American Punjabi News

ਭਾਰਤੀ ਪੇਸ਼ੇਵਰਾਂ ਲਈ ਵੱਡੀ ਖ਼ੁਸ਼ਖ਼ਬਰੀ, ਅਮਰੀਕਾ ਦੇ H-1B ਵੀਜ਼ਾ ਲਈ ਰਜਿਸਟ੍ਰੇਸ਼ਨ 9 ਮਾਰਚ ਤੋਂ ਸ਼ੁਰੂ
ਵਾਸ਼ਿੰਗਟਨ : ਅਮਰੀਕਾ ਜਾਣ ਦੇ ਚਾਹਵਾਨ ਭਾਰਤੀ ਪੇਸ਼ੇਵਰਾਂ ਲਈ ਇਕ ਚੰਗੀ ਖ਼ਬਰ ਹੈ। ਬਾਈਡੇਨ ਪ੍ਰਸ਼ਾਸਨ ਦੀ ਮਨਜ਼ੂਰੀ ਮਿਲਣ ਮਗਰੋਂ ਐੱਚ-1ਬੀ ਵੀਜ਼ਾ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ 9 ਮਾਰਚ ਤੋਂ ਸ਼ੁਰੂ ਹੋਵੇਗੀ। ਲਾਟਰੀ ਜ਼ਰੀਏ ਲਾਭਪਾਤਰਾਂ ਦੀ ਚੋਣ ਹੋਵੇਗੀ ਅਤੇ 31 ਮਾਰਚ ਨੂੰ ਨਾਮ ਘੋਸ਼ਿਤ ਕੀਤੇ ਜਾਣਗੇ। ਇਹ ਰਜਿਸਟ੍ਰੇਸ਼ਨ ਸਾਲ 2022 ਲਈ ਹੋਵੇਗੀ।
ਭਾਰਤੀ ਪੇਸ਼ੇਵਰਾਂ ਲਈ ਵੱਡਾ ਮੌਕਾ
ਜ਼ਿਕਰਯੋਗ ਹੈ ਕਿ ਐੱਚ-1ਬੀ ਵੀਜ਼ਾ ਜ਼ਰੀਏ ਵੱਡੀ ਗਿਣਤੀ ਵਿਚ ਭਾਰਤ ਦੇ ਕੁਸ਼ਲ ਪੇਸ਼ੇਵਰ ਅਮਰੀਕਾ ਜਾਂਦੇ ਹਨ ਅਤੇ ਉੱਥੇ ਨੌਕਰੀ ਕਰਦੇ ਹਨ। ਇਹਨਾਂ ਵਿਚ ਵੱਡੀ ਗਿਣਤੀ ਵਿਚ ਆਈ.ਟੀ. ਪੇਸ਼ੇਵਰ ਹੁੰਦੇ ਹਨ। ਵੀਜ਼ਾ ਰਜਿਸਟ੍ਰੇਸ਼ਨ ਖੁੱਲ੍ਹਣ ਨਾਲ ਭਾਰਤੀ ਪੇਸ਼ੇਵਰਾਂ ਨੂੰ ਵੱਡਾ ਮੌਕਾ ਮਿਲਣ ਦੀ ਸੰਭਾਵਨਾ ਹੈ।
ਬਾਈਡੇਨ ਪ੍ਰਸ਼ਾਸਨ ਦੀ ਘੋਸ਼ਣਾ ਮਗਰੋਂ ਨੋਟੀਫਿਕੇਸ਼ਨ ਜਾਰੀ
ਯੂ.ਐੱਸ. ਸਿਟੀਜਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ (USCIS) ਨੇ ਇਸ ਸੰਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਹੈ। ਇਹ ਨੋਟੀਫਿਕੇਸ਼ਨ ਬਾਈਡੇਨ ਪ੍ਰਸ਼ਾਸਨ ਦੀ ਉਸ ਘੋਸ਼ਣਾ ਦੇ ਬਾਅਦ ਜਾਰੀ ਹੋਈ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਆਗਾਮੀ ਸਾਲ ਲਈ ਐੱਚ-1ਬੀ ਵੀਜ਼ਾ ਦੇਣ ਲਈ ਰਵਾਇਤੀ ਲਾਟਰੀ ਸਿਸਟਮ ਦੀ ਵਰਤੋਂ ਹੋਵੇਗੀ।
ਜ਼ਿਕਰਯੋਗ ਹੈ ਕਿ ਯੂ.ਐੱਸ.ਸੀ.ਆਈ.ਐੱਸ. ਹਰੇਕ ਸਾਲ 65 ਹਜ਼ਾਰ ਐੱਚ-1ਬੀ ਵੀਜ਼ਾ ਜਾਰੀ ਕਰਦਾ ਹੈ। ਇਸ ਦੇ ਇਲਾਵਾ 20 ਹਜ਼ਾਰ ਐੱਚ-1ਬੀ ਵੀਜ਼ਾ ਵਿਦੇਸ਼ੀ ਵਿਦਿਆਰਥੀਆਂ ਲਈ ਜਾਰੀ ਕੀਤੇ ਜਾਂਦੇ ਹਨ। ਇਹ ਵੀਜ਼ਾ ਉਹਨਾਂ ਵਿਦਿਆਰਥੀਆਂ ਨੂੰ ਮਿਲਦੇ ਹਨ ਜੋ ਉੱਚ ਸਿੱਖਿਅਤ ਹੁੰਦੇ ਹਨ ਅਤੇ ਅਮਰੀਕੀ ਯੂਨੀਵਰਸਿਟੀਆਂ ਵਿਚ ਵਿਗਿਆਨ, ਤਕਨੀਕ, ਗਣਿਤ ਅਤੇ ਇੰਜੀਨੀਅਰਿੰਗ ਦੀ ਪੜ੍ਹਾਈ ਜਾਂ ਸ਼ੋਧ ਕਰਨਾ ਚਾਹੁੰਦੇ ਹਨ।
ਰਜਿਸਟ੍ਰੇਸ਼ਨ ਦੀ ਤਾਰੀਖ਼
ਰਜਿਸਟ੍ਰੇਸ਼ਨ 9 ਮਾਰਚ ਤੋਂ ਸ਼ੁਰੂ ਹੋਵੇਗੀ ਅਤੇ 25 ਮਾਰਚ ਤੱਕ ਜਾਰੀ ਰਹੇਗੀ। ਇਸ ਵੀਜ਼ਾ ਜ਼ਰੀਏ ਵਿਦੇਸ਼ੀ ਨਾਗਰਿਕ ਅਮਰੀਕਾ ਜਾ ਕੇ ਉੱਥੋਂ ਦੀਆਂ ਕੰਪਨੀਆਂ ਵਿਚ ਕੰਮ ਕਰ ਸਕਦੇ ਹਨ। ਇਹ ਵੀਜ਼ਾ ਕੁਸ਼ਲ ਪੇਸ਼ੇਵਰਾਂ ਨੂੰ ਦਿੱਤਾ ਜਾਂਦਾ ਹੈ ਜੋ ਅਮਰੀਕਾ ਵਿਚ ਉੱਚ ਕੌਸ਼ਲ ਵਾਲੇ ਕੰਮ ਕਰਦੇ ਹਨ।
1 ਅਕਤੂਬਰ ਤੋਂ ਸ਼ੁਰੂ ਨਵਾਂ ਵਿੱਤ ਸਾਲ
ਵੀਜ਼ਾ ਪ੍ਰਾਪਤ ਕਰਨ ਵਾਲੇ 1 ਅਕਤੂਬਰ ਤੋਂ ਅਮਰੀਕਾ ਵਿਚ ਕੰਮ ਕਰ ਸਕਣਗੇ। ਇੱਥੇ ਦੱਸ ਦਈਏ ਕਿ ਅਮਰੀਕਾ ਵਿਚ ਨਵਾਂ ਵਿੱਤ ਸਾਲ 1 ਅਕਤਬੂਰ ਤੋਂ ਸ਼ੁਰੂ ਹੁੰਦਾ ਹੈ।