American Punjabi News

‘ਬਾਇਡਨ ਤੇ ਹੈਰਿਸ ਨੂੰ ਭਾਰਤੀ-ਅਮਰੀਕੀ ਭਾਈਚਾਰੇ ਦੀ ਪੂਰੀ ਸਮਝ’
ਡੈਮੋਕ੍ਰੇਟਿਕ ਊਮੀਦਵਾਰਾਂ ਦੀ ਹਮਾਇਤ ਕਰ ਰਹੇ ਪਰਵਾਸੀ ਭਾਰਤੀ ਆਗੂਆਂ ਦਾ ਕਹਿਣਾ ਹੈ ਕਿ ਜੋਅ ਬਾਇਡਨ ਅਤੇ ਸੈਨੇਟਰ ਕਮਲਾ ਹੈਰਿਸ ਨੂੰ ਭਾਰਤੀ-ਅਮਰੀਕੀ ਭਾਈਚਾਰੇ ਦੀ ਬਹੁਤ ਚੰਗੀ ਸਮਝ ਹੈ। ਊਨ੍ਹਾਂ ਰਾਸ਼ਟਰਪਤੀ ਡੋਨਲਡ ਟਰੰਪ ਨੂੰ ‘ਦੁਸ਼ਮਣ’ ਕਿਹਾ, ਜੋ ਵਿਸ਼ਵ ਮੰਚ ’ਤੇ ਭਾਰਤ ਦੀ ਆਲੋਚਨਾ ਕਰਦਾ ਹੈ। 3 ਨਵੰਬਰ ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਦੋ ਹਫ਼ਤਿਆਂ ਤੋਂ ਵੀ ਘੱਟ ਸਮਾਂ ਰਹਿਣ ’ਤੇ ਭਾਰਤੀ-ਅਮਰੀਕੀਆਂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪਹਿਲਾਂ ਅਮਰੀਕੀ ਸੈਨੇਟਰ ਵਜੋਂ ਅਤੇ ਫਿਰ ਊਪ-ਰਾਸ਼ਟਰਪਤੀ ਵਜੋਂ ਬਾਇਡਨ ਵਲੋਂ ਭਾਈਚਾਰੇ ਦੀ ਮਜ਼ਬੂਤੀ ਨਾਲ ਮੱਦਦ ਕੀਤੀ ਗਈ। ਸਿਲੀਕੋਨ ਵਾਦੀ ਦੇ ਕਾਰੋਬਾਰੀ ਅਜੇ ਜੈਨ ਭੁਟੋਰੀਆ ਨੇ ਕਿਹਾ, ‘‘ਟਰੰਪ ਪ੍ਰਸ਼ਾਸਨ ਦੇ ਚਾਰ ਵਰ੍ਹਿਆਂ ਤੋਂ ਬਾਅਦ ਸਾਨੂੰ ਪਤਾ ਹੈ ਕਿ ਸਾਡੇ ਬੱਚਿਆਂ ਅਤੇ ਅਗਾਂਹ ਊਨ੍ਹਾਂ ਦੇ ਬੱਚਿਆਂ ਲਈ ਊਹੋ-ਜਿਹੇ ਮੌਕੇ ਨਹੀਂ ਹੋਣਗੇ, ਜੋ ਸਾਡੇ ਲਈ ਸਨ। ਸਾਨੂੰ ਅਜਿਹੇ ਆਗੂ ਦੀ ਲੋੜ ਹੈ, ਜੋ ਸਾਡੇ ਭਾਈਚਾਰੇ, ਸਾਡੀਆਂ ਕਦਰਾਂ-ਕੀਮਤਾਂ, ਸਾਡੇ ਮਾਣ-ਸਨਮਾਨ ਨੂੰ ਸਮਝੇ ਅਤੇ ਸਾਡੀ ਮਿਹਨਤ ਦੀ ਕਦਰ ਕਰੇ ਅਤੇ ਸਾਨੂੰ ਬਰਾਬਰ ਮੌਕੇ ਦੇਵੇ ਅਤੇ ਸਾਡੀ ਸੁਣਵਾਈ ਹੋਵੇ।’’ ਊਨ੍ਹਾਂ ਕਿਹਾ ਕਿ ਬਾਇਡਨ ਅਤੇ ਹੈਰਿਸ ਅਜਿਹੇ ਆਗੂ ਹਨ, ਜੋ ਦੇਸ਼ ਨੂੰ ਇਸ ਖਿਲਾਰੇ ’ਚੋਂ ਕੱਢਣ ਲਈ ਯੋਗ ਅਗਵਾਈ ਕਰਨਗੇ ਅਤੇ ਇਸ ਦੀ ਰੂਹ ਨੂੰ ਬਹਾਲ ਕਰਨਗੇ, ਮੱਧ-ਵਰਗੀ ਅਰਥਚਾਰੇ ਨੂੰ ਪੈਰਾਂ-ਸਿਰ ