Advertisement

ਅਜੋਕੇ ਦਰੋਣਾਚਾਰੀਆ ਜਿਨ੍ਹਾਂ ਲਈ ਅਰਜੁਨ ਤੋਂ ਵਧ ਕੇ ਹੈ ਏਕਲਵਿਆ


ਬਠਿੰਡਾ - ਪੰਜਾਬ ਵਿੱਚ ਏਦਾਂ ਦੇ ਗੁਰੂ ਵੀ ਹਨ, ਜੋ ਖ਼ੁਦ ਚੁੱਪ ਰਹਿੰਦੇ ਹਨ ਪਰ ਉਨ੍ਹਾਂ ਦੇ ਕੰਮ ਬੋਲਦੇ ਹਨ। ਉਨ੍ਹਾਂ ਲਈ ‘ਪੁਰਸਕਾਰ’ ਕੋਈ ਮਾਅਨੇ ਨਹੀਂ ਰੱਖਦਾ। ਉਹ ਕਾਮਯਾਬ ਸ਼ਾਗਿਰਦਾਂ ਵਿੱਚੋਂ ਆਪਣੇ ਐਵਾਰਡ ਦੇਖਦੇ ਹਨ। ਉਹ ਤਾਂ ਅਜਿਹੇ ਆਲ੍ਹਣੇ ਹਨ, ਜੋ ਵਿੱਤੀ ਪੱਖੋਂ ਕਮਜ਼ੋਰ ਸ਼ਾਗਿਰਦਾਂ ਨੂੰ ਪਨਾਹ ਦਿੰਦੇ ਹਨ। ਉਨ੍ਹਾਂ ਨੂੰ ਖੁੱਲ੍ਹੇ ਆਕਾਸ਼ ਵਿੱਚ ਉਡਣ ਦੇ ਕਾਬਲ ਬਣਾਉਂਦੇ ਹਨ। ਇਨ੍ਹਾਂ ਅਧਿਆਪਕਾਂ ਨੇ ਕੋਈ ਐਵਾਰਡ ਨਾ ਲੈਣ ਦੀ ਸਹੁੰ ਖਾਧੀ ਹੈ। ਭਲਕੇ ਅਧਿਆਪਕ ਦਿਵਸ ਹੈ ਅਤੇ ਇਸ ਦਿਵਸ ਮੌਕੇ ਉਹ ਸਵੈ ਪੜਚੋਲ ਹੀ ਕਰਦੇ ਹਨ।
ਫ਼ਿਰੋਜ਼ਪੁਰ ਦੇ ਪਿੰਡ ਮਹਾਲਮ ਦਾ ਸਰਕਾਰੀ ਪ੍ਰਾਇਮਰੀ ਸਕੂਲ ਮੀਂਹ ਪੈਣ ਉਤੇ ਦਰਿਆ ਬਣ ਜਾਂਦਾ ਸੀ। ਉਦੋਂ ਅਧਿਆਪਕ ਮਹਿੰਦਰ ਸਿੰਘ ਸ਼ੈਲੀ ਨੇੜਲੇ ਰੇਲਵੇ ਸਟੇਸ਼ਨ ਦੇ ਸ਼ੈੱਡਾਂ ਹੇਠ ਸਕੂਲ ਲਾਉਂਦਾ ਸੀ। ਪੰਚਾਇਤ ਤੋਂ ਭਰੋਸਾ ਲਿਆ ਤੇ ਸਰਕਾਰ ਤੋਂ ਗਰਾਂਟਾਂ। ਦਿਨਾਂ ਵਿੱਚ ਸਕੂਲ ਦਾ ਨਕਸ਼ਾ ਬਦਲ ਦਿੱਤਾ। ਸਕੂਲ ਵਿੱਚ ਇਕਲੌਤਾ ਰੈਗੂਲਰ ਅਧਿਆਪਕ ਹੈ, ਜਿਸ ਨੇ ਆਧੁਨਿਕ ਕੈਂਪਸ ਬਣਾ ਦਿੱਤਾ ਹੈ। ਡਾਇਰੈਕਟਰ ਜਨਰਲ ਨੇ ਦੋ ਦਫ਼ਾ ਸਕੂਲ ਨੂੰ ਪ੍ਰਸੰਸਾ ਪੱਤਰ ਭੇਜੇ। ਅਗਲੇ ਵਰ੍ਹੇ ਤੋਂ ਇਹ ਅਧਿਆਪਕ ਸਕੂਲ ਵਿੱਚ ਸਮਾਰਟ ਕਲਾਸਾਂ ਸ਼ੁਰੂ ਕਰ ਰਿਹਾ ਹੈ। ਜਦੋਂ ਨਮੂਨੇ ਦਾ ਸਕੂਲ ਦਿਖਾਉਣਾ ਹੋਵੇ ਤਾਂ ਸਿੱਖਿਆ ਮਹਿਕਮਾ ਇਸ ਸਕੂਲ ਵੱਲ ਮੂੰਹ ਕਰ ਲੈਂਦਾ ਹੈ। ਅਧਿਆਪਕ ਮਹਿੰਦਰ ਸ਼ੈਲੀ ਦੱਸਦਾ ਹੈ ਕਿ ਮਹਿਕਮੇ ਨੇ ਕਈ ਦਫ਼ਾ ਐਵਾਰਡ ਵਾਸਤੇ ਬਿਨੈ ਕਰਨ ਲਈ ਆਖਿਆ ਪਰ ਉਸ ਦਾ ਐਵਾਰਡ ਸਫ਼ਲ ਹੋਏ ਬੱਚੇ ਹਨ।
ਫਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਪੰਜੋਲੀ ਕਲਾਂ ਦੇ ਸਰਕਾਰੀ ਸਕੂਲ ਦੀ ਅਧਿਆਪਕਾ ਬਲਵਿੰਦਰ ਕੌਰ ਦੀ ਜਦੋਂ ਸਰਕਾਰ ਨੇ ਇਕ ਦਫ਼ਾ ਬਦਲੀ ਕਰ ਦਿੱਤੀ ਤਾਂ ਪੂਰੇ ਪਿੰਡ ਨੇ ਸੜਕ ਜਾਮ ਕਰ ਦਿੱਤੀ। 19 ਵਰ੍ਹਿਆਂ ਤੋਂ ਪਿੰਡ ਵਾਲੇ ਉਸ ਨੂੰ ਸਕੂਲ ਵਿੱਚੋਂ ਜਾਣ  ਨਹੀਂ ਦੇ ਰਹੇ। ਗਰੀਬ ਬੱਚਿਆਂ ਦੀਆਂ ਫੀਸਾਂ, ਗਰੀਬ ਲੜਕੀਆਂ ਦੇ ਵਿਆਹ, ਖਿਡਾਰੀਆਂ ਨੂੰ ਖੇਡ ਕਿੱਟਾਂ, ਸਭ ਕੁਝ ਉਹ ਗੁਪਤ ਰਹਿ ਕੇ ਕਰਦੀ ਹੈ। ਪਿੰਡ ਦੇ ਆਗੂ ਕਰਨੈਲ ਪੰਜੋਲੀ ਦਾ ਕਹਿਣਾ ਸੀ ਕਿ ਚਪੜਾਸੀ ਤੋਂ ਲੈ ਕੇ ਪ੍ਰਿੰਸੀਪਲ ਤੱਕ ਦਾ ਸਭ ਕੰਮ ਉਹ ਕਰਦੀ ਹੈ। ਲੈਕਚਰਾਰ ਬਲਵਿੰਦਰ ਕੌਰ ਛੋਟੀਆਂ ਕਲਾਸਾਂ ਨੂੰ ਵੀ ਪੜ੍ਹਾਉਂਦੀ ਹੈ ਅਤੇ ਕਈ ਵਾਰੀ ਉਹ ਸਕੂਲ ਵਿੱਚੋਂ ਰਾਤ ਨੂੰ ਅੱਠ ਅੱਠ ਵਜੇ ਵੀ ਘਰ ਜਾਂਦੀ ਰਹੀ ਹੈ।
ਮਾਨਸਾ ਦੇ ਪਛੜੇ ਇਲਾਕੇ ਬੋਹਾ ਦੇ ਸਰਕਾਰੀ ਸਕੂਲ (ਲੜਕੇ) ਦੇ ਦੋ ਲੈਕਚਰਾਰਾਂ ਦੀ ਜੋੜੀ ਸਿੱਖਿਆ ਮਹਿਕਮੇ ਦਾ ਫ਼ਖ਼ਰ ਤੇ ਠੁੱਕ ਬਣ ਰਹੀ ਹੈ। ਲੈਕਚਰਾਰ ਪਰਮਿੰਦਰ ਤਾਂਘੜੀ (ਜੀਵ ਵਿਗਿਆਨ) ਤੇ ਵਿਸ਼ਾਲ ਬਾਂਸਲ (ਭੌਤਿਕ ਵਿਗਿਆਨ) ਨੇ ਸਾਲ 2007 ਵਿੱਚ ਪੰਜ ਬੱਚਿਆਂ ਨਾਲ ਸਕੂਲ ਵਿੱਚ ਸਾਇੰਸ ਗਰੁੱਪ ਸ਼ੁਰੂ ਕੀਤਾ। ਆਸ ਪਾਸ ਸਕੂਲਾਂ ਵਿੱਚ ਜਾ ਜਾ ਕੇ ਬੱਚਿਆਂ ਦੀ ਕੌਂਸਲਿੰਗ ਕੀਤੀ। ਅੱਜ ਪੰਜਾਬ ਭਰ ਵਿੱਚੋਂ ਸਫ਼ਲ ਸਾਇੰਸ ਗਰੁੱਪ ਇਸ ਸਕੂਲ ਵਿੱਚ ਚੱਲ ਰਿਹਾ ਹੈ। ਇਸ ਅਧਿਆਪਕ ਜੋੜੀ ਦੀ ਚਰਚਾ ਸਭ ਪਾਸੇ ਹਨ। ਲੰਘੇ ਇਕ ਦਹਾਕੇ ਵਿੱਚੋਂ ਇਸ ਸਕੂਲ ਦਾ ਬੱਚਾ ਕਦੇ ਸਾਇੰਸ ਵਿੱਚੋਂ ਫੇਲ੍ਹ ਨਹੀਂ ਹੋਇਆ, ਸਗੋਂ ਕਈ ਦਫ਼ਾ ਬੱਚੇ ਮੈਰਿਟ ਵਿੱਚ ਆਏ ਹਨ। ਇਨ੍ਹਾਂ ਦੇ ਤਿੰਨ ਬੱਚੇ ਸਾਇੰਸ ਅਧਿਆਪਕ ਬਣ ਗਏ ਹਨ। ਅਧਿਆਪਕ ਜੋੜੀ ਦਾ ਪ੍ਰਤੀਕਰਮ ਸੀ ਕਿ ਉਨ੍ਹਾਂ ਦੇ ਸਫ਼ਲ ਬੱਚੇ ਹੀ ਉਨ੍ਹਾਂ ਦਾ ਪੁਰਸਕਾਰ ਹੈ। ਐਵਾਰਡ ਲਈ ਕਦੇ ਨਾ ਅਪਲਾਈ ਕੀਤਾ ਹੈ ਤੇ ਨਾ ਕਰਨਾ ਹੈ।
ਪਿੰਡ ਨਿਦਾਮਪੁਰ (ਸੰਗਰੂਰ) ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਭੌਤਿਕ ਵਿਗਿਆਨ ਦੇ ਲੈਕਚਰਾਰ ਦਿਆਲ ਸਿੰਘ ਨੇ ਡੇਢ ਦਹਾਕਾ ਤਪੱਸਿਆ ਕਰ ਕੇ ਸਕੂਲ ਵਿੱਚ ਵਿਗਿਆਨ ਦਾ ਜਾਗ ਲਾ ਦਿੱਤਾ। ਸਕੂਲ ਦਾ ਕਲਪਨਾ ਚਾਵਲਾ ਸਾਇੰਸ ਬਲਾਕ ਇਸ ਦਾ ਪ੍ਰਤੱਖ ਸਬੂਤ ਹੈ। ਫਾਜ਼ਿਲਕਾ ਦੇ ਪਿੰਡ ਹੌਜ ਗੰਧੜ ਦੇ ਸਰਕਾਰੀ ਸਕੂਲ ਵਿੱਚ ਸਾਲ 2012-13 ਵਿੱਚ ਕਲਾਸਾਂ ਦਰੱਖਤਾਂ ਹੇਠ ਲੱਗਦੀਆਂ ਸਨ। ਜਦੋਂ ਸਕੂਲ ਕੈਂਪਸ ਦੀ ਅਸੁਰੱਖਿਅਤ ਇਮਾਰਤ ਨੇ ਅਧਿਆਪਕ ਗੁਰਦਿੱਤ ਸਿੰਘ ਨੂੰ ਲਾਹਨਤਾਂ ਪਾਈਆਂ ਤਾਂ ਉਸ ਨੇ ਇਕ ਹਜ਼ਾਰ ਆਪਣੀ ਜੇਬ੍ਹ ਵਿੱਚੋਂ ਕੱਢੇ, ਦੂਜੇ ਅਧਿਆਪਕਾਂ ਨੇ ਵੀ ਆਪੋ ਆਪਣੀ ਜੇਬ੍ਹ ਨੂੰ ਹੱਥ ਪਾ ਲਿਆ, ਦੇਖਦੇ ਦੇਖਦੇ ਮਾਪਿਆਂ ਨੇ ਵੀ ਆਪਣੀ ਜੇਬ੍ਹ ਹਿਲਾਈ। 30 ਹਜ਼ਾਰ ਨਾਲ ਸਕੂਲ ਕੈਂਪਸ ਦਾ ਕੰਮ ਸ਼ੁਰੂ ਹੋ ਗਿਆ। ਅੱਜ ਸਕੂਲ ਵਿੱਚ ਸਭ ਕੁਝ ਹੈ। ਪ੍ਰੇਸ਼ਾਨੀ ਇੱਕੋ ਹੈ ਕਿ ਸਕੂਲ ਦੇ ਚਾਰ ਅਧਿਆਪਕਾਂ ਵਿੱਚੋਂ ਤਿੰਨ ਦੀ ਡਿਊਟੀ ਚੋਣਾਂ ਵਿੱਚ ਪੱਕੀ ਲਾਈ ਹੋਈ ਹੈ। ਅਧਿਆਪਕ ਗੁਰਦਿੱਤ ਸਿੰਘ ਦੱਸਦਾ ਹੈ ਕਿ ਇਹੋ ਬੱਚੇ ਉਨ੍ਹਾਂ ਦਾ ਵੱਡਾ ਐਵਾਰਡ ਹੈ ਤੇ ਹੋਰ ਕਿਸੇ ਐਵਾਰਡ ਵਿੱਚ ਵਿਸ਼ਵਾਸ ਨਹੀਂ।
ਬਠਿੰਡਾ ਦੇ ਪਿੰਡ ਬੁਰਜ ਮਾਨਸਾਹੀਆਂ ਦੀ ਅਧਿਆਪਕਾ ਪ੍ਰਵੀਨ ਸ਼ਰਮਾ ਨੇ ਜਦੋਂ ਸਾਲ 2006 ਵਿੱਚ ਸਕੂਲ ਕੈਂਪਸ ਦੀ ਡਿਗੂੰ ਡਿਗੂੰ ਕਰਦੀ ਇਮਾਰਤ ਦੇਖੀ ਅਤੇ ਆਸਪਾਸ ਜੰਗਲ ਵੇਖਿਆ ਤਾਂ ਉਸ ਨੇ ਸਭ ਬਦਲਣ ਦਾ ਹੀਆ ਕਰ ਲਿਆ। ਨਾ ਸਿਰਫ਼ ਸਕੂਲ ਕੈਂਪਸ ਦੇ ਰੰਗ ਬਦਲ ਗਏ, ਸਗੋਂ ਸਾਲ 2013 ਸਮੇਂ ਪੰਜਾਬ ਦਾ ਇਹ ਇਕਲੌਤਾ ਸਕੂਲ ਸੀ, ਜਿਸ ਵਿਚ ਸਮਾਰਟ ਕਲਾਸਾਂ ਚੱਲਦੀਆਂ ਸਨ। ਅਧਿਆਪਕਾ ਦੱਸਦੀ ਹੈ ਕਿ ਸਕੂਲ ਦੇ ਨਿਰਮਾਣ ਸਮੇਂ ਸਭ ਅਧਿਆਪਕਾਂ ਤੇ ਬੱਚਿਆਂ ਨੇ ਖ਼ੁਦ ਮਜ਼ਦੂਰੀ ਕੀਤੀ। ਬੱਚਿਆਂ ਦੇ ਪਿਆਰ ਤੇ ਪਿੰਡ ਦੇ ਸਤਿਕਾਰ ਤੋਂ ਵੱਡਾ ਹੋਰ ਕੋਈ ਐਵਾਰਡ ਨਹੀਂ। ਏਦਾਂ ਦੇ ਸੈਂਕੜੇ ਅਧਿਆਪਕ ਹਨ, ਜੋ ਛੁਪ ਕੇ ਅਲੋਕਾਰੀ ਕੰਮ ਕਰ ਰਹੇ ਹਨ, ਜਿਨ੍ਹਾਂ ਵਿੱਚ ਲੁਹਾਰਾ ਮਾਜਰਾ ਕਲਾਂ ਦੇ ਹਿੰਦੀ ਅਧਿਆਪਕ ਜਗਵਿੰਦਰ ਸਿੰਘ, ਮਾਨਸਾ ਦੇ ਫਫੜੇ ਭਾਈਕਾ ਦੇ ਸਕੂਲ ਦੇ ਰਾਜ ਜੋਸ਼ੀ, ਭਵਾਨੀਗੜ੍ਹ ਸਕੂਲ ਦੀ ਪ੍ਰਿੰਸੀਪਲ ਤਰਨਜੀਤ ਕੌਰ ਅਤੇ ਰਾਮਪੁਰਾ ਪਿੰਡ ਦੀ ਅਧਿਆਪਕ ਸੀਮਾ ਆਦਿ ਦਾ ਨਾਮ ਸ਼ਾਮਲ ਹੈ। ਅਧਿਆਪਕ ਦਿਵਸ ਉਤੇ ਅਜਿਹੇ ਅਧਿਆਪਕਾਂ ਨੂੰ ਸਲਾਮ ਕਰਨਾ ਬਣਦਾ ਹੈ।

 

ਮੁੱਖ ਖ਼ਬਰਾਂ : 

ਖੇਡ ਖ਼ਬਰਾ : 

ਪੰਜਾਬ ਖ਼ਬਰਾਂ : 

ਨਵੇਂ ਲੇਖ : 

 

Random Video 

Latest Added Magzine 

Advertisement

Advertisement
Advertisement
Advertisement