American Punjabi News

ਰਾਮੰਨਾ ਹੋਣਗੇ ਦੇਸ਼ ਦੇ ਅਗਲੇ ਚੀਫ਼ ਜਸਟਿਸ
ਚੀਫ਼ ਜਸਟਿਸ ਐੱਸ.ਏ. ਬੋਬੜੇ ਨੇ ਭਾਰਤ ਦੇ ਅਗਲੇ ਚੀਫ਼ ਜਸਟਿਸ ਵਜੋਂ ਜਸਟਿਸ ਐਨ.ਵੀ. ਰਾਮੰਨਾ ਦੇ ਨਾਂ ਦੀ ਸਿਫ਼ਾਰਿਸ਼ ਸਰਕਾਰ ਨੂੰ ਕਰ ਦਿੱਤੀ ਹੈ। ਜਸਟਿਸ ਬੋਬੜੇ ਤੋਂ ਬਾਅਦ ਇਸ ਵੇਲੇ ਜਸਟਿਸ ਰਾਮੰਨਾ ਸੁਪਰੀਮ ਕੋਰਟ ਦੇ ਸਭ ਤੋਂ ਸੀਨੀਅਰ ਜੱਜ ਹਨ। ਉਨ੍ਹਾਂ ਦੇ ਨਾਂ ਉਤੇ ਮੋਹਰ ਲੱਗਣ ’ਤੇ ਉਹ ਭਾਰਤ ਦੇ 48ਵੇਂ ਚੀਫ਼ ਜਸਟਿਸ ਬਣਨਗੇ। ਜ਼ਿਕਰਯੋਗ ਹੈ ਕਿ ਜਸਟਿਸ ਬੋਬੜੇ 23 ਅਪਰੈਲ ਨੂੰ ਸੇਵਾਮੁਕਤ ਹੋਣ ਜਾ ਰਹੇ ਹਨ। ਉਨ੍ਹਾਂ ਸਿਫ਼ਾਰਿਸ਼ ਸਰਕਾਰ ਨੂੰ ਭੇਜਣ ਦੇ ਨਾਲ ਹੀ ਇਸ ਦੀ ਇਕ ਨਕਲ ਜਸਟਿਸ ਰਾਮੰਨਾ ਨੂੰ ਵੀ ਭੇਜ ਦਿੱਤੀ ਹੈ। ਨੇਮਾਂ ਮੁਤਾਬਕ ਮੌਜੂਦਾ ਚੀਫ਼ ਜਸਟਿਸ ਆਪਣੀ ਸੇਵਾਮੁਕਤੀ ਤੋਂ ਮਹੀਨਾ ਪਹਿਲਾਂ ਸਰਕਾਰ ਨੂੰ ਲਿਖਤੀ ਰੂਪ ਵਿਚ ਅਗਲੇ ਚੀਫ਼ ਜਸਟਿਸ ਦੇ ਨਾਂ ਦੀ ਸਿਫ਼ਾਰਿਸ਼ ਕਰਦਾ ਹੈ। ਸਰਕਾਰ ਵੱਲੋਂ ਸਿਫ਼ਾਰਿਸ਼ ਮਨਜ਼ੂਰ ਕਰਨ ’ਤੇ ਜਸਟਿਸ ਰਾਮੰਨਾ 24 ਅਪਰੈਲ ਨੂੰ ਅਗਲੇ ਚੀਫ਼ ਜਸਟਿਸ ਬਣ ਜਾਣਗੇ। ਉਨ੍ਹਾਂ 26 ਅਗਸਤ 2022 ਨੂੰ ਸੇਵਾਮੁਕਤ ਹੋਣਾ ਹੈ। ਜਸਟਿਸ ਬੋਬੜੇ ਵੱਲੋਂ ਕੀਤੀ ਸਿਫ਼ਾਰਿਸ਼ ਨੂੰ ਹੁਣ ਸਰਕਾਰ ਰਾਸ਼ਟਰਪਤੀ ਨੂੰ ਭੇਜੇਗੀ। -ਪੀਟੀਆਈ
ਆਂਧਰਾ ਪ੍ਰਦੇਸ਼ ਦੇ ਕ੍ਰਿਸ਼ਨਾ ਜ਼ਿਲ੍ਹੇ ਦੇ ਜੰਮਪਲ ਹਨ ਜਸਟਿਸ ਰਾਮੰਨਾ
ਆਂਧਰਾ ਪ੍ਰਦੇਸ਼ ਦੇ ਕ੍ਰਿਸ਼ਨਾ ਜ਼ਿਲ੍ਹੇ ਦੇ ਪੋਨਾਵਰਮ ਪਿੰਡ ਵਿਚ 27 ਅਗਸਤ, 1957 ਨੂੰ ਜਨਮੇ ਜਸਟਿਸ ਐਨ.ਵੀ. ਰਾਮੰਨਾ ਨੇ 10 ਫਰਵਰੀ, 1983 ਨੂੰ ਵਕੀਲ ਵਜੋਂ ਪ੍ਰੈਕਟਿਸ ਸ਼ੁਰੂ ਕੀਤੀ ਸੀ। 27 ਜੂਨ, 2000 ਵਿਚ ਉਨ੍ਹਾਂ ਨੂੰ ਆਂਧਰਾ ਪ੍ਰਦੇਸ਼ ਹਾਈ ਕੋਰਟ ਦਾ ਸਥਾਈ ਜੱਜ ਨਿਯੁਕਤ ਕੀਤਾ ਗਿਆ ਸੀ। 10 ਮਾਰਚ 2013 ਤੋਂ ਲੈ ਕੇ 20 ਮਈ 2013 ਤੱਕ ਉਹ ਹਾਈ ਕੋਰਟ ਦੇ ਕਾਰਜਕਾਰੀ ਚੀਫ਼ ਜਸਟਿਸ ਵੀ ਰਹੇ। ਸਤੰਬਰ, 2013 ਵਿਚ ਉਹ ਦਿੱਲੀ ਹਾਈ ਕੋਰਟ ਦੇ ਚੀਫ਼ ਜਸਟਿਸ ਬਣੇ ਤੇ 17 ਫਰਵਰੀ, 2014 ਨੂੰ ਉਨ੍ਹਾਂ ਨੂੰ ਸੁਪਰੀਮ ਕੋਰਟ ਦਾ ਜੱਜ ਨਿਯੁਕਤ ਕੀਤਾ ਗਿਆ ਸੀ।
ਆਂਧਰਾ ਦੇ ਮੁੱਖ ਮੰਤਰੀ ਵੱਲੋਂ ਜਸਟਿਸ ਰਾਮੰਨਾ ਖ਼ਿਲਾਫ਼ ਦਾਇਰ ਸ਼ਿਕਾਇਤ ਖਾਰਜ
ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈ.ਐੱਸ. ਜਗਨ ਮੋਹਨ ਰੈੱਡੀ ਵੱਲੋਂ ਜਸਟਿਸ ਐਨ.ਵੀ. ਰਾਮੰਨਾ ਖ਼ਿਲਾਫ਼ ਕੀਤੀ ਗਈ ਸ਼ਿਕਾਇਤ ਨੂੰ ਖਾਰਜ ਕਰ ਦਿੱਤਾ ਗਿਆ ਹੈ। ਰੈੱਡੀ ਨੇ ਸ਼ਿਕਾਇਤ 6 ਅਕਤੂਬਰ, 2020 ਨੂੰ ਭੇਜੀ ਸੀ। ਸੁਪਰੀਮ ਕੋਰਟ ਨੇ ਸਿਖ਼ਰਲੀ ਅਦਾਲਤ ਦੀ ਤੈਅ ਪ੍ਰਕਿਰਿਆ ਮੁਤਾਬਕ ਇਸ ਉਤੇ ਵਿਚਾਰ ਕੀਤਾ ਤੇ ਮਗਰੋਂ ਖਾਰਜ ਕਰ ਦਿੱਤਾ ਗਿਆ। ਮੁੱਖ ਮੰਤਰੀ ਨੇ ਦੋਸ਼ ਲਾਇਆ ਸੀ ਕਿ ਸੂਬਾ ਸਰਕਾਰ ਨੂੰ ਅਸਥਿਰ ਕਰਨ ਲਈ ਆਂਧਰਾ ਪ੍ਰਦੇਸ਼ ਹਾਈ ਕੋਰਟ ਦੀ ਵਰਤੋਂ ਕੀਤੀ ਜਾ ਰਹੀ ਹੈ। ਰੈੱਡੀ ਨੇ ਚੀਫ਼ ਜਸਟਿਸ ਐੱਸ.ਏ. ਬੋਬੜੇ ਤੋਂ ਇਸ ਮਾਮਲੇ ਦੀ ਜਾਂਚ ਕਰਨ ਦੀ ਮੰਗ ਕੀਤੀ ਸੀ।