Advertisement

ਮੁੱਖ ਖ਼ਬਰਾਂ 


ਬਾਦਲ ਵੱਲੋਂ ਕੈਪਟਨ ਖ਼ਿਲਾਫ਼ ਦੋ ਫ਼ੌਜਦਾਰੀ ਮੁਕੱਦਮੇ ਵਾਪਸ


ਚੰਡੀਗੜ੍ਹ, 17 ਅਕਤੂਬਰ - ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਕੈਪਟਨ ਅਮਰਿੰਦਰ ਸਿੰਘ ਖਿਲਾਫ਼ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਵੱਲੋਂ ਦਾਇਰ ਦੋ ਮਾਨਹਾਨੀ ਦੇ ਫੌਜਦਾਰੀ ਮੁਕੱਦਮੇ ਵਾਪਸ ਲੈਣ ’ਤੇ ਸਹੀ ਪਾ ਦਿੱਤੀ ਹੈ। ਇਨ੍ਹਾਂ ਮਾਮਲਿਆਂ ਨੂੰ ਵਾਪਸ ਲੈਣ ਲਈ ਮੁੱਖ ਮੰਤਰੀ ਸ: ਬਾਦਲ ਅਤੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਬੀਤੀ 5 ਅਕਤੂਬਰ ਨੂੰ ਅਰਜ਼ੀ ਦਾਇਰ ਕੀਤੀ ਸੀ, ਜਿਸ ’ਤੇ ਸੁਣਵਾਈ ਲਈ ਅਦਾਲਤ ਨੇ ਅੱਜ ਦੀ ਮਿਤੀ ਤੈਅ ਕੀਤੀ ਸੀ। ਇਸ ਤੋਂ ਇਲਾਵਾ ਮਾਨਹਾਨੀ ਦੇ ਦੋ ਹੋਰ ਦੀਵਾਨੀ ਮੁਕੱਦਮਿਆਂ ਨੂੰ ਵੀ ਵਾਪਸ ਲੈਣ ਲਈ ਬਾਦਲ ਪਰਿਵਾਰ ਵੱਲੋਂ ਦਿੱਤੀ ਅਰਜ਼ੀ ’ਤੇ ਸੁਣਵਾਈ ਲਈ 30 ਅਕਤੂਬਰ ਦੀ ਮਿਤੀ ਤੈਅ ਕੀਤੀ ਗਈ ਸੀ। ਅੱਜ ਅਦਾਲਤ ਵਿਚ ਸ: ਬਾਦਲ ਦੇ ਵਕੀਲ ਵਰਿੰਦਰ ਈਸ਼ਰ ਅਤੇ ਨਰਿੰਦਰ ਸਿੰਘ ਮਿਨਹਾਸ ਪੇਸ਼ ਹੋਏ, ਜਿਨ੍ਹਾਂ ਅਦਾਲਤ ਨੂੰ ਦੱਸਿਆ ਕਿ ਬਾਦਲ ਪਰਿਵਾਰ ਪੰਜਾਬ ਦੇ ਸਿਆਸੀ ਮਾਹੌਲ ਦੀ ਕੁੜੱਤਣ ਦੂਰ ਕਰਨਾ ਚਾਹੁੰਦਾ ਹੈ ਅਤੇ ਸਭ ਨਾਲ ਠੀਕ ਰਿਸ਼ਤੇ ਰੱਖਣਾ ਚਾਹੁੰਦਾ ਹੈ, ਇਸੇ ਕਾਰਨ ਇਹ ਮੁਕੱਦਮੇ ਵਾਪਸ ਲਏ ਜਾਣੇ ਹਨ। ਦੂਜੇ ਪਾਸਿਓਂ ਪੇਸ਼ ਹੋਏ ਕੈਪਟਨ ਅਮਰਿੰਦਰ ਸਿੰਘ ਦੇ ਵਕੀਲ ਸ. ਐਸ.ਪੀ.ਐਸ. ਭੁੱਲਰ ਨੇ ਕਿਹਾ ਕਿ ਬਾਦਲ ਪਰਿਵਾਰ ਜੇਕਰ ਹੁਣ ਇਨ੍ਹਾਂ ਮੁਕੱਦਮਿਆਂ ਨੂੰ ਵਾਪਸ ਲੈਣਾ ਚਾਹੁੰਦਾ ਹੈ ਤਾਂ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਸ: ਬਾਦਲ ਵੱਲੋਂ ਉਨ੍ਹਾਂ ਖਿਲਾਫ਼ ਦਰਜ ਮੁਕੱਦਮਿਆਂ ਤੋਂ ਬਰੀ ਹੋਣ ਉਪਰੰਤ ਉਨ੍ਹਾਂ ਵਿਧਾਨ ਸਭਾ ’ਚ ਬਿਆਨ ਦੇ ਕੇ ਕਿਹਾ ਸੀ ਕਿ ਉਹ ਪੰਜਾਬ ਦੇ ਸਿਆਸੀ ਮਾਹੌਲ ਨੂੰ ਸੁਖਾਵਾਂ ਕਰਨ ਦੀ ਸ਼ੁਰੂਆਤ ਕਰਦਿਆਂ ਪਹਿਲਾਂ ਮੁਕੱਦਮੇ ਵਾਪਸ ਲੈਣ ਜਾ ਰਹੇ ਹਨ ਤੇ ਉਨ੍ਹਾਂ ਅਗਲੇ ਹੀ ਦਿਨ ਮੁਕੱਦਮੇ ਵਾਪਸ ਲੈਣ ਲਈ ਚੰਡੀਗੜ੍ਹ ਦੀ ਅਦਾਲਤ ’ਚ ਅਰਜ਼ੀ ਦੇ ਦਿੱਤੀ ਸੀ, ਜਦਕਿ ਇਸ ’ਤੇ ਪ੍ਰਤੀਕ੍ਰਮ ਪ੍ਰਗਟ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਜੇਕਰ ਸ: ਬਾਦਲ ਦਾ ਦਿਲ ਸੱਚਮੁੱਚ ਸਾਫ ਹੈ ਤੇ ਉਹ ਪੰਜਾਬ ਦੇ ਮਾਹੌਲ ’ਚੋਂ ਬਦਲਾਖੋਰੀ ਖਤਮ ਕਰਨ ਦੀ ਸ਼ੁਰੂਆਤ ਕਰਨੀ ਚਾਹੁੰਦੇ ਹਨ ਤਾਂ ਸਾਰੇ ਕਾਂਗਰਸੀਆਂ ਖਿਲਾਫ਼ ਪਿਛਲੇ ਸਾਲਾਂ ’ਚ ਦਰਜ ਮੁਕੱਦਮੇ ਵਾਪਸ ਲੈਣ।

  
ਹੈਡਲੀ ਦੀ ਪਤਨੀ ਨੇ 26/11 ਤੋਂ ਪਹਿਲਾਂ ਹੀ ਐਫ. ਬੀ. ਆਈ.

ਨੂੰ ਚੌਕਸ ਕਰ ਦਿੱਤਾ ਸੀ


ਵਾਸ਼ਿੰਗਟਨ, 17 ਅਕਤੂਬਰ - ਪਾਕਿਸਤਾਨੀ ਮੂਲ ਦੇ ਅਮਰੀਕੀ ਅੱਤਵਾਦੀ ਡੇਵਿਡ ਕੋਲਮੈਨ ਹੈਡਲੀ ਦੀ ਪਤਨੀ ਨੇ ਮੁੰਬਈ ਹਮਲਿਆਂ ਅਤੇ ਹੈਡਲੀ ਦੇ ਲਸ਼ਕਰ ਨਾਲ ਸਬੰਧਾਂ ਬਾਰੇ 2008 ਦੇ ਮੁੰਬਈ ਹਮਲਿਆਂ ਤੋਂ 3 ਸਾਲ ਪਹਿਲਾਂ ਹੀ ਐਫ ਬੀ ਆਈ ਨੂੰ ਚੌਕਸ ਕਰ ਦਿੱਤਾ ਸੀ। ਇਸ ਗੱਲ ਦਾ ਖੁਲਾਸਾ ਇਕ ਜਾਂਚ ਰਿਪੋਰਟ ਵਿਚ ਕੀਤਾ ਗਿਆ ਹੈ। ਇਕ ਆਜ਼ਾਦ ਪੱਤਰਿਕਾ ਪ੍ਰੋਪਬਲਿਕਾ, ਜੋ ਕਿ ਜਨਹਿਤ ਵਿਚ ਤਫਤੀਸ਼ੀ ਪੱਤਰਕਾਰੀ ਲਈ ਜਾਣੀ ਜਾਂਦੀ ਹੈ, ਵਿਚ 26/11 ਹਮਲਿਆਂ ਬਾਰੇ ਛਪੀ ਇਕ ਰਿਪੋਰਟ ਅਨੁਸਾਰ ਪਾਕਿ ਅੱਤਵਾਦੀਆਂ ਵਲੋਂ 2008 ਵਿਚ ਮੁੰਬਈ ਵਿਚ ਕੀਤੇ ਹਮਲਿਆਂ ਤੋਂ 3 ਸਾਲ ਪਹਿਲਾਂ ਨਿਊਯਾਰਕ ਸਿਟੀ ਵਿਚਲੇ ਫੈਡਰਲ ਏਜੰਟਾਂ ਨੇ ਇਕ ਸੂਹ ਦੀ ਕੀਤੀ ਜਾਂਚ ਵਿਚ ਪਾਇਆ ਸੀ ਕਿ ਇਕ ਅਮਰੀਕੀ ਵਪਾਰੀ ਪਾਕਿਸਤਾਨ ਵਿਚ ਇਕ ਗਰੁੱਪ ਨਾਲ ਸਿਖਲਾਈ ਲੈ ਰਿਹਾ ਹੈ ਜਿਸ ਨੇ ਬਾਅਦ ਵਿਚ ਮੁੰਬਈ ਹਮਲਿਆਂ ਨੂੰ ਅੰਜਾਮ ਦਿੱਤਾ ਸੀ। ਰਿਪੋਰਟ ਵਿਚ ਅੱਗੇ ਕਿਹਾ ਗਿਆ ਹੈ ਕਿ ਮੁੰਬਈ ਹਮਲਿਆਂ ਦੇ ਮੁੱਖ ਦੋਸ਼ੀ ਨਿਕਲੇ ਹੈਡਲੀ ਖਿਲਾਫ ਸੱਭ ਤੋਂ ਪਹਿਲਾਂ ਦੋਸ਼ ਉਸ ਦੀ ਆਪਣੀ ਪਤਨੀ ਨੇ ਹੀ ਲਗਾਏ ਸੀ ਜਦੋਂ ਉਨ੍ਹਾਂ ਵਿਚ ਝਗੜਾ ਹੋਇਆ ਸੀ। ਇਨ੍ਹਾਂ ਦੋਸ਼ਾਂ ਤੋਂ ਬਾਅਦ ਹੈਡਲੀ ਨੂੰ 2005 ਵਿਚ ਗ੍ਰਿਫਤਾਰ ਕਰ ਲਿਆ ਗਿਆ ਸੀ। ਸੰਘੀ ਜਾਂਚ ਏਜੰਸੀ ਦੇ ਏਜੰਟਾਂ ਨਾਲ 3 ਵਾਰ ਕੀਤੀ ਇੰਟਰਵਿਊ ਵਿਚ ਹੈਡਲੀ ਦੀ ਪਤਨੀ ਨੇ ਕਿਹਾ ਸੀ ਕਿ ਉਹ ਲਸ਼ਕਰ ਦਾ ਸਰਗਰਮ ਅੱਤਵਾਦੀ ਸੀ ਤੇ ਲਸ਼ਕਰ ਦੇ ਪਾਕਿ ਵਿਚਲੇ ਕੈਂਪਾਂ ਵਿਚ ਉਸ ਨੇ ਕਾਫੀ ਸਿਖਲਾਈ ਲਈ ਹੋਈ ਸੀ ਤੇ ਉਸਨੇ ਰਾਤ ਨੂੰ ਵੇਖਣ ਵਾਲੀਆਂ ਐਨਕਾਂ ਤੇ ਹੋਰ ਸਾਜ਼ੋ ਸਾਮਾਨ ਦੀ ਖ੍ਰੀਦੋ ਫਰੋਖਤ ਕੀਤੀ ਸੀ।


ਵਾਦੀ ’ਚੋਂ ਕਰਫਿਊ ਚੁੱਕਿਆ ਜਨ-ਜੀਵਨ ਮੁੜ ਲੀਹੇ ਪਿਆ


ਸ੍ਰੀਨਗਰ, 17 ਅਕਤੂਬਰ - ਕਸ਼ਮੀਰ ਵਾਦੀ ’ਚ ਕਰਫਿਊ ਚੁੱਕੇ ਜਾਣ ਅਤੇ ਕੱਟੜਪੰਥੀ ਹੁਰੀਅਤ ਕਾਨਫਰੰਸ ਵਲੋਂ ਹੜਤਾਲ ਨਾ ਕਰਨ ਦੇ ਫੈਸਲੇ ਤੋਂ ਬਾਅਦ ਇਥੇ ਜਨਜੀਵਨ ਮੁੜ ਲੀਹੇ ਪੈ ਗਿਆ ਹੈ। ਦੁਕਾਨਾਂ ਖੁੱਲ੍ਹਣ ਕਾਰਨ ਸ੍ਰੀਨਗਰ ਅਤੇ ਹੋਰ ਸ਼ਹਿਰਾਂ ਦੇ ਬਾਜ਼ਾਰਾਂ ’ਚ ਕਾਫੀ ਰੌਣਕ ਦੇਖਣ ਨੂੰ ਮਿਲੀ। ਸੂਤਰਾਂ ਨੇ ਦੱਸਿਆ ਕਿ ਸੂਬੇ ਅੰਦਰ ਸਰਕਾਰੀ ਛੁੱਟੀ ਹੋਣ ਕਾਰਨ ਸਰਕਾਰੀ ਦਫ਼ਤਰ ਬੰਦ ਰਹੇ ਪਰ ਨਿੱਜੀ ਦਫ਼ਤਰ ਅਤੇ ਹੋਰ ਸੰਸਥਾਵਾਂ ਆਮ ਵਾਂਗ ਖੁੱਲ੍ਹੀਆਂ ਰਹੀਆਂ। ਉਨ੍ਹਾਂ ਦੱਸਿਆ ਕਿ ਵਾਦੀ ’ਚ ਸੜਕੀ ਆਵਾਜਾਈ ਵੀ ਆਮ ਵਾਂਗ ਰਹੀ। ਇਕ ਪੁਲਿਸ ਬੁਲਾਰੇ ਨੇ ਕਿਹਾ ਕਿ ਵਾਦੀ ’ਚ ਹੁਣ ਦੇ ਸਮੇਂ ਹਾਲਾਤ ਕਾਫੀ ਸ਼ਾਂਤਮਈ ਹਨ। ਉਨ੍ਹਾਂ ਦੱਸਿਆ ਕਿ ਵਾਦੀ ਦੇ ਲਗਭਗ ਸਾਰੇ ਇਲਾਕਿਆਂ ਵਿਚੋਂ ਕਰਫਿਊ ਹਟਾ ਦਿੱਤਾ ਗਿਆ ਹੈ ਪਰ ਪਲਹਾਲਾ, ਦੇਲਿਨਾ, ਪਾਮਪੋਰ, ਤਰਾਲ ਅਤੇ ਅਵੰਤੀਪੋਰਾ ਇਲਾਕਿਆਂ ’ਚ ਧਾਰਾ 144 ਦੀਆਂ ਪਾਬੰਦੀਆਂ ਲਾਗੂ ਰੱਖੀਆਂ ਗਈਆਂ ਹਨ। ਅਧਿਕਾਰੀਆਂ ਵਲੋਂ ਵਾਦੀ ’ਚ ਸ਼ੁੱਕਰਵਾਰ ਦੀ ਪ੍ਰਾਰਥਨਾ ਤੋਂ ਬਾਅਦ ਪੈਦਾ ਹੋਏ ਤਣਾਅ ਤੋਂ ਬਾਅਦ ਸ੍ਰੀਨਗਰ, ਪੁਲਵਾਮਾ, ਕੁਪਵਾੜਾ ਅਤੇ ਬਾਰਾਮੂਲਾ ਜ਼ਿਲ੍ਹਿਆਂ ’ਚ ਕਰਫਿਊ ਲਗਾ ਦਿੱਤਾ ਸੀ। 11 ਜੂਨ ਨੂੰ ਰਾਜੌਰੀ ਕਦਲ ’ਚ ਪੁਲਿਸ ਗੋਲੀ ਨਾਲ 17 ਸਾਲਾ ਨੌਜਵਾਨ ਦੀ ਹੋਈ ਮੌਤ ਤੋਂ ਬਾਅਦ ਕਸ਼ਮੀਰ ਵਾਦੀ ’ਚ ਹਾਲਾਤ ਤਣਾਅ ਵਾਲੇ ਬਣੇ ਹੋਏ ਹਨ।


ਸਰਕਾਰ ਵੱਲੋਂ ਪ੍ਰਮਾਣੂ ਜਵਾਬਦੇਹੀ ਕਾਨੂੰਨ ’ਚ ਸੋਧ ਦੀ ਸੰਭਾਵਨਾ ਰੱਦਨਵੀਂ ਦਿੱਲੀ, 14 ਅਕਤੂਬਰ - ਸਰਕਾਰ ਨੇ ਅਮਰੀਕੀ ਕੰਪਨੀਆਂ ਦੇ ਇਤਰਾਜ ਨੂੰ ਦੂਰ ਕਰਨ ਲਈ ਹੁਣੇ ਜਿਹੇ ਬਣਾਏ ਪ੍ਰਮਾਣੂ ਜਵਾਬਦੇਹੀ ਬਿੱਲ ਵਿਚ ਕਿਸੇ ਵੀ ਤਰਾਂ ਦੀ ਸੋਧ ਦੀ ਸੰਭਾਵਨਾ ਰੱਦ ਕਰ ਦਿੱਤੀ ਹੈ। ਵਿਦੇਸ਼ ਮੰਤਰੀ ਐਸ. ਐਮ. ਕ੍ਰਿਸ਼ਨਾ ਨੇ ਇਥੇ ਸੰਪਾਦਕਾਂ ਨਾਲ ਨਾਸ਼ਤੇ ਮੌਕੇ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਮਾਣੂ ਜਵਾਬਦੇਹੀ ਕਾਨੂੰਨ ਵਿਚ ਸੋਧ ਬਾਰੇ ਕਦੀ ਵੀ ਵਿਚਾਰ ਨਹੀਂ ਕੀਤਾ ਗਿਆ ਤੇ ਅਸੀਂ ਅਮਰੀਕਾ ਨੂੰ ਉਸ ਹਾਲਾਤ ਤੋਂ ਜਾਣੂ ਕਰਵਾ ਦਿੱਤਾ ਹੈ ਜਿਨ੍ਹਾਂ ਕਾਰਨ ਬਿੱਲ ਪਾਸ ਕਰਨਾ ਪਿਆ। ਵਿਦੇਸ਼ ਮੰਤਰੀ ਨੇ ਕਿਹਾ ਕਿ ਸਾਨੂੰ ਇਸ ਕਾਨੂੰਨ ਦੁਆਰਾ ਨਿਰਧਾਰਤ ਮਾਪਦੰਡਾਂ ਤਹਿਤ ਕੰਮ ਕਰਨਾ ਪਵੇਗਾ। ਕ੍ਰਿਸ਼ਨਾ ਨੇ ਕਿਹਾ ਕਿ ਅਮਰੀਕੀ ਜਾਣਦੇ ਹਨ ਕਿ ਸੰਸਦੀ ਪ੍ਰਣਾਲੀ ’ਚ ਬਿੱਲ ਕਿਸੇ ਦੇਸ਼ ਦਾ ਕਾਨੂੰਨ ਬਣ ਜਾਂਦਾ ਹੈ। ਵਿਦੇਸ਼ ਮੰਤਰੀ ਇਸ ਸਵਾਲ ਦਾ ਜਵਾਬ ਦੇ ਰਹੇ ਸਨ ਕਿ ਕੀ ਸਰਕਾਰ ਅਮਰੀਕੀ ਰਾਸ਼ਟਰਪਤੀ ਬਰਾਕ ਉਬਾਮਾ ਦੇ ਭਾਰਤ ਦੌਰੇ ਸਮੇਂ ਪ੍ਰਮਾਣੂ ਜਵਾਬਦੇਹੀ ਕਾਨੂੰਨ ਵਿਚ ਸੋਧ ਕਰਨ ਦੀ ਯੋਜਨਾ ਬਣਾ ਰਹੀ ਹੈ। ਇਸ ਕਾਨੂੰਨ ਤਹਿਤ ਹਾਦਸਾ ਵਾਪਰਨ ਦੀ ਹਾਲਤ ਵਿਚ ਸਪਲਾਇਰਾਂ ਉਪਰ ਸਖਤ ਜਿੰਮੇਵਾਰੀ ਤੈਅ ਕੀਤੀ ਗਈ ਹੈ। ਅਮਰੀਕੀ ਕੰਪਨੀਆਂ ਨੇ ਇਸ ਕਾਨੂੰਨ ਵਿਚਲੀਆਂ ਸਖ਼ਤ ਵਿਵਸਥਾਵਾਂ ਉਪਰ ਇਤਰਾਜ਼ ਕੀਤਾ ਸੀ। ਇਸ ਮੌਕੇ ਵਿਦੇਸ਼ ਸਕੱਤਰ ਨਿਰੂਪਮਾ ਰਾਓ ਨੇ ਕਿਹਾ ਕਿ ਭਾਰਤ ਨੇ ਅਮਰੀਕਾ ਨੂੰ ਸਪਸ਼ਟ ਕਿਹਾ ਹੈ ਕਿ ਇਸ ਕਾਨੂੰਨ ਤਹਿਤ ਅਮਰੀਕੀ ਕੰਪਨੀਆਂ ਸਮੇਤ ਸਾਰੀਆਂ ਕੰਪਨੀਆਂ ਲਈ ਬਰਾਬਰ ਕੰਮ ਕਰਨ ਦੇ ਅਵਸਰ ਹਨ। ਉਨ੍ਹਾਂ ਕਿਹਾ ਕਿ ਕਾਨੂੰਨ ਵਿਚ ਸੋਧ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਸ੍ਰੀ ਕ੍ਰਿਸ਼ਨਾ ਨੇ ਭਾਰਤ ਦੇ ਨਜ਼ਰੀਏ ਤੋਂ ਅਮਰੀਕੀ ਰਾਸ਼ਟਰਪਤੀ ਦੇ ਦੌਰੇ ਨੂੰ ਅਹਿਮ ਕਰਾਰ ਦਿੰਦਿਆਂ ਹੋਰ ਕਿਹਾ ਕਿ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੇ ਬਰਾਕ ਓਬਾਮਾ ਵੱਲੋਂ ਕੌਮਾਂਤਰੀ ਤੇ ਖੇਤਰੀ ਮੁੱਦਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਸ੍ਰੀ ਕ੍ਰਿਸ਼ਨਾ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਵਿਚ ਸਥਾਈ ਸੀਟ ਲਈ ਅਮਰੀਕਾ ਨਾਲ ਕਿਸੇ ਸੌਦੇਬਾਜ਼ ਨੂੰ ਰੱਦ ਕਰਦਿਆਂ ਕਿਹਾ ਕਿ ਕਸ਼ਮੀਰ ਸਮਸਿਆ ਦਾ ਇਸ ਨਾਲ ਕੋਈ ਸਬੰਧ ਨਹੀਂ ਹੈ ਤੇ ਅਮਰੀਕਾ ਸਮਝਦਾ ਹੈ ਕਿ ਕਸ਼ਮੀਰ ਦਾ ਮਸਲਾ ਅਜਿਹਾ ਮਸਲਾ ਹੈ ਜੋ ਭਾਰਤ ਨੇ ਪਾਕਿਸਤਾਨ ਨਾਲ ਦੁਪਾਸੜ ਗੱਲਬਾਤ ਰਾਹੀਂ ਹੱਲ ਕਰਨਾ ਹੈ। ਕ੍ਰਿਸ਼ਨਾ ਨੇ ਇਹ ਵੀ ਕਿਹਾ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਵਿਚ ਅਸਥਾਈ ਮੈਂਬਰ ਵਜੋਂ ਭਾਰਤ ਦੀ ਭੂਮਿਕਾ ਵਿਚ ਕੋਈ ਵੀ ਮੁੱਦਾ ਰੁਕਾਵਟ ਨਹੀਂ ਬਣੇਗਾ। ਸ੍ਰੀ ਕ੍ਰਿਸ਼ਨਾ ਉਨ੍ਹਾਂ ਰਿਪੋਰਟਾਂ ਜਿਨ੍ਹਾਂ ਵਿਚ ਕਿਹਾ ਗਿਆ ਸੀ ਕਿ ਅਮਰੀਕੀ ਰਾਸ਼ਟਰਪਤੀ ਚਹੁੰਦੇ ਹਨ ਕਿ ਭਾਰਤ ਪਾਕਿਸਤਾਨ ਨਾਲ ਮਸਲੇ ਹੱਲ ਕਰੇ ਜਿਸ ਦੇ ਬਦਲੇ ’ਚ ਅਮਰੀਕਾ ਸੁਰੱਖਿਆ ਕੌਂਸਲ ਵਿਚ ਸਥਾਈ ਸੀਟ ਲਈ ਭਾਰਤ ਦੀ ਸਹਾਇਤਾ ਕਰੇਗਾ, ਬਾਰੇ ਪੁੱਛੇ ਸਵਾਲ ਦਾ ਜਵਾਬ ਦੇ ਰਹੇ ਸਨ।

