Advertisement

ਗੁਆਚੀ ਰੌਸ਼ਨੀ: ਰਿਪੋਰਟ ਦੋ

ਦਿਨਾਂ ‘ਚ ਹੋਵੇਗੀ ਪੇਸ਼
*    ਜਿਆਣੀ ਵਲੋਂ ਪੀੜਤਾਂ ਨਾਲ ਮੁਲਾਕਾਤ
*    ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 33 ਹੋਈ


ਅੰਮ੍ਰਿਤਸਰ, 7 ਦਸੰਬਰ - ਅੱਖਾਂ ਦੀ ਰੌਸ਼ਨੀ ਗੁਆਉਣ ਦੇ ਮਾਮਲੇ ਦੀ ਰਿਪੋਰਟ ਦੋ ਦਿਨਾਂ ‘ਚ ਸਰਕਾਰ ਨੂੰ ਸੌਂਪ ਦਿੱਤੀ ਜਾਏਗੀ। ਇਸ ਦਾ ਖ਼ੁਲਾਸਾ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਅੱਜ ਹਸਪਤਾਲ ਦੇ ਦੌਰੇ ਸਮੇਂ ਕੀਤਾ। ਉਧਰ ਕੇਂਦਰੀ ਰਾਜ ਮੰਤਰੀ ਵਿਜੈ ਸਾਂਪਲਾ ਨੇ ਵੀ ਹਸਪਤਾਲ ਦਾ ਦੌਰਾ ਕਰਕੇ ਮਰੀਜ਼ਾਂ ਦਾ ਹਾਲ ਚਾਲ ਪੁੱਛਿਆ। ਉਨ੍ਹਾਂ ਕਿਹਾ ਕਿ ਉਹ ਆਪਣੀ ਰਿਪੋਰਟ ਦੋ ਦਿਨਾਂ ‘ਚ ਕੇਂਦਰ ਨੂੰ ਸੌਂਪਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਹਿਣ ‘ਤੇ ਵੱਖ ਵੱਖ ਥਾਵਾਂ ਦਾ ਮੁਆਇਨਾ ਕਰਨ ਤੋਂ ਬਾਅਦ ਸ੍ਰੀ ਸਾਂਪਲਾ ਨੇ ਕਿਹਾ ਕਿ ਕੈਂਪ ਦੌਰਾਨ ਜਿਸ ਅਪਰੇਸ਼ਨ ਥੀਏਟਰ ‘ਚ ਅਪਰੇਸ਼ਨ ਕੀਤੇ ਗਏ, ਉਹ ਅਪਰੇਸ਼ਨਾਂ ਦੇ ਯੋਗ ਨਹੀਂ ਸਨ।
ਮਰੀਜ਼ਾਂ ਦੀਆਂ ਪ੍ਰਭਾਵਿਤ ਅੱਖਾਂ ਦੇ ਕੀਤੇ ਗਏ ਮੁੱਢਲੇ ਜਾਂਚ ਪ੍ਰੀਖਣਾਂ ਵਿੱਚ ‘ਸੀਟਰੋ ਬੈਕਟਰ ਬੈਕਟੀਰੀਆ’ ਦੀ ਹੋਂਦ ਪਾਈ ਗਈ ਹੈ, ਜਿਸ ਨੂੰ ਇਨਫੈਕਸ਼ਨ ਦਾ ਮੁੱਖ ਕਾਰਨ ਸਮਝਿਆ ਜਾ ਰਿਹਾ ਹੈ। ਸੰਭਾਵਨਾ ਹੈ ਕਿ ਇਹ ਬੈਕਟੀਰੀਆ ਅੱਖਾਂ ਦੀ ਸਰਜਰੀ (ਅਪਰੇਸ਼ਨ) ਕਰਨ ਸਮੇਂ ਵਰਤੀਆਂ ਗਈਆਂ ਦਵਾਈਆਂ (ਫਲੂਇਡ) ਵਿੱਚ ਮੌਜੂਦ ਸੀ, ਜੋ ਬਾਅਦ ਵਿੱਚ ਇਨਫੈਕਸ਼ਨ ਦਾ ਕਾਰਨ ਬਣਿਆ। ਸ੍ਰੀ ਰਾਮ ਲਾਲ ਈ.ਐਨ.ਟੀ. ਸਰਕਾਰੀ ਹਸਪਤਾਲ ਵਿੱਚ ਅੱਖਾਂ ਦੇ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 33 ਹੋ ਗਈ ਹੈ ਜਿਸ ਵਿੱਚੋਂ 20 ਮਰੀਜ਼ਾਂ ਦੀ ਇੱਕ ਅੱਖ ਦੀ ਰੌਸ਼ਨੀ ਪੂਰੀ ਤਰ੍ਹਾਂ ਜਾ ਚੁੱਕੀ ਹੈ।
ਅੱਜ ਸਵੇਰੇ ਸਿਹਤ ਮੰਤਰੀ ਜਿਆਣੀ ਨੇ ਹਸਪਤਾਲ ਦਾ ਦੌਰਾ ਕੀਤਾ ਅਤੇ ਮਰੀਜ਼ਾਂ ਦਾ ਹਾਲ ਚਾਲ ਪੁੱਛਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਰਿਪੋਰਟ ਦੇ ਆਧਾਰ ‘ਤੇ ਦੋਸ਼ੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਹੋਵੇਗੀ। ਉਨ੍ਹਾਂ ਕਿਹਾ ਕਿ ਮਰੀਜ਼ਾਂ ਦਾ ਮੁਫ਼ਤ ਇਲਾਜ ਅਤੇ ਖਾਣ ਪੀਣ ਦਾ ਪ੍ਰਬੰਧ ਹੋਵੇਗਾ।
ਈ.ਐਨ.ਟੀ. ਹਸਪਤਾਲ ਦੇ ਇੱਕ ਡਾਕਟਰ ਨੇ ਦੱਸਿਆ ਕਿ ਫਿਲਹਾਲ ਇਹ ਅਨੁਮਾਨ ਲਾਇਆ ਜਾ ਰਿਹਾ ਹੈ ਕਿ ਅੱਖਾਂ ਦੇ ਅਪਰੇਸ਼ਨ ਸਮੇਂ ਜੋ ਦਵਾਈਆਂ ਵਰਤੀਆਂ ਗਈਆਂ ਸਨ, ਉਨ੍ਹਾਂ ਵਿੱਚ ਮਿਲਾਵਟ ਸੀ ਅਤੇ ਉਸ ਵਿੱਚ ਇਹ ਬੈਕਟੀਰੀਆ ਵੀ ਸੀ ਕਿਉਂਕਿ ਇਹ ਬੈਕਟੀਰੀਆ ਨਮੀ ਵਿੱਚ ਹੀ ਫੈਲਦਾ ਹੈ। ਮੈਡੀਕਲ ਇਤਿਹਾਸ ਵਿੱਚ ਸੀਟਰੋ ਬੈਕਟਰ ਬੈਕਟੀਰੀਆ ਕਾਰਨ ਅੱਖਾਂ ਵਿੱਚ ਅਜਿਹੀ ਇਨਫੈਕਸ਼ਨ ਹੋਣ ਦੇ ਦੁਰਲੱਭ ਕੇਸ ਹਨ। ਪ੍ਰਭਾਵਿਤ ਮਰੀਜ਼ਾਂ ਦਾ ਇਲਾਜ ਕਰ ਰਹੀ ਡਾਕਟਰਾਂ ਦੀ ਟੀਮ ਦੀ ਅਗਵਾਈ ਕਰ ਰਹੇ ਐਸੋਸੀਏਟ ਪ੍ਰੋਫੈਸਰ ਡਾ. ਕਰਨਜੀਤ ਸਿੰਘ ਨੇ ਦੱਸਿਆ ਕਿ ਮਰੀਜ਼ਾਂ ਦੀਆਂ ਅੱਖਾਂ ਦੇ ਹੋਰ ਪ੍ਰੀਖਣ ਵੀ ਕਰਾਏ ਜਾ ਰਹੇ ਹਨ ਤਾਂ ਜੋ ਇਨਫੈਕਸ਼ਨ ਦੇ ਕਾਰਨਾਂ ਦਾ ਪਤਾ ਲਾਇਆ ਜਾ ਸਕੇ।
ਬੀਤੀ ਸ਼ਾਮ ਚੰਡੀਗੜ੍ਹ ਦੇ ਪੀਜੀਆਈ ਦੇ ਡਾਕਟਰਾਂ ਦੀ ਤਿੰਨ ਮੈਂਬਰੀ ਟੀਮ ਨੇ ਵੀ ਹਸਪਤਾਲ ਦਾ ਦੌਰਾ ਕੀਤਾ ਅਤੇ ਮਰੀਜ਼ਾਂ ਦੀ ਜਾਂਚ ਕੀਤੀ। ਇਹ ਟੀਮ ਵੀ ਅਗਲੇਰੀ ਜਾਂਚ ਵਾਸਤੇ ਲੋੜੀਂਦੇ ਨਮੂਨੇ ਲੈ ਕੇ ਗਈ ਹੈ। ਆਪਣੀ ਰਿਪੋਰਟ ਵਿੱਚ ਟੀਮ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ 14 ਮਰੀਜ਼ਾਂ ਦੀ ਇੱਕ ਅੱਖ ਦੀ ਰੌਸ਼ਨੀ ਪੱਕੇ ਤੌਰ ‘ਤੇ ਜਾ ਚੁੱਕੀ ਹੈ। ਜਦੋਂ ਕਿ ਬਾਕੀ ਛੇ ਮਰੀਜ਼ਾਂ ਦੀ ਅੱਖਾਂ ਦੀ ਰੌਸ਼ਨੀ ਵਾਪਸ ਆਉਣ ਤੇ ਵੱਧ ਜਾਣ ਦੀ ਸੰਭਾਵਨਾ ਹੈ ਪਰ ਇਹ ਮਰੀਜ਼ ਵੀ ਕੁਝ ਫੁੱਟ ਦੀ ਦੂਰੀ ਤੱਕ ਹੀ ਦੇਖਣ ਦੇ ਸਮਰੱਥ ਹੋਣਗੇ।
ਇਸ ਦੌਰਾਨ ਅੱਜ ਹਸਪਤਾਲ ਵਿੱਚ 13 ਹੋਰ ਮਰੀਜ਼ ਦਾਖ਼ਲ ਹੋਏ ਹਨ ਅਤੇ ਇਨ੍ਹਾਂ ਦੀ ਗਿਣਤੀ ਵੱਧ ਕੇ 33 ਹੋ ਗਈ ਹੈ। ਇਨ੍ਹਾਂ ਵਿੱਚੋਂ 4 ਮਰੀਜ਼ਾਂ ਦੀਆਂ ਅੱਖਾਂ ਦੀ ਰੌਸ਼ਨੀ ਪੱਕੇ ਤੌਰ ‘ਤੇ ਜਾ ਚੁੱਕੀ ਹੈ। ਬਾਕੀ ਮਰੀਜ਼ਾਂ ਦੀ ਅੱਖਾਂ ਦੀ ਰੌਸ਼ਨੀ ਵੀ ਘੱਟ ਚੁੱਕੀ ਹੈ। ਸਹਾਇਕ ਸਿਵਲ ਸਰਜਨ ਡਾ. ਬਲਵਿੰਦਰ ਕੱਕੜ ਵੱਲੋਂ ਦਿੱਤੀ ਗਈ ਵੱਖਰੀ ਰਿਪੋਰਟ ਵਿੱਚ ਉਨ੍ਹਾਂ ਸੰਭਾਵਨਾ ਪ੍ਰਗਟਾਈ ਹੈ ਕਿ ਇਹ ਇਨਫੈਕਸ਼ਨ ਅਪਰੇਸ਼ਨ ਲਈ ਵਰਤੇ ਗਏ ਉਪਕਰਨਾਂ ਦੀ ਠੀਕ ਢੰਗ ਨਾਲ ਸਟਰਲਾਈਜ਼ੇਸ਼ਨ (ਉਬਾਲਣਾ)  ਨਾ ਹੋਣ ਕਾਰਨ ਹੋਈ ਹੈ। ਉਨ੍ਹਾਂ ਕਿਹਾ ਕਿ 62 ਮਰੀਜ਼ਾਂ ਦੀਆਂ ਅੱਖਾਂ ਦੇ ਅਪਰੇਸ਼ਨ ਇੱਕ ਡਾਕਟਰ ਵੱਲੋਂ ਕੀਤੇ ਗਏ ਹਨ ਅਤੇ ਇਹ ਸਾਰੇ ਅਪਰੇਸ਼ਨ 12 ਘੰਟਿਆਂ ਵਿੱਚ ਕੀਤੇ ਗਏ।
ਸਿਹਤ ਵਿਭਾਗ ਵੱਲੋਂ ਅੱਜ ਅੱਖਾਂ ਦੇ ਰੋਗਾਂ ਦੇ ਮਾਹਿਰ ਡਾ. ਸੁਮਨ ਕੁਮਾਰ ਨੇ ਸਿਵਲ ਡਿਸਪੈਂਸਰੀ ਗੱਗੋਮਾਹਲ ਵਿਖੇ ਕੈਂਪ ਦੌਰਾਨ ਇਲਾਜ ਕਰਾਉਣ ਵਾਲੇ ਬਾਕੀ ਮਰੀਜ਼ਾਂ ਦੀਆਂ ਅੱਖਾਂ ਦਾ ਮੁਆਇਨਾ ਕੀਤਾ। ਵੱਖ-ਵੱਖ ਪਿੰਡਾਂ ਤੋਂ 13 ਮਰੀਜ਼ ਇਥੇ ਪਹੁੰਚੇ।
ਡਾ. ਸੁਮਨ ਕੁਮਾਰ ਨੇ ਇਨ੍ਹਾਂ ਵਿੱਚੋਂ 7 ਮਰੀਜ਼ਾਂ ਨੂੰ ਈ.ਐਨ.ਟੀ. ਹਸਪਤਾਲ ਅੰਮ੍ਰਿਤਸਰ ਲਈ ਰੈਫਰ ਕਰ ਦਿੱਤਾ। ਅੱਖਾਂ ਦਾ ਚੈਕਅੱਪ ਕਰਾਉਣ ਆਏ ਕੁਝ ਮਰੀਜ਼ਾਂ ਨਾਲ ਜਦੋਂ ਪੱਤਰਕਾਰਾਂ ਨੇ ਗੱਲ ਕੀਤੀ ਤਾਂ ਉਨ੍ਹਾਂ ਵਿੱਚੋਂ ਮੰਦਰਾਂਵਾਲਾ ਦੀ ਬਲਵਿੰਦਰ ਕੌਰ ਨੇ ਕਿਹਾ ਕਿ ਅਪਰੇਸ਼ਨ ਤੋਂ ਬਾਅਦ ਅੱਖ ਦੀ ਤਕਲੀਫ਼ ਵੱਧਣ ‘ਤੇ ਡਾ. ਦਲਜੀਤ ਸਿੰਘ ਦੇ ਅੰਮ੍ਰਿਤਸਰ ਸਥਿਤ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਪਰ ਅਖੀਰ ਵਿੱਚ ਸਲਾਹ ਦਿੱਤੀ ਗਈ ਕਿ ਰੌਸ਼ਨੀ ਤਾਂ ਵਾਪਸ ਨਹੀਂ ਆ ਸਕਦੀ, ਜੇਕਰ ਜ਼ਿੰਦਗੀ ਬਚਾਉਣੀ ਹੈ ਤਾਂ ਅੱਖ ਕਢਾਉਣੀ ਪਵੇਗੀ ਕਿਉਂਕਿ ਅੱਖ ਦੀ ਇਨਫੈਕਸ਼ਨ ਨਾਲ ਕੈਂਸਰ ਦਾ ਖਤਰਾ ਹੈ। ਅਸੀ ਮਜਬੂਰੀ ਵਿੱਚ ਅੱਖ ਹੀ ਕਢਵਾ ਦਿੱਤੀ।
ਪਿੰਡ ਬੇਦੀ ਛੰਨਾ ਦੀ ਬਜ਼ੁਰਗ ਔਰਤ ਕੰਸੋ ਨੇ ਕਿਹਾ ਕਿ ਪੈਸੇ ਨਾ ਹੋਣ ਕਰਕੇ ਉਹ ਕਿਸੇ ਹਸਪਤਾਲ ਨਹੀਂ ਗਏ। ਅੱਜ ਸਰਕਾਰੀ ਡਾਕਟਰ ਨੂੰ ਵਿਖਾਇਆ ਹੈ। ਪਿੰਡ ਬੇਦੀ ਛੰਨਾ ਦੀ ਇੱਕ ਹੋਰ ਬਜ਼ੁਰਗ ਔਰਤ ਨੇ ਕਿਹਾ ਕਿ ਅਪਰੇਸ਼ਨ ਮੌਕੇ ਸ਼ੂਗਰ 300 ਦੇ ਕਰੀਬ ਸੀ, ਜਿਸ ‘ਤੇ ਡਾਕਟਰਾਂ ਨੇ ਅਪਰੇਸ਼ਨ ਨਹੀਂ ਕੀਤਾ। ਉਨ੍ਹਾਂ ਜਾਨ ਬੱਚਣ ਲਈ ਰੱਬ ਦਾ ਸ਼ੁਕਰ ਕੀਤਾ।
ਪੰਜਾਬ ਮੈਡੀਕਲ ਕੌਂਸਲ ਦੇ ਪ੍ਰਧਾਨ ਡਾ. ਗੁਰਿੰਦਰ ਸਿੰਘ ਗਰੇਵਾਲ ਨੇ ਕਿਹਾ ਹੈ ਕਿ ਮੁੱਖ ਮੰਤਰੀ ਨੇ ਕੌਂਸਲ ਨੂੰ ਆਪਣੇ ਪੱਧਰ ‘ਤੇ ਜਾਂਚ ਕਰਨ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਮੈਂਬਰ ਡਾ. ਬਲਚਰਣਜੀਤ ਸਿੰਘ ਭਾਟੀਆ ਦੀ ਡਿਊਟੀ ਲਗਾ ਦਿੱਤੀ ਹੈ। ਕੌਂਸਲ ਦੇ ਰਜਿਸਟਰਾਰ ਡਾ. ਕਲਿਆਣ ਜੋ ਡਾਇਰੈਕਟਰ ਮੈਡੀਕਲ ਐਜੂਕੇਸ਼ਨ ਅਤੇ ਰਿਸਰਚ ਵੀ ਹਨ, ਨੇ ਕਿਹਾ ਕਿ ਇਸ ਪੂਰੇ ਮਸਲੇ ਦੀ ਕੌਂਸਲ ਆਪਣੇ ਪੱਧਰ ‘ਤੇ ਜਾਂਚ ਕਰਵਾਏਗੀ।


 

ਮੁੱਖ ਖ਼ਬਰਾਂ : 

ਖੇਡ ਖ਼ਬਰਾ : 

ਪੰਜਾਬ ਖ਼ਬਰਾਂ : 

ਨਵੇਂ ਲੇਖ : 

 

Random Video 

Latest Added Magzine 

Advertisement

Advertisement
Advertisement
Advertisement