American Punjabi News

ਭਾਰਤ ਦਾ ਨੇਪਾਲ ਨਾਲ ਗੂੜ੍ਹਾ ਰਿਸ਼ਤਾ: ਸ਼੍ਰਿੰਗਲਾ
‘ਭਾਰਤ ਦਾ ਨੇਪਾਲ ਨਾਲ ਗੂੜ੍ਹਾ ਰਿਸ਼ਤਾ ਹੈ ਅਤੇ ਭਾਰਤ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰਨ ਦਾ ਇਛੁੱਕ ਹੈ।’ ਇਹ ਗੱਲ ਅੱਜ ਦੋ ਰੋਜ਼ਾ ਫੇਰੀ ’ਤੇ ਨੇਪਾਲ ਪੁੱਜੇ ਵਿਦੇਸ਼ ਸਕੱਤਰ ਹਰਸ਼ ਵਰਧਨ ਸ਼੍ਰਿੰਗਲਾ ਨੇ ਕਹੀ। ਇਸ ਦੌਰਾਨ ਸ਼੍ਰਿੰਗਲਾ ਆਪਣੇ ਨੇਪਾਲੀ ਹਮਰੁਤਬਾ ਅਤੇ ਦੂਜੇ ਉਚ ਆਗੂਆਂ ਨਾਲ ਗੱਲਬਾਤ ਕਰਨਗੇ।
ਵਿਦੇਸ਼ ਸਕੱਤਰ ਸ਼੍ਰਿੰਗਲਾ ਦਾ ਨੇਪਾਲ ਪੁੱਜਣ ’ਤੇ ਨਿੱਘਾ ਸਵਾਗਤ ਕੀਤਾ ਗਿਆ। ਉਹ ਨੇਪਾਲੀ ਵਿਦੇਸ਼ ਸਕੱਤਰ ਭਾਰਤ ਰਾਜ ਪੌਦਿਆਲ ਦੇ ਸੱਦੇ ’ਤੇ ਉੱਥੇ ਪੁੱਜੇ ਹਨ। ਇਹ ਸੱਦਾ ਉਦੋਂ ਭੇਜਿਆ ਗਿਆ ਜਦੋਂ ਦੋਵੇਂ ਮੁਲਕਾਂ ਵਿਚਾਲੇ ਸਰਹੱਦੀ ਵਿਵਾਦ ਕਾਰਨ ਦੁਵੱਲੇ ਸਬੰਧਾਂ ’ਚ ਕੁੜੱਤਣ ਆ ਗਈ ਸੀ।
ਕਾਠਮੰਡੂ ਵਿੱਚ ਤ੍ਰਿਭੁਵਨ ਪੁੱਜਣ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਦੇਸ਼ ਸਕੱਤਰ ਨੇ ਕਿਹਾ,‘ਮੈਂ ਇੱਥੇ ਪਹਿਲਾਂ ਆਉਣਾ ਚਾਹੁੰਦਾ ਸੀ ਪਰ ਕਰੋਨਾਵਾਇਰਸ ਕਾਰਨ ਨਹੀਂ ਆ ਸਕਿਆ। ਇੱਥੇ ਆ ਕੇ ਖੁਸ਼ ਹਾਂ ਅਤੇ ਇਹ ਮੇਰੀ ਵਿਦੇਸ਼ ਸਕੱਤਰ ਵਜੋਂ ਨੇਪਾਲ ਦੀ ਪਹਿਲੀ ਫੇਰੀ ਹੈ। ਦੋਵਾਂ ਦੇਸ਼ਾਂ ਵਿਚਾਲੇ ਸਬੰਧ ਮਜ਼ਬੂਤ ਹਨ। ਇਹ ਹੁਣ ਸਾਡੇ ’ਤੇ ਹੈ ਕਿ ਇਨ੍ਹਾਂ ਸਬੰਧਾਂ ਨੂੰ ਹੋਰ ਸੁਖਾਵਾਂ ਕਿਵੇਂ ਬਣਾਉਣਾ ਹੈ।’ ਉਨ੍ਹਾਂ ਕਿਹਾ ਕਿ ਉਹ ਨਿੱਘੇ ਸਵਾਗਤ ਲਈ ਨੇਪਾਲ ਸਰਕਾਰ ਤੇ ਵਿਦੇਸ਼ ਸਕੱਤਰ ਦਾ ਧੰਨਵਾਦ ਕਰਦੇ ਹਨ। ਉਨ੍ਹਾਂ ਕਿਹਾ ਕਿ ਨੇਪਾਲੀ ਵਿਦੇਸ਼ ਸਕੱਤਰ ਨਾਲ ਉਨ੍ਹਾਂ ਦੀ ਪਹਿਲੀ ਮੀਟਿੰਗ ਹੋਵੇਗੀ, ਮਗਰੋਂ ਉਹ ਵਿਦੇਸ਼ ਮੰਤਰੀ ਪ੍ਰਦੀਪ ਗਿਆਵਲੀ ਨਾਲ ਮੁਲਾਕਾਤ ਕਰਨਗੇ। ਇਸ ਤੋਂ ਇਲਾਵਾ ਕਾਠਮੰਡੂ ਵਿੱਚ ਪ੍ਰਭਾਵਸ਼ਾਲੀ ਵਿਅਕਤੀਆਂ ਨਾਲ ਵੀ ਮੀਟਿੰਗ ਕਰਨਗੇ।
ਨੇਪਾਲੀ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਬਿਆਨ ਵਿੱਚ ਕਿਹਾ ਕਿ ਸ਼੍ਰਿੰਗਾਲਾ ਦੀ ਫੇਰੀ ਦੋਵੇਂ ਗੁਆਂਢੀ ਦੇਸ਼ਾਂ ਵਿਚਾਲੇ ਸਹਾਈ ਸਿੱਧ ਹੋਵੇਗੀ। ਇਸ ਦੌਰਾਨ ਭਾਰਤੀ ਵਿਦੇਸ਼ ਸਕੱਤਰ, ਨੇਪਾਲੀ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਤੇ ਰਾਸ਼ਟਰਪਤੀ ਬਿਦਿਆ ਦੇਵੀ ਭੰਡਾਰੀ ਨਾਲ ਵੀ ਗੱਲਬਾਤ ਕਰਨਗੇ। ਸ਼ੁੱਕਰਵਾਰ ਨੂੰ ਉਹ ਭਾਤਰੀ ਨੇਪਾਲ ਰਿਸ਼ਤਿਆਂ ਸਬੰਧੀ ਲੈਕਚਰ ਦੇਣਗੇ।