ਜੈਲਲਿਤਾ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀਚੇਨਈ, 14 ਅਕਤੂਬਰ - ਏ. ਆਈ. ਏ. ਡੀ. ਐਮ. ਕੇ. ਦੀ ਜਨਰਲ ਸਕੱਤਰ ਜੈਲਲਿਤਾ ਨੂੰ ਪਾਬੰਦੀ ਸ਼ੁਦਾ ਸੰਗਠਨ ਐਲ. ਟੀ. ਟੀ. ਈ. ਦੇ ਇਕ ਸਮਰਥਕ ਨੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਹੈ, ਜੇਕਰ ਉਹ 18 ਅਕਤੂਬਰ ਨੂੰ ਮਦੁਰਾਏ ਵਿਖੇ ਰੈਲੀ ’ਚ ਭਾਗ ਲੈਣ ਲਈ ਗਈ। ਇਹ ਧਮਕੀ ਭਰਿਆ ਸੰਦੇਸ਼ ਜਯਾ ਟੀ. ਵੀ. ਚੈਨਲ ਨੂੰ ਇਕ ਫੋਨ ਕਾਲ ਰਾਹੀਂ ਅੱਜ ਸਵੇਰੇ ਮਿਲਿਆ। ਪੁਲਿਸ ਮੁਖੀ ਨੂੰ ਇਕ ਸ਼ਿਕਾਇਤ ’ਚ ਜਯਾ ਟੀ. ਵੀ. ਦੇ ਉਪ-ਪ੍ਰਧਾਨ (ਖ਼ਬਰਾਂ) ਕੇ. ਪੀ. ਸੁਨੀਲ ਨੇ ਕਿਹਾ ਕ ਇਹ ਫੋਨ ਕਾਲ ਅੱਜ ਸਵੇਰੇ ਤੜਕੇ 4 ਵੱਜ ਕੇ 45 ਮਿੰਟ ’ਤੇ ਉਸ ਦੇ ਸੰਪਾਦਕੀ ਵਿਭਾਗ ਨੂੰ ਪ੍ਰਾਪਤ ਹੋਈ। ਫੋਨ ਕਰਨ ਵਾਲੇ ਨੇ ਆਪਣੇ-ਆਪ ਨੂੰ ਸ੍ਰੀਲੰਕਾ ਤਾਮਿਲ ਦਾ ‘ਕਰਨਲ’ ਅਤੇ ਐਲ. ਟੀ. ਟੀ. ਈ. ਦਾ ਸਮਰਥਕ ਦੱਸਿਆ। ਉਸ ਨੇ ਕਿਹਾ ਕਿ ਉਹ ਆਪਣੇ ਚੈਨਲ ’ਤੇ ਸਾਡੀ ਜਥੇਬੰਦੀ ਖਿਲਾਫ਼ ਕਹਾਣੀਆਂ ਬਣਾਉਣਾ ਬੰਦ ਕਰੇ। ਪੰਜ ਮਿੰਟ ਬਾਅਦ ਉਸ ਨੇ ਫਿਰ ਫੋਨ ਕਰਕੇ ਜੈਲਲਿਤਾ ਪ੍ਰਤੀ ਭੱਦੇ ਸ਼ਬਦ ਵਰਤੇ ਅਤੇ ਟੀ. ਵੀ. ਚੈਨਲ ਦੇ ਦਫ਼ਤਰ ’ਤੇ ਬੰਬ ਧਮਾਕਾ ਕਰਨ ਦੀ ਧਮਕੀ ਦਿੱਤੀ। ਤੀਜੀ ਵਾਰ ਉਸ ਫਿਰ ਨੇ ਸਵੇਰੇ 5 ਵਜੇ ਫੋਨ ਕਰਕੇ ਕਿਹਾ ਕਿ ਉਸ ਦਾ ਆਤਮਘਾਤੀ ਬੰਬ ਦਸਤਾ ਤੁਹਾਡੇ ਦਫ਼ਤਰ ਨੂੰ ਉਡਾਣ ਲਈ ਤਿਆਰ ਹੈ ਅਤੇ ਕਿਹਾ ਕਿ ਕਰਮਚਾਰੀ ਦਫ਼ਤਰ ਛੱਡ ਕੇ ਜਾ ਸਕਦੇ ਹਨ ਅਤੇ ਅਸੀਂ ਦਫ਼ਤਰ ਨੂੰ ਕਿਸੇ ਵੀ ਸਮੇਂ ਬੰਬ ਨਾਲ ਉਡਾਉਣ ਵਾਲੇ ਹਾਂ।

<< Start < Prev 341 342 343 344 345 346 347 348 349 350 Next > End >>

ਮੁੱਖ ਖ਼ਬਰਾਂ : 

ਖੇਡ ਖ਼ਬਰਾ : 

ਪੰਜਾਬ ਖ਼ਬਰਾਂ : 

ਨਵੇਂ ਲੇਖ : 

 

Random Video 

Latest Added Magzine 

Advertisement

Advertisement
Advertisement
Advertisement