American Punjabi News
ਟਰੰਪ ਨੇ ਸਾਬਕਾ ਕੌਮੀ ਸੁਰੱਖਿਆ ਸਲਾਹਕਾਰ ਮਾਈਕਲ ਫਲਿਨ ਨੂੰ ਮੁਆਫ਼ੀ ਦਿੱਤੀ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪਣੇ ਸਾਬਕਾ ਕੌਮੀ ਸੁਰੱਖਿਆ ਸਲਾਹਕਾਰ ਮਾਈਕਲ ਫਲਿਨ ਨੂੰ ਮੁਆਫ਼ੀ ਦੇਣ ਸਬੰਧੀ ਹੁਕਮਾਂ ’ਤੇ ਹਸਤਾਖ਼ਰ ਕਰ ਦਿੱਤੇ ਹਨ। ਫਲਿਨ ’ਤੇ 2016 ਦੀਆਂ ਰਾਸ਼ਟਰਪਤੀ ਚੋਣਾਂ ਦੌਰਾਨ ਟਰੰਪ ਦੇ ਪ੍ਰਚਾਰ ਦਲ ਤੇ ਰੂਸ ਵਿਚਾਲੇ ਸੰਭਾਵੀ ਮਿਲੀਭੁਗਤ ਸਬੰਧੀ ਐੱਫਬੀਆਈ ਨੂੰ ਗਲਤ ਬਿਆਨ ਦੇਣ ਦੇ ਦੋਸ਼ ਸਨ।
ਟਰੰਪ ਨੇ ਫਲਿਨ ਨੂੰ ਮੁਆਫ਼ੀ ਦੇਣ ਸਬੰਧੀ ਕਾਰਜਕਾਰੀ ਹੁਕਮ ’ਤੇ ਬੁੱਧਵਾਰ ਨੂੰ ਹਸਤਾਖ਼ਰ ਕੀਤੇ। ਉਨ੍ਹਾਂ ਟਵੀਟ ਕਰ ਕੇ ਕਿਹਾ, ‘‘ਜਨਰਲ ਟੀ ਫਲਿਨ ਨੂੰ ਮੁਕੰਮਲ ਮੁਆਫ਼ੀ ਦੇਣ ਸਬੰਧੀ ਐਲਾਨ ਕਰਨਾ ਮੇਰੇ ਲਈ ਮਾਣ ਵਾਲੀ ਗੱਲ ਹੈ। ਜਨਰਲ ਫਲਿਨ ਤੇ ਉਨ੍ਹਾਂ ਦੇ ਪਰਿਵਾਰ ਨੂੰ ਮੁਬਾਰਕਬਾਦ। ਮੈਨੂੰ ਪਤਾ ਹੈ ਕਿ ਹੁਣ ਤੁਸੀਂ ਚੰਗੀ ਤਰ੍ਹਾਂ ਥੈਂਕਸਗਿਵਿੰਗ ਮਨਾ ਪਾਓਗੇ।’’
ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕਾਇਲੀ ਮੈਕਨੈਨੀ ਨੇ ਕਿਹਾ, ‘‘ਰਾਸ਼ਟਰਪਤੀ ਨੇ ਜਨਰਲ ਫਲਿਨ ਨੂੰ ਮੁਆਫ਼ੀ ਦਿੱਤੀ ਹੈ ਕਿਉਂਕਿ ਉਨ੍ਹਾਂ ਉੱਪਰ ਕਦੇ ਮੁਕੱਦਮਾ ਚਲਾਇਆ ਹੀ ਨਹੀਂ ਜਾਣਾ ਚਾਹੀਦਾ ਸੀ।। ਜਨਰਲ ਫਲਿਨ ਦੇ ਮਾਮਲੇ ਦੀ ਨਿਆਂ ਵਿਭਾਗ ਵੱਲੋਂ ਆਜ਼ਾਦ ਸਮੀਖਿਆ ਕੀਤੀ ਗਈ ਅਤੇ ਉਹ ਵੀ ਇਸ ਫ਼ੈਸਲੇ ਦਾ ਸਮਰਥਨ ਕਰਦਾ ਹੈ।’’ ਅਸਲ ਵਿੱਚ, ਨਿਆਂ ਵਿਭਾਗ ਦ੍ਰਿੜ੍ਹਤਾ ਨਾਲ ਇਸ ਨਤੀਜੇ ’ਤੇ ਪਹੁੰਚਿਆ ਹੈ ਕਿ ਫਲਿਨ ਖ਼ਿਲਾਫ਼ ਦੋਸ਼ ਖਾਰਜ ਕਰ ਦਿੱਤੇ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਇਹ ਪੂਰਨ ਮੁਆਫ਼ੀ ਇਕ ਨਿਰਦੋਸ਼ ਵਿਅਕਤੀ ਖ਼ਿਲਾਫ਼ ਪੱਖਪਾਤੀ ਮੁਕੱਦਮੇ ਨੂੰ ਖ਼ਤਮ ਕਰਦੀ ਹੈ।