Advertisement

ਮੁੱਖ ਖ਼ਬਰਾਂ 

ਦਸ ਸਾਲ ’ਚ ਹੋਇਆ ਪੰਜਾਬ ਦਾ ਵਿਨਾਸ਼

ਤੇ ਬਾਦਲਾਂ ਦਾ ਵਿਕਾਸ: ਸਿੱਧੂੁ

ਚੰਡੀਗੜ੍ਹ, 21 ਜਨਵਰੀ- ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੁੂ ਨੇ ਬਾਦਲਾਂ ਵਿਰੁੱਧ ਸਿਆਸੀ ਹੱਲੇ ਕਰਦਿਆਂ ਕਿਹਾ ਕਿ ਦਸ ਸਾਲ ਦੇ ਰਾਜ ਵਿੱਚ ਬਾਦਲਾਂ ਨੇ ਸੂਬੇ ਨੂੰ ਲੁੱਟ ਕੇ ਆਪਣਾ ਘਰ ਭਰ ਲਿਆ ਹੈ। ਇਨ੍ਹਾਂ ਸਾਲਾਂ ਵਿੱਚ ਬਾਦਲਾਂ ਦੀਆਂ ਬੱਸਾਂ ਦੀ ਗਿਣਤੀ 50 ਤੋਂ ਵੱਧ ਕੇ 600 ਹੋ ਗਈ ਤੇ ਸੂਬੇ ਸਿਰ ਕਰਜ਼ੇ ਦਾ ਬੋਝ 1.88 ਲੱਖ ਕਰੋੜ ਹੋ ਗਿਆ। ਜੇ ਇਸ ਵਿੱਚ ਬੋਰਡਾਂ ਤੇ ਨਿਗਮਾਂ ਦੇ ਕਰਜ਼ੇ ਜੋੜ ਲਏ ਜਾਣ ਤਾਂ ਕਰਜ਼ਾ ਤਿੰਨ ਲੱਖ ਕਰੋੜ ਰੁਪਏ ਤੋਂ ਵੱਧ ਹੋ ਜਾਂਦਾ ਹੈ। ਉਨ੍ਹਾਂ ਆਖਿਆ ਕਿ ਪੰਜਾਬ ਦੀ ਬਿਹਤਰੀ ਲਈ ਬਾਦਲਾਂ ਨੂੰ ਚਲਦਾ ਕੀਤਾ ਜਾਵੇ।
ਇੱਥੇ ਬਾਦਲਾਂ ਖ਼ਿਲਾਫ਼ 12 ਸਫਿਆਂ ਦਾ ‘ਪੇਪਰ’ ਪੇਸ਼ ਕਰਦਿਆਂ ਉਨ੍ਹਾਂ ਦੋਸ਼ ਲਾਇਆ ਕਿ ਸੂਬੇ ਦੀ ਸਰਕਾਰੀ ਟਰਾਂਸਪੋਰਟ ਤਿੰਨ ਹਜ਼ਾਰ ਕਰੋੜ ਦੇ ਘਾਟੇ ਵਿੱਚ ਹੈ, ਪਰ ਹਾਕਮ ਧਿਰ ਦੀ ਟਰਾਂਸਪੋਰਟ ਵਿੱਚ ਭਾਰੀ ਵਾਧਾ ਹੋਇਆ ਹੈ। 2007 ਵਿੱਚ ਬਾਦਲਾਂ ਦੀਆਂ ਦੋ ਬੱਸ ਕੰਪਨੀਆਂ ਤੇ ਪੰਜਾਹ ਬੱਸਾਂ ਸਨ। ਹੁਣ ਕੰਪਨੀਆਂ ਅੱਠ ਅਤੇ ਬੱਸਾਂ 600 ਤੋਂ ਵੱਧ ਹੋ ਗਈਆਂ ਹਨ। ਜਦੋਂ ਇੱਕ ਲੜਕੀ ਇਨ੍ਹਾਂ ਦੀ ਬੱਸ ਹੇਠ ਆ ਕੇ ਦਮ ਤੋੜ ਗਈ ਸੀ ਤਾਂ ਇਹ ਬੱਸਾਂ ਲਗਪਗ ਇਕ ਹਫ਼ਤਾ ਬੰਦ ਰਹੀਆਂ ਸਨ ਤੇ ਉਦੋਂ ਸਰਕਾਰੀ ਬੱਸਾਂ ਨੇ ਚੰਗੇ ਪੈਸੇ ਕਮਾਏ ਸਨ। ਸੂਬੇ ਦੀਆਂ ਹੋਰ ਪ੍ਰਾਈਵੇਟ ਬੱਸ ਕੰਪਨੀਆਂ ਨੂੰ ਬੱਸਾਂ ਅਤੇ ਕੰਪਨੀਆਂ ਵੇਚਣ ਲਈ ਮਜਬੂਰ ਕੀਤਾ ਗਿਆ ਤੇ ਅਖੀਰ ਬੱਸਾਂ ਹਾਕਮ ਧਿਰ ਨੇ ਖ਼ਰੀਦ ਲਈਆਂ।
ਸ੍ਰੀ ਸਿੱਧੂੁ ਨੇ ਕਿਹਾ ਕਿ ਤਾਮਿਲਨਾਡੂ ਵਿੱਚ ਸ਼ਰਾਬ ਦੇ ਠੇਕੇ 6,323 ਅਤੇ ਆਮਦਨ 26,188 ਕਰੋੜ ਰੁਪਏ ਹੈ। ਪੰਜਾਬ ਵਿੱਚ ਠੇਕੇ 12,500  ਤੇ ਆਮਦਨ 5,610 ਕਰੋੜ ਰੁਪਏ ਹੈ। ਉਨ੍ਹਾਂ ਸਵਾਲ ਕੀਤਾ ਕਿ ਬਾਕੀ ਆਮਦਨ ਕਿਧਰ ਜਾਂਦੀ ਹੈ। ਪੰਜਾਬੀ, ਤਾਮਿਲਨਾਡੂ ਦੇ ਲੋਕਾਂ ਨਾਲੋਂ ਵੱਧ ਸ਼ਰਾਬ ਪੀਂਦੇ ਹਨ, ਜੇ ਆਬਕਾਰੀ ਦਾ ਪੈਸਾ ਹੀ ਉਗਰਾਹ ਲਿਆ ਜਾਂਦਾ ਤਾਂ ਪੰਜਾਬ ਸਿਰ ਕਰਜ਼ਾ ਨਹੀਂ ਚੜ੍ਹ ਸਕਦਾ ਸੀ। ਉਨ੍ਹਾਂ ਕਿਹਾ ਕਿ ਇਹ ਇੱਕ ਲੱਖ ਕਰੋੜ ਰੁਪਏ ਦਾ ਕਥਿਤ ਘਪਲਾ ਬਣਦਾ ਹੈ। ਇਸੇ ਤਰ੍ਹਾਂ ਸੂਬੇ ਦੇ ਸੈਰ ਸਪਾਟਾ ਵਿਭਾਗ ਦੇ ਹੋਟਲ ਵੇਚ ਦਿੱਤੇ  ਗਏ ਜਾਂ ਬੰਦ ਕਰ ਦਿੱਤੇ ਗਏ। ਪਰ ਬਾਦਲਾਂ ਨੇ ਚੰਡੀਗੜ੍ਹ ਨੇੜੇ ਸੱਤ ਤਾਰਾ ਹੋਟਲ ‘ਸੁਖ ਵਿਲਾਸ’ ਬਣਾਇਆ ਹੈ, ਜਿਸ ਦੇ ਕਮਰੇ ਦਾ ਇੱਕ ਰਾਤ ਦਾ ਕਿਰਾਇਆ ਪੰਜ ਲੱਖ ਰੁਪਏ ਤੱਕ ਹੈ। ਸੂਬੇ ਦੀ ਆਰਥਕ ਹਾਲਤ ਇੰਨੀ ਮਾੜੀ ਕਰ ਦਿੱਤੀ ਗਈ ਹੈ ਕਿ ਰਾਜ ਸਰਕਾਰ ਕਰਜ਼ੇ ਮੋੜਨ ਲਈ ਹੋਰ ਕਰਜ਼ੇ ਲੈ ਰਹੀ ਹੈ। ਇਸ ਤੋਂ ਇਲਾਵਾ ਕੇਬਲ ਨੈੱਟਵਰਕ, ਰੇਤਾ, ਬਜਰੀ ’ਤੇ ਵੀ ਹਾਕਮਾਂ ਦਾ ਹੀ ਕਬਜ਼ਾ ਹੈ। ਉਨ੍ਹਾਂ ਕਿਹਾ ਕਿ ਮੀਡੀਆ ਜ਼ਰੀਏ ਵਿਕਾਸ  ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਹਕੀਕਤ ਵਿੱਚ ਸੂਬੇ ਦਾ ਵਿਨਾਸ਼ ਤੇ ਬਾਦਲਾਂ ਦਾ ਵਿਕਾਸ ਹੋਇਆ ਹੈ। ਉਨ੍ਹਾਂ ਨਾਲ ਆਲ ਇੰਡੀਆ ਕਾਂਗਰਸ ਕਮੇਟੀ ਦੀ ਜਨਰਲ ਸਕੱਤਰ ਆਸ਼ਾ ਕੁਮਾਰੀ ਅਤੇ ਪੰਜਾਬ ਕਾਂਗਰਸ ਦੇ ਸਕੱਤਰ ਰਾਵਿੰਦਰ ਸਿੰਘ ਪਾਲੀ ਵੀ ਮੌਜੂਦ ਸਨ।

 

ਵੱਡੇ ਨੋਟ ਵਾਪਸ ਲੈਣ ਤੋਂ ਪਹਿਲਾਂ

ਨਹੀਂ ਕੀਤੇ ਢੁਕਵੇਂ ਪ੍ਰਬੰਧ: ਕੈਪਟਨ

ਡੇਰਾਬਸੀ- ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨੋਟਬੰਦੀ ਦੇ ਫ਼ੈਸਲੇ ਨੂੰ ਤਾਨਾਸ਼ਾਹੀ ਕਰਾਰ ਦਿੰਦਿਆਂ ਕਿਹਾ ਕਿ ਸਰਕਾਰ ਦੇਸ਼ ਦੀ 86 ਪ੍ਰਤੀਸ਼ਤ ਕਰੰਸੀ ਵਾਪਸ ਤਾਂ ਲੈ ਰਹੀ ਪ੍ਰੰਤੂ ਇਸ ਲਈ ਬਦਲਵੇਂ ਪ੍ਰਬੰਧ ਨਹੀਂ ਕੀਤੇ ਗਏ ਹਨ। ਨਤੀਜੇ ਵਜੋਂ ਆਮ ਲੋਕ ਪ੍ਰੇਸ਼ਾਨ ਹੋ ਰਹੇ ਹਨ, ਜਿਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਕੇਂਦਰ ਸਰਕਾਰ ਨੇ ਕੋਈ ਪ੍ਰਬੰਧ ਨਹੀਂ ਕੀਤੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਕਾਲੇ ਧੰਨ ਖ਼ਿਲਾਫ਼ ਆਉਣ ਵਾਲੇ ਹਰੇਕ ਫ਼ੈਸਲੇ ਦਾ ਸਵਾਗਤ ਕਰਦੀ ਹੈ ਪਰ ਇਸ ਤੋਂ ਪਹਿਲਾਂ ਲੋਕਾਂ ਦੀ ਸਹੂਲਤ ਲਈ ਪ੍ਰਬੰਧ ਕੀਤੇ ਜਾਣੇ ਜ਼ਰੂਰੀ ਹਨ, ਜਿਸ ਵਿੱਚ ਮੋਦੀ ਸਰਕਾਰ ਪੂਰੀ ਤਰਾਂ ਫੇਲ੍ਹ ਹੋਈ ਹੈ।
ਕੈਪਟਨ ਅਮਰਿੰਦਰ ਸਿੰਘ ਅੱਜ ਦਿੱਲੀ ਤੋਂ ਚੰਡੀਗੜ੍ਹ ਵਾਪਸੀ ਦੌਰਾਨ ਰਸਤੇ ਵਿੱਚ ਡੇਰਾਬਸੀ ਸਥਿਤ ਭਾਰਤੀ ਸਟੇਟ ਬੈਂਕ ਦੀ ਬ੍ਰਾਂਚ ਦੇ ਬਾਹਰ ਕਤਾਰਾਂ ਵਿੱਚ ਖੜ੍ਹੇ ਲੋਕਾਂ ਦੀਆਂ ਪ੍ਰੇਸ਼ਾਨੀਆਂ ਸੁਣਨ ਲਈ ਆਏ ਹੋਏ ਸਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਪਟਨ ਨੇ ਕਿਹਾ ਕਿ ਇੱਕ ਪਾਸੇ ਪੰਜਾਬ ਦੇ ਲੋਕਾਂ ਨੂੰ ਭਾਰੀ ਵਿੱਤੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਦੂਜੇ ਪਾਸੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਉਨ੍ਹਾਂ ਦੀਆਂ ਸਮੱਸਿਆਵਾਂ ਤੋਂ ਬੇਖ਼ਬਰ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਦਾ ਵੱਖ-ਵੱਖ ਸੰਸਥਾਵਾਂ ਅਤੇ ਕਾਰੋਬਾਰ ਉੱਪਰ ਕੰਟਰੋਲ ਹੋਣ ਹੈ, ਜਿਸ ਕਰਕੇ ਉਹ ਆਸਾਨੀ ਨਾਲ ਆਪਣੇ ਕਾਲੇ ਧੰਨ ਨੂੰ ਚਿੱਟਾ ਕਰ ਲੈਣਗੇ। ਉਨ੍ਹਾਂ ਦੋਸ਼ ਲਾਇਆ ਕਿ ਬਾਦਲ ਪਰਿਵਾਰ ਐਸਜੀਪੀਸੀ ਰਾਹੀਂ ਆਪਣੇ ਕਾਲੇ ਧੰਨ ਨੂੰ ਚੜ੍ਹਾਵੇ ਵਜੋਂ ਗੁਰਦੁਆਰਿਆਂ ਵਿੱਚ ਵੰਡ ਦੇਵੇਗਾ।
ਇਸ ਮੌਕੇ ਕੈਪਟਨ ਨੇ ਬੈਂਕ ਵਿੱਚ ਪ੍ਰੇਸ਼ਾਨ ਹੋ ਰਹੇ ਲੋਕਾਂ ਦੀ ਸਹਾਇਤਾ ਕਰਦਿਆਂ ਬੈਂਕ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਹਾਲਾਤ ਬਹੁਤ ਗੰਭੀਰ ਰੂਪ ਧਾਰਨ ਕਰ ਚੁੱਕੇ ਹਨ ਪਰ ਹਾਲੇ ਤੱਕ ਬਾਦਲ ਸਰਕਾਰ ਨੇ ਲੋਕਾਂ ਦੀ ਮਦੱਦ ਵਿੱਚ ਕੋਈ ਕਦਮ ਨਹੀਂ ਚੁੱਕਿਆ ਹੈ। ਕੈਪਟਨ ਨੇ ਕਾਂਗਰਸੀ ਆਗੂਆਂ ਤੇ ਵਰਕਰਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਬੈਂਕਾਂ ਦੇ ਬਾਹਰ ਪ੍ਰੇਸ਼ਾਨ ਹੋ ਰਹੇ ਲੋਕਾਂ ਦੀ ਮੱਦਦ ਲਈ ਆਪਣੀ ਪੂਰੀ ਤਾਕਤ ਝੋਕ ਦੇਣ।

 

ਭ੍ਰਿਸ਼ਟਾਚਾਰ ਕੇਸ: ਸ਼ਰੀਫ਼

ਨੂੰ ਸੁਪਰੀਮ ਕੋਰਟ ਦਾ ਨੋਟਿਸ


ਇਸਲਾਮਾਬਾਦ, 21 ਅਕਤੂਬਰ-ਪਾਕਿਸਤਾਨ ਦੇ ਸੁਪਰੀਮ ਕੋਰਟ ਨੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ‘ਪਨਾਮਾ ਪੇਪਰਜ਼’ ਲੀਕ ਮਾਮਲੇ ’ਚ ਅੱਜ ਨੋਟਿਸ ਜਾਰੀ ਕੀਤਾ ਹੈ। ਉਨ੍ਹਾਂ ਖ਼ਿਲਾਫ਼ ਦਾਖ਼ਲ ਪਟੀਸ਼ਨਾਂ ’ਚ ਮੰਗ ਕੀਤੀ ਗਈ ਹੈ ਕਿ ਭ੍ਰਿਸ਼ਟਾਚਾਰ ਅਤੇ ਵਿਦੇਸ਼ ’ਚ ਗ਼ੈਰਕਾਨੂੰਨੀ ਸੰਪਤੀ ਬਣਾਉਣ ਦੇ ਦੋਸ਼ ਹੇਠ ਸ੍ਰੀ ਸ਼ਰੀਫ਼ ਨੂੰ ਪ੍ਰਧਾਨ ਮੰਤਰੀ ਅਹੁਦੇ ਦੇ ਅਯੋਗ ਠਹਿਰਾ ਦਿੱਤਾ ਜਾਵੇ।
ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਮੁਖੀ ਇਮਰਾਨ ਖ਼ਾਨ ਸਮੇਤ ਹੋਰਾਂ ਵੱਲੋਂ ਦਾਖ਼ਲ ਕਈ ਪਟੀਸ਼ਨਾਂ ’ਤੇ ਸੁਣਵਾਈ ਕਰਦਿਆਂ ਅਦਾਲਤ ਨੇ ਸ਼ਰੀਫ਼ ਦੇ ਨਾਲ ਨਾਲ ਉਨ੍ਹਾਂ ਦੀ ਧੀ ਮਰੀਅਮ, ਪੁੱਤਰ ਹਸਨ ਅਤੇ ਹੁਸੈਨ, ਜਵਾਈ ਮੁਹੰਮਦ ਸਫ਼ਦਰ, ਵਿੱਤ ਮੰਤਰੀ ਇਸਹਾਕ ਡਾਰ, ਫੈਡਰਲ ਇਨਵੈਸਟੀਗੇਸ਼ਨ ਏਜੰਸੀ ਦੇ ਡਾਇਰੈਕਟਰ ਜਨਰਲ, ਫੈਡਰਲ ਰੈਵਿਨਿਊ ਬੋਰਡ ਦੇ ਚੇਅਰਮੈਨ ਅਤੇ ਅਟਾਰਨੀ ਜਨਰਲ ਨੂੰ ਵੀ ਨੋਟਿਸ ਜਾਰੀ ਕੀਤੇ ਹਨ।
ਚੀਫ਼ ਜਸਟਿਸ ਅਨਵਰ ਜ਼ਹੀਰ ਜਮਾਲੀ ਦੀ ਅਗਵਾਈ ਹੇਠਲੇ ਤਿੰਨ ਜੱਜਾਂ ’ਤੇ ਆਧਾਰਿਤ ਬੈਂਚ ਨੇ ਕੇਸ ਦੀ ਸੁਣਵਾਈ ਦੋ ਹਫ਼ਤਿਆਂ ਲਈ ਮੁਲਤਵੀ ਕਰ ਦਿੱਤੀ। ਸੁਣਵਾਈ ਮੌਕੇ ਇਮਰਾਨ ਖ਼ਾਨ ਅਦਾਲਤ ’ਚ ਹਾਜ਼ਰ ਸਨ। ਬਾਅਦ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਮਰਾਨ ਖ਼ਾਨ ਨੇ ਆਸ ਜਤਾਈ ਕਿ ਕੇਸ ਦੀ ਸੁਣਵਾਈ ਛੇਤੀ ਮੁਕੰਮਲ ਹੋਏਗੀ।
ਜ਼ਿਕਰਯੋਗ ਹੈ ਕਿ ਇਮਰਾਨ ਖ਼ਾਨ ਦੀ ਪਾਰਟੀ ਨੇ ਪ੍ਰਧਾਨ ਮੰਤਰੀ ’ਤੇ ਅਸਤੀਫ਼ਾ ਦੇਣ ਲਈ ਦਬਾਅ ਬਣਾਉਣ ਵਾਸਤੇ 2 ਨਵੰਬਰ ਨੂੰ ਦੇਸ਼ ਦੀ ਰਾਜਧਾਨੀ ਇਸਲਾਮਾਬਾਦ ਨੂੰ ਠੱਪ ਕਰਨ ਦਾ ਸੱਦਾ ਦਿੱਤਾ ਹੋਇਆ ਹੈ।

 

ਪੰਜਾਬ ਕਾਂਗਰਸ ਨੇ ਵਿਆਪਕ

ਪ੍ਰਚਾਰ ਮੁਹਿੰਮ ਲਈ ਕਮਰ ਕੱਸੀ


ਚੰਡੀਗੜ੍ਹ, 16- ਸਤੰਬਰ- ਪੰਜਾਬ ਪ੍ਰਦੇਸ਼ ਕਾਂਗਰਸ ਨੇ ਸੂਬੇ ਦੇ ਸਾਰੇ 13 ਲੋਕ ਸਭਾ ਹਲਕਿਆਂ ਵਿੱਚ 26 ਸਤੰਬਰ ਤੋਂ ਵਿਆਪਕ ਪ੍ਰਚਾਰ ਮੁਹਿੰਮ ਵਿੱਢਣ ਦਾ ਐਲਾਨ ਕੀਤਾ ਹੈ। ਇਸ ਮੁਹਿੰਮ ਤਹਿਤ ਹਰ ਰੋਜ਼ 52 ਮੀਟਿੰਗਾਂ ਕੀਤੀਆਂ ਜਾਣਗੀਆਂ। ਪੰਜਾਬ ਪ੍ਰਦੇਸ਼ ਕਾਂਗਰਸ ਨੇ ਸੂਬੇ ਦੀ ਸਮੁੱਚੀ ਲੀਡਰਸ਼ਿਪ ਨੂੰ ‘ਕਾਂਗਰਸ ਲਿਆਓ ਤੇ ਪੰਜਾਬ ਬਚਾਓ’ ਮੁਹਿੰਮ ’ਚ ਝੋਕਣ ਦਾ ਫ਼ੈਸਲਾ ਕੀਤਾ ਹੈ। ਇਸ ਮੁਹਿੰਮ ਦੀ ਰਣਨੀਤੀ ਉਲੀਕਣ ਲਈ ਸਾਰੇ ਲੋਕ ਸਭਾ ਹਲਕਿਆਂ ਦੇ ਤਿੰਨ-ਤਿੰਨ ਇੰਚਾਰਜਾਂ, ਜ਼ਿਲ੍ਹਾ ਪ੍ਰਧਾਨਾਂ, ਵਿਧਾਇਕਾਂ ਤੇ ਸੰਸਦ ਮੈਂਬਰਾਂ ਦੀ ਮੀਟਿੰਗ ਕੀਤੀ ਗਈ, ਜਿਸ ਵਿੱਚ ਲਗਪਗ 200 ਆਗੂ ਸ਼ਾਮਲ ਸਨ। ਮੀਟਿੰਗ ਤੋਂ ਬਾਅਦ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਤੇ ਮੁਹਿੰਮ ਦੇ ਇੰਚਾਰਜ ਤੇ ਸੀਨੀਅਰ ਮੀਤ ਪ੍ਰਧਾਨ ਲਾਲ ਸਿੰਘ ਨੇ ਪਾਰਟੀ ਦੀ ਸੀਨੀਅਰ ਆਗੂ ਅੰਬਿਕਾ ਸੋਨੀ, ਪੰਜਾਬ ਕਾਂਗਰਸ ਦੀ ਇੰਚਾਰਜ ਆਸ਼ਾ ਕੁਮਾਰੀ, ਸਹਾਇਕ ਇੰਚਾਰਜ ਹਰੀਸ਼ ਚੌਧਰੀ, ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਦੀ ਹਾਜ਼ਰੀ ’ਚ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਸੂਬੇ ਨੂੰ ਤਬਾਹ ਕਰਕੇ ਰੱਖ ਦਿੱਤਾ ਹੈ। ਉਨ੍ਹਾਂ ਅਕਾਲੀ-ਭਾਜਪਾ ਸਰਕਾਰ ’ਤੇ ਜ਼ੋਰਦਾਰ ਸ਼ਬਦੀ ਹਮਲੇ ਕੀਤੇ।
ਦੱਸਣਯੋਗ ਹੈ ਕਿ ਕਾਂਗਰਸ ਪਾਰਟੀ ਨੇ 13 ਸੰਸਦੀ ਹਲਕਿਆਂ ਨੂੰ ਜ਼ੋਨ ਬਣਾਇਆ ਹੈ ਤੇ ਇੱਕ ਜ਼ੋਨ ਵਿੱਚ 108 ਮੀਟਿੰਗਾਂ ਕੀਤੀਆਂ ਜਾਣਗੀਆਂ। ਇਸ ਮੁਹਿੰਮ ਤਹਿਤ ਹਰੇਕ ਵਿਧਾਨ ਸਭਾ ਹਲਕੇ ਵਿੱਚ ਤਿੰਨ ਪੜਾਵਾਂ ’ਚ ਇੱਕ-ਇੱਕ ਦਰਜਨ ਨੁੱਕੜ ਮੀਟਿੰਗਾਂ ਕੀਤੀਆਂ ਜਾਣਗੀਆਂ। ਇਹ ਮੁਹਿੰਮ 37 ਦਿਨਾਂ ਤੱਕ ਚੱਲੇਗੀ ਪਰ ਸ਼ਨਿਚਰਵਾਰ ਤੇ ਐਤਵਾਰ ਨੂੰ ਮੀਟਿੰਗਾਂ ਨਹੀਂ ਕੀਤੀਆਂ ਜਾਣਗੀਆਂ। ਪੰਜਾਬ ਦੇ 13 ਸੰਸਦੀ ਹਲਕਿਆਂ ਲਈ 13 ਵਿਸ਼ੇਸ਼ ਬੱਸਾਂ ਤਿਆਰ ਕੀਤੀਆਂ ਗਈਆਂ ਹਨ ਤੇ ਹਰੇਕ ਬੱਸ ’ਤੇ ‘ਕਾਂਗਰਸ ਲਿਆਓ ਤੇ ਪੰਜਾਬ ਬਚਾਓ’ ਦਾ ਨਾਅਰਾ ਲਿਖਿਆ ਹੈ। ਮੁਹਿੰਮ ਦੇ ਇੰਚਾਰਜ ਲਾਲ ਸਿੰਘ ਨੇ ਦੱਸਿਆ ਕਿ ਹਰੇਕ ਵਿਧਾਨ ਸਭਾ ਹਲਕੇ ਨੂੰ ਕਈ ਕਈ ਹਿੱਸਿਆਂ ਵਿੱਚ ਵੰਡ ਕੇ ਤਿੰਨ ਪੜਾਵਾਂ ’ਚ ਚਾਰ ਚਾਰ ਮੀਟਿੰਗਾਂ ਕੀਤੀਆਂ ਜਾਣਗੀਆਂ। ‘ਹਲਕੇ ਵਿੱਚ ਕੈਪਟਨ’ ਪ੍ਰੋਗਰਾਮ ਵੱਖਰੇ ਤੌਰ ’ਤੇ ਜਾਰੀ ਰਹਿਣਗੇ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਮੁਹਿੰਮ ਵਿੱਚ ਕੇਂਦਰੀ ਆਗੂਆਂ ਦੀ ਸ਼ਮੂਲੀਅਤ ਬਾਰੇ ਕਿਹਾ ਕਿ ਸੂਬਾਈ ਆਗੂ ਹੀ ਮੁਹਿੰਮ ਚਲਾਉਣਗੇ। ਇਸ ਤੋਂ ਬਾਅਦ ਵੱਡੀਆਂ ਰੈਲੀਆਂ ਕੀਤੀਆਂ ਜਾਣਗੀਆਂ। ਇਸੇ ਦੌਰਾਨ ਫ਼ਾਜ਼ਿਲਕਾ ਜ਼ਿਲ੍ਹੇ ਦਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਇਕਬਾਲ ਸਿੰਘ, ਡੱਬਵਾਲਾ ਕਲਾਂ ਦੇ ਨੰਬਰਦਾਰ ਹੰਸ ਰਾਜ ਤੇ ਸਾਬਕਾ ਮੰਤਰੀ ਹੰਸ ਰਾਜ ਜੋਸਨ ਦੀ ਪ੍ਰੇਰਨਾ ਨਾਲ ਜ਼ਿਲ੍ਹੇ ਦੇ ਤੀਹ ਹੋਰ ਅਕਾਲੀ ਤੇ ਚਾਰ ਭਾਜਪਾ ਆਗੂ ਕਾਂਗਰਸ ’ਚ ਸ਼ਾਮਲ ਹੋ ਗਏ ਹਨ।

 

ਛੋਟੇਪੁਰ ਬਣ ਸਕਦੇ ਨੇ

 

ਆਵਾਜ਼-ਏ-ਪੰਜਾਬ ਦਾ ਹਿੱਸਾ

ਅੰਮ੍ਰਿਤਸਰ, 16 ਸਤੰਬਰ-ਆਮ ਆਦਮੀ ਪਾਰਟੀ ਦੇ ਸਾਬਕਾ ਸੂਬਾਈ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਅੱਜ ਇੱਥੇ ਸੰਕੇਤ ਦਿੱਤਾ ਕਿ ਉਹ ਆਉਂਦੇ ਦਿਨਾਂ ਵਿੱਚ ਨਵਜੋਤ ਸਿੰਘ ਸਿੱਧੂ ਵੱਲੋਂ ਬਣਾਏ ਗਏ ਫਰੰਟ ਆਵਾਜ਼ ਏ ਪੰਜਾਬ ਦਾ ਹਿੱਸਾ ਬਣ ਸਕਦੇ ਹਨ। ਉਹ ਅੱਜ ਇੱਥੇ ਪਰਿਵਰਤਨ ਯਾਤਰਾ ਤਹਿਤ ਆਪਣੇ ਸਮਰਥਕਾਂ ਨਾਲ ਮੀਟਿੰਗ ਕਰਨ ਲਈ ਆਏ ਸਨ।
ਮੀਟਿੰਗ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਪਰਿਵਰਤਨ ਯਾਤਰਾ ਦੇ ਮੰਤਵ ਤੋਂ ਜਾਣੂ ਕਰਾਇਆ ਅਤੇ ਹੁਣ ਤੱਕ ਦੀ ਪਰਿਵਰਤਨ ਯਾਤਰਾ ਦੇ ਤਜਰਬੇ ਦੱਸੇ। ਉਨ੍ਹਾਂ ਆਪਣੀ ਇਹ ਯਾਤਰਾ ਛੇ ਸਤੰਬਰ ਤੋਂ ਸ਼ੁਰੂ ਕੀਤੀ ਸੀ। ਇੱਥੇ ਸਮਰਥਕਾਂ ਨਾਲ ਮੀਟਿੰਗ ਮਗਰੋਂ ਉਹ ਯਾਤਰਾ ਤਹਿਤ ਖਡੂਰ ਸਾਹਿਬ ਚਲੇ ਗਏ। ਭਲਕੇ ਉਹ ਤਰਨ ਤਾਰਨ ਇਲਾਕੇ ਵਿੱਚ ਵੀ ਮੀਟਿੰਗਾਂ ਕਰਨਗੇ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ੍ਰੀ ਛੋਟੇਪੁਰ ਨੇ ਆਪਣੀ ਭਵਿੱਖ ਦੀ ਰਣਨੀਤੀ ਸਾਂਝੀ ਕਰਨ ਤੋਂ ਗੁਰੇਜ਼ ਕੀਤਾ ਪਰ ਉਨ੍ਹਾਂ ਸਿੱਧੂ ਜੋੜੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੋਵਾਂ ਨੇ ਆਪਣੀ ਪਾਰਟੀ ਦੀਆਂ ਗਲਤ ਨੀਤੀਆਂ ਦੇ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਹੈ, ਜੋ ਕਿ ਸ਼ਲਾਘਾਯੋਗ ਹੈ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਆਖਿਆ ਕਿ ਆਪਣੇ ਭਵਿੱਖ ਸਬੰਧੀ ਫੈਸਲਾ ਉਹ ਇੱਕ-ਦੋ ਦਿਨਾਂ ਵਿਚ ਪਰਿਵਰਤਨ ਯਾਤਰਾ ਦੀ ਸਮਾਪਤੀ ਮਗਰੋਂ ਕਰਨਗੇ। ਇਸ ਦੌਰਾਨ ਉਹ ਆਪਣੇ ਸਮਰਥਕਾਂ ਕੋਲੋਂ ਇਸ ਸਬੰਧੀ ਰਾਇ ਵੀ ਲੈ ਰਹੇ ਹਨ। ਨਵਜੋਤ ਸਿੰਘ ਸਿੱਧੂ ਬਾਰੇ ਉਨ੍ਹਾਂ ਆਖਿਆ ਕਿ ਪਹਿਲਾਂ ਉਸ ਨੇ ਰਾਜ ਸਭਾ ਤੋਂ ਅਸਤੀਫ਼ਾ ਦਿੱਤਾ ਸੀ ਅਤੇ ਹੁਣ ਆਪਣੀ ਪਾਰਟੀ ਭਾਜਪਾ ਦੀ ਮੁੱਢਲੀ ਮੈਂਬਰਸ਼ਿਪ ਤੋਂ ਵੀ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਆਪਣੀ ਭਾਈਵਾਲ ਪਾਰਟੀ ਖ਼ਿਲਾਫ਼ ਖੁੱਲ੍ਹ ਕੇ ਆਵਾਜ਼ ਬੁਲੰਦ ਕੀਤੀ ਹੈ, ਜੋ ਇੱਕ ਬਹਾਦਰ ਵਿਅਕਤੀ ਹੀ ਕਰ ਸਕਦਾ ਹੈ। ਉਨ੍ਹਾਂ ਆਖਿਆ ਕਿ ਅਜਿਹੀ ਸਾਫ ਸੁਥਰੀ ਦਿੱਖ ਵਾਲੇ ਅਤੇ ਇਮਾਨਦਾਰ ਲੋਕ ਹੀ ਪੰਜਾਬ ਨੂੰ ਤਰੱਕੀ ਦੀ ਲੀਹ ’ਤੇ ਲੈ ਕੇ ਜਾ ਸਕਦੇ ਹਨ। ਪੰਜਾਬ ਦੇ ਵਾਸੀ ਵੀ ਅਜਿਹੇ ਲੋਕਾਂ ਦਾ ਸਮਰਥਨ ਕਰਨਗੇ। ਉਨ੍ਹਾਂ ਆਖਿਆ ਕਿ ਆਵਾਜ਼-ਏ-ਪੰਜਾਬ ਫਰੰਟ ਦਾ ਹਿੱਸਾ ਬਣਨ ਜਾਂ ਆਪਣੀ ਪਾਰਟੀ ਬਣਾਉਣ ਬਾਰੇ ਉਹ ਜੋ ਵੀ ਫ਼ੈਸਲਾ ਕਰਨਗੇ, ਉਹ ਪੰਜਾਬ ਦੇ ਹਿੱਤਾਂ ਨੂੰ ਮੁੱਖ ਰੱਖ ਕੇ ਕੀਤਾ ਜਾਵੇਗਾ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਡਰਾਮੇਬਾਜ਼ ਆਖਦਿਆਂ ਸ੍ਰੀ ਛੋਟੇਪੁਰ ਨੇ ਕਿਹਾ ਕਿ ਉਹ ਦਿੱਲੀ ਤੋਂ ਬਾਅਦ ਹੁਣ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕਰਨਾ ਚਾਹੁੰਦਾ ਹੈ ਅਤੇ ਟਿਕਟਾਂ ਵੇਚਣ ਦੇ ਨਾਂ ਹੇਠ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ।


<< Start < Prev 1 2 3 4 5 6 7 8 9 10 Next > End >>

ਮੁੱਖ ਖ਼ਬਰਾਂ : 

ਖੇਡ ਖ਼ਬਰਾ : 

ਪੰਜਾਬ ਖ਼ਬਰਾਂ : 

ਨਵੇਂ ਲੇਖ : 

 

Random Video 

Latest Added Magzine 

Advertisement

Advertisement
Advertisement
Advertisement