Advertisement

ਇਸਰਾਈਲ ਵੱਲੋਂ ਗਾਜ਼ਾ ਪੱਟੀ

’ਤੇ ਜ਼ਮੀਨੀ ਹਮਲਾ ਸ਼ੁਰੂ
* ਪੈਦਲ ਸੈਨਾ ਤੇ ਇਸਰਾਇਲੀ ਟੈਂਕ ਗਾਜ਼ਾ ਪੱਟੀ ’ਚ ਵੜੇ
* ਅੱਧੀ ਰਾਤ ਦੇ ਹਮਲੇ ਵਿੱਚ 24 ਫਲਸਤੀਨੀ, ਇਕ ਇਸਰਾਇਲੀ ਸੈਨਿਕ ਹਲਾਕ


ਗਾਜ਼ਾ/ਯੋਰੋਸ਼ਲੱਮ, 19 ਜੁਲਾਈ - ਇਸਰਾਈਲ ਨੇ ਅੱਜ ਪੰਜ ਸਾਲ ਵਿੱਚ ਪਹਿਲੀ ਵਾਰ ਹਮਾਸ ਦੇ ਸ਼ਾਸਨ ਵਾਲੀ ਗਾਜ਼ਾ ਪੱਟੀ ਵਿੱਚ ਪੈਦਲ ਸੈਨਾ ਤੇ ਟੈਂਕਾਂ ਨਾਲ ਜ਼ਮੀਨੀ ਹਮਲਾ ਸ਼ੁਰੂ ਕਰ ਦਿੱਤਾ ਹੈ। ਪਿਛਲੇ ਦਸ ਦਿਨਾਂ ਤੋਂ ਚੱਲ ਰਹੀ ਜੰਗ ਵਿੱਚ ਇਸ ਵੱਲੋਂ ਹੁਣ ਤਕ ਗਾਜ਼ਾ ਵਿੱਚ ਕੀਤੇ ਗਏ ਹਵਾਈ ਹਮਲਿਆਂ ਵਿੱਚ 265 ਫਲਸਤੀਨੀ ਮਾਰੇ ਜਾ ਚੁੱਕੇ ਹਨ, ਪਰ ਇਹ ਖਾੜਕੂਆਂ ਵੱਲੋਂ ਯਹੂਦੀ ਮੁਲਕ ’ਤੇ ਕੀਤੇ ਜਾ ਰਹੇ ਰਾਕੇਟ ਹਮਲੇ ਨਹੀਂ ਰੋਕ ਸਕਿਆ।
ਇਸਰਾਈਲੀ ਬਲਾਂ ਨੇ ਪੈਦਲ ਸੈਨਾ ਤੇ ਹਵਾਈ ਹਮਲਿਆਂ ਨਾਲ ਜ਼ਮੀਨੀ ਹਮਲਾ ਆਰੰਭ ਕਰਦਿਆਂ ਕਿਹਾ ਕਿ ਇਸ ਦਾ ਮੰਤਵ ਹਮਾਸ ਦੇ ਦਹਿਸ਼ਤਗਰਦੀ ਦੇ ਬੁਨਿਆਦੀ ਢਾਂਚੇ ਨੂੰ ਵੱਡੀ ਸੱਟ ਮਾਰਨਾ ਹੈ। ਇਸਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦਾ ਕਹਿਣਾ ਹੈ ਕਿ ਫੌਜ ਹਮਾਸ ਦੇ ਸੁਰੰਗਾਂ ਦੇ ਨੈੱਟਵਰਕ ਨੂੰ ਤੋੜਨ ਦੇ ਯਤਨ ਵਿੱਚ ਹੈ, ਜੋ ਇਹ ਹਵਾਈ ਹਮਲਿਆਂ ਰਾਹੀਂ ਨਹੀਂ ਕਰ ਸਕੀ। ਰਾਤੀਂ ਹਜ਼ਾਰਾਂ ਸੈਨਿਕ ਗਾਜ਼ਾ ਦੇ ਵੱਖ-ਵੱਖ ਹਿੱਸਿਆਂ ਵੱਲ ਟੈਂਕਾਂ ਸਮੇਤ ਵਧੇ।
ਹਮਾਸ ਨੇ ਇਸਰਾਈਲ ਨੂੰ ਚਿਤਾਵਨੀ ਦਿੱਤੀ ਹੈ ਕਿ ਇਸ ਨੂੰ ਜ਼ਮੀਨੀ ਹਮਲੇ ਦਾ ਭਾਰੀ ਮੁੱਲ ਤਾਰਨਾ ਪਏਗਾ। ਇਸਰਾਈਲ ਦੀ ਫੌਜ ਵੱਲੋਂ ਜਾਰੀ ਇਕ  ਬਿਆਨ ਵਿੱਚ ਕਿਹਾ ਗਿਆ ਹੈ ਕਿ ਹਮਾਸ ਵੱਲੋਂ ਜ਼ਮੀਨ, ਹਵਾ ਤੇ ਸਮੁੰਦਰੀ ਪਾਸਿਓਂ ਪਿਛਲੇ 10 ਦਿਨਾਂ ਤੋਂ ਕੀਤੇ ਜਾ ਰਹੇ ਹਮਲਿਆਂ ਅਤੇ ਤਣਾਅ ਘੱਟ ਕਰਨ ਲਈ ਇਸ ਨੂੰ ਵਾਰ-ਵਾਰ ਕੀਤੀਆਂ ਗਈਆਂ ਪੇਸ਼ਕਸ਼ਾਂ ਇਸ ਵੱਲੋਂ ਰੱਦ ਕੀਤੇ ਜਾਣ ਮਗਰੋਂ ਇਸਰਾਈਲ ਡਿਫੈਂਸ ਫੋਰਸਿਜ਼ ਨੇ ਗਾਜ਼ਾ ਪੱਟੀ ਵਿੱਚ ਜ਼ਮੀਨੀ ਹਮਲਾ ਸ਼ੁਰੂ ਕੀਤਾ ਹੈ।
ਆਈਡੀਐਫ ਅਨੁਸਾਰ ‘‘ਇਸ ਹਮਲੇ ਦਾ ਮੰਤਵ, ਅਜਿਹਾ ਮਾਹੌਲ ਕਾਇਮ ਕਰਨਾ ਹੈ ਜਿਸ ਵਿੱਚ ਇਸਰਾਈਲ ਵਾਸੀ ਸੁਰੱਖਿਅਤ ਤੇ ਠੀਕ-ਠਾਕ ਰਹਿ ਸਕਣ ਤੇ ਅੰਨ੍ਹੇਵਾਹ ਦਹਿਸ਼ਤਗਰਦੀ ਦਾ ਖ਼ੌਫ਼ ਉਨ੍ਹਾਂ ਦੇ ਮਨਾਂ ਵਿੱਚ ਨਾ ਰਹੇ।’’ ਇਸਰਾਈਲੀ ਸੈਨਾ ਦੇ ਤਰਜਮਾਨ ਜਨਰਲ ਮੋਤੀ ਅਲਗੋਜ਼ ਨੇ ਗਾਜ਼ਾ ਦੇ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਫੌਜ ਦੇ ਅਪਰੇਸ਼ਨ ਵਾਲੇ ਖੇਤਰ ਖਾਲੀ ਕਰ ਦੇਣ। ਇਹ ਅਪਰੇਸ਼ਨ ਲੋੜ ਮੁਤਾਬਕ ਵਧਾਇਆ ਜਾਏਗਾ।
ਅੱਧੀ ਰਾਤ ਮਗਰੋਂ ਤੋਂ ਇਸਰਾਈਲੀ ਫਾਇਰਿੰਗ ਵਿੱਚ 24 ਫਲਸਤੀਨੀ ਮਾਰੇ ਜਾ ਚੁੱਕੇ ਹਨ ਜਿਨ੍ਹਾਂ ਵਿੱਚ ਤਿੰਨ ਕਿਸ਼ੋਰ ਤੇ ਇਕ ਪੰਜ ਮਹੀਨੇ ਦਾ ਬੱਚਾ ਵੀ ਸ਼ਾਮਲ ਹੈ ਤੇ ਇਸ ਤਰ੍ਹਾਂ 8 ਜੁਲਾਈ ਤੋਂ ਸ਼ੁਰੂ ਹੋਏ ਹਮਲਿਆਂ ਵਿੱਚ ਗਾਜ਼ਾ ਦੇ ਕੁੱਲ 265 ਲੋਕ ਮਾਰੇ ਜਾ ਚੁੱਕੇ ਹਨ। ਰਾਤੀਂ ਚੱਲੀ ਭਾਰੀ ਲੜਾਈ ਦੌਰਾਨ ਗਾਜ਼ਾ ਪੱਟੀ ’ਚ ਇਕ ਇਸਰਾਈਲੀ ਸੈਨਿਕ ਮਾਰਿਆ ਗਿਆ।
ਮਿਸਰ ਦੇ ਵਿਦੇਸ਼ ਮੰਤਰੀ ਸਾਮੇਤ ਸ਼ੌਕਰੀ ਨੇ ਕਿਹਾ ਕਿ ਜੇਕਰ ਹਮਾਸ ਨੇ ਉਨ੍ਹਾਂ ਦੀ ਤਜਵੀਜ਼ ਮੰਨੀ ਹੁੰਦੀ ਤਾਂ ਘੱਟੋ-ਘੱਟ 40 ਫਲਸਤੀਨੀਆਂ ਦੀਆਂ ਜਾਨਾਂ ਬਚਾਈਆਂ ਜਾ ਸਕਦੀਆਂ ਹਨ।
ਇਸਰਾਈਲ ਨੇ ਹੋਰ ਵੀ ਫੌਜੀ ਇਸ ਜੰਗ ’ਚ ਲਾ ਲਏ ਹਨ। ਸੰਯੁਕਤ ਰਾਸ਼ਟਰ ਦੇ ਸਕੱਤਰ ਬਾਨ ਕੀ ਮੂਨ ਨੇ ਇਸਰਾਈਲ ਵੱਲੋਂ ਜ਼ਮੀਨੀ ਹਮਲਾ ਕਰਨ ’ਤੇ ਅਫਸੋਸ ਪ੍ਰਗਟਾਇਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਵਾਰ-ਵਾਰ ਵਰਜੇ ਜਾਣ ਉੱਤੇ ਅਤੇ ਕੌਮਾਂਤਰੀ ਆਗੂਆਂ ਦੇ ਕਹਿਣ ਦੇ ਬਾਵਜੂਦ ਇਹ ਖਤਰਨਾਕ ਸਥਿਤੀ ਹੋਰ ਵਿਗੜ ਚੱਲੀ ਹੈ। ਉਨ੍ਹਾਂ ਨੇ ਇਸਰਾਈਲ ਨੂੰ ਜਾਨੀ ਨੁਕਸਾਨ ਤੋਂ ਗੁਰੇਜ਼ ਕਰਨ ਲਈ ਕਿਹਾ ਹੈ।


 

ਮੁੱਖ ਖ਼ਬਰਾਂ : 

ਖੇਡ ਖ਼ਬਰਾ : 

ਪੰਜਾਬ ਖ਼ਬਰਾਂ : 

ਨਵੇਂ ਲੇਖ : 

 

Random Video 

Latest Added Magzine 

Advertisement

Advertisement
Advertisement
Advertisement