Advertisement

ਮਿਊਂਸਪਲ ਚੋਣਾਂ : ਨਾਮਜ਼ਦਗੀਆਂ ਦੇ ਆਖ਼ਰੀ ਦਿਨ ਬਾਘਾ ਪੁਰਾਣਾ, ਮੱਲਾਂਵਾਲਾ ਤੇ ਰਾਜਪੁਰਾ 'ਚ ਝੜਪਾਂ
*ਬਾਘਾ ਪੁਰਾਣਾ ਦਾ ਐੱਸ.ਡੀ.ਐੱਮ. ਦਫ਼ਤਰ ਬਣਿਆ ਯੁੱਧ ਦਾ ਮੈਦਾਨ *ਮੱਲਾਂਵਾਲਾ 'ਚ ਇੱਟਾਂ-ਰੋੜੇ ਚੱਲੇ, ਹਵਾ 'ਚ ਗੋਲੀਆਂ ਚਲਾਈਆਂ *ਰਾਜਪੁਰਾ ਵਿਚ ਕਾਂਗਰਸੀ ਤੇ ਅਕਾਲੀ ਆਗੂ ਹੋਏ ਹੱਥੋਪਾਈ
ਬਾਘਾ ਪੁਰਾਣਾ (ਮੋਗਾ), ਮੱਲਾਂਵਾਲਾ (ਫਿਰੋਜ਼ਪੁਰ), ਰਾਜਪੁਰਾ (ਪਟਿਆਲਾ), 6 ਦਸੰਬਰ (ਬਲਰਾਜ ਸਿੰਗਲਾ, ਗੁਰਦੇਵ ਸਿੰਘ, ਸੁਰਜਨ ਸਿੰਘ ਸੰਧੂ, ਰਣਜੀਤ ਸਿੰਘ)-ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਸਬੰਧੀ ਨਾਮਜ਼ਦਗੀਆਂ ਦਾਖਲ ਕਰਨ ਦੇ ਆਖਰੀ ਦਿਨ ਅੱਜ ਵੱਖ-ਵੱਖ ਥਾਵਾਂ 'ਤੇ ਅਕਾਲੀ-ਭਾਜਪਾ ਅਤੇ ਕਾਂਗਰਸੀ ਉਮੀਦਵਾਰਾਂ ਦੇ ਸਮਰਥਕਾਂ 'ਚ ਝੜਪਾਂ ਹੋਣ ਦੀਆਂ ਖਬਰਾਂ ਮਿਲੀਆਂ ਹਨ। ਬਾਘਾ ਪੁਰਾਣਾ 'ਚ ਐਸ. ਡੀ. ਐਮ. ਦਫ਼ਤਰ ਉਸ ਵੇਲੇ ਯੁੱਧ ਦਾ ਮੈਦਾਨ ਬਣ ਗਿਆ ਜਦੋਂ ਅਕਾਲੀ-ਭਾਜਪਾ ਅਤੇ ਕਾਂਗਰਸੀ ਉਮੀਦਵਾਰਾਂ ਦੇ ਸਮਰਥਕਾਂ ਵਿਚ ਬਹਿਸਬਾਜ਼ੀ ਕੁੱਟਮਾਰ 'ਚ ਤਬਦੀਲ ਹੋ ਗਈ। ਇਸੇ ਤਰ੍ਹਾਂ ਮੱਲਾਂਵਾਲਾ 'ਚ ਨਗਰ ਪੰਚਾਇਤ ਲਈ ਨਾਮਜ਼ਦਗੀ ਲਈ ਪੁੱਜੇ ਅਕਾਲੀ ਤੇ ਕਾਂਗਰਸੀ ਸਮਰਥਕਾਂ ਦਰਮਿਆਨ ਖੂਬ ਇੱਟਾਂ ਰੋੜੇ ਚੱਲੇ ਅਤੇ ਹਵਾ 'ਚ ਗੋਲੀਆਂ ਵੀ ਚਲਾਈਆਂ ਗਈਆਂ ਅਤੇ ਕਈ ਅਕਾਲੀ ਆਗੂਆਂ ਤੇ ਵਰਕਰਾਂ ਦੀਆਂ ਗੱਡੀਆਂ ਵੀ ਭੰਨੇ ਜਾਣ ਦੀ ਸੂਚਨਾ ਹੈ। ਉਧਰ ਨਗਰ ਪੰਚਾਇਤ ਘਨੌਰ ਲਈ ਨਾਮਜ਼ਦਗੀ ਦਾਖਲ ਕਰਨ ਸਮੇਂ ਕਾਂਗਰਸ ਤੇ ਅਕਾਲੀ ਦਲ ਦੇ ਆਗੂ ਆਪਸ 'ਚ ਉਲਝ ਗਏ ਅਤੇ ਹੱਥੋਪਾਈ ਦੌਰਾਨ ਕਈ ਆਗੂਆਂ ਦੀਆਂ ਪੱਗਾਂ ਵੀ ਲੱਥ ਗਈਆਂ।

ਨਗਰ ਕੌਂਸਲ ਬਾਘਾ ਪੁਰਾਣਾ ਦੀਆਂ ਚੋਣਾਂ ਸਬੰਧੀ ਨਾਮਜ਼ਦਗੀ ਪੱਤਰ ਦਾਖਲ ਕਰਨ ਲਈ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਅਤੇ ਕਾਂਗਰਸ ਦੇ ਆਗੂ ਸਥਾਨਕ ਐੱਸ. ਡੀ. ਐੱਮ ਦਫ਼ਤਰ ਵਿਚ ਆਪਣੇ ਉਮੀਦਵਾਰਾਂ ਅਤੇ ਸਾਥੀਆਂ ਸਮੇਤ ਵਹੀਰਾਂ ਘੱਤ ਕੇ ਪੁੱਜੇ। ਬੇਸ਼ੱਕ ਪ੍ਰਸ਼ਾਸਨ ਅਤੇ ਪੁਲਿਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ਪਰ ਫਿਰ ਵੀ ਨਾਮਜ਼ਦਗੀ ਪੱਤਰ ਭਰਨ ਵੇਲੇ ਦੋਹਾਂ ਧਿਰਾਂ ਦੇ ਵਰਕਰਾਂ 'ਚ ਭਾਰੀ ਮਾਰਕੁੱਟ ਹੋਣ ਕਰ ਕੇ ਐਸ. ਡੀ. ਐਮ ਦਫ਼ਤਰ ਦਾ ਵਿਹੜਾ ਯੁੱਧ ਦੇ ਮੈਦਾਨ ਵਿਚ ਤਬਦੀਲ ਹੋ ਗਿਆ। ਕਈ ਅਕਾਲੀ ਆਗੂਆਂ ਨੇ ਭੱਜ ਕੇ ਆਪਣੀ ਜਾਨ ਬਚਾਈ, ਕਈਆਂ ਦੀਆਂ ਪੱਗਾਂ ਲੱਥੀਆਂ ਅਤੇ ਕਈ ਜ਼ਖ਼ਮੀ ਵੀ ਹੋ ਗਏ। ਅੱਜ ਬਾਘਾ ਪੁਰਾਣਾ ਨਗਰ ਕੌਂਸਲ ਲਈ ਐੱਸ. ਡੀ. ਐੱਮ ਦਫ਼ਤਰ ਵਿਚ ਅਮਰਬੀਰ ਸਿੰਘ ਸਿੱਧੂ ਕੋਲ 20 ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ। ਇਸ ਮੌਕੇ ਅਕਾਲੀ-ਭਾਜਪਾ ਦੇ ਸਿਰਫ਼ ਇੱਕ ਉਮੀਦਵਾਰ ਦੇ ਹੀ ਨਾਮਜ਼ਦਗੀ ਪੱਤਰ ਦਾਖਲ ਹੋ ਸਕੇ। ਇਸ ਮੌਕੇ ਬੇਸ਼ੱਕ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰ ਆਪਣੇ ਆਗੂ ਜ਼ਿਲ੍ਹਾ ਪ੍ਰਧਾਨ ਜਥੇਦਾਰ ਤੀਰਥ ਸਿੰਘ ਮਾਹਲਾ, ਚੇਅਰਮੈਨ ਜਗਤਾਰ ਸਿੰਘ ਰਾਜੇਆਣਾ, ਜ਼ਿਲ੍ਹਾ ਸ਼ਹਿਰੀ ਪ੍ਰਧਾਨ ਬਾਲ ਕ੍ਰਿਸ਼ਨ ਬਾਲੀ, ਜਸਪ੍ਰੀਤ ਸਿੰਘ ਜੱਸ ਮਾਹਲਾ, ਚੇਅਰਮੈਨ ਹਰਮੇਲ ਸਿੰਘ ਮੌੜ, ਸਰਕਲ ਪ੍ਰਧਾਨ ਬਲਤੇਜ ਸਿੰਘ ਲੰਗੇਆਣਾ, ਕਰਨਲ ਦਰਸ਼ਨ ਸਿੰਘ ਸਮਾਧ ਭਾਈ, ਅਮਰਜੀਤ ਸਿੰਘ ਮਾਣੂੰਕੇ ਅਤੇ ਹੋਰਨਾਂ ਆਗੂਆਂ ਸਮੇਤ ਐਸ. ਡੀ. ਐਮ ਦਫ਼ਤਰ ਤੱਕ ਪੁੱਜੇ, ਪਰ ਜਥੇ: ਤੀਰਥ ਸਿੰਘ ਮਾਹਲਾ, ਬਾਲ ਕ੍ਰਿਸ਼ਨ ਬਾਲੀ, ਚੇਅਰਮੈਨ ਜਗਤਾਰ ਸਿੰਘ ਰਾਜੇਆਣਾ ਹੀ ਅੰਦਰ ਜਾ ਸਕੇ। ਕਾਂਗਰਸ ਦੇ 19 ਉਮੀਦਵਾਰਾਂ ਨੇ ਵਿਧਾਇਕ ਦਰਸ਼ਨ ਸਿੰਘ ਬਰਾੜ, ਉਨ੍ਹਾਂ ਦੇ ਸਪੁੱਤਰ ਕਮਲਜੀਤ ਸਿੰਘ ਬਰਾੜ, ਜ਼ਿਲ੍ਹਾ ਪ੍ਰਧਾਨ ਕਰਨਲ ਬਾਬੂ ਸਿੰਘ, ਬੀਬੀ ਅਮਰਜੀਤ ਕੌਰ ਬਰਾੜ, ਬਾਬਾ ਜਗਸੀਰ ਸਿੰਘ ਗਿੱਲ ਕਾਲੇ ਕੇ ਅਤੇ ਹੋਰਨਾਂ ਆਗੂਆਂ ਸਮੇਤ ਐੱਸ.ਡੀ.ਐੱਮ ਦਫ਼ਤਰ ਵਿਖੇ ਪਹੁੰਚ ਕੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਇਸੇ ਦੌਰਾਨ ਐਸ. ਡੀ. ਐਮ. ਦਫ਼ਤਰ ਦੇ ਵਿਹੜੇ ਵਿਚ ਖੜ੍ਹੇ ਅਕਾਲੀ ਆਗੂ ਜਦੋਂ ਐੱਸ. ਡੀ. ਐੱਮ. ਦਫ਼ਤਰ ਅੰਦਰ ਦਾਖਲ ਹੋਣ ਲਈ ਯਤਨਸ਼ੀਲ ਸਨ ਤਾਂ ਕਾਂਗਰਸੀ ਆਗੂਆਂ ਅਤੇ ਅਕਾਲੀ ਆਗੂਆਂ ਵਿਚ ਨਾਅਰੇਬਾਜ਼ੀ ਸ਼ੁਰੂ ਹੋ ਗਈ ਅਤੇ ਗੱਲ ਵਧ ਕੇ ਕੁੱਟਮਾਰ 'ਚ ਬਦਲ ਗਈ। ਇਸ ਮੌਕੇ ਤਾਇਨਾਤ ਸੁਰੱਖਿਆ ਦਸਤੇ ਵੀ ਮਾਰਕੁੱਟ ਅੱਗੇ ਬੇਵੱਸ ਲੱਗ ਰਹੇ ਸਨ। ਜ਼ਿਲ੍ਹਾ ਐੱਸ. ਪੀ. ਡੀ. ਵਜੀਰ ਸਿੰਘ ਨੇ ਆਉਂਦਿਆਂ ਹੀ ਵਿਗੜੇ ਹੋਏ ਮਾਹੌਲ ਨੂੰ ਦੇਖ ਕੇ ਸੁਰੱਖਿਆ ਦਸਤਿਆਂ ਨੂੰ ਕਾਬੂ ਪਾਉਣ ਲਈ ਕਿਹਾ ਜਿਸ 'ਤੇ ਸੁਰੱਖਿਆ ਦਸਤਿਆਂ ਨੇ ਡਾਂਗਾਂ ਨਾਲ ਕੁੱਟ ਮਾਰ ਦਾ ਡਰਾਮਾ ਜਿਹਾ ਕਰਕੇ ਵਰਕਰਾਂ ਨੂੰ ਖਦੇੜਿਆ ਪਰ ਫਿਰ ਵੀ ਇਸ ਮਾਰਕੁੱਟ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਬਜ਼ੁਰਗ ਆਗੂ ਅਤੇ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਜਥੇਦਾਰ ਹਰਮੇਲ ਸਿੰਘ ਮੌੜ ਦੀ ਮਾਰ ਕੁੱਟ ਹੋਈ ਅਤੇ ਉਨ੍ਹਾਂ ਦੀ ਪੱਗ ਵੀ ਲੱਥ ਗਈ। ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਪਵਨ ਢੰਡ ਦੀ ਬਾਹ ਟੁੱਟ ਗਈ। ਅਕਾਲੀ ਆਗੂ ਸ਼ਿਵ ਸ਼ਰਮਾ ਨੇ ਇਕ ਵਕੀਲ ਦੇ ਚੈਂਬਰ 'ਚ ਆਸਰਾ ਲਿਆ। ਇਸ ਮੌਕੇ ਜਥੇਦਾਰ ਤੀਰਥ ਸਿੰਘ ਮਾਹਲਾ ਅਤੇ ਹੋਰਨਾਂ ਅਕਾਲੀ ਆਗੂਆਂ ਨੇ ਦੱਸਿਆ ਕਿ ਕਈ ਆਗੂ ਅਤੇ ਵਰਕਰ ਫੱਟੜ ਹੋਏ ਹਨ ਜੋ ਵੱਖ-ਵੱਖ ਥਾਵਾਂ 'ਤੇ ਆਪਣਾ ਇਲਾਜ ਕਰਵਾ ਰਹੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਪੁਲਿਸ ਅਤੇ ਪ੍ਰਸ਼ਾਸਨ ਦੀ ਮਿਲੀਭੁਗਤ ਕਰਕੇ ਸਾਡੇ ਨਾਲ ਧੱਕੇਸ਼ਾਹੀ ਹੋਈ। ਸਾਡੀ ਇੱਕ ਉਮੀਦਵਾਰ ਕਮਲਜੀਤ ਕੌਰ ਵਾਰਡ ਨੰਬਰ 11 ਤੋਂ ਇਸ ਕਰਕੇ ਨਾਮਜ਼ਦਗੀ ਪੱਤਰ ਭਰਨ 'ਚ ਸਫਲ ਹੋ ਗਈ ਕਿ ਉਸ ਨੂੰ ਕਾਂਗਰਸੀ ਵਰਕਰ ਸਮਝਦੇ ਰਹੇ। ਜਥੇ: ਤੀਰਥ ਸਿੰਘ ਮਾਹਲਾ ਨੇ ਚੋਣ ਅਬਜ਼ਰਵਰ ਤੇਜਿੰਦਰਪਾਲ ਸਿੰਘ ਧਾਲੀਵਾਲ ਨੂੰ ਸ਼ਿਕਾਇਤ ਪੱਤਰ ਦਿੱਤਾ ਅਤੇ ਪ੍ਰਸ਼ਾਸਨ ਦੀ ਧੱਕੇਸ਼ਾਹੀ ਤੋਂ ਜਾਣੂ ਕਰਵਾਇਆ। ਇਸ ਮੌਕੇ ਵਿਧਾਇਕ ਦਰਸ਼ਨ ਸਿੰਘ ਬਰਾੜ, ਕਮਲਜੀਤ ਸਿੰਘ ਬਰਾੜ ਅਤੇ ਹੋਰਨਾਂ ਕਾਂਗਰਸੀ ਆਗੂਆਂ ਨੇ ਅਕਾਲੀ ਆਗੂਆਂ ਵੱਲੋਂ ਲਗਾਏ ਦੋਸ਼ਾਂ ਨੂੰ ਮੁੱਢੋਂ ਹੀ ਨਕਾਰਦਿਆ ਕਿਹਾ ਕਿ ਅਸੀਂ ਅਕਾਲੀਆਂ ਨੂੰ ਨਾਮਜ਼ਦਗੀ ਪੱਤਰ ਭਰਨ ਦਾ ਪੂਰਾ ਮੌਕਾ ਦਿੱਤਾ। ਉਹ ਆਪਣੇ ਨਾਮਜ਼ਦਗੀ ਪੱਤਰ ਲੈ ਕੇ ਨਹੀਂ ਆਏ, ਅਕਾਲੀਆਂ ਵੱਲੋਂ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰਾਂ ਵਾਲੀਆਂ ਫਾਈਲਾਂ ਪਾੜਨ ਦੇ ਦੋਸ਼ਾਂ ਨੂੰ ਵੀ ਨਕਾਰਿਆ। ਇਸ ਮੌਕੇ ਚੋਣ ਅਬਜ਼ਰਵਰ ਤੇਜਿੰਦਰਪਾਲ ਸਿੰਘ ਨਾਲ ਪੱਤਰਕਾਰਾਂ ਵੱਲੋਂ ਗੱਲ ਕਰਨ 'ਤੇ ਉਨ੍ਹਾਂ ਕੋਈ ਵੀ ਜਾਣਕਾਰੀ ਦੇਣ ਤੋਂ ਏਨਾ ਕਹਿ ਕੇ ਪੱਲਾ ਛੁਡਾ ਲਿਆ ਕਿ ਉਨ੍ਹਾਂ ਨੂੰ ਜੋ ਅਕਾਲੀ ਆਗੂਆਂ ਵੱਲੋਂ ਸ਼ਿਕਾਇਤ ਪੱਤਰ ਮਿਲਿਆ ਹੈ ਉਹ ਉਸ ਦੀ ਜਾਂਚ ਕਰਵਾਉਣਗੇ ਅਤੇ ਸਮੁੱਚੀ ਰਿਪੋਰਟ ਚੋਣ ਕਮਿਸ਼ਨ ਪੰਜਾਬ ਨੂੰ ਭੇਜਣਗੇ। ਇਸ ਮੌਕੇ ਰਿਟਰਨਿੰਗ ਅਫ਼ਸਰ ਕਮ ਐੱਸ. ਡੀ. ਐੱਮ ਅਮਰਬੀਰ ਸਿੰਘ ਸਿੱਧੂ ਨੇ ਵੀ ਚੋਣਾਂ ਸਬੰਧੀ ਆਪਣੇ ਦਫ਼ਤਰ ਦੇ ਅੱਗੇ ਹੋਈ ਮਾਰਕੁੱਟ ਬਾਰੇ ਅਗਿਆਨਤਾ ਪ੍ਰਗਟਾਈ ਅਤੇ ਇਹ ਵੀ ਦੱਸਿਆ ਕਿ ਉਨ੍ਹਾਂ ਨੂੰ ਮਾਰਕੁੱਟ ਸਬੰਧੀ ਕੋਈ ਵੀ ਸ਼ਿਕਾਇਤ ਪੱਤਰ ਜੋ ਪੁਲਿਸ ਕੋਲ ਪੁੱਜਿਆ ਹੋਵੇ ਬਾਰੇ ਜਾਣਕਾਰੀ ਹਾਸਲ ਨਹੀਂ ਹੋਈ, ਜੇਕਰ ਕੋਈ ਵੀ ਜਾਣਕਾਰੀ ਮਿਲੀ ਤਾਂ ਉਸ ਬਾਰੇ ਬਣਦੀ ਕਾਰਵਾਈ ਕੀਤੀ ਜਾਵੇਗੀ। 

 

ਮੁੱਖ ਖ਼ਬਰਾਂ : 

ਖੇਡ ਖ਼ਬਰਾ : 

ਪੰਜਾਬ ਖ਼ਬਰਾਂ : 

ਨਵੇਂ ਲੇਖ : 

 

Random Video 

Latest Added Magzine 

Advertisement

Advertisement
Advertisement
Advertisement