Advertisement

ਮੁੱਖ ਖ਼ਬਰਾਂ 


ਸ਼ਰਾਬ ਕਾਂਡ ’ਚ 5 ਹੋਰ ਮੌਤਾਂ

ਦਸੂਹਾ/ਮਿਆਣੀ, 30 ਅਕਤੂਬਰ - ਦਸੂਹਾ ਦੇ ਨੇੜਲੇ ਪਿੰਡਾਂ ਵਿਚ ਜ਼ਹਿਰੀਲੀ ਨਾਜਾਇਜ਼ ਦੇਸੀ ਸ਼ਰਾਬ ਪੀਣ ਨਾਲ 5 ਹੋਰ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਹੁਣ ਤੱਕ 24 ਹੋਰ ਵਿਅਕਤੀ ਸਿਵਲ ਹਸਪਤਾਲ ਦਸੂਹਾ ਵਿਖੇ ਜ਼ੇਰੇ ਇਲਾਜ ਹਨ। ਐਸ. ਐਮ. ਓ. ਡਾ: ਨਰੇਸ਼ ਕਾਂਸਰਾ ਅਨੁਸਾਰ ਇਨ੍ਹਾਂ ਵਿਚੋਂ 14 ਵਿਅਕਤੀਆਂ ਦੀ ਹਾਲਤ ਨੂੰ ਗੰਭੀਰ ਦੇਖਦਿਆਂ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਅਤੇ ਡੀ. ਐਮ. ਸੀ. ਲੁਧਿਆਣਾ ਵਿਖੇ ਭੇਜ ਦਿੰਤਾ ਗਿਆ ਹੈ। ਇਸ ਤਰ੍ਹਾਂ ਹਸਪਤਾਲ ਵਿਚ ਦਾਖਲ ਹੋਣ ਵਾਲਿਆਂ ਦੀ ਗਿਣਤੀ 53 ਤੱਕ ਪੁੱਜ ਗਈ ਹੈ। ਇਸ ਘਟਨਾ ਵਿਚ ਮਰਨ ਵਾਲਿਆਂ ਵਿਚ 2 ਵਿਅਕਤੀ ਪਿੰਡ ਕਾਹਲਵਾਂ, 1 ਵਿਅਕਤੀ ਮਿਆਣੀ ਤੇ 1 ਵਿਅਕਤੀ ਗਿਲਜੀਆਂ ਪਿੰਡ ਦਾ ਵਾਸੀ ਸੀ। ਪਿੰਡ ਕਾਹਲਵਾਂ ਦੇ ਬਲਵੀਰ ਸਿੰਘ ਪੁੱਤਰ ਹਜ਼ਾਰਾ ਸਿੰਘ, ਸਦੀਕ ਉਰਫ ਕਾਲਾ ਪੁੱਤਰ ਖੁਸ਼ੀਆ, ਮਿਆਣੀ ਦਾ ਪ੍ਰਵਾਸੀ ਭਈਆ ਭੋਲਾ ਅਤੇ ਪਿੰਡ ਗਿਲਜੀਆਂ ਦਾ ਮਨਜੀਤ ਸਿੰਘ ਪੁੱਤਰ ਜਗੀਰ ਸਿੰਘ ਮਰਨ ਵਾਲਿਆਂ ਵਿਚ ਸ਼ਾਮਿਲ ਹਨ। ਮਰਨ ਵਾਲੇ ਸਦੀਕ ਉਰਫ ਕਾਲਾ ਪੁੱਤਰ ਖੁਸ਼ੀਆ ਪਿੰਡ ਕਾਹਲਵਾਂ ਨੂੰ ਕੱਲ੍ਹ ਦਸੂਹਾ ਪੁਲਿਸ ਨੇ ਸ਼ਰਾਬ ਵੇਚਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕਰ ਲਿਆ ਸੀ ਪਰ ਬੀਤੀ ਰਾਤ ਉਸ ਦੀ ਵੀ ਸਿਹਤ ਅਚਾਨਕ ਵਿਗੜਨ ਲੱਗ ਗਈ। ਹਸਪਤਾਲ ਵਿਚ ਡਿਊਟੀ ਇੰਚਾਰਜ ਡਾ: ਰਾਧਾ ਕ੍ਰਿਸ਼ਨ ਨੇ ਦੱਸਿਆ ਕਿ ਅੱਜ ਸਵੇਰੇ 7.15 ਵਜੇ ਜਦੋਂ ਦਸੂਹਾ ਪੁਲਿਸ ਉਸ ਨੂੰ ਹਸਪਤਾਲ ਲੈ ਕੇ ਪਹੁੰਚੀ ਤਾਂ ਉਸ ਦੀ ਹਾਲਤ ਬਹੁਤ ਨਾਜ਼ੁਕ ਸੀ ਅਤੇ ਉਸ ਨੂੰ ਜਦੋਂ ਡੀ. ਐਮ. ਸੀ. ਲੁਧਿਆਣਾ ਨੂੰ ਰੈਫਰ ਕੀਤਾ ਗਿਆ ਤਾਂ ਉਹ ਰਸਤੇ ਵਿਚ ਹੀ ਦਮ ਤੋੜ ਗਿਆ। ਹੁਣ ਤੱਕ ਸਿਵਲ ਹਸਪਤਾਲ ਦਸੂਹਾ ਵਿਖੇ ਹੋਰ ਦਾਖਲ ਹੋਣ ਵਾਲਿਆਂ ਵਿਚ ਅਮਰੀਕ ਸਿੰਘ ਪੁੱਤਰ ਭਗਵਾਨ ਸਿੰਘ (55) ਬਲੜਾ, ਸੁਰਿੰਦਰ ਪੁੱਤਰ ਮੁਖਤਿਆਰ ਸਿੰਘ (50) ਗਿਲਜੀਆਂ, ਬਲਵੀਰ ਮਸੀਹ ਪੁੱਤਰ ਹਜ਼ਾਰੂ (45) ਕਾਹਲਵਾਂ, ਸੰਦੀਪ ਪੁੱਤਰ ਗਰੀਬ ਦਾਸ (17) ਕਾਹਲਵਾਂ, ਦੇਵ ਮਸੀਹ ਪੁੱਤਰ ਬਲਵੀਰ ਮਸੀਹ (20), ਕਾਹਲਵਾਂ, ਕੁਲਵੰਤ ਸਿੰਘ (60) ਗੋਰਸ਼ੀਆ, ਜਗਦੀਸ਼ ਪੁੱਤਰ ਮਨਜੀਤ ਕਾਹਲਵਾਂ, ਬਲਜਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ (40) ਖੋਖਰ, ਬਲਵੀਰ ਸਿੰਘ ਪੁੱਤਰ ਅਜੀਤ ਸਿੰਘ (40), ਅਲਾਵਲਈਸਾ, ਨਿਰਮਲ ਸਿੰਘ ਪੁੱਤਰ ਜਗੀਰ ਸਿੰਘ (60) ਗਿਲਜੀਆ, ਸੁਰਜੀਤ ਸਿੰਘ ਪੁੱਤਰ ਸਾਧੂ ਸਿੰਘ (60) ਕਾਹਲਵਾਂ, ਬਲਦੇਵ ਸਿੰਘ ਪੁੱਤਰ ਅਮਰ ਸਿੰਘ (60) ਗਿਲਜੀਆਂ, ਕੁਲਵੰਤ ਪੁੱਤਰ ਅਵਤਾਰ ਸਿੰਘ (42) ਬਲੜਾ, ਪਰਸ਼ਨ ਸਿੰਘ ਪੁੱਤਰ ਸੁਖਦੇਵ ਸਿੰਘ (46) ਕੋਟਲਾ, ਅਸ਼ੋਕੀ ਪੁੱਤਰ ਇਕਬਾਲ ਸਿੰਘ (40) ਕਾਹਲਵਾਂ, ਸਤਪਾਲ ਪੁੱਤਰ ਦਾਰਾ (38) ਕਾਹਲਵਾਂ, ਸੋਖੀ ਪੁੱਤਰ ਇਕਬਾਲ (38) ਕਾਹਲਵਾਂ, ਅਜੀਤ ਸਿੰਘ ਪੁੱਤਰ ਗੰਗਾ ਸਿੰਘ (60) ਕਾਹਲਵਾਂ, ਬਲਦੇਵ ਸਿੰਘ ਪੁੱਤਰ ਅਮਰ ਸਿੰਘ ਗਿਲਜੀਆ ਆਦਿ ਵਿਅਕਤੀ ਸ਼ਾਮਿਲ ਹਨ। ਅੱਜ ਜਦੋਂ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਤਾਂ ਲੋਕ ਬੁਰੀ ਤਰ੍ਹਾਂ ਡਰੇ ਹੋਏ ਸਨ। ਪਿੰਡ ਕਾਹਲਵਾਂ, ਗਿਲਜੀਆਂ, ਖੋਖਰ, ਕੋਟਲਾ ਅਤੇ ਬਲੜਾ ਆਦਿ ਪਿੰਡਾਂ ਵਿਚ ਪੂਰੀ ਤਰ੍ਹਾਂ ਮਾਤਮ ਛਾਇਆ ਹੋਇਆ ਸੀ। ਇਸ ਜ਼ਹਿਰੀਲੀ ਨਾਜਾਇਜ਼ ਸ਼ਰਾਬ ਦਾ ਧੰਦਾ ਧੜੱਲੇ ਨਾਲ ਪਿਛਲੇ ਕਾਫੀ ¦ਬੇ ਸਮੇਂ ਤੋਂ ਚੱਲ ਰਿਹਾ ਸੀ ਅਤੇ ਇਨ੍ਹਾਂ ਪਿੰਡਾਂ ਦੇ ਲੋਕ ਕਾਫੀ ਗਿਣਤੀ ਵਿਚ ਪੀਣ ਦੇ ਆਦੀ ਹੋ ਚੁੱਕੇ ਸਨ।
ਦੌਰਾ ਕਰ ਰਹੇ ਪੱਤਰਕਾਰਾਂ ਨੂੰ ਕੁਝ ਵਿਅਕਤੀਆਂ ਨੇ ਆਪਣਾ ਨਾਂਅ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਬੇਟ ਇਲਾਕੇ ਵਿਚ ਬਿਆਸ ਦਰਿਆ ਨੇੜੇ ਸ਼ਰਾਬ ਦੀ ਫੈਕਟਰੀ ਤੋਂ 2000 ਰੁਪਏ ਵਿਚ ਸਪਿਰਟ ਦੀ ਕੈਨੀ ਬੜੇ ਆਰਾਮ ਨਾਲ ਮਿਲ ਜਾਂਦੀ ਹੈ ਅਤੇ ਉਸ ਵਿਚ 5-6 ਕੈਨ ਪਾਣੀ ਮਿਲਾ ਕੇ ਵਧਾ ਦਿੱਤਾ ਜਾਂਦਾ ਹੈ। ਹੋ ਸਕਦਾ ਹੈ ਕਿ ਅਜਿਹੀ ਬਣਾਈ ਸ਼ਰਾਬ 10 ਰੁਪਏ ਪ੍ਰਤੀ ਗਿਲਾਸ ਵੇਚੀ ਜਾਂਦੀ ਰਹੀ ਹੋਵੇ, ਜਿਸ ਕਾਰਨ ਉਕਤ ਕਹਿਰ ਵਰਤਿਆ ਹੈ।

ਭਵਿੱਖ ਦੀ ਰਾਜਨੀਤੀ ਬਾਰੇ ਫੈਸਲਾ 14 ਨਵੰਬਰ ਤੋਂ ਬਾਅਦ-ਮਨਪ੍ਰੀਤ


ਚੰਡੀਗੜ੍ਹ, 22 ਅਕਤੂਬਰ - ਸਾਬਕਾ ਖਜ਼ਾਨਾ ਮੰਤਰੀ ਸ: ਮਨਪ੍ਰੀਤ ਸਿੰਘ ਬਾਦਲ ਨੇ ਅੱਜ ਇਥੇ ਇਕ ਭਰਵੇਂ ਪੱਤਰਕਾਰ ਸੰਮੇਲਨ ਵਿਚ ਦੋਸ਼ ਲਾਇਆ ਕਿ ਜਿਸ ਢੰਗ ਨਾਲ ਮੇਰਾ ਸਿਆਸੀ ਕਤਲ ਹੋਇਆ ਹੈ, ਉਸ ਦਾ ਮੈਨੂੰ ਅਫਸੋਸ ਅਤੇ ਰੰਜ਼ ਹੈ। ਉਨ੍ਹਾਂ ਕਿਹਾ ਕਿ ਜਿਸ ਕਾਬਲੀਅਤ ਤੇਜ਼ੀ ਅਤੇ ਮੁਹਾਰਤ ਨਾਲ ਮੈਨੂੰ ਅਕਾਲੀ ਦਲ ਵਿਚੋਂ ਕੱਢਿਆ ਗਿਆ ਹੈ, ਜੇ ਉਸੇ ਤੇਜ਼ੀ ਅਤੇ ਮੁਹਾਰਤ ਨਾਲ ਭਾਰਤ ਸਰਕਾਰ ਦੀ ਕਰਜ਼ਾ ਮੁਆਫੀ ਸਬੰਧੀ ਪੇਸ਼ਕਸ਼ ਨੂੰ ਵੀ ਵਿਚਾਰਿਆ ਜਾਂਦਾ ਤਾਂ ਪੰਜਾਬ ਦਾ ਵੱਡਾ ਭਲਾ ਹੋ ਸਕਦਾ ਸੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਇਤਿਹਾਸ ਵਿਚ ਪਹਿਲੀ ਵਾਰ ਕਿਸੇ ਆਗੂ ਨੂੰ ਪਾਰਟੀ ਵਿਚੋਂ ਇਸ ਗੱਲ ਲਈ ਕੱਢਿਆ ਗਿਆ, ਕਿਉਂਕਿ ਮਾਲੀ ਪ੍ਰਬੰਧ ਸਬੰਧੀ ਉਸ ਦੇ ਵਿਚਾਰ ਕੁਝ ਆਗੂਆਂ ਨਾਲੋਂ ਵੱਖਰੇ ਸਨ। ਉਨ੍ਹਾਂ ਐਲਾਨ ਕੀਤਾ ਕਿ ਉਹ 14 ਨਵੰਬਰ ਨੂੰ ਆਪਣੇ ਸਾਥੀਆਂ ਸਮੇਤ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਮੱਥਾ ਟੇਕ ਕੇ ਅਸ਼ੀਰਵਾਦ ਪ੍ਰਾਪਤ ਕਰਨ ਤੋਂ ਬਾਅਦ ਜਲ੍ਹਿਆਂਵਾਲਾ ਬਾਗ ਅਤੇ ਦੁਰਗਿਆਨਾ ਮੰਦਿਰ ਵਿਖੇ ਸਿਰ ਨਿਵਾਉਣ ਤੋਂ ਬਾਅਦ ਆਪਣੀ ਭਵਿੱਖ ਦੀ ਰਾਜਨੀਤੀ ਸਬੰਧੀ ਫੈਸਲਾ ਲੈਣ ਲਈ ਅਗਲਾ ਕਦਮ ਚੁੱਕਣਗੇ। ਉਨ੍ਹਾਂ ਕਿਹਾ ਕਿ ਜਿਨ੍ਹਾਂ ਮੁੱਦਿਆਂ ਨੂੰ ਲੈ ਕੇ ਮੈਂ ਚੱਲਿਆ ਹਾਂ, ਉਸ ਲਈ ਲੜਾਈ ਵਿਚ ਨਹੀਂ ਛੱਡਾਂਗਾ ਅਤੇ ਇਨ੍ਹਾਂ ਮੁੱਦਿਆਂ ਨੂੰ ਸਿਰੇ ਲਾਉਣ ਤੱਕ ਸੰਘਰਸ਼ ਜਾਰੀ ਰੱਖਾਂਗਾ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਮੈਂ ਕਦੀ ਸਬਸਿਡੀਆਂ ਨੂੰ ਪੂਰਨ ਤੌਰ ’ਤੇ ਖ਼ਤਮ ਕਰਨ ਜਾਂ ਸਮਾਜਿਕ ਸਕੀਮਾਂ ਬੰਦ ਕਰਨ ਦੀ ਮੰਗ ਨਹੀਂ ਕੀਤੀ, ਜੋ ਪ੍ਰਚਾਰ ਮੇਰੇ ਵਿਰੁੱਧ ਅੱਜ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੈਂ ਸਬਸਿਡੀਆਂ ਨੂੰ ਘਟਾਉਣ ਦਾ ਹਾਮੀ ਰਿਹਾ ਹਾਂ, ਕਿਉਂਕਿ ਮੈਂ ਕਿਸਾਨ ਨੂੰ ਦਾਤਾ ਬਣਾਉਣ ਦਾ ਹਾਮੀ ਹਾਂ, ਨਾ ਕਿ ਭੀਖ ਮੰਗਾ। ਉਨ੍ਹਾਂ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਦਾ ਨਾਂਅ ਲੈ ਕੇ ਕਿਹਾ ਕਿ ਉਹ ਮੇਰੇ ਵਿਰੁੱਧ ਜੋ ਇਹ ਪ੍ਰਚਾਰ ਕਰ ਰਹੇ ਹਨ ਕਿ ਮੈਂ ਆਟਾ-ਦਾਲ ਸਕੀਮ, ਸ਼ਗਨ ਸਕੀਮ ਜਾਂ ਪੈਨਸ਼ਨਾਂ ਨੂੰ ਖ਼ਤਮ ਕਰਨਾ ਚਾਹੁੰਦਾ ਸੀ, ਇਹ ਝੂਠੇ ਅਤੇ ਬੇਬੁਨਿਆਦ ਹੈ ਕਿਉਂਕਿ ਸਮਾਜਿਕ ਕਲਿਆਣ ਦੀਆਂ ਇਹ ਸਕੀਮਾਂ ਕਦੀ ਬੰਦ ਹੀ ਨਹੀਂ ਕੀਤੀਆਂ ਜਾ ਸਕਦੀਆਂ। ਉਨ੍ਹਾਂ ਕਿਹਾ ਕਿ ਸ: ਸੁਖਬੀਰ ਸਿੰਘ ਬਾਦਲ ਵੱਲੋਂ ਜੋ ਇਹ ਕਿਹਾ ਜਾ ਰਿਹਾ ਹੈ, ਕਿ ਕਿਸਾਨਾਂ ਨੂੰ ਮੁਫ਼ਤ ਬਿਜਲੀ ਦੀ ਸਹੂਲਤ ਖ਼ਤਮ ਹੋਣ ਨਾਲ ਹਰ ਕਿਸਾਨ ਨੂੰ 1500 ਰੁਪਏ ਪ੍ਰਤੀ ਬੀ.ਐਚ.ਪੀ. ਦਾ ਬਿੱਲ ਲੱਗ ਜਾਵੇਗਾ, ਬੇਬੁਨਿਆਦ ਹੈ ਕਿਉਂਕਿ ਇਸ ਦਰ ਨਾਲ ਕਿਸਾਨਾਂ ਨੂੰ ਹਰ ਮਹੀਨੇ 1220 ਕਰੋੜ ਰੁਪਏ ਬਿਜਲੀ ਬੋਰਡ ਨੂੰ ਦੇਣੇ ਪੈਣਗੇ ਜੋ ਸਾਲਾਨਾ 14640 ਕਰੋੜ ਰੁਪਏ ਬਣ ਜਾਣਗੇ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਰਾਜ ਦਾ ਸਮੁੱਚਾ ਕੇਬਲ ਨੈੱਟਵਰਕ ਉਪ ਮੁੱਖ ਮੰਤਰੀ ਦੇ ਕਬਜ਼ੇ ਵਿਚ ਹੈ, ਜੋ ਪ੍ਰੈ¤ਸ ਦੀ ਆਜ਼ਾਦੀ ਲਈ ਵੱਡਾ ਸੰਕਟ ਹੈ। ਉਨ੍ਹਾਂ ਕਿਹਾ ਕਿ ਮੈਂ ਵੀ ਇਕ ਕਿਸਾਨ ਹਾਂ ਅਤੇ ਮੇਰਾ ਕੋਈ ਹੋਰ ਹੋਟਲ ਜਾਂ ਟਰਾਂਸਪੋਰਟ ਦਾ ਧੰਦਾ ਨਹੀਂ ਹੈ। ਲੇਕਿਨ ਮੈਂ ਇਹ ਜ਼ਰੂਰ ਮਹਿਸੂਸ ਕਰਦਾ ਹਾਂ ਕਿ ਮੇਰੇ ਵਰਗੇ ਵੱਡੇ ਕਿਸਾਨਾਂ ਨੂੰ ਮੁਫ਼ਤ ਬਿਜਲੀ ਦੀ ਸਹੂਲਤ ਦੀ ਕੋਈ ਜ਼ਰੂਰਤ ਨਹੀਂ ਹੈ ਅਤੇ ਇਹ ਜ਼ਰੂਰਤ ਛੋਟੇ ਕਿਸਾਨਾਂ ਨੂੰ ਜ਼ਰੂਰ ਦਿੱਤੀ ਜਾ ਸਕਦੀ ਹੈ। ਪੱਤਰਕਾਰ ਸੰਮੇਲਨ ਵਿਚ ਸ: ਮਨਪ੍ਰੀਤ ਸਿੰਘ ਬਾਦਲ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੇ ਸਾਥੀ ਵਿਧਾਨਕਾਰ ਸ: ਮਨਜਿੰਦਰ ਸਿੰਘ ਕੰਗ ਜੋ ਪੱਤਰਕਾਰ ਸੰਮੇਲਨ ਵਿਚ ਸ਼ਾਮਿਲ ਸਨ ਦੇ ਨਿਵਾਸ ਅਸਥਾਨ ’ਤੇ ਕੱਲ੍ਹ ਰਾਤ ਇਕ ਪੁਲਿਸ ਅਧਿਕਾਰੀ ਸ਼ਰਾਬੀ ਹਾਲਤ ਵਿਚ ਆਇਆ ਅਤੇ ਉਨ੍ਹਾਂ ਦੀ ਪਤਨੀ ਨੂੰ ਗਾਲ੍ਹਾਂ ਕੱਢੀਆਂ ਅਤੇ ਘਰ ਵਿਚੋਂ ਸੁਰੱਖਿਆ ਅਮਲੇ ਦੇ ਹਥਿਆਰ ਅਲਮਾਰੀਆਂ ਨੂੰ ਤੋੜ ਕੇ ਲੈ ਗਏ ਅਤੇ ਉਨ੍ਹਾਂ ਦੇ ਵਾਈਰਲੈਸ ਸੈਟ ਵੀ ਤੋੜ ਦਿੱਤੇ ਜਾਂ ਲੈ ਗਏ। ਉਨ੍ਹਾਂ ਕਿਹਾ ਕਿ ਜੇ ਡੇਢ ਲੱਖ ਲੋਕਾਂ ਵੱਲੋਂ ਚੁਣੇ ਨੁਮਾਇੰਦੇ ਦੀ ਪਤਨੀ ਨਾਲ ਅਜਿਹਾ ਵਿਵਹਾਰ ਹੋ ਸਕਦਾ ਹੈ, ਤਾਂ ਫਿਰ ਅਸੀਂ ਕਿਸ ਜਮਹੂਰੀਅਤ, ਮਨੁੱਖੀ ਅਧਿਕਾਰਾਂ ਜਾਂ ਸ਼ਹਿਰੀ ਅਜ਼ਾਦੀਆਂ ਦੀ ਗੱਲ ਕਰਨ ਦੇ ਅ¦ਬਰਦਾਰ ਬਣਦੇ ਹਾਂ। ਸ: ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਸੂਬੇ ਦੇ ਲੋਕ ਇਸ ਕਿਸਮ ਦੀ ਸਿਆਸਤ ਤੋਂ ਤੰਗ ਆ ਚੁੱਕੇ ਹਨ ਅਤੇ ਹੁਣ ਕਿਸੇ ਨੂੰ ਡਰਾ ਧਮਕਾ ਕੇ ਸਿਆਸਤ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਇਹ ਵੀ ਕਿਹਾ ਕਿ ਮੈਨੂੰ ਜੋ ਸਮਰਥਨ ਤੇ ਹਮਦਰਦੀ ਮਿਲ ਰਹੀ ਹੈ, ਉਸ ਦਾ ਕਾਰਨ ਮੇਰੇ ਵੱਲੋਂ ਅਜਿਹੀ ਸਿਆਸਤ ਨੂੰ ਨਕਾਰਨਾ ਸੀ। ਸ: ਮਨਪ੍ਰੀਤ ਸਿੰਘ ਨੇ ਮੰਨਿਆ ਕਿ ਕੇਂਦਰ ਵੱਲੋਂ ਰਾਜ ਦੇ ਕਰਜ਼ਿਆਂ ਨੂੰ ਮੁਆਫ ਕਰਨ ਅਤੇ ¦ਮੇ ਸਮੇਂ ਦੇ ਕਰਜ਼ਿਆਂ ਵਿਚ ਬਦਲਣ ਸਬੰਧੀ ਤਜਵੀਜ਼ ਬਾਰੇ ਲਗਾਤਾਰ 2 ਮਹੀਨੇ ਤੱਕ ਸਰਕਾਰ ਵੱਲੋਂ ਕੋਈ ਦਿਸ਼ਾ ਨਿਰਦੇਸ਼ ਨਾ ਮਿਲਣ ਕਾਰਨ ਮੈਂ ਕਾਫੀ ਮਾਯੂਸੀ ਦੀ ਹਾਲਤ ਵਿਚ ਸਾਂ। ਉਨ੍ਹਾਂ ਕਿਹਾ ਕਿ ਸਿਆਸਤ ਮੇਰੇ ਲਈ ਕੋਈ ਧੰਦਾ ਜਾਂ ਖੱਟੀ-ਵੱਟੀ ਦਾ ਰਸਤਾ ਨਹੀਂ ਸੀ ਅਤੇ ਨਾ ਹੀ ਮੈਂ ਸਿਆਸਤ ਰਾਹੀਂ ਆਪਣਾ ਭਵਿੱਖ ਬਣਾਉਣਾ ਚਾਹੁੰਦਾ ਸੀ। ਉਨ੍ਹਾਂ ਕਿਹਾ ਕਿ ਜਿੰਨੀ ਕੁ ਜਾਇਦਾਦ ਮੈਨੂੰ ਮਿਲੀ ਹੈ, ਉਹ ਮੇਰੇ ਤੇ ਮੇਰੇ ਬੱਚਿਆਂ ਲਈ ਕਾਫੀ ਹੈ। ਉਨ੍ਹਾਂ ਪੱਤਰਕਾਰਾਂ ਨੂੰ ਕਿਹਾ ਕਿ ਮੈਂ ਉਨ੍ਹਾਂ ਲੋਕਾਂ ਵਿਚੋਂ ਹਾਂ ‘‘ਤੁਰਾਂਗੇ ਮਟਕ ਨਾਲ ਭਾਵੇਂ ਕਦਮ ਘੱਟ ਤੁਰੀਏ, ਜੀਆਂਗੇ ਅਣਖ ਨਾਲ ਭਾਵੇਂ ਦਿਨ ਘੱਟ ਜੀਵੀਏ।’’ ਅੱਜ ਦੇ ਇਸ ਪੱਤਰਕਾਰ ਸੰਮੇਲਨ ਵਿਚ ਸ:” ਮਨਪ੍ਰੀਤ ਸਿੰਘ ਬਾਦਲ ਨਾਲ ਵਿਧਾਨਕਾਰ ਮਨਜਿੰਦਰ ਸਿੰਘ ਕੰਗ ਤੋਂ ਇਲਾਵਾ ਜਗਬੀਰ ਸਿੰਘ ਬਰਾੜ ਅਤੇ ਸ: ਚਰਨਜੀਤ ਸਿੰਘ ਚੰਨੀ ਵੀ ਹਾਜ਼ਰ ਸਨ, ਜਦੋਂਕਿ ਸਾਬਕਾ ਵਿਧਾਨਕਾਰ ਕੁਸ਼ਲਦੀਪ ਸਿੰਘ ਢਿੱਲੋਂ ਅਤੇ ਤਾਲਬ ਸਿੰਘ ਸੰਧੂ ਤੋਂ ਇਲਾਵਾ ਮਰਹੂਮ ਮੈਂਬਰ ਪਾਰਲੀਮੈਂਟ ਜ਼ੋਰਾ ਸਿੰਘ ਮਾਨ ਦੇ ਬੇਟੇ ਵੀ ਸ਼ਾਮਿਲ ਹੋਏ।

ਪੰਜਾਬ ਦੇ ਕਰਜ਼ ਦੇ ਮਾਮਲੇ ’ਚ ਦਿੱਲੀ ਜਾਵਾਂਗਾ-ਮੁੱਖ ਮੰਤਰੀ


ਚੰਡੀਗੜ੍ਹ, 22 ਅਕਤੂਬਰ - ਸਿਹਤ ਪੱਖੋਂ ਠੀਕ ਹੁੰਦੇ ਹੀ ਸਭ ਤੋਂ ਪਹਿਲਾਂ ਪੰਜਾਬ ਦੇ ਕਰਜ਼ੇ ਦੇ ਮਾਮਲੇ ਬਾਰੇ ਦਿੱਲੀ ਜਾਵਾਂਗਾ, ਇਹ ਗੱਲ ਅੱਜ ਇਥੇ ਇਕ ਗੈਰ ਰਸਮੀ ਗੱਲਬਾਤ ਦੌਰਾਨ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਕਹੀ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਇਹ ਕਰਜ਼ੇ ਦਾ ਵਿਵਾਦ ਐਂਵੇ ਹੀ ਖੜ੍ਹਾ ਹੋ ਗਿਆ, ਜਦੋਂ ਕਿ ਇਸ ਬਾਰੇ ਅਜੇ ਤੱਕ ਭਾਰਤ ਸਰਕਾਰ ਨੇ ਵੀ ਕੁਝ ਨਹੀਂ ਕੀਤਾ ਤੇ ਨਾ ਹੀ ਪੰਜਾਬ ਸਰਕਾਰ ਨੂੰ ਇਸ ਕਰਜ਼ ਬਾਰੇ ਕੋਈ ਸਥਿਤੀ ਸਾਫ ਹੋਈ ਹੈ। ਸ: ਬਾਦਲ ਦਾ ਕਹਿਣਾ ਸੀ ਕਿ ਕੇਂਦਰ ਸਰਕਾਰ ਨੇ ਪੰਜਾਬ ਨਾਲ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਵਾਰ-ਵਾਰ ਕਦਮ-ਕਦਮ ’ਤੇ ਧੱਕੇ ਹੀ ਕੀਤੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਤੋਂ ਪ੍ਰਾਪਤ ਹੋਣ ਵਾਲੀ ਆਮਦਨ ਨੂੰ ਵੀ ਕੇਂਦਰ ਨੇ ਆਪਣੇ ਕੋਲ ਕਰਨ ਲਈ ਕਈ ਨਿਯਮ ਬਣਾ ਲਏ ਜਿਸ ਦਾ ਪੰਜਾਬ ਨੂੰ ਨੁਕਸਾਨ ਹੋਇਆ। ਉਨ੍ਹਾਂ ਫਿਰ ਦੁਹਰਾਇਆ ਕਿ ਅੱਜ ਪੰਜਾਬ ਕੇਂਦਰ ਦੀਆਂ ਨੀਤੀਆਂ ਕਰਕੇ ਹੀ ਕਰਜ਼ਦਾਰ ਹੈ। ਉਨ੍ਹਾਂ ਕਿਹਾ ਕਿ ਇਹ ਕਰਜ਼ ਕੇਵਲ ਪੰਜਾਬ ਉਪਰ ਹੀ ਨਹੀਂ ਬਲਕਿ ਹੋਰ ਰਾਜਾਂ ਉਪਰ ਵੀ ਹੈ। ਬਾਦਲ ਦਾ ਕਹਿਣਾ ਸੀ ਕਿ ਕਾਂਗਰਸ ਸਰਕਾਰ ਪੰਜਾਬ ਵਿਚ 30 ਸਾਲਾਂ ਦੌਰਾਨ ਜੋ ਨਹੀਂ ਕਰ ਸਕੀ  ਉਹ ਅਸੀਂ ਇਸ ਸਰਕਾਰ ਦੇ ਕਾਰਜ਼ਕਾਲ ਦੌਰਾਨ ਹੀ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਨਾ ਤਾਂ ਕੈਪਟਨ ਅਮਰਿੰਦਰ ਸਿੰਘ ਨਾਲ ਤੇ ਨਾ ਹੀ ਬੀਬੀ ਰਜਿੰਦਰ ਕੌਰ ਭੱਠਲ ਨਾਲ ਕੋਈ ਨਿੱਜੀ ਲੜਾਈ ਹੈ ਉਨ੍ਹਾਂ ਦੀ ਤਾਂ ਕਾਂਗਰਸ ਤੇ ਉਸ ਦੀਆਂ ਨੀਤੀਆਂ ਨਾਲ ਲੜਾਈ ਹੈ। ਉਨ੍ਹਾਂ ਪੰਜਾਬ ਦੀ ਰਾਜਧਾਨੀ ਦੇ ਦਰਦ ਨੂੰ ਦੁਹਰਾਉਂਦੇ ਹੋਏ ਕਿਹਾ ਕਿ ਅੱਜ ਤੱਕ ਦੁਨੀਆਂ ਵਿਚ ਇਹ ਕਿਧਰੇ ਨਹੀਂ ਹੋਇਆ ਕਿ ਜਿਸ ਰਾਜ ਨੂੰ ਤੋੜ ਕੇ ਕੋਈ ਨਵਾਂ ਰਾਜ ਬਣਾਇਆ ਹੋਵੇ ਉਸ ਨਵੇਂ ਰਾਜ ਨੂੰ ਪੁਰਾਣੀ ਰਾਜਧਾਨੀ ਦੇ ਦਿੱਤੀ ਹੋਵੇ ਪਰ ਸਾਡੀ ਰਾਜਧਾਨੀ ਚੰਡੀਗੜ੍ਹ ਹੀ ਅੱਜ ਤੱਕ ਸਾਨੂੰ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਹੁਣ ਕੇਂਦਰ ਸਰਕਾਰ ਨੇ ਕਣਕ ਦੇ ਘੱਟੋ-ਘੱਟ ਸਮਰਥਨ ਮੁੱਲ ਵਿਚ ਜੋ ਵਾਧਾ ਕੀਤਾ ਹੈ ਉਹ ਇਕ ਮਜ਼ਾਕ ਹੈ ਕੀ ਕੇਂਦਰ ਸਰਕਾਰ ਲਈ ਕਿਸਾਨਾਂ ਵਾਸਤੇ ਅੱਜ ਵੀ ਕੋਈ ਮਹਿੰਗਾਈ ਨਹੀਂ ਕਿਉਂਕਿ ਇਹ ਵਾਧਾ ਕਿਸਾਨਾਂ ਲਈ ਨਾ ਮਾਤਰ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਨਹੀਂ ਬਲਕਿ ਉਨ੍ਹਾਂ ਨੂੰ ਇਸ ਮਾਮਲੇ ਵਿਚ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈਂਦਾ ਹੈ। ਬਾਦਲ ਨੇ ਕਿਹਾ ਕਿ ਅਜੇ ਪੰਜਾਬ ਮੰਤਰੀ ਮੰਡਲ ਵਿਚ ਹੋਰ ਵਾਧਾ ਨਹੀਂ ਕੀਤਾ ਜਾ ਰਿਹਾ ਤੇ ਨਾ ਹੀ ਹੋਰ ਕਿਸੇ ਮੰਤਰੀ ਦੇ ਵਿਭਾਗ ਬਦਲੇ ਜਾ ਰਹੇ ਹਨ। ਭਾਜਪਾ ਆਗੂ ਤੇ ਸਿਹਤ ਮੰਤਰੀ ਸ੍ਰੀਮਤੀ ਲਕਸ਼ਮੀ ਕਾਂਤਾ ਚਾਵਲਾ ਦੇ ਵਿਭਾਗ ਵਿਚ ਬਦਲਾਅ ਬਾਰੇ ਵੀ ਮੁੱਖ ਮੰਤਰੀ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਵਿਭਾਗ ਬਾਰੇ ਤਾਂ ਭਾਜਪਾ ਹੀ ਫੈਸਲਾ ਲੈ ਸਕਦੀ ਹੈ ਤੇ ਭਾਈਵਾਲ ਪਾਰਟੀ ਹੋਣ ਕਰਕੇ ਇਸ ਬਾਰੇ ਉਹ ਕੋਈ ਫੈਸਲਾ ਨਹੀਂ ਕਰ ਸਕਦੇ, ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਭਾਵੇਂ ਇਸ ਨਾਲ ਨੁਕਸਾਨ ਹੀ ਹੁੰਦਾ ਹੋਵੇ। ਬਾਦਲ ਨੇ ਕਿਹਾ ਕਿ ਉਨ੍ਹਾਂ ਦੀ ਜ਼ਿੰਦਗੀ ਦਾ ਇਕ ਅਸੂਲ ਰਿਹਾ ਹੈ ਕਿ ਆਪਣੀ ਗੱਲ ਹਮੇਸ਼ਾ ਪਾਰਟੀ ਵਿਚ ਕਰੋ ਤੇ ਅਗਰ ਪਾਰਟੀ ਮੰਨ ਜਾਵੇ ਤਾਂ ਠੀਕ ਨਹੀਂ ਤਾਂ ਜੋ ਪਾਰਟੀ ਫੈਸਲਾ ਕਰੇ ਉਹੀ ਨਿਭਾਉ। ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਬਾਰੇ ਸ: ਪ੍ਰਕਾਸ਼ ਸਿੰਘ ਬਾਦਲ ਦਾ ਕਹਿਣਾ ਸੀ ਕਿ ਇਸ ਦਾ ਫੈਸਲਾ ਪਾਰਟੀ ਵਲੋਂ ਕੀਤਾ ਜਾਣਾ ਹੈ। ਉਨ੍ਹਾਂ ਕਿਹਾ ਕਿ ਉਹ ਵੀ ਪੰਜਾਬ ਦਾ ਮੁੱਖ ਮੰਤਰੀ ਨਹੀਂ ਬਣਨਾ ਚਾਹੁੰਦੇ ਸਨ, ਪਰ ਪਾਰਟੀ ਨੇ ਉਨ੍ਹਾਂ ਨੂੰ ਮੁੱਖ ਮੰਤਰੀ ਬਣਾਉਣ ਦਾ ਫੈਸਲਾ ਕੀਤਾ ਤਾਂ ਉਹ ਬਣ ਗਏ। ਬਾਦਲ ਨੇ ਕਿਹਾ ਕਿ ਜੋ ਲੋਕ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਾਉਣ ਦੀਆਂ ਗੱਲਾਂ ਕਰਦੇ ਹਨ ਉਨ੍ਹਾਂ ਨੇ ਮੇਰੇ ਕੋਲ ਕਦੇ ਆ ਕੇ ਇਹ ਨਹੀਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਾ ਦਿਉ। ਉਨ੍ਹਾਂ ਕਿਹਾ ਕਿ ਮੈਂ ਕੋਈ ਤਾਨਾਸ਼ਾਹ ਨਹੀਂ ਕਿ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਾ ਦੇਵਾਂ ਜਦੋਂ ਸਹੀ ਸਮਾਂ ਆਏਗਾ ਤੇ ਪਾਰਟੀ ਫੈਸਲਾ ਕਰੇਗੀ ਤਾਂ ਸੁਖਬੀਰ ਸਿੰਘ ਬਾਦਲ ਮੁੱਖ ਮੰਤਰੀ ਬਣ ਜਾਣਗੇ। ਜਦੋਂ ਆਉਂਦੀਆਂ ਵਿਧਾਨ ਸਭਾ ਚੋਣਾਂ ਬਾਰੇ ਇਹ ਪੁੱਛਿਆ ਗਿਆ ਕਿ ਇਹ ਕਿਸ ਦੀ ਪ੍ਰਧਾਨਗੀ ਹੇਠ ਲੜੀਆਂ ਜਾਣਗੀਆਂ ਤਾਂ ਉਨ੍ਹਾਂ ਕਿਹਾ ਕਿ ਇਹ ਸਮਾਂ ਦੱਸੇਗਾ। ਬਾਦਲ ਨੇ ਕਿਹਾ ਕਿ ਉਹ ਇਸ ਸਰਕਾਰ ਦੇ ਬਾਕੀ ਦੇ ਕਾਰਜਕਾਲ ਦੌਰਾਨ ਪੰਜਾਬ ਦੀਆਂ ਨਦੀਆਂ ਦੇ ਪਾਣੀ ਨੂੰ ਸਾਫ ਕਰਨ ਲਈ ਵਚਨਬੱਧ ਹਨ ਤੇ ਉਹ 99 ਫੀਸਦੀ ਤੱਕ ਇਹ ਕੰਮ ਕਰ ਦੇਣਗੇ। ਇਸ ਤੋਂ ਇਲਾਵਾ ਉਹ ਰਾਜ ਵਿਚ ਸਿਹਤ ਸੇਵਾਵਾਂ ਤੇ ਹਰ ਪਿੰਡਾਂ ਵਿਚ ਪੀਣ ਦਾ ਸਾਫ ਪਾਣੀ ਪਹੁੰਚਾਉਣ ਦਾ ਟੀਚਾ ਵੀ ਪੁਰਾ ਕਰਨਗੇ।

 

ਸੇਵਾ-ਮੁਕਤ ਡੀ. ਜੀ. ਪੀ. ਜੇ. ਪੀ. ਬਿਰਦੀ ਨਹੀਂ ਰਹੇ


ਜਲੰਧਰ/ ਲੁਧਿਆਣਾ, 22 ਅਕਤੂਬਰ - ਪੰਜਾਬ ਪੁਲਿਸ ਦੇ ਸੇਵਾ ਮੁਕਤ ਡਾਇਰੈਕਟਰ ਜਨਰਲ ਸ੍ਰੀ ਜੇ. ਪੀ. ਬਿਰਦੀ (60) ਦੀ ਅੱਜ ਲੁਧਿਆਣਾ ਦੇ ਦਿਆਨੰਦ ਹਸਪਤਾਲ ’ਚ ਮੌਤ ਹੋ ਗਈ। ਉਹ ਸ਼ੂਗਰ ਬਿਮਾਰੀ ਤੋਂ ਪੀੜਤ ਸਨ ਅਤੇ ਬੀਤੇ ਕੁਝ ਦਿਨਾਂ ਤੋਂ ਜ਼ੇਰੇ ਇਲਾਜ ਸਨ। ਉਹ ਆਪਣੇ ਪਿੱਛੇ ਵਿਧਵਾ ਤੋਂ ਇਲਾਵਾ ਇਕ ਬੇਟਾ ਅਤੇ ਇਕ ਬੇਟੀ ਛੱਡ ਗਏ ਹਨ। ਉਨ੍ਹਾਂ ਦਾ ਜਲੰਧਰ ਦੇ ਹਰਨਾਮਦਾਸ ਪੁਰਾ ਵਿਖੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਸਪੁੱਤਰ ਰਾਘਵ ਬਿਰਦੀ ਨੇ ਅਗਨੀ ਦਿਖਾਈ। ਸ੍ਰੀ ਜੇ. ਪੀ. ਬਿਰਦੀ 30 ਜੂਨ 2010 ਨੂੰ ਡੀ. ਜੀ. ਪੀ. (ਅਮਨ ਅਤੇ ਕਾਨੂੰਨ) ਦੇ ਅਹੁਦੇ ਤੋਂ ਸੇਵਾ ਮੁੱਕਤ ਹੋਏ ਸਨ। 1975 ਬੈਚ ਦੇ ਆਈ. ਪੀ. ਐ¤ਸ ਅਧਿਕਾਰੀ ਵਜੋਂ ਭਰਤੀ ਹੋਏ ਸ੍ਰੀ ਜੇ. ਪੀ. ਬਿਰਦੀ ਦੀਆਂ ਚੰਗੀਆਂ ਸੇਵਾਵਾਂ ਨੂੰ ਵੇਖਦਿਆਂ ਉਨ੍ਹਾਂ ਨੂੰ ‘ਪਦਮ ਸ੍ਰੀ’ ਦੇ ਪੁਰਸਕਾਰ ਨਾਲ ਸਨਮਾਨਿਆ ਗਿਆ ਸੀ। ਸਸਕਾਰ ਮੌਕੇ ਡੀ. ਜੀ. ਪੀ. ਪਰਮਦੀਪ ਸਿੰਘ ਗਿੱਲ, ਡੀ. ਜੀ. ਪੀ. ਸ੍ਰੀ ਸ਼ਸ਼ੀ ਕਾਂਤ, ਮਿਜ਼ੋਰਮ ਦੇ ਰਾਜਪਾਲ ਸ੍ਰੀ ਗੁਰਬਚਨ ਜਗਤ, ਸ: ਸਰਬਜੀਤ ਸਿੰਘ ਅਤੇ ਸ੍ਰੀ ਏ. ਪੀ. ਪਾਂਡੇ (ਦੋਵੇਂ ਸੇਵਾ ਮੁਕਤ ਡੀ. ਜੀ. ਪੀ.) ਸਮੇਤ ਸੈਂਕੜੇ ਪੁਲਿਸ ਅਧਿਕਾਰੀ ਅਤੇ ਸਿਆਸੀ ਹਸਤੀਆਂ ਹਾਜ਼ਰ ਸਨ।

ਮੈਨੂੰ ਪਾਰਟੀ ’ਚੋਂ ਕੱਢਣਾ ਲੰਬੀ ਸਾਜ਼ਿਸ਼ ਦਾ ਹਿੱਸਾ-ਮਨਪ੍ਰੀਤ


ਮੰਡੀ ਕਿੱਲਿਆਂਵਾਲੀ, 21 ਅਕਤੂਬਰ - ਸਾਬਕਾ ਵਿੱਤ ਮੰਤਰੀ ਸ: ਮਨਪ੍ਰੀਤ ਸਿੰਘ ਬਾਦਲ ਨੇ ਅਕਾਲੀ ਦਲ ਦੀ ਅਨੁਸ਼ਾਸਨ ਕਮੇਟੀ ਵੱਲੋਂ ਉਨ੍ਹਾਂ ਨੂੰ ਪਾਰਟੀ ਵਿਚੋਂ ਕੱਢਣ ਦੀ ਕਾਰਵਾਈ ਨੂੰ ਲੰਬੇ ਸਮੇਂ ਤੋਂ ਵਿੱਢੀ ਸਾਜ਼ਿਸ਼ੀ ਮੁਹਿੰਮ ਦਾ ਹਿੱਸਾ ਕਰਾਰ ਦਿੱਤਾ। ਇਸੇ ਕਰਕੇ ਉਨ੍ਹਾਂ ਨੇ ਇਸ ਕਮੇਟੀ ਸਨਮੁੱਖ ਪੇਸ਼ ਨਾ ਹੋਣ ਦਾ ਫ਼ੈਸਲਾ ਕੀਤਾ। ਅੱਜ ਅਨੁਸ਼ਾਸਨ ਕਮੇਟੀ ਦੀ ਸਿਫ਼ਾਰਸ਼ ਤੋਂ ਬਾਅਦ ਪਿੰਡ ਬਾਦਲ ਵਿਖੇ ਆਪਣੀ ਰਿਹਾਇਸ਼ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਵਿੱਤ ਮੰਤਰੀ ਨੇ ਕਿਹਾ ਕਿ ਪਾਰਟੀ ’ਚੋਂ ਉਨ੍ਹਾਂ ਨੂੰ ਮੁਅੱਤਲ ਕਰਨ ਤੋਂ ਲੈ ਕੇ ਪਾਰਟੀ ’ਚੋਂ ਕੱਢਣ ਦੀ ਕਾਰਵਾਈ ਤੱਕ ਦੇ ਸਾਰੇ ਘਟਨਾਕ੍ਰਮ ਬਾਰੇ ਪੂਰਾ ਪ੍ਰਤੀਕਰਮ ਕੱਲ੍ਹ ਚੰਡੀਗੜ੍ਹ ਵਿਖੇ ਸ਼ਾਮ ਤਿੰਨ ਵਜੇ ਹੋ ਰਹੀ ਪ੍ਰੈਸ ਕਾਨਫ਼ਰੰਸ ਵਿਚ ਕਰਨਗੇ। ਇਸੇ ਦੌਰਾਨ ਉਨ੍ਹਾਂ ਅੱਜ ਆਪਣੇ ਪਿਤਾ ਸ: ਗੁਰਦਾਸ ਸਿੰਘ ਬਾਦਲ ਨਾਲ ਵੀ ਵਿਚਾਰ-ਵਟਾਂਦਰਾ ਕੀਤਾ। ਸਵ: ਸਾਬਕਾ ਲੋਕ ਸਭਾ ਮੈਂਬਰ ਜ਼ੋਰਾ ਸਿੰਘ ਮਾਨ ਦੇ ਸਪੁੱਤਰ ਵਰਦੇਵ ਸਿੰਘ ਮਾਨ ਤੇ ਗੁਰੂ ਹਰਸਹਾਏ ਦੇ ਸਾਬਕਾ ਵਿਧਾਇਕ ਪਰਮਜੀਤ ਸਿੰਘ ਸੰਧੂ ਤੇ ਅਰਮਜੀਤ ਸਿੰਘ ਚੇਅਰਮੈਨ ਬਲਾਕ ਸੰਮਤੀ ਸਮੇਤ ਸੈਂਕੜੇ ਲੋਕਾਂ ਨੇ ਮਨਪ੍ਰੀਤ ਸਿੰਘ ਬਾਦਲ ਨਾਲ ਮੁਲਾਕਾਤ ਕੀਤੀ। ਕਾਂਗਰਸ ਵਿਚ ਸ਼ਾਮਿਲ ਹੋਣ ਦੀਆਂ ਕਨਸੋਆਂ ਬਾਰੇ ਪੁੱਛੇ ਜਾਣ ’ਤੇ ਮਨਪ੍ਰੀਤ ਸਿੰਘ ਬਾਦਲ ਨੇ ਕੋਰੀ ਨਾਂਹ ਕਰਦਿਆਂ ਕਿਹਾ ਕਿ 47-48 ਸਾਲ ਦੀ ਜ਼ਿੰਦਗੀ ਵਿਚ ਜਿਹੜੀ ਪਾਰਟੀ ਲਈ ਜ਼ਹਿਰ ਦੇ ਵੱਡੀ ਤਾਦਾਦ ਵਿਚ ਟੀਕੇ ਲੱਗ ਚੁੱਕੇ ਹਨ ਉੱਥੇ ਜਾਣ ਦਾ ਕੋਈ ਸੁਆਲ ਹੀ ਪੈਦਾ ਨਹੀਂ ਹੁੰਦਾ। ਭਵਿੱਖ ਦੇ ਸਿਆਸੀ ਸਟੈਂਡ ਬਾਬਤ ਉਨ੍ਹਾਂ ਕਿਹਾ ਕਿ ਅਜੇ ਸਮੱਰਥਕਾਂ ਅਤੇ ਸਾਥੀਆਂ ਨਾਲ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ। ਸ: ਮਨਪ੍ਰੀਤ ਸਿੰਘ ਬਾਦਲ ਨੇ ਅਕਾਲੀ ਦਲ ਦਾ ਅਨੁਸ਼ਾਸਨ ਭੰਗ ਕਰਨ ਸਬੰਧੀ ਦੋਸ਼ਾਂ ਨੂੰ ਮੁੱਢੋਂ ਤੋਂ ਖਾਰਜ ਕਰਦਿਆਂ ਆਖਿਆ ਕਿ ਉਨ੍ਹਾਂ ਨਾ ਤਾਂ ਪਾਰਟੀ ਦੇ ਕਿਸੇ ਫ਼ੈਸਲੇ ਦਾ ਵਿਰੋਧ ਕੀਤਾ ਹੈ ਤੇ ਨਾ ਹੀ ਵਿੱਪ ਦੀ ਉ¦ਘਣਾ। ਆਰਥਿਕ ਹਾਲਾਤਾਂ ਬਾਰੇ ਜੋ ਵੀ ਅਤੀਤ ਵਿਚ ਉਨ੍ਹਾਂ ਨੇ ਵਿਚਾਰ ਪੇਸ਼ ਕੀਤੇ ਸਨ, ਉਹ ਵਿੱਤ ਮੰਤਰੀ ਦੇ ਅਧਿਕਾਰ ਖੇਤਰ ਵਿਚ ਹੀ ਆਉਂਦੇ ਹਨ, ਇਸ ਲਈ ਅਨੁਸ਼ਾਸਨ ਦੀ ਉ¦ਘਣਾ ਦਾ ਸੁਆਲ ਕਿਥੋਂ ਪੈਦਾ ਹੋ ਗਿਆ। ਉਨ੍ਹਾਂ ਕਿਹਾ ਕਿ ਹਿੰਦੁਸਤਾਨ ਦੇ ਸੰਵਿਧਾਨ ਅਨੁਸਾਰ ਮੰਤਰੀ ਮੰਡਲ ਦਾ ਕੋਈ ਵੀ ਮੈਂਬਰ ਮੁੱਖ ਮੰਤਰੀ ਅਤੇ ਰਾਜ ਦੇ ਰਾਜਪਾਲ ਨੂੰ ਜਵਾਬਦੇਹ ਹੁੰਦਾ ਹੈ। ਉਨ੍ਹਾਂ ਬੀਤੇ ਦਿਨ ਪਿੰਡ ਬਾਦਲ ’ਚ ਉਪ-ਮੁੱਖ ਮੰਤਰੀ ਵੱਲੋਂ ਬੁਲਾਈ ਮੀਟਿੰਗ ’ਚ ਵਿਅਕਤੀਆਂ ਬਾਰੇ ਕਿਹਾ ਕਿ ਉਹ ਲੋਕ ਤਾਂ ਪਹਿਲਾਂ ਹੀ ਲੋਕਾਂ ਦੇ ਨੱਕੋਂ-ਬੁੱਲ੍ਹੋਂ ਲਹੇ ਹੋਏ ਲੋਕ ਸਨ। ਇਸ ਮੌਕੇ ਗਿੱਦੜਬਾਹਾ ਹਲਕੇ ਵਿਚ ਨਵੇਂ ਜ਼ੋਨ ਇੰਚਾਰਜ਼ਾਂ ਦੀ ਨਿਯੁਕਤੀ ਵੀ ਕੀਤੀ ਗਈ। ਸਾਬਕਾ ਵਿੱਤ ਮੰਤਰੀ ਨੇ ਆਪਣੇ ਵਿਰੋਧੀਆਂ ’ਤੇ ਮੋੜਵਾਂ ਵਾਰ ਕਰਦਿਆਂ ਕਿਹਾ ਕਿ ਕੋਈ ਵੀ ਪਾਰਟੀ ਦੇਸ਼, ਕੌਮ ਜਾਂ ਸੂਬੇ ਤੋਂ ੳ¤ੁਪਰ ਨਹੀਂ ਹੁੰਦੀਆਂ, ਇਕ ਪਾਰਟੀ ਵਜੋਂ ਅਕਾਲੀ ਦਲ ਨੂੰ ਵੀ ਕਿਸੇ ਵਿਅਕਤੀ ਵਿਸ਼ੇਸ਼ ਜਾਂ ਵਿਅਕਤੀਆਂ ਦੀ ਬਜਾਏ ਸੂਬੇ ਦੇ ਹਿੱਤਾਂ ਨੂੰ ਪਹਿਲ ਦੇਣੀ ਚਾਹੀਦੀ ਹੈ। ਅੱਜ ਸਵੇਰ ਤੋਂ ਲੈ ਕੇ ਬਾਅਦ ਦੁਪਹਿਰ ਤੱਕ ਮਨਪ੍ਰੀਤ ਸਿੰਘ ਨੇ ਗਿੱਦੜਬਾਹਾ ਹਲਕੇ ਦੇ ਅਕਾਲੀ ਵਰਕਰਾਂ ਤੇ ਸਨੇਹੀਆਂ ਨਾਲ ਵਿਚਾਰ ਕੀਤਾ, ਜਿਨ੍ਹਾਂ ਨੇ ਉਨ੍ਹਾਂ ਦੀ ਹਿਮਾਇਤ ਦਾ ਭਰੋਸਾ ਦਿਵਾਇਆ।


<< Start < Prev 341 342 343 344 345 346 347 348 349 350 Next > End >>

ਮੁੱਖ ਖ਼ਬਰਾਂ : 

ਖੇਡ ਖ਼ਬਰਾ : 

ਪੰਜਾਬ ਖ਼ਬਰਾਂ : 

ਨਵੇਂ ਲੇਖ : 

 

Random Video 

Latest Added Magzine 

Advertisement

Advertisement
Advertisement
Advertisement