American Punjabi News

ਕਿਸਾਨਾਂ ਨੇ ਥਾਲੀਆਂ ਖੜਕਾ ਕੇ ਕੀਤਾ ‘ਮਨ ਕੀ ਬਾਤ’ ਦਾ ਵਿਰੋਧ
ਦਿੱਲੀ ਦੇ ਮੁੱਖ ਰਾਜ ਮਾਰਗਾਂ ’ਤੇ ਕਿਸਾਨਾਂ ਵੱਲੋਂ ਤਿੰਨਾਂ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਦਿੱਤੇ ਜਾ ਰਹੇ ਧਰਨੇ ਦੌਰਾਨ ਹਜ਼ਾਰਾਂ ਕਿਸਾਨਾਂ, ਨੌਜਵਾਨਾਂ ਤੇ ਮਜ਼ਦੂਰਾਂ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਕਾਸ਼ਵਾਣੀ ਤੋਂ ਪ੍ਰਸਾਰਿਤ ਹੁੰਦੇ ਮਹੀਨਾਵਾਰ ਪ੍ਰੋਗਰਾਮ ‘ਮਨ ਕੀ ਬਾਤ’ ਦਾ ਥਾਲੀਆਂ ਖੜਕਾ ਕੇ ਵਿਰੋਧ ਕੀਤਾ। ਦੇਸ਼ ਦੇ ਹੋਰਨਾਂ ਹਿੱਸਿਆਂ ਵਿੱਚ ਵੀ ਉਕਤ ਪ੍ਰੋਗਰਾਮ ਦਾ ਥਾਲੀਆਂ, ਪੀਪੇ, ਡਰੰਮ ਦੇ ਵੱਡੇ ਢੱਕਣ ਖੜਕਾ ਕੇ ਤਿੰਨਾਂ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਿੰਘੂ, ਟਿਕਰੀ, ਗਾਜ਼ੀਪੁਰ ਤੇ ਪਲਵਲ ਦੇ ਧਰਨਿਆਂ ’ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਬੀਤੇ ਦਿਨ ਕੀਤੇ ਐਲਾਨ ਮੁਤਾਬਕ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਰਮਪਿਤ ਧਾਰਮਿਕ ਸਮਾਗਮ ਕਰਵਾਏ ਗਏ। ਇਸ ਮੌਕੇ ਦੋ ਮਿੰਟ ਦਾ ਮੌਨ ਧਾਰ ਕੇ ਨਿੱਕੀਆਂ ਜਿੰਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਸਿੰਘੂ ਧਰਨੇ ’ਤੇ ਦੋ ਦਿਨ 27 ਤੇ 28 ਦਸੰਬਰ ਨੂੰ ਭੁੱਖ ਹੜਤਾਲ ਮੁਲਤਵੀ ਕੀਤੀ ਗਈ ਹੈ ਤੇ ਸਿਰਫ਼ ਧਾਰਮਿਕ ਸਮਾਗਮ ਕਰਨ ਦਾ ਫ਼ੈਸਲਾ ਕੀਤਾ ਗਿਆ। ਅੱਜ ਕਿਸਾਨ ਆਗੂਆਂ ਵੱਲੋਂ ਇੱਥੇ ਤਕਰੀਰਾਂ ਵੀ ਨਹੀਂ ਕੀਤੀਆਂ ਗਈਆਂ। ਗਾਜ਼ੀਪੁਰ, ਟਿਕਰੀ ਤੇ ਪਲਵਲ ’ਚ ਲੜੀਵਾਰ ਭੁੱਖ ਹੜਤਾਲ ਜਾਰੀ ਰਹੀ।
ਪ੍ਰਧਾਨ ਮੰਤਰੀ ਦਾ ‘ਮਨ ਕੀ ਬਾਤ’ ਪ੍ਰੋਗਰਾਮ ਜਿਵੇਂ ਹੀ ਸ਼ੁਰੂ ਹੋਇਆ ਤਾਂ ਸਿੰਘੂ ’ਚ ਕਿਸਾਨਾਂ ਨੇ ਕੇਐੱਫਸੀ ਤੋਂ ਪਿੱਛੇ ਕੌਮੀ ਮਾਰਗ-1 ’ਤੇ ਥਾਲੀਆਂ ਖੜਕਾ ਕੇ ਉਸੇ ਤਰਜ਼ ’ਤੇ ਖੇਤੀ ਬਿੱਲਾਂ ਦਾ ਵਿਰੋਧ ਕੀਤਾ ਜਿਵੇਂ ਪ੍ਰਧਾਨ ਮੰਤਰੀ ਨੇ ਦੇਸ਼ ਵਾਸੀਆਂ ਨੂੰ ਕਰੋਨਾ ਯੋਧਿਆਂ ਲਈ ਥਾਲੀਆਂ ਖੜਕਾਉਣ ਦਾ ਸੱਦਾ ਦਿੱਤਾ ਸੀ। ਆਲ ਇੰਡੀਆ ਸੰਘਰਸ਼ ਤਾਲਮੇਲ ਕਮੇਟੀ ਨੇ ਦੱਸਿਆ ਕਿ ਅੱਜ ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ਦੀ ਨਿੰਦਾ ਕੀਤੀ ਗਈ ਹੈ। ਕਿਸਾਨ ਆਗੂ ਸਤਨਾਮ ਸਿੰਘ ਸਾਹਨੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੋਰਚੇ ਵੱਲੋਂ ਦਿੱਤੇ ਸੱਦੇ ਮੁਤਾਬਕ ਹਰ ਧਰਨੇ ਉੱਪਰ ਥਾਲੀਆਂ ਖੜਕਾਈਆਂ ਗਈਆਂ ਹਨ। ਟਿਕਰੀ ਤੇ ਗਾਜ਼ੀਪੁਰ, ਪਲਵਲ, ਸ਼ਾਹਜਹਾਂਪੁਰ ਧਰਨਿਆਂ ’ਤੇ ਰੋਸ ਵਜੋਂ ਥਾਲੀਆਂ ਖੜਕਾਈਆਂ ਗਈਆਂ। ਸ੍ਰੀ ਸਾਹਨੀ ਨੇ ਕਿਹਾ ਕਿ ਕੇਂਦਰ ਸਰਕਾਰ ਇਕ ਲੱਖ ਕਰੋੜ ਰੁਪਏ ਪਿੰਡਾਂ ਵਿੱਚ ਕਾਰਪੋਰੇਟ ਤੇ ਵਿਦੇਸ਼ੀ ਕੰਪਨੀਆਂ ਦੇ ਨਿਵੇਸ਼ ਉੱਪਰ ਖਰਚ ਕਰਨ ਜਾ ਰਹੀ ਹੈ। ਇਹ ਖ਼ੁਦ ਹੀ ਬਰਬਾਦੀ ਦਾ ਰਾਹ ਹੈ ਨਾ ਕਿ ‘ਆਤਮਨਿਰਭਰਤਾ’ ਦਾ।
ਇਸੇ ਦੌਰਾਨ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਅਗਲੀ ਰਣਨੀਤੀ ਉਲੀਕਣ ਲਈ ਅੱਜ ਵੀ ਮੀਟਿੰਗ ਕੀਤੀ। ਡਾ. ਦਰਸ਼ਨਪਾਲ ਨੇ ਦੱਸਿਆ ਕਿ ਰਣਨੀਤਕ ਨਜ਼ਰੀਏ ਤੋਂ ਕਿਸਾਨ ਆਗੂ ਅੱਜ ਵੀ ਚਰਚਾ ਲਈ ਇਕੱਠੇ ਹੋਏ ਤੇ ਧਰਨਿਆਂ ਉੱਪਰ ਸ਼ਹੀਦੀਆਂ ਨੂੰ ਸਮਰਪਿਤ ਸਮਾਗਮ ਹੋਏ। ਧਰਨਿਆਂ ਵਿੱਚ ਅੱਜ ਖਾਸਾ ਇਕੱਠ ਦੇਖਿਆ ਗਿਆ ਤੇ ਰਾਗੀਆਂ, ਢਾਡੀਆਂ ਤੇ ਕਥਾਵਾਚਕਾਂ ਵੱਲੋਂ ਸਿੱਖ ਇਤਿਹਾਸ ਦੇ ਸ਼ਹੀਦੀ ਹਫ਼ਤੇ ਦੇ ਵੱਖ-ਵੱਖ ਪ੍ਰਸੰਗ ਪੇਸ਼ ਕੀਤੇ ਗਏ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਆਗੂਆਂ ਨੇ ਵੀ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਨੂੰ ਨਮਨ ਕੀਤਾ।