American Punjabi News

ਕਰੋਨਾਵਾਇਰਸ: ਪੰਜਾਬ ਦੂਜਾ ਸਭ ਤੋਂ ਵੱਧ ਪ੍ਰਭਾਵਿਤ ਸੂਬਾ
ਪੰਜਾਬ ਵਿੱਚ ਫਰਵਰੀ ਮਹੀਨੇ ਦੇ ਆਖਰੀ ਹਫ਼ਤੇ ਤੋਂ ਸ਼ੁਰੂ ਹੋਈ ਕਰੋਨਾਵਾਇਰਸ ਦੀ ਦੂਜੀ ਲਹਿਰ ਨੇ ਸੂਬਾ ਅਤੇ ਕੇਂਦਰ ਸਰਕਾਰ ਦੇ ਫਿਕਰ ਵਧਾ ਦਿੱਤੇ ਹਨ। ਕੌਮੀ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਮਹਾਰਾਸ਼ਟਰ ਤੋਂ ਬਾਅਦ ਪੰਜਾਬ ਦੂਜਾ ਅਜਿਹਾ ਸੂਬਾ ਹੈ ਜਿੱਥੇ ਕਰੋਨਾ ਲਾਗ ਦਾ ਫੈਲਾਅ ਤੇਜ਼ੀ ਨਾਲ ਲੋਕਾਂ ਨੂੰ ਆਪਣੀ ਜਕੜ ’ਚ ਲੈ ਰਿਹਾ ਹੈ। ਪੰਜਾਬ ’ਚ ਕਰੋਨਾ ਮੌਤ ਦਰ ਸਾਰੇ ਮੁਲਕ ਨਾਲੋਂ ਜ਼ਿਆਦਾ ਹੋਣਾ ਹੋਰ ਵੀ ਫਿਕਰਮੰਦੀ ਵਾਲੀ ਗੱਲ ਹੈ। ਸੂਬੇ ਦੇ ਸਿਹਤ ਵਿਭਾਗ ਨਾਲ ਸਬੰਧਤ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਸ ਸਮੇਂ ਪੰਜਾਬ ਵਿੱਚ ਕਰੋਨਾ ਤੋਂ ਪ੍ਰਭਾਵਿਤ ਵਿਅਕਤੀਆਂ ਦੀ ਮੌਤ ਦਰ 2.9 ਫੀਸਦ ਹੈ। ਮਹਾਰਾਸ਼ਟਰ ਅਤੇ ਬਾਕੀ ਸਾਰੇ ਸੂਬਿਆਂ ਵਿੱਚ ਮੌਤ ਦਰ ਪੰਜਾਬ ਨਾਲੋਂ ਬਹੁਤ ਘੱਟ ਹੈ। ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਦੇਸ਼ ’ਚ 88 ਫ਼ੀਸਦੀ ਅਜਿਹੇ ਵਿਅਕਤੀਆਂ ਦੀਆਂ ਮੌਤਾਂ ਹੋਈਆ ਜਿਨ੍ਹਾਂ ਦੀ ਉਮਰ 45 ਸਾਲ ਦੇ ਆਸ-ਪਾਸ ਹੈ। ਮੰਤਾਰਲੇ ਦਾ ਇਹ ਵੀ ਕਹਿਣਾ ਹੈ ਕਿ ਪੰਜਾਬ ਸਮੇਤ 18 ਸੂਬਿਆਂ ਅਤੇ ਕੇਂਦਰੀ ਸਾਸ਼ਿਤ ਪ੍ਰਦੇਸ਼ਾਂ ਵਿੱਚ ਕਰੋਨਾ ਦੇ ਬਰਤਾਨੀਆ ਸਟਰੇਨ ਦਾ ਪਾਇਆ ਜਾਣਾ ਵੀ ਫਿਕਰਮੰਦੀ ਦਾ ਇੱਕ ਕਾਰਨ ਹੈ ਕਿਉਂਕਿ ਵਾਇਰਸ ਦੀ ਇਹ ਕਿਸਮ ਜ਼ਿਆਦਾ ਵਿਅਕਤੀਆਂ ਨੂੰ ਪ੍ਰਭਾਵਿਤ ਕਰਦੀ ਹੈ। ਇਹ ਵੀ ਕਿਹਾ ਗਿਆ ਹੈ ਕਿ ਦੇਸ਼ ਦੇ ਕਈ ਸੂਬਿਆਂ ਖਾਸਕਰ ਮਹਾਰਾਸ਼ਟਰ ਅਤੇ ਦਿੱਲੀ ਵਿੱਚ ਦੱਖਣੀ ਅਫਰੀਕਾ ਅਤੇ ਬਰਾਜ਼ੀਲ ’ਚ ਫੈਲੇ ਕਰੋਨਾ ਦੀ ਕਿਸਮ ਦੇ ਲੱਛਣ ਵੀ ਸਾਹਮਣੇ ਆਏ ਹਨ। ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਜੇਕਰ ਮਹਾਰਾਸ਼ਟਰ ਦੇ ਨੌਂ ਅਤੇ ਕਰਨਾਟਕ ਦੇ ਇੱਕ ਜ਼ਿਲ੍ਹੇ ਵਿੱਚ ਲਾਗ ਪੀੜਤ ਮਰੀਜ਼ਾਂ ਦੀ ਗਿਣਤੀ ਜ਼ਿਆਦਾ ਹੈ ਅਤੇ ਪੰਜਾਬ ਦੇ ਜਲੰਧਰ, ਨਵਾਂਸ਼ਹਿਰ, ਮੁਹਾਲੀ, ਲੁਧਿਆਣਾ, ਪਟਿਆਲਾ ਅਤੇ ਹੁਸ਼ਿਆਰਪੁਰ ’ਚ ਵਧ ਰਹੇ ਮਾਮਲੇ ਵੀ ਚਿੰਤਾ ਦਾ ਵਿਸ਼ਾ ਹਨ।
ਪੰਜਾਬ ਦੇ ਸਿਹਤ ਵਿਭਾਗ ਦਾ ਵੀ ਦੱਸਣਾ ਹੈ ਕਿ ਸੂਬੇ ਵਿੱਚ ਇਸ ਸਮੇਂ ਮੁਹਾਲੀ, ਲੁਧਿਆਣਾ, ਹੁਸ਼ਿਆਰਪੁਰ, ਨਵਾਂਸ਼ਹਿਰ, ਜਲੰਧਰ ਅਤੇ ਪਟਿਆਲਾ ਸਭ ਤੋਂ ਜ਼ਿਆਦਾ ਪ੍ਰਭਾਵਿਤ ਜ਼ਿਲ੍ਹੇ ਮੰਨੇ ਜਾ ਰਹੇ ਹਨ। ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਦੱਸਣਾ ਹੈ ਕਿ ਇਸ ਸਮੇਂ ਪਾਜ਼ੇਟਿਵ ਦਰ 7.5 ਫ਼ੀਸਦੀ ਤੱਕ ਅੱਪੜ ਚੁੱਕੀ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ। ਪੰਜਾਬ ਵਿੱਚ ਸਾਲ ਪਹਿਲਾਂਂ ਕਰੋਨਾ ਦੀ ਪਹਿਲੀ ਲਹਿਰ ਸ਼ੁਰੂ ਹੋੋਣ ਮਗਰੋਂ ਪਾਜ਼ੇਟਿਵ ਦਰ 10 ਫੀਸਦੀ ਤੱਕ ਪਹੁੰਚ ਗਈ ਸੀ।
ਪੰਜਾਬ ਦੇ ਪ੍ਰਮੁੱਖ ਸਕੱਤਰ (ਸਿਹਤ) ਹੁਸਨ ਲਾਲ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਕਰੋਨਾਵਾਇਰਸ ਤੋਂ ਪ੍ਰਭਾਵਿਤ ਮਰੀਜ਼ਾਂ ਨੂੰ ਤਿੰਨ ਵਰਗਾਂ ਵਿੱਚ ਵੰਡਿਆ ਗਿਆ ਹੈ। ਮਾਮੂਲੀ ਲੱਛਣਾਂ ਵਾਲੇ ਮਰੀਜ਼ਾਂ ਦਾ ਡਾਕਟਰਾਂ ਦੀ ਦੇਖ ਰੇਖ ਹੇਠ ਘਰਾਂ ’ਚ ਇਲਾਜ ਕੀਤਾ ਜਾ ਰਿਹਾ ਹੈ। ਕੁੱਝ ਜ਼ਿਆਦਾ ਪ੍ਰਭਾਵਿਤ ਮਰੀਜ਼ਾਂ ਨੂੰ ਹਸਪਤਾਲਾਂ ਦੇ ਕੋਵਿਡ ਵਾਰਡਾਂ ਵਿੱਚ ਇਲਾਜ ਅਧੀਨ ਰੱਖਿਆ ਜਾਂਦਾ ਹੈ। ਤੀਜੇ ਵਰਗ ਦੇ ਮਰੀਜ਼ਾਂ ਦੀ ਜਾਨ ਬਚਾਉਣ ਲਈ ਵੈਂਟੀਲੇਟਰ ਦੀ ਮਦਦ ਦਿੱਤੀ ਜਾ ਰਹੀ ਹੈ ਅਤੇ ਸੂਬੇ ਵਿੱਚ ਇਸ ਸਮੇਂ ਨਿੱਜੀ ਅਤੇ ਸਰਕਾਰੀ ਖੇਤਰ ਦੇ ਹਸਪਤਾਲਾਂ ਅੰਦਰ 1 ਹਜ਼ਾਰ ਵੈਂਟੀਲੇਟਰ ਦੀ ਸਹੂਲਤ ਹੈ ਜਦਕਿ ਕੋਵਿਡ ਤੋਂ ਪ੍ਰਭਾਵਿਤ ਅਜਿਹੇ ਮਰੀਜ਼ਾਂ ਦੀ ਗਿਣਤੀ ਹਾਲੇ 100 ਤੋਂ ਵੀ ਹੇਠਾਂ ਹੈ।