਾਰਵਾਈਆਂ ਕਰਨ ਵਾਲੇ ਸਾਰੇ ਗਰੁੱਪ ਜਲਦ ਹੀ ਜੇਲ੍ਹਾਂ ਵਿੱਚ ਡੱਕੇ ਜਾਣਗੇ। ਸ੍ਰੀ ਬਾਦਲ ਅੱਜ ਇੱਥੇ ਬਲਾਚੌਰ ਹਲਕੇ ਦੇ ਸੰਗਤ ਦਰਸ਼ਨ ਪ੍ਰੋਗਰਾਮ ਮੌਕੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇ ਰਹੇ ਸਨ।
ਪੰਜਾਬ ਵਿਧਾਨ ਸਭਾ ਚੋਣਾਂ ਨੇੜੇ ਆਉਂਦੀਆਂ ਵੇਖ ਕੇ ਕੁਝ ਗਰਮਖਿਆਲੀ ਗਰੁੱਪਾਂ ਦੇ ਸਰਗਰਮ ਹੋ ਜਾਣ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਸ੍ਰੀ ਬਾਦਲ ਨੇ ਕਿਹਾ ਕਿ ਉਹ ਪਹਿਲਾਂ ਵੀ ਕਈ ਵਾਰੀ ਕਹਿ ਚੁੱਕੇ ਹਨ ਕਿ ਆਮ ਆਦਮੀ ਪਾਰਟੀ ਸਮੇਤ ਕਈ ਗਰਮਖਿਆਲੀ ਸਮੂਹ ਆਪਸ ਵਿੱਚ ਇਕੱਠੇ ਹੋ ਚੁੱਕੇ ਹਨ ਅਤੇ ਸੱਤਾ ਪ੍ਰਾਪਤੀ ਲਈ ਹਰ ਹੀਲਾ ਵਰਤ ਰਹੇ ਹਨ। ਉਨ੍ਹਾਂ ਕਿਹਾ ਕਿ ਸਾਰੀਆਂ ਭਲਾਈ ਸਕੀਮਾਂ ਅਕਾਲੀ-ਭਾਜਪਾ ਸਰਕਾਰ ਨੇ ਹੀ ਸ਼ੁਰੂ ਹੋਈਆਂ ਹਨ। ਸ੍ਰੀ ਬਾਦਲ ਨੇ ਦੱਸਿਆ ਕਿ ਔਰਤਾਂ ਦੇ ਸਸ਼ਕਤੀਕਰਨ ਨੂੰ ਧਿਆਨ ਵਿੱਚ ਰੱਖਦਿਆਂ ਬਹੁਤ ਜਲਦ ਹੀ ਮਾਈ ਭਾਗੋ ਸਕੀਮ ਤਹਿਤ ਪੰਜਾਬ ਦੇ ਸਾਰੇ ਪਿੰਡਾਂ ਦੀਆਂ ਔਰਤਾਂ ਨੂੰ ਭਾਂਡੇ ਅਤੇ ਸਿਲਾਈ ਮਸ਼ੀਨਾਂ ਵੰਡੀਆਂ ਜਾਣਗੀਆਂ। ਇਸ ਤੋਂ ਪਹਿਲਾਂ ਆਪਣੇ ਸੰਬੋਧਨ ਦੌਰਾਨ ਉੱਪ ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਪੰਜਾਬ ਨੂੰ 9 ਸਾਲਾਂ ਵਿੱਚ ਵਿਕਾਸ ਦੀਆਂ ਨਵੀਆਂ ਬੁਲੰਦੀਆਂ ’ਤੇ ਪਹੁੰਚਾਇਆ ਹੈ। ਉਨ੍ਹਾਂ ਬਲਾਚੌਰ ਹਲਕੇ ਦੀ ਨੁਹਾਰ ਬਦਲਣ ਲਈ ਇੱਕ ਹੀ ਦਿਨ ਵਿੱਚ 92 ਕਰੋੜ ਰੁਪਏ ਦੇ ਪ੍ਰਾਜੈਕਟ ਤੇ ਗਰਾਂਟਾਂ ਜਾਰੀ ਕੀਤੀਆਂ, ਜਿਨ੍ਹਾਂ ਵਿੱਚ ਸੰਗਤ ਦਰਸ਼ਨ ਰਾਹੀਂ 73 ਪੰਚਾਇਤਾਂ ਨੂੰ 25.10 ਕਰੋੜ ਰੁਪਏ ਦੀਆਂ ਵਿਕਾਸ ਗਰਾਂਟਾਂ ਦੇਣ ਤੋਂ ਇਲਾਵਾ ਬਲਾਚੌਰ ਸ਼ਹਿਰ ਦੇ ਲਈ 40 ਕਰੋੜ ਰੁਪਏ ਦਾ ਸੀਵਰੇਜ ਪ੍ਰਾਜੈਕਟ ਤੇ 100 ਫੀਸਦੀ ਪੀਣ ਵਾਲੇ ਸਾਫ ਪਾਣੀ ਦਾ ਪ੍ਰੋਜੈਕਟ ਪ੍ਰਮੁੱਖ ਹੈ। ਇਸ ਤੋਂ ਇਲਾਵਾ ਪੇਂਡੂ ਵਿਕਾਸ ਮਿਸ਼ਨ ਤਹਿਤ ਵੀ 22.50 ਕਰੋੜ ਰੁਪਏ ਦੀਆਂ ਗਰਾਂਟਾਂ ਜਾਰੀ ਕੀਤੀਆਂ ਗਈਆਂ। ਸੰਗਤ ਦਰਸ਼ਨ ਦੌਰਾਨ ਉਨ੍ਹਾਂ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ ਅਤੇ ਮੌਕੇ ’ਤੇ ਹਾਜ਼ਰ ਅਧਿਕਾਰੀਆਂ ਨੂੰ ਤੁਰੰਤ ਹੱਲ ਕਰਨ ਦੇ ਨਿਰਦੇਸ਼ ਵੀ ਜਾਰੀ ਕੀਤੇ।
ਇਸ ਮੌਕੇ ਵਿਧਾਇਕ ਚੌਧਰੀ ਨੰਦ ਲਾਲ, ਮਾਰਕਫ਼ੈੱਡ ਪੰਜਾਬ ਦੇ ਚੇਅਰਮੈਨ ਜਰਨੈਲ ਸਿੰਘ ਵਾਹਿਦ, ਸਾਬਕਾ ਵਿਧਾਇਕ ਮੋਹਨ ਲਾਲ ਬੰਗਾ, ਯੂਥ ਅਕਾਲੀ ਦਲ ਦੇ ਦੋਆਬਾ ਜ਼ੋਨ ਦੇ ਪ੍ਰਧਾਨ ਸਰਬਜੋਤ ਸਿੰਘ ਸਾਬੀ, ਡੀ.ਆਈ.ਜੀ. ਐਸ.ਕੇ. ਕਾਲੀਆ, ਡਿਪਟੀ ਕਮਿਸ਼ਨਰ ਵਿਪੁਲ ਉਜਵਲ, ਐਸ.ਐਸ.ਪੀ. ਨਵੀਨ ਸਿੰਗਲਾ ਆਦਿ ਹਾਜ਼ਰ ਸਨ।

 

ਛੋਟੇਪੁਰ ਦੀ ਗ਼ੈਰਹਾਜ਼ਰੀ ਵਿੱਚ

‘ਆਪ’ ਨੇ 19 ਉਮੀਦਵਾਰ ਐਲਾਨੇਚੰਡੀਗੜ੍ਹ,5 ਅਗਸਤ-ਆਮ ਆਦਮੀ ਪਾਰਟੀ (ਆਪ) ਨੇ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਅੱਜ 19 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਇਨ੍ਹਾਂ ਉਮੀਦਵਾਰਾਂ ਵਿੱਚ ਬਹੁਤੇ ‘ਆਪ’ ਦੇ ਅਹੁਦੇਦਾਰ ਹਨ। ਅੱਜ ਉਮੀਦਵਾਰਾਂ ਦਾ ਐਲਾਨ ਕਰਨ ਵੇਲੇ ‘ਆਪ’ ਦੇ ਸੂਬਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਦੀ ਗ਼ੈਰਹਾਜ਼ਰੀ ਨਾਲ ਪਾਰਟੀ ਵਿਚਲੀ ਫੁੱਟ ਜੱਗ ਜ਼ਾਹਿਰ ਹੋ ਗਈ ਹੈ।
ਦੱਸਣਯੋਗ ਹੈ ਕਿ ਸ੍ਰੀ ਛੋਟੇਪੁਰ ਦੀ ਸੱਜੀ ਬਾਂਹ ਮੰਨੇ ਜਾਂਦੇ ਹਰਦੀਪ ਕਿੰਗਰਾ ਨੇ ਕੱਲ੍ਹ ਅਸਤੀਫ਼ਾ ਦੇ ਕੇ ਪਾਰਟੀ ਦੀ ਕੌਮੀ ਲੀਡਰਸ਼ਿਪ ’ਤੇ ਗੰਭੀਰ ਦੋਸ਼ ਲਾਏ ਸਨ। ਸੂਤਰਾਂ ਅਨੁਸਾਰ ਸ੍ਰੀ ਛੋਟੇਪੁਰ ਵੀ ਟਿਕਟਾਂ ਦਾ ਐਲਾਨ ਕਰਨ ਮੌਕੇ ਰੋਸ ਵਜੋਂ ਸ਼ਾਮਲ ਨਹੀਂ ਹੋਏ। ਪਹਿਲੀ ਸੂਚੀ ਵਿੱਚ ਸ੍ਰੀ ਛੋਟੇਪੁਰ ਦੇ ਕਿਸੇ ਵੀ ਨਜ਼ਦੀਕੀ ਨੂੰ ਟਿਕਟ ਨਹੀਂ ਦਿੱਤੀ ਗਈ। ਅੱਜ ‘ਆਪ’ ਦੇ ਕੌਮੀ ਬੁਲਾਰੇ ਤੇ ਪੰਜਾਬ ਦੇ ਇੰਚਾਰਜ ਸੰਜੇ ਸਿੰਘ ਅਤੇ ਚੋਣ ਪ੍ਰਚਾਰ ਕਮੇਟੀ ਦੇ ਮੁਖੀ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਪਾਰਟੀ ਆਗੂ ਕਰਨਵੀਰ ਸਿੰਘ ਟਿਵਾਣਾ, ਅਮਨ ਅਰੋੜਾ ਤੇ ਪ੍ਰੋਫ਼ੈਸਰ ਬਲਜਿੰਦਰ ਕੌਰ ਦੀ ਹਾਜ਼ਰੀ ਵਿੱਚ ਉਮੀਦਵਾਰਾਂ ਦਾ ਐਲਾਨ ਕੀਤਾ। ਇਨ੍ਹਾਂ ਵਿੱਚ ਪਾਰਟੀ ਦੇ ਯੂਥ ਵਿੰਗ ਦੇ ਪ੍ਰਧਾਨ ਐਡਵੋਕੇਟ ਹਰਜੋਤ ਸਿੰਘ ਬੈਂਸ (25) ਨੂੰ ਵਿਧਾਨ ਸਭਾ ਹਲਕਾ ਸਾਹਨੇਵਾਲ (ਲੁਧਿਆਣਾ),  ਕਾਨੂੰਨੀ ਸੈੱਲ ਦੇ ਮੁਖੀ ਐਡਵੋਕੇਟ ਹਿੰਮਤ ਸਿੰਘ ਸ਼ੇਰਗਿੱਲ (36) ਨੂੰ ਮੁਹਾਲੀ, ਬੁਲਾਰੇ ਕੁਲਤਾਰ ਸਿੰਘ ਸੰਧਵਾਂ (40) ਨੂੰ ਕੋਟਕਪੂਰਾ, ਸੀਨੀਅਰ ਆਗੂ ਐਚ.ਐਸ. ਫੂਲਕਾ (60) ਨੂੰ ਦਾਖਾ, ਸੰਗਰੂਰ ਜ਼ੋਨ ਦੇ ਇੰਚਾਰਜ ਜਸਵੀਰ ਸਿੰਘ ਸੇਖੋਂ ਉਰਫ਼ ਜੱਸੀ ਸੇਖੋਂ (46) ਨੂੰ ਧੂਰੀ ਵਿਧਾਨ ਸਭਾ ਹਲਕਿਆਂ ਦੀਆਂ ਟਿਕਟਾਂ ਦਿੱਤੀਆਂ ਹਨ।  ਇਸ ਤੋਂ ਇਲਾਵਾ ਅਰਜਨ ਐਵਾਰਡੀ ਬਾਸਕਟਬਾਲ ਦੇ ਕੌਮਾਂਤਰੀ ਖਿਡਾਰੀ ਤੇ ਪਾਰਟੀ ਦੇ ਜਨਰਲ ਸਕੱਤਰ ਸੱਜਣ ਸਿੰਘ ਚੀਮਾ (59) ਨੂੰ ਸੁਲਤਾਨਪੁਰ ਲੋਧੀ, ਜਨਰਲ ਸਕੱਤਰ ਅਹਿਬਾਬ ਸਿੰਘ ਗਰੇਵਾਲ (38) ਨੂੰ ਲੁਧਿਆਣਾ (ਪੱਛਮੀ), ਡਾਕਟਰ ਇੰਦਰਬੀਰ ਸਿੰਘ ਨਿੱਝਰ (60) ਨੂੰ ਅੰਮ੍ਰਿਤਸਰ (ਦੱਖਣ), ਯੂਥ ਵਿੰਗ ਦੇ ਮੀਤ ਪ੍ਰਧਾਨ ਸਮਰਬੀਰ ਸਿੰਘ ਸਿੱਧੂ (25) ਨੂੰ ਫ਼ਾਜ਼ਿਲਕਾ, ਨਗਰ ਕੌਂਸਲ ਰਮਦਾਸ ਦੇ ਸਾਬਕਾ ਪ੍ਰਧਾਨ ਰਾਜਪ੍ਰੀਤ ਸਿੰਘ ਰੰਧਾਵਾ (51) ਨੂੰ ਅਜਨਾਲਾ, ਪੋਲੀਟੀਕਲ ਰਿਵਿਊ ਕਮੇਟੀ ਦੇ ਮੈਂਬਰ ਜਗਦੀਪ ਸਿੰਘ ਬਰਾੜ (48) ਨੂੰ ਸ੍ਰੀ ਮੁਕਤਸਰ ਸਾਹਿਬ, ਗੁਰਦਿੱਤ ਸਿੰਘ ਸੇਖੋਂ (45) ਨੂੰ ਫ਼ਰੀਦਕੋਟ, ਬ੍ਰਿਗੇਡੀਅਰ ਰਾਜ ਕੁਮਾਰ (59) ਨੂੰ ਬਲਾਚੌਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਗੁਰਵਿੰਦਰ ਸਿੰਘ ਸ਼ਾਮਪੁਰਾ (60) ਨੂੰ ਫਤਿਹਗੜ੍ਹ ਚੂੜੀਆਂ, ਗੁਰਪ੍ਰੀਤ ਸਿੰਘ ਲਾਪਰਾਂ (36) ਨੂੰ ਰਿਜ਼ਰਵ ਹਲਕਾ ਪਾਇਲ, ਬਠਿੰਡਾ ਜ਼ੋਨ ਦੇ ਮਹਿਲਾ ਵਿੰਗ ਦੀ  ਪ੍ਰਧਾਨ ਰੁਪਿੰਦਰ ਕੌਰ ਰੂਬੀ (28) ਨੂੰ ਬਠਿੰਡਾ (ਦਿਹਾਤੀ), ਟਰਾਂਸਪੋਰਟਰ ਅਮਰਜੀਤ ਸਿੰਘ (38) ਨੂੰ ਰੂਪਨਗਰ ਅਤੇ ਐਸਸੀ ਵਿੰਗ ਦੇ ਜਨਰਲ ਸਕੱਤਰ ਸੰਤੋਖ ਸਿੰਘ ਸਲਾਣਾ (48) ਨੂੰ ਰਿਜ਼ਰਵ ਹਲਕਾ ਬੱਸੀ ਪਠਾਣਾਂ ਤੋਂ ਟਿਕਟਾਂ ਦਿੱਤੀਆਂ ਹਨ। ਪਿਛਲੇ ਸਮੇਂ ਬਸਪਾ ਛੱਡ ਕੇ ‘ਆਪ’ ਵਿੱਚ ਸ਼ਾਮਲ ਹੋਏ ਸਾਬਕਾ ਸੰਸਦ ਮੈਂਬਰ ਮੋਹਨ ਸਿੰਘ ਫਲੀਆਂਵਾਲਾ (60) ਨੂੰ ਰਾਖਵੇਂ ਹਲਕੇ ਫਿਰੋਜ਼ਪੁਰ (ਦਿਹਾਤੀ) ਤੋਂ ਟਿਕਟ ਦਿੱਤੀ ਗਈ ਹੈ, ਜਦੋਂਕਿ ਕਾਂਗਰਸ ਵਿੱਚੋਂ ਆਏ ਅਮਨ ਅਰੋੜਾ, ਸੁਖਪਾਲ ਖਹਿਰਾ ਤੇ ਸੀਡੀ ਸਿੰਘ ਕੰਬੋਜ਼ ਨੂੰ ਫਿਲਹਾਲ ਟਿਕਟਾਂ ਦੇਣ ਦਾ ਫ਼ੈਸਲਾ ਨਹੀਂ ਕੀਤਾ ਗਿਆ।
ਜਾਣਕਾਰੀ ਅਨੁਸਾਰ ਅੱਜ ਟਿਕਟਾਂ ਦਾ ਐਲਾਨ ਕਨਵੀਨਰ ਸ੍ਰੀ ਛੋਟੇਪੁਰ ਦੀ ਗ਼ੈਰਹਾਜ਼ਰੀ ਵਿੱਚ ਭਗਵੰਤ ਮਾਨ ਨੇ ਕੀਤਾ। ਇਸ ਮੌਕੇ ਸੰਜੇ ਸਿੰਘ ਨੇ ਕਿਹਾ ਕਿ ਸ੍ਰੀ ਛੋਟੇਪੁਰ ਕੁਝ ਨਿੱਜੀ ਕਾਰਨਾਂ ਕਰਕੇ ਪ੍ਰੈੱਸ ਕਾਨਫ਼ਰੰਸ ਵਿੱਚ ਸ਼ਾਮਲ ਨਹੀਂ ਹੋ ਸਕੇ। ਉਨ੍ਹਾਂ ਸ੍ਰੀ ਕਿੰਗਰਾ ਵੱਲੋਂ ਅਸਤੀਫ਼ਾ ਦੇਣ ਬਾਰੇ ਕਿਹਾ ਕਿ ਸ੍ਰੀ ਕਿੰਗੜਾ ਖ਼ੁਦ ਪਾਰਟੀ ਤੋਂ ਅਸਤੀਫ਼ਾ ਦੇ ਚੁੱਕੇ ਹਨ, ਇਸ ਲਈ ਹੁਣ ਉਨ੍ਹਾਂ ਵਿਰੁੱਧ ਕਾਰਵਾਈ ਕਰਨ ਦੀ ਕੋਈ ਤੁੱਕ ਨਹੀਂ ਬਣਦੀ। ਦੂਜੇ ਪਾਸੇ ਸ੍ਰੀ ਕਿੰਗਰਾ ਨੇ ਸੰਪਰਕ ਕਰਨ ’ਤੇ ਕਿਹਾ ਕਿ ਦਿੱਲੀ ਤੋਂ ਆਏ ਆਗੂ ਸਿੱਖ ਆਗੂਆਂ ਨੂੰ ਜ਼ਲੀਲ ਕਰ ਰਹੇ ਹਨ ਅਤੇ ਉਹ ਇਨ੍ਹਾਂ ਨੂੰ ਬੇਨਕਾਬ ਕਰਨਗੇ।
ਇਸ ਦੌਰਾਨ ਸ੍ਰੀ ਸ਼ੇਰਗਿੱਲ ਨੂੰ ਟਿਕਟ ਦੇਣ ਵਿਰੁੱਧ ਮੁਹਾਲੀ ਦੇ ਕਈ ਆਗੂਆਂ ਨੇ ਬਗ਼ਾਵਤੀ ਰੁਖ਼ ਅਖ਼ਤਿਆਰ ਕਰ ਲਿਆ ਹੈ। ਇਸੇ ਤਰ੍ਹਾਂ ਸੁਲਤਾਨਪੁਰ ਲੋਧੀ ਦੇ ਕੁਝ ਆਗੂਆਂ ਨੇ ਹਲਫ਼ਨਾਮਾ ਦੇ ਕੇ ਸ੍ਰੀ ਚੀਮਾ ’ਤੇ ਗੰਭੀਰ ਦੋਸ਼ ਲਾਉਂਦਿਆਂ ਉਨ੍ਹਾਂ ਦੀ ਟਿਕਟ ਰੱਦ ਕਰਨ ਦੀ ਮੰਗ ਕੀਤੀ ਹੈ।
ਸਕਰੀਨਿੰਗ ਕਮੇਟੀ ਵੱਲੋਂ ਪ੍ਰਵਾਨ ਕੀਤੇ 26 ਉਮੀਦਵਾਰਾਂ ਵਿੱਚੋਂ ਸਿਰਫ਼ 19 ਦਾ ਹੀ ਐਲਾਨ ਕੀਤਾ ਗਿਆ ਹੈ, ਜਦੋਂਕਿ ਸੱਤ ਉਮੀਦਵਾਰਾਂ ’ਤੇ ਇਤਰਾਜ਼ ਉਠਣ ਕਾਰਨ ਉਨ੍ਹਾਂ ਦੇ ਨਾਮ ਰੋਕ ਲਏ ਹਨ, ਜਿਨ੍ਹਾਂ ਵਿੱਚ ਪ੍ਰੋਫ਼ੈਸਰ ਬਲਜਿੰਦਰ ਕੌਰ ਵੀ ਸ਼ਾਮਲ ਹੈ।

ਪਰਲਜ਼ ਗਰੁੱਪ ਖ਼ਿਲਾਫ਼ ਨਿਵੇਸ਼ਕਾਂ

ਵੱਲੋਂ ਜੰਤਰ-ਮੰਤਰ ’ਤੇ ਪ੍ਰਦਰਸ਼ਨ


ਨਵੀਂ ਦਿੱਲੀ, 2  ਅਗਸਤ-ਪਰਲਜ਼ ਗਰੁੱਪ (ਪੀਏਸੀਐਲ) ਵੱਲੋਂ ਨਿਵੇਸ਼ਕਾਂ ਦੇ ਕਰੋੜਾਂ ਰੁਪਏ ਵਾਪਸ ਨਾ ਕਰਨ ਦੇ ਮੁੱਦੇ ਨੂੰ ਲੈ ਕੇ ਦੇਸ਼ ਭਰ ਤੋਂ ਹਜ਼ਾਰਾਂ ਪੀੜਤਾਂ ਨੇ ਕੇਂਦਰ ਸਰਕਾਰ ਤਕ ਆਪਣੀ ਗੱਲ ਪਹੁੰਚਾਉਣ ਲਈ ਜੰਤਰ-ਮੰਤਰ ’ਤੇ ਜ਼ੋਰਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਮੰਗ ਕੀਤੀ ਕਿ ਕੰਪਨੀ ਦੇ ਪ੍ਰਬੰਧਕਾਂ ਅਤੇ ਮਾਲਕਾਂ ਖ਼ਿਲਾਫ਼ ਢੁੱਕਵੀਂ ਕਾਰਵਾਈ ਕਰ ਕੇ ਉਨ੍ਹਾਂ ਦੇ ਪੈਸਿਆਂ ਨੂੰ ਮੋੜਿਆ ਜਾਵੇ।  ਪੰਜਾਬ, ਹਰਿਆਣਾ, ਹਿਮਾਚਲ, ਉੱਤਰ ਪ੍ਰਦੇਸ਼, ਉੱਤਰਾਖੰਡ, ਰਾਜਸਥਾਨ, ਮੱਧ ਪ੍ਰਦੇਸ਼ ਅਤੇ ਦਿੱਲੀ ਸਮੇਤ ਹੋਰ ਸੂਬਿਆਂ ਤੋਂ ਆਏ ਪੀੜਤ ਨਿਵੇਸ਼ਕਾਂ ਨੇ ਕੰਪਨੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਕਿਹਾ ਕਿ ਉਨ੍ਹਾਂ ਨਾਲ ਕੰਪਨੀ ਵੱਲੋਂ ਧੋਖਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਖ਼ੂਨ-ਪਸੀਨੇ ਦੀ ਗਾੜ੍ਹੀ ਕਮਾਈ ਨੂੰ ਕੰਪਨੀ ਵਾਲੇ ਡਕਾਰ ਗਏ ਅਤੇ ਹੁਣ ਉਨ੍ਹਾਂ ਦੀ ਜਾਇਦਾਦ ਵੇਚ ਕੇ ਪੈਸੇ ਵਾਪਸ ਕਰਵਾਏ ਜਾਣ। ਉਨ੍ਹਾਂ ਕਿਹਾ ਕਿ ਨਿਵੇਸ਼ਕਾਂ ਵੱਲੋਂ ਪੰਜਾਬ ਸਥਿਤ ਕੰਪਨੀ ਦੇ ਦਫ਼ਤਰਾਂ ਅੱਗੇ  ਵੀ ਧਰਨੇ ਦਿੱਤੇ ਗਏ ਸਨ ਅਤੇ ਪੁਲੀਸ ਕੋਲ ਵੀ ਸ਼ਿਕਾਇਤਾਂ ਕੀਤੀਆਂ ਗਈਆਂ ਸਨ ਪਰ ਉਨ੍ਹਾਂ ਦੇ ਪੱਲੇ ਕੁਝ ਵੀ ਨਹੀਂ ਪਿਆ ਜਿਸ ਕਰ ਕੇ ਉਨ੍ਹਾਂ ਹੁਣ ਦਿੱਲੀ ਦਾ ਰੁਖ਼ ਕੀਤਾ ਹੈ।
ਜ਼ਿਕਰਯੋਗ ਹੈ ਕਿ ਸੇਬੀ ਵੱਲੋਂ ਪਿਛਲੇ ਮਹੀਨਿਆਂ ਦੌਰਾਨ ਇਸ ਕੰਪਨੀ ਦੇ ਖ਼ਾਤਿਆਂ ਦੀ ਜਾਂਚ ਸ਼ੁਰੂ ਕੀਤੀ ਗਈ ਸੀ ਅਤੇ ਦਿੱਲੀ ਦੇ ਕਨਾਟ ਪਲੇਸ ਨੇੜੇ ਇਕ ਇਮਾਰਤ ਅਤੇ ਨਾਂਗਲੋਈ ਵਿੱਚ ਜਾਇਦਾਦ ਬਾਰੇ ਪਤਾ ਲਾਇਆ ਸੀ। ਪਰਲਜ਼ ਕੰਪਨੀ ਵੱਲ ਨਿਵੇਸ਼ਕਾਂ ਦੀ ਕਰੋੜਾਂ ਰੁਪਏ ਦੀ ਦੇਣਦਾਰੀ ਖੜ੍ਹੀ ਹੈ।

 

ਕੇਸ ਦੀ ਸੁਣਵਾਈ ਲਈ

ਕੇਜਰੀਵਾਲ ਅੰਮ੍ਰਿਤਸਰ ਪੁੱਜੇ

ਅੰਮ੍ਰਿਤਸਰ,29 ਜੁਲਾਈ-ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਸਥਾਨਕ ਅਦਾਲਤ ਵਿੱਚ ਮਾਨਹਾਨੀ ਸਬੰਧੀ ਦਾਇਰ ਕੀਤੇ ਕੇਸ ਵਿੱਚ ਪੇਸ਼ੀ ਭੁਗਤਣ ਲਈ ‘ਆਪ’ ਮੁਖੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਸ਼ਾਮ ਇਥੇ ਪੁੱਜ ਗਏ ਅਤੇ ਸਵੇਰੇ ਅਦਾਲਤ ਵਿੱਚ ਪੇਸ਼ ਹੋਣਗੇ। ਉਨ੍ਹਾਂ ਤੋਂ ਇਲਾਵਾ ਪੰਜਾਬ ਮਾਮਲਿਆਂ ਦੇ ਇੰਚਾਰਜ ਸੰਜੈ ਸਿੰਘ ਅਤੇ ਦਿੱਲੀ ਡਾਇਲਾਗ ਕਮੇਟੀ ਦੇ ਚੇਅਰਮੈਨ ਅਸ਼ੀਸ਼ ਖੇਤਾਨ ਵੀ ਪੁੱਜ ਗਏ। ਸ੍ਰੀ ਮਜੀਠੀਆ ਵੱਲੋਂ 20 ਮਈ ਨੂੰ ਇਥੇ ਸਥਾਨਕ ਅਦਾਲਤ ਵਿੱਚ ਇਨ੍ਹਾਂ ਤਿੰਨਾਂ ਖ਼ਿਲਾਫ਼ ਕੇਸ ਦਾਇਰ ਕੀਤਾ ਗਿਆ ਸੀ, ਜਿਸ ਵਿੱਚ ਉਨ੍ਹਾਂ ਦੋਸ਼ ਲਾਇਆ ਸੀ ਕਿ ਇਹ ਆਪ ਆਗੂ ਨਸ਼ਿਆਂ ਦੇ ਕਾਰੋਬਾਰ ਸਬੰਧੀ ਬੇਬੁਨਿਆਦ ਅਤੇ ਨਿਰਾਧਾਰ ਬਿਆਨਬਾਜ਼ੀ ਕਰਕੇ ਉਸ ਦੀ ਸਾਖ਼ ਨੂੰ ਢਾਹ ਲਾ ਰਹੇ ਹਨ। ਅਦਾਲਤ ਨੇ 18 ਜੁਲਾਈ ਨੂੰ ਸੰਮਨ ਜਾਰੀ ਕਰਕੇ ਇਨ੍ਹਾਂ ਤਿੰਨਾਂ ਆਗੂਆਂ ਨੂੰ 29 ਜੁਲਾਈ ਨੂੰ ਪੇਸ਼ ਹੋਣ ਦੀ ਹਦਾਇਤ ਕੀਤੀ ਸੀ। ਸ੍ਰੀ ਕੇਜਰੀਵਾਲ ਅੱਜ ਸ਼ਾਮ ਇਥੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਪੁੱਜੇ, ਜਿੱਥੇ ਪਾਰਟੀ ਆਗੂਆਂ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਉਨ੍ਹਾਂ ਨਾਲ ਵਕੀਲ ਐਚਐਸ ਫੂਲਕਾ ਤੇ ਹੋਰ ਸ਼ਾਮਲ ਸਨ। ਇਸ ਮੌਕੇ ਹਵਾਈ ਅੱਡੇ ’ਤੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਮੀਡੀਆ ਨੂੰ ਵੀ ਸ੍ਰੀ ਕੇਜਰੀਵਾਲ ਤੋਂ ਦੂਰ ਰੱਖਿਆ ਗਿਆ। ਵੇਰਵਿਆਂ ਅਨੁਸਾਰ ਸ੍ਰੀ ਕੇਜਰੀਵਾਲ ਸਵੇਰੇ ਸਰਕਟ ਹਾਊਸ ਤੋਂ ਆਪ ਕਾਰਕੁਨਾਂ ਦੇ ਕਾਫ਼ਲੇ ਨਾਲ ਮਾਰਚ ਕਰਦੇ ਹੋਏ ਕਚਹਿਰੀ ਪੁੱਜਣਗੇ ਅਤੇ ਅਦਾਲਤੀ ਕਾਰਵਾਈ ਵਿੱਚ ਸ਼ਾਮਲ ਹੋਣਗੇ।  ਇਸ ਦੌਰਾਨ ਪੰਜਾਬ ਮਾਮਲਿਆਂ ਦੇ ਇੰਚਾਰਜ ਸੰਜੈ ਸਿੰਘ ਨੇ ਕਿਹਾ ਕਿ ਪੰਜਾਬ  ਨੂੰ ਬਰਬਾਦ ਕਰਨ ਲਈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਦੋਵੇਂ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਿਕਾਸ ਤੇ ਹੋਰ ਮਾਮਲਿਆਂ ਸਬੰਧੀ ਅਖ਼ਬਾਰੀ ਇਸ਼ਤਿਹਾਰਾਂ ਨਾਲ ਹੁਣ ਲੋਕਾਂ ਨੂੰ ਗੁੰਮਰਾਹ ਨਹੀਂ ਕਰ ਸਕਦੀ ਕਿਉਂਕਿ ਲੋਕਾਂ ਨੂੰ ਇਨ੍ਹਾਂ ਦੀ ਅਸਲੀਅਤ ਪਤਾ ਲੱਗ ਚੁੱਕੀ ਹੈ। ਬਿਕਰਮ ਸਿੰਘ ਮਜੀਠੀਆ ’ਤੇ ਨਸ਼ਿਆਂ ਦੇ ਕਾਰੋਬਾਰ ਨਾਲ ਜੁੜੇ ਹੋਣ ਦਾ ਦੋਸ਼ ਲਾਉਂਦਿਆਂ ਉਨ੍ਹਾਂ ਆਖਿਆ ਕਿ ਇਹ ਖੁਲਾਸਾ ਜਗਦੀਸ਼ ਭੋਲਾ ਨੇ ਈਡੀ ਦੇ ਸਾਹਮਣੇ ਕੀਤਾ ਸੀ। ਇਸੇ ਮਾਮਲੇ ਵਿੱਚ ਗ੍ਰਿਫ਼ਤਾਰ ਬਿੱਟੂ ਅਤੇ ਜਗਜੀਤ ਸਿੰਘ ਨੇ ਵੀ ਸ੍ਰੀ ਮਜੀਠੀਆ ਦਾ ਨਾਂ ਲਿਆ ਸੀ। ਪੋਸਟਰਾਂ ਨੂੰ ਪਾੜੇ ਜਾਣ ਬਾਰੇ ਸ੍ਰੀ ਸੰਜੈ ਸਿੰਘ ਨੇ ਆਖਿਆ ਕਿ ਪੋਸਟਰ ਪਾੜੇ ਜਾ ਸਕਦੇ ਹਨ ਪਰ ਲੋਕਾਂ ਦੇ ਦਿਲਾਂ ਵਿੱਚ ਇਸ ਸਬੰਧੀ ਜੋ ਲਿਖਿਆ ਜਾ ਚੁੱਕਾ ਹੈ, ਉਸ ਨੂੰ ਨਹੀਂ ਮਿਟਾਇਆ ਜਾ ਸਕਦਾ। ਜ਼ਿਕਰਯੋਗ ਹੈ ਕਿ ਸੰਜੈ ਸਿੰਘ ਖ਼ਿਲਾਫ਼ ਸ੍ਰੀ ਮਜੀਠੀਆ ਵੱਲੋਂ ਇਕ ਹੋਰ ਕੇਸ ਲੁਧਿਆਣਾ ਦੀ ਅਦਾਲਤ ਵਿੱਚ ਵੀ ਦਾਇਰ ਕੀਤਾ ਹੋਇਆ ਹੈ, ਜਿਸ ਵਿੱਚ ਉਸ ਨੂੰ ਅਦਾਲਤ ਨੇ ਜ਼ਮਾਨਤ ਦਿੱਤੀ ਹੋਈ ਹੈ।

 

ਸੁਰੱਖਿਆ ਕੁਤਾਹੀ ਦੇ ਮਾਮਲੇ ’ਚ

ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨੂੰ ਘੜੀਸਿਆ

ਨਵੀਂ ਦਿੱਲੀ, 29 ਜੁਲਾਈ-ਸੰਸਦ ਭਵਨ ਵੀਡੀਓਗ੍ਰਾਫ਼ੀ ਮਾਮਲੇ ਵਿੱਚ ਭਗਵੰਤ ਮਾਨ ਅੱਜ ਜਾਂਚ ਕਮੇਟੀ ਅੱਗੇ ਪੇਸ਼ ਹੋਇਆ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਵੀ ਇਸ ਵਿਵਾਦ ਵਿੱਚ ਖਿੱਚਦਿਆਂ ਅਤਿਵਾਦੀ ਹਮਲੇ ਮਗਰੋਂ ਪਾਕਿਸਤਾਨ ਦੀ ਆਈਐਸਆਈ ਨੂੰ ਪਠਾਨਕੋਟ ਏਅਰਬੇਸ ਸੱਦਣ ਦੇ ਮੁੱਦੇ ਉਤੇ ਉਨ੍ਹਾਂ ਨੂੰ ਵੀ ਤਲਬ ਕਰਨ ਦੀ ਮੰਗ ਕੀਤੀ। ਜਾਂਚ ਕਮੇਟੀ ਨੇ ‘ਆਪ’ ਦੇ ਸੰਸਦ ਮੈਂਬਰ ਨੂੰ ਸੋਮਵਾਰ ਨੂੰ ਤੱਕ ਆਪਣੀ ਚਿੱਠੀ ਦੇ ਵਿਸ਼ਾ ਵਸਤੂ ਵਿੱਚ ਤਬਦੀਲੀ ਕਰਨ ਲਈ ਕਿਹਾ। ਸੰਗਰੂਰ ਤੋਂ ਲੋਕ ਸਭਾ ਮੈਂਬਰ ਅੱਜ ਕਮੇਟੀ ਅੱਗੇ ਪੇਸ਼ ਹੋਇਆ, ਜਿਸ ਦੌਰਾਨ ਸੰਸਦ ਭਵਨ ਕੰਪਲੈਕਸ ਦੀ ਵੀਡੀਓ ਬਣਾਉਣ ਬਾਰੇ ਉਨ੍ਹਾਂ ਤੋਂ ਤਕਰੀਬਨ ਇਕ ਘੰਟਾ 50 ਮਿੰਟ ਤੱਕ ਪੁੱਛ ਪੜਤਾਲ ਹੋਈ। ਸ੍ਰੀ ਮਾਨ ਦੇ ਜਵਾਬ ਤੋਂ ਕਮੇਟੀ ਨੂੰ ਤਸੱਲੀ ਨਹੀਂ ਹੋਈ। ਕਮੇਟੀ ਦੇ ਕਈ ਮੈਂਬਰਾਂ ਦਾ ਮੰਨਣਾ ਹੈ ਕਿ ਉਹ ਇਸ ਮਾਮਲੇ ਬਾਰੇ ‘ਸੰਜੀਦਾ ਨਹੀਂ’ ਹਨ। ਪ੍ਰਧਾਨ ਮੰਤਰੀ ਨੂੰ ਤਲਬ ਕਰਨ ਦੀ ਮੰਗ ਬਾਰੇ ਵੀ ਕਮੇਟੀ ਨੇ ਨਾਰਾਜ਼ਗੀ ਜ਼ਾਹਰ ਕੀਤੀ।
ਅੱਜ ਸਵੇਰੇ ਸ੍ਰੀ ਮਾਨ ਨੇ ਭਾਜਪਾ ਦੇ ਕਿਰਿਤ ਸੋਮੱਈਆ ਦੀ ਅਗਵਾਈ ਵਾਲੀ ਇਸ ਕਮੇਟੀ ਨੂੰ ਦਿੱਤੇ ਆਪਣੇ ਪੰਜ ਸਫ਼ਿਆਂ ਦੇ ਜਵਾਬ ਵਿੱਚ ਕਿਹਾ ਕਿ ਉਸ ਨੂੰ ਗ਼ਲਤ ਸਮਝਿਆ ਜਾ ਰਿਹਾ ਹੈ। ਉਸ ਨੇ ਤਾਂ ਹਲੀਮੀ ਨਾਲ ਬਿਨਾਂ ਸ਼ਰਤ ਮੁਆਫ਼ੀ ਦੇਣ ਦੀ ਪੇਸ਼ਕਸ਼ ਕੀਤੀ ਸੀ। ਕਮੇਟੀ ਨੇ ਉਸ ਨੂੰ ਕਿਹਾ ਕਿ ਜੇ ਉਹ ਚਾਹੁੰਦਾ ਹੈ ਤਾਂ ਆਪਣੀ ਚਿੱਠੀ ਦੇ ਵਿਸ਼ਾ ਵਸਤੂ ਵਿੱਚ ਸੋਮਵਾਰ ਤੱਕ ਤਬਦੀਲੀ ਕਰੇ ਅਤੇ ਬਾਅਦ ਦੁਪਹਿਰ 3 ਵਜੇ ਮੁੜ ਪੇਸ਼ ਹੋਵੇ। ਇਸ ਚਿੱਠੀ ਵਿੱਚ ਜਨਵਰੀ ਵਿੱਚ ਪਠਾਨਕੋਟ ਏਅਰਬੇਸ ਉਤੇ ਹੋਏ ਅਤਿਵਾਦੀ ਹਮਲੇ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੂੰ ਤਲਬ ਕਰਨ ਅਤੇ ਉਨ੍ਹਾਂ ਦੇ ਬਿਆਨ ਦਰਜ ਕਰਨ ਦੀ ਮੰਗ ਕੀਤੀ। ਇਸ ਦੌਰਾਨ ਸ੍ਰੀ ਮਾਨ ਨੇ ਕਿਹਾ ਕਿ ਉਨ੍ਹਾਂ ਅਜਿਹੀ ਕੋਈ ਕਾਰਵਾਈ ਨਹੀਂ ਕੀਤੀ, ਜਿਸ ਨੂੰ ਸੰਸਦ ਦੀ ਸੁਰੱਖਿਆ ਦੀ ਉਲੰਘਣਾ ਮੰਨਿਆ ਜਾਵੇ। ਉਨ੍ਹਾਂ ਮੌਜੂਦਾ ਜਾਂਚ ਨੂੰ ਕਾਰਵਾਈ ਤੋਂ ਬਗ਼ੈਰ ਰੋਕਣ ਦੀ ਵੀ ਮੰਗ ਕੀਤੀ।

 


<< Start < Prev 1 2 3 4 5 6 7 8 9 10 Next > End >>

ਮੁੱਖ ਖ਼ਬਰਾਂ : 

ਖੇਡ ਖ਼ਬਰਾ : 

ਨਵੇਂ ਲੇਖ : 

 

Random Video 

Latest Added Magzine 

Advertisement

Advertisement
Advertisement
Advertisement