Advertisement

ਮੁੱਖ ਖ਼ਬਰਾਂ 

ਸਿੱਧੂ ਵੱਲੋਂ ਬਠਿੰਡਾ ਨਗਰ ਸੁਧਾਰ

ਟਰੱਸਟ ਦੇ 10 ਅਫ਼ਸਰ ਮੁਅੱਤਲ


ਚੰਡੀਗੜ੍ਹ - ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਬਠਿੰਡਾ ’ਚ ਫਲੈਟਾਂ ਦੀ ਉਸਾਰੀ ਵਿੱਚ ਬੇਨਿਯਮੀਆਂ ਸਾਹਮਣੇ ਆਉਣ ਮਗਰੋਂ ਬਠਿੰਡਾ ਨਗਰ ਸੁਧਾਰ ਟਰੱਸਟ ਦੇ 10 ਅਫਸਰਾਂ ਨੂੰ ਮੁਅੱਤਲ ਕਰ ਦਿੱਤਾ ਹੈ।
ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਅਫ਼ਸਰਾਂ ਨੂੰ ਮਨਮੋਹਨ ਕਾਲੀਆ ਐਨਕਲੇਵ, ਗੋਨਿਆਣਾ ਰੋਡ, ਬਠਿੰਡਾ ਦੇ ਫਲੈਟਾਂ ਦੀ ਉਸਾਰੀ ਵਿੱਚ ਪਾਈਆਂ ਗਈਆਂ ਤਰੁੱਟੀਆਂ,  ਫਲੈਟਾਂ ਦੀ ਉਸਾਰੀ ਦੀ ਹਾਲਤ ਨੂੰ ਅੱਖੋਂ ਓਹਲੇ ਕਰਦੇ ਹੋਏ ਸੁਰੱਖਿਆ ਵਾਪਸ ਕਰਨ, ਫਲੈਟਾਂ ਦੇ ਮੁਕੰਮਲਤਾ ਸਰਟੀਫਿਕੇਟ ਜਾਰੀ ਕਰਨ ਅਤੇ ਡਿਮਾਂਡ ਸਰਵੇ ਕਰਨ ਤੋਂ ਬਿਨਾਂ ਇਨ੍ਹਾਂ ਫਲੈਟਾਂ ਦੀ ਤਜਵੀਜ਼/ਡਰਾਅ ਕੱਢਣ ਦੇ ਦੋਸ਼ਾਂ ਹੇਠ ਮੁਅੱਤਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਵਿਭਾਗ ਵੱਲੋਂ ਤੁਰੰਤ ਇਨ੍ਹਾਂ ਅਫ਼ਸਰਾਂ ਨੂੰ ਮੁਅੱਤਲ ਕਰ ਕੇ ਇਨ੍ਹਾਂ ਵਿਰੁੱਧ ਚਾਰਜਸ਼ੀਟ ਜਾਰੀ ਕਰ ਦਿੱਤੀ ਗਈ ਹੈ। ਕੁੱਲ ਮਿਲਾ ਕੇ 13 ਅਫ਼ਸਰ ਦੋਸ਼ੀ ਪਾਏ ਗਏ ਸਨ ਜਿਨ੍ਹਾਂ ਵਿੱਚੋਂ ਤਿੰਨ ਸੇਵਾ ਮੁਕਤ ਹੋ ਚੁੱਕੇ ਹਨ ਜਦਕਿ 10 ਅਫ਼ਸਰਾਂ ਨੂੰ ਮੁਅੱਤਲ ਕੀਤਾ ਗਿਆ ਹੈ। ਬੁਲਾਰੇ ਅਨੁਸਾਰ ਵਿਭਾਗ ਦੇ ਮੁੱਖ ਚੌਕਸੀ ਅਫਸਰ ਵੱਲੋਂ ਕੀਤੀ ਜਾਂਚ ਵਿੱਚ ਸਾਹਮਣੇ ਆਈ ਰਿਪੋਰਟ ਦੇ ਆਧਾਰ ’ਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਸਿੱਧੂ ਨੇ ਬਠਿੰਡਾ ਨਗਰ ਸੁਧਾਰ ਟਰੱਸਟ ਦੇ 10 ਅਫ਼ਸਰਾਂ ਨੂੰ ਤੁਰੰਤ ਮੁਅੱਤਲ ਕਰਨ ਦੇ ਆਦੇਸ਼ ਦਿੱਤੇ ਹਨ।
ਮੁਅੱਤਲ ਅਫ਼ਸਰਾਂ ’ਚ ਗੁਰਬਿੰਦਰ ਪਾਲ ਸਿੰਘ, ਜਸਬੀਰ ਸਿੰਘ (ਦੋਵੇਂ ਜੇਈ), ਮੁਖਤਿਆਰ ਸਿੰਘ, ਗੁਰਰਾਜ ਸਿੰਘ, ਬਲਜੀਤ ਕੁਮਾਰ (ਸਾਰੇ ਸਹਾਇਕ ਟਰੱਸਟ ਇੰਜੀਨੀਅਰ), ਰਾਕੇਸ਼ ਗਰਗ (ਟਰੱਸਟ ਇੰਜੀਨੀਅਰ) ਤੇ ਗੋਰਾ ਲਾਲ, ਹਰਿੰਦਰ ਸਿੰਘ ਚਾਹਲ, ਕੁਲਵੰਤ ਸਿੰਘ ਬਰਾੜ ਤੇ ਜਵਾਹਰ ਲਾਲ (ਸਾਰੇ ਕਾਰਜ ਸਾਧਕ ਅਫਸਰ) ਸ਼ਾਮਲ ਹਨ। ਸ੍ਰੀ ਸਿੱਧੂ ਨੇ ਕਿਹਾ ਕਿ ਬਠਿੰਡਾ ਨਗਰ ਸੁਧਾਰ ਟਰੱਸਟ ਦੇ ਮੁਅੱਤਲ ਕੀਤੇ 10 ਅਫ਼ਸਰਾਂ ਦੇ ਮਾਮਲੇ ਵਿੱਚ ਕਿਹਾ ਕਿ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

 

ਸੁਖਬੀਰ ਨੇ ਗੁਰਮੁਖ ਸਿੰਘ ਵੱਲੋਂ ਲਾਏ

ਦੋਸ਼ਾਂ ਬਾਰੇ ਜਵਾਬ ਦੇਣ ਤੋਂ ਵੱਟਿਆ ਟਾਲਾ


ਅੰਮ੍ਰਿਤਸਰ : ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਉਨ੍ਹਾਂ ਕਦੇ ਵੀ ਸ਼੍ਰੋਮਣੀ ਕਮੇਟੀ ਤੇ ਅਕਾਲ ਤਖ਼ਤ ਦੇ ਮਾਮਲਿਆਂ ਵਿੱਚ ਦਖ਼ਲ ਨਹੀਂ ਦਿੱਤਾ। ਸ੍ਰੀ ਬਾਦਲ ਅੱਜ ਆਪਣੀ ਪਤਨੀ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨਾਲ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਸਨ।
ਮੀਡੀਆ ਨਾਲ ਗੱਲਬਾਤ ਦੌਰਾਨ ਸਾਬਕਾ ਉਪ ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਕਦੇ ਵੀ ਸ਼੍ਰੋਮਣੀ ਕਮੇਟੀ ਦੇ ਮਾਮਲਿਆਂ ਵਿੱਚ ਦਖ਼ਲ ਨਹੀਂ ਦਿੱਤਾ ਤੇ ਭਾਈ ਗੁਰਮੁਖ ਸਿੰਘ ਵੱਲੋਂ ਲਾਏ ਦੋਸ਼ਾਂ ਬਾਰੇ ਸ਼੍ਰੋਮਣੀ ਕਮੇਟੀ ਹੀ ਜਵਾਬ ਦੇ ਸਕਦੀ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਸਾਬਕਾ ਜਥੇਦਾਰ ਨੇ ਦੋਸ਼ ਲਾਏ ਸਨ ਕਿ ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫ਼ੀ ਦੇਣ ਦੇ ਮਾਮਲੇ ਵਿੱਚ 15 ਸਤੰਬਰ 2015  ਨੂੰ ਤਿੰਨਾਂ ਤਖ਼ਤਾਂ ਦੇ ਜਥੇਦਾਰਾਂ ਨੂੰ ਚੰਡੀਗੜ੍ਹ ਵਿੱਚ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਸੱਦਿਆ ਗਿਆ ਸੀ, ਜਿੱਥੇ ਸੁਖਬੀਰ ਸਿੰਘ ਬਾਦਲ ਨੇ ਹਿੰਦੀ ਵਿੱਚ ਲਿਖੀ ਡੇਰਾ ਸਿਰਸਾ ਦੇ ਮੁਖੀ ਦੀ ਚਿੱਠੀ ਦਿੱਤੀ ਸੀ ਤੇ ਮਾਮਲੇ ਨੂੰ ਰਫ਼ਾ-ਦਫ਼ਾ ਕਰਨ ਲਈ ਹਦਾਇਤ ਕੀਤੀ ਸੀ।
ਪੰਜਾਬ ਦੀ ਕਾਂਗਰਸ ਸਰਕਾਰ ਦੀ ਇਕ ਮਹੀਨੇ ਦੀ ਕਾਰਗੁਜ਼ਾਰੀ ’ਤੇ ਟਿੱਪਣੀ ਕਰਦਿਆਂ ਉਨ੍ਹਾਂ ਆਖਿਆ ਕਿ ਇਸ ਵੇਲੇ ਤਾਂ ਪੰਜਾਬ ਵਾਸੀਆਂ ਨੂੰ ਮੁੱਖ ਮੰਤਰੀ ਬਾਰੇ ਹੀ ਕੋਈ ਜਾਣਕਾਰੀ ਨਹੀਂ ਹੈ। ਇਕ ਮਹੀਨੇ ਵਿੱਚ ਕਾਂਗਰਸ ਵਲੋਂ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਲਈ ਕੋਈ ਕਾਰਵਾਈ ਨਹੀਂ ਹੋਈ, ਸਗੋਂ ਪਿਛਲੀ ਸਰਕਾਰ ਵੇਲੇ ਦੇ ਚੱਲ ਰਹੇ ਸਾਰੇ ਵਿਕਾਸ ਕਾਰਜ ਵੀ ਰੁਕ ਗਏ ਹਨ। ਬੀਆਰਟੀਐਸ ਯੋਜਨਾ ਦਾ ਹਵਾਲਾ ਦਿੰਦਿਆਂ ਉਨ੍ਹਾਂ ਆਖਿਆ ਕਿ ਇਸ ਯੋਜਨਾ ਵਿੱਚ ਆਈ ਖੜੋਤ ਨਾਲ ਮਨ ਦੁਖੀ ਹੋਇਆ  ਹੈ। ਉਨ੍ਹਾਂ ਕਿਹਾ ਕਿ ਸਿਆਸੀ ਬਦਲਾਖੋਰੀ ਦੀ ਆੜ ਹੇਠ ਅਕਾਲੀ ਵਰਕਰਾਂ ਨੂੰ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਦੌਰਾਨ ਉਨ੍ਹਾਂ ਹਰਿਮੰਦਰ ਸਾਹਿਬ ਪ੍ਰਵੇਸ਼ ਦੁਆਰ ਪਲਾਜ਼ਾ ਦਾ ਦੌਰਾ ਕੀਤਾ। ਇਸ ਤੋਂ ਪਹਿਲਾਂ ਉਨ੍ਹਾਂ ਹਰਿਮੰਦਰ ਸਾਹਿਬ ਮੱਥਾ ਟੇਕਿਆ ਤੇ ਪਰਿਵਾਰ ਵੱਲੋਂ ਪ੍ਰਕਾਸ਼ ਕਰਾਏ ਅਖੰਡ ਪਾਠ ਦੇ ਭੋਗ ਵਿੱਚ ਸ਼ਾਮਲ ਹੋਏ।

 

ਦਸ ਸਾਲ ’ਚ ਹੋਇਆ ਪੰਜਾਬ ਦਾ ਵਿਨਾਸ਼

ਤੇ ਬਾਦਲਾਂ ਦਾ ਵਿਕਾਸ: ਸਿੱਧੂੁ

ਚੰਡੀਗੜ੍ਹ, 21 ਜਨਵਰੀ- ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੁੂ ਨੇ ਬਾਦਲਾਂ ਵਿਰੁੱਧ ਸਿਆਸੀ ਹੱਲੇ ਕਰਦਿਆਂ ਕਿਹਾ ਕਿ ਦਸ ਸਾਲ ਦੇ ਰਾਜ ਵਿੱਚ ਬਾਦਲਾਂ ਨੇ ਸੂਬੇ ਨੂੰ ਲੁੱਟ ਕੇ ਆਪਣਾ ਘਰ ਭਰ ਲਿਆ ਹੈ। ਇਨ੍ਹਾਂ ਸਾਲਾਂ ਵਿੱਚ ਬਾਦਲਾਂ ਦੀਆਂ ਬੱਸਾਂ ਦੀ ਗਿਣਤੀ 50 ਤੋਂ ਵੱਧ ਕੇ 600 ਹੋ ਗਈ ਤੇ ਸੂਬੇ ਸਿਰ ਕਰਜ਼ੇ ਦਾ ਬੋਝ 1.88 ਲੱਖ ਕਰੋੜ ਹੋ ਗਿਆ। ਜੇ ਇਸ ਵਿੱਚ ਬੋਰਡਾਂ ਤੇ ਨਿਗਮਾਂ ਦੇ ਕਰਜ਼ੇ ਜੋੜ ਲਏ ਜਾਣ ਤਾਂ ਕਰਜ਼ਾ ਤਿੰਨ ਲੱਖ ਕਰੋੜ ਰੁਪਏ ਤੋਂ ਵੱਧ ਹੋ ਜਾਂਦਾ ਹੈ। ਉਨ੍ਹਾਂ ਆਖਿਆ ਕਿ ਪੰਜਾਬ ਦੀ ਬਿਹਤਰੀ ਲਈ ਬਾਦਲਾਂ ਨੂੰ ਚਲਦਾ ਕੀਤਾ ਜਾਵੇ।
ਇੱਥੇ ਬਾਦਲਾਂ ਖ਼ਿਲਾਫ਼ 12 ਸਫਿਆਂ ਦਾ ‘ਪੇਪਰ’ ਪੇਸ਼ ਕਰਦਿਆਂ ਉਨ੍ਹਾਂ ਦੋਸ਼ ਲਾਇਆ ਕਿ ਸੂਬੇ ਦੀ ਸਰਕਾਰੀ ਟਰਾਂਸਪੋਰਟ ਤਿੰਨ ਹਜ਼ਾਰ ਕਰੋੜ ਦੇ ਘਾਟੇ ਵਿੱਚ ਹੈ, ਪਰ ਹਾਕਮ ਧਿਰ ਦੀ ਟਰਾਂਸਪੋਰਟ ਵਿੱਚ ਭਾਰੀ ਵਾਧਾ ਹੋਇਆ ਹੈ। 2007 ਵਿੱਚ ਬਾਦਲਾਂ ਦੀਆਂ ਦੋ ਬੱਸ ਕੰਪਨੀਆਂ ਤੇ ਪੰਜਾਹ ਬੱਸਾਂ ਸਨ। ਹੁਣ ਕੰਪਨੀਆਂ ਅੱਠ ਅਤੇ ਬੱਸਾਂ 600 ਤੋਂ ਵੱਧ ਹੋ ਗਈਆਂ ਹਨ। ਜਦੋਂ ਇੱਕ ਲੜਕੀ ਇਨ੍ਹਾਂ ਦੀ ਬੱਸ ਹੇਠ ਆ ਕੇ ਦਮ ਤੋੜ ਗਈ ਸੀ ਤਾਂ ਇਹ ਬੱਸਾਂ ਲਗਪਗ ਇਕ ਹਫ਼ਤਾ ਬੰਦ ਰਹੀਆਂ ਸਨ ਤੇ ਉਦੋਂ ਸਰਕਾਰੀ ਬੱਸਾਂ ਨੇ ਚੰਗੇ ਪੈਸੇ ਕਮਾਏ ਸਨ। ਸੂਬੇ ਦੀਆਂ ਹੋਰ ਪ੍ਰਾਈਵੇਟ ਬੱਸ ਕੰਪਨੀਆਂ ਨੂੰ ਬੱਸਾਂ ਅਤੇ ਕੰਪਨੀਆਂ ਵੇਚਣ ਲਈ ਮਜਬੂਰ ਕੀਤਾ ਗਿਆ ਤੇ ਅਖੀਰ ਬੱਸਾਂ ਹਾਕਮ ਧਿਰ ਨੇ ਖ਼ਰੀਦ ਲਈਆਂ।
ਸ੍ਰੀ ਸਿੱਧੂੁ ਨੇ ਕਿਹਾ ਕਿ ਤਾਮਿਲਨਾਡੂ ਵਿੱਚ ਸ਼ਰਾਬ ਦੇ ਠੇਕੇ 6,323 ਅਤੇ ਆਮਦਨ 26,188 ਕਰੋੜ ਰੁਪਏ ਹੈ। ਪੰਜਾਬ ਵਿੱਚ ਠੇਕੇ 12,500  ਤੇ ਆਮਦਨ 5,610 ਕਰੋੜ ਰੁਪਏ ਹੈ। ਉਨ੍ਹਾਂ ਸਵਾਲ ਕੀਤਾ ਕਿ ਬਾਕੀ ਆਮਦਨ ਕਿਧਰ ਜਾਂਦੀ ਹੈ। ਪੰਜਾਬੀ, ਤਾਮਿਲਨਾਡੂ ਦੇ ਲੋਕਾਂ ਨਾਲੋਂ ਵੱਧ ਸ਼ਰਾਬ ਪੀਂਦੇ ਹਨ, ਜੇ ਆਬਕਾਰੀ ਦਾ ਪੈਸਾ ਹੀ ਉਗਰਾਹ ਲਿਆ ਜਾਂਦਾ ਤਾਂ ਪੰਜਾਬ ਸਿਰ ਕਰਜ਼ਾ ਨਹੀਂ ਚੜ੍ਹ ਸਕਦਾ ਸੀ। ਉਨ੍ਹਾਂ ਕਿਹਾ ਕਿ ਇਹ ਇੱਕ ਲੱਖ ਕਰੋੜ ਰੁਪਏ ਦਾ ਕਥਿਤ ਘਪਲਾ ਬਣਦਾ ਹੈ। ਇਸੇ ਤਰ੍ਹਾਂ ਸੂਬੇ ਦੇ ਸੈਰ ਸਪਾਟਾ ਵਿਭਾਗ ਦੇ ਹੋਟਲ ਵੇਚ ਦਿੱਤੇ  ਗਏ ਜਾਂ ਬੰਦ ਕਰ ਦਿੱਤੇ ਗਏ। ਪਰ ਬਾਦਲਾਂ ਨੇ ਚੰਡੀਗੜ੍ਹ ਨੇੜੇ ਸੱਤ ਤਾਰਾ ਹੋਟਲ ‘ਸੁਖ ਵਿਲਾਸ’ ਬਣਾਇਆ ਹੈ, ਜਿਸ ਦੇ ਕਮਰੇ ਦਾ ਇੱਕ ਰਾਤ ਦਾ ਕਿਰਾਇਆ ਪੰਜ ਲੱਖ ਰੁਪਏ ਤੱਕ ਹੈ। ਸੂਬੇ ਦੀ ਆਰਥਕ ਹਾਲਤ ਇੰਨੀ ਮਾੜੀ ਕਰ ਦਿੱਤੀ ਗਈ ਹੈ ਕਿ ਰਾਜ ਸਰਕਾਰ ਕਰਜ਼ੇ ਮੋੜਨ ਲਈ ਹੋਰ ਕਰਜ਼ੇ ਲੈ ਰਹੀ ਹੈ। ਇਸ ਤੋਂ ਇਲਾਵਾ ਕੇਬਲ ਨੈੱਟਵਰਕ, ਰੇਤਾ, ਬਜਰੀ ’ਤੇ ਵੀ ਹਾਕਮਾਂ ਦਾ ਹੀ ਕਬਜ਼ਾ ਹੈ। ਉਨ੍ਹਾਂ ਕਿਹਾ ਕਿ ਮੀਡੀਆ ਜ਼ਰੀਏ ਵਿਕਾਸ  ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਹਕੀਕਤ ਵਿੱਚ ਸੂਬੇ ਦਾ ਵਿਨਾਸ਼ ਤੇ ਬਾਦਲਾਂ ਦਾ ਵਿਕਾਸ ਹੋਇਆ ਹੈ। ਉਨ੍ਹਾਂ ਨਾਲ ਆਲ ਇੰਡੀਆ ਕਾਂਗਰਸ ਕਮੇਟੀ ਦੀ ਜਨਰਲ ਸਕੱਤਰ ਆਸ਼ਾ ਕੁਮਾਰੀ ਅਤੇ ਪੰਜਾਬ ਕਾਂਗਰਸ ਦੇ ਸਕੱਤਰ ਰਾਵਿੰਦਰ ਸਿੰਘ ਪਾਲੀ ਵੀ ਮੌਜੂਦ ਸਨ।

 

ਵੱਡੇ ਨੋਟ ਵਾਪਸ ਲੈਣ ਤੋਂ ਪਹਿਲਾਂ

ਨਹੀਂ ਕੀਤੇ ਢੁਕਵੇਂ ਪ੍ਰਬੰਧ: ਕੈਪਟਨ

ਡੇਰਾਬਸੀ- ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨੋਟਬੰਦੀ ਦੇ ਫ਼ੈਸਲੇ ਨੂੰ ਤਾਨਾਸ਼ਾਹੀ ਕਰਾਰ ਦਿੰਦਿਆਂ ਕਿਹਾ ਕਿ ਸਰਕਾਰ ਦੇਸ਼ ਦੀ 86 ਪ੍ਰਤੀਸ਼ਤ ਕਰੰਸੀ ਵਾਪਸ ਤਾਂ ਲੈ ਰਹੀ ਪ੍ਰੰਤੂ ਇਸ ਲਈ ਬਦਲਵੇਂ ਪ੍ਰਬੰਧ ਨਹੀਂ ਕੀਤੇ ਗਏ ਹਨ। ਨਤੀਜੇ ਵਜੋਂ ਆਮ ਲੋਕ ਪ੍ਰੇਸ਼ਾਨ ਹੋ ਰਹੇ ਹਨ, ਜਿਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਕੇਂਦਰ ਸਰਕਾਰ ਨੇ ਕੋਈ ਪ੍ਰਬੰਧ ਨਹੀਂ ਕੀਤੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਕਾਲੇ ਧੰਨ ਖ਼ਿਲਾਫ਼ ਆਉਣ ਵਾਲੇ ਹਰੇਕ ਫ਼ੈਸਲੇ ਦਾ ਸਵਾਗਤ ਕਰਦੀ ਹੈ ਪਰ ਇਸ ਤੋਂ ਪਹਿਲਾਂ ਲੋਕਾਂ ਦੀ ਸਹੂਲਤ ਲਈ ਪ੍ਰਬੰਧ ਕੀਤੇ ਜਾਣੇ ਜ਼ਰੂਰੀ ਹਨ, ਜਿਸ ਵਿੱਚ ਮੋਦੀ ਸਰਕਾਰ ਪੂਰੀ ਤਰਾਂ ਫੇਲ੍ਹ ਹੋਈ ਹੈ।
ਕੈਪਟਨ ਅਮਰਿੰਦਰ ਸਿੰਘ ਅੱਜ ਦਿੱਲੀ ਤੋਂ ਚੰਡੀਗੜ੍ਹ ਵਾਪਸੀ ਦੌਰਾਨ ਰਸਤੇ ਵਿੱਚ ਡੇਰਾਬਸੀ ਸਥਿਤ ਭਾਰਤੀ ਸਟੇਟ ਬੈਂਕ ਦੀ ਬ੍ਰਾਂਚ ਦੇ ਬਾਹਰ ਕਤਾਰਾਂ ਵਿੱਚ ਖੜ੍ਹੇ ਲੋਕਾਂ ਦੀਆਂ ਪ੍ਰੇਸ਼ਾਨੀਆਂ ਸੁਣਨ ਲਈ ਆਏ ਹੋਏ ਸਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਪਟਨ ਨੇ ਕਿਹਾ ਕਿ ਇੱਕ ਪਾਸੇ ਪੰਜਾਬ ਦੇ ਲੋਕਾਂ ਨੂੰ ਭਾਰੀ ਵਿੱਤੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਦੂਜੇ ਪਾਸੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਉਨ੍ਹਾਂ ਦੀਆਂ ਸਮੱਸਿਆਵਾਂ ਤੋਂ ਬੇਖ਼ਬਰ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਦਾ ਵੱਖ-ਵੱਖ ਸੰਸਥਾਵਾਂ ਅਤੇ ਕਾਰੋਬਾਰ ਉੱਪਰ ਕੰਟਰੋਲ ਹੋਣ ਹੈ, ਜਿਸ ਕਰਕੇ ਉਹ ਆਸਾਨੀ ਨਾਲ ਆਪਣੇ ਕਾਲੇ ਧੰਨ ਨੂੰ ਚਿੱਟਾ ਕਰ ਲੈਣਗੇ। ਉਨ੍ਹਾਂ ਦੋਸ਼ ਲਾਇਆ ਕਿ ਬਾਦਲ ਪਰਿਵਾਰ ਐਸਜੀਪੀਸੀ ਰਾਹੀਂ ਆਪਣੇ ਕਾਲੇ ਧੰਨ ਨੂੰ ਚੜ੍ਹਾਵੇ ਵਜੋਂ ਗੁਰਦੁਆਰਿਆਂ ਵਿੱਚ ਵੰਡ ਦੇਵੇਗਾ।
ਇਸ ਮੌਕੇ ਕੈਪਟਨ ਨੇ ਬੈਂਕ ਵਿੱਚ ਪ੍ਰੇਸ਼ਾਨ ਹੋ ਰਹੇ ਲੋਕਾਂ ਦੀ ਸਹਾਇਤਾ ਕਰਦਿਆਂ ਬੈਂਕ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਹਾਲਾਤ ਬਹੁਤ ਗੰਭੀਰ ਰੂਪ ਧਾਰਨ ਕਰ ਚੁੱਕੇ ਹਨ ਪਰ ਹਾਲੇ ਤੱਕ ਬਾਦਲ ਸਰਕਾਰ ਨੇ ਲੋਕਾਂ ਦੀ ਮਦੱਦ ਵਿੱਚ ਕੋਈ ਕਦਮ ਨਹੀਂ ਚੁੱਕਿਆ ਹੈ। ਕੈਪਟਨ ਨੇ ਕਾਂਗਰਸੀ ਆਗੂਆਂ ਤੇ ਵਰਕਰਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਬੈਂਕਾਂ ਦੇ ਬਾਹਰ ਪ੍ਰੇਸ਼ਾਨ ਹੋ ਰਹੇ ਲੋਕਾਂ ਦੀ ਮੱਦਦ ਲਈ ਆਪਣੀ ਪੂਰੀ ਤਾਕਤ ਝੋਕ ਦੇਣ।

 

ਭ੍ਰਿਸ਼ਟਾਚਾਰ ਕੇਸ: ਸ਼ਰੀਫ਼

ਨੂੰ ਸੁਪਰੀਮ ਕੋਰਟ ਦਾ ਨੋਟਿਸ


ਇਸਲਾਮਾਬਾਦ, 21 ਅਕਤੂਬਰ-ਪਾਕਿਸਤਾਨ ਦੇ ਸੁਪਰੀਮ ਕੋਰਟ ਨੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ‘ਪਨਾਮਾ ਪੇਪਰਜ਼’ ਲੀਕ ਮਾਮਲੇ ’ਚ ਅੱਜ ਨੋਟਿਸ ਜਾਰੀ ਕੀਤਾ ਹੈ। ਉਨ੍ਹਾਂ ਖ਼ਿਲਾਫ਼ ਦਾਖ਼ਲ ਪਟੀਸ਼ਨਾਂ ’ਚ ਮੰਗ ਕੀਤੀ ਗਈ ਹੈ ਕਿ ਭ੍ਰਿਸ਼ਟਾਚਾਰ ਅਤੇ ਵਿਦੇਸ਼ ’ਚ ਗ਼ੈਰਕਾਨੂੰਨੀ ਸੰਪਤੀ ਬਣਾਉਣ ਦੇ ਦੋਸ਼ ਹੇਠ ਸ੍ਰੀ ਸ਼ਰੀਫ਼ ਨੂੰ ਪ੍ਰਧਾਨ ਮੰਤਰੀ ਅਹੁਦੇ ਦੇ ਅਯੋਗ ਠਹਿਰਾ ਦਿੱਤਾ ਜਾਵੇ।
ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਮੁਖੀ ਇਮਰਾਨ ਖ਼ਾਨ ਸਮੇਤ ਹੋਰਾਂ ਵੱਲੋਂ ਦਾਖ਼ਲ ਕਈ ਪਟੀਸ਼ਨਾਂ ’ਤੇ ਸੁਣਵਾਈ ਕਰਦਿਆਂ ਅਦਾਲਤ ਨੇ ਸ਼ਰੀਫ਼ ਦੇ ਨਾਲ ਨਾਲ ਉਨ੍ਹਾਂ ਦੀ ਧੀ ਮਰੀਅਮ, ਪੁੱਤਰ ਹਸਨ ਅਤੇ ਹੁਸੈਨ, ਜਵਾਈ ਮੁਹੰਮਦ ਸਫ਼ਦਰ, ਵਿੱਤ ਮੰਤਰੀ ਇਸਹਾਕ ਡਾਰ, ਫੈਡਰਲ ਇਨਵੈਸਟੀਗੇਸ਼ਨ ਏਜੰਸੀ ਦੇ ਡਾਇਰੈਕਟਰ ਜਨਰਲ, ਫੈਡਰਲ ਰੈਵਿਨਿਊ ਬੋਰਡ ਦੇ ਚੇਅਰਮੈਨ ਅਤੇ ਅਟਾਰਨੀ ਜਨਰਲ ਨੂੰ ਵੀ ਨੋਟਿਸ ਜਾਰੀ ਕੀਤੇ ਹਨ।
ਚੀਫ਼ ਜਸਟਿਸ ਅਨਵਰ ਜ਼ਹੀਰ ਜਮਾਲੀ ਦੀ ਅਗਵਾਈ ਹੇਠਲੇ ਤਿੰਨ ਜੱਜਾਂ ’ਤੇ ਆਧਾਰਿਤ ਬੈਂਚ ਨੇ ਕੇਸ ਦੀ ਸੁਣਵਾਈ ਦੋ ਹਫ਼ਤਿਆਂ ਲਈ ਮੁਲਤਵੀ ਕਰ ਦਿੱਤੀ। ਸੁਣਵਾਈ ਮੌਕੇ ਇਮਰਾਨ ਖ਼ਾਨ ਅਦਾਲਤ ’ਚ ਹਾਜ਼ਰ ਸਨ। ਬਾਅਦ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਮਰਾਨ ਖ਼ਾਨ ਨੇ ਆਸ ਜਤਾਈ ਕਿ ਕੇਸ ਦੀ ਸੁਣਵਾਈ ਛੇਤੀ ਮੁਕੰਮਲ ਹੋਏਗੀ।
ਜ਼ਿਕਰਯੋਗ ਹੈ ਕਿ ਇਮਰਾਨ ਖ਼ਾਨ ਦੀ ਪਾਰਟੀ ਨੇ ਪ੍ਰਧਾਨ ਮੰਤਰੀ ’ਤੇ ਅਸਤੀਫ਼ਾ ਦੇਣ ਲਈ ਦਬਾਅ ਬਣਾਉਣ ਵਾਸਤੇ 2 ਨਵੰਬਰ ਨੂੰ ਦੇਸ਼ ਦੀ ਰਾਜਧਾਨੀ ਇਸਲਾਮਾਬਾਦ ਨੂੰ ਠੱਪ ਕਰਨ ਦਾ ਸੱਦਾ ਦਿੱਤਾ ਹੋਇਆ ਹੈ।

 


<< Start < Prev 1 2 3 4 5 6 7 8 9 10 Next > End >>

ਮੁੱਖ ਖ਼ਬਰਾਂ : 

ਖੇਡ ਖ਼ਬਰਾ : 

ਪੰਜਾਬ ਖ਼ਬਰਾਂ : 

ਨਵੇਂ ਲੇਖ : 

 

Random Video 

Latest Added Magzine 

Advertisement

Advertisement
Advertisement
Advertisement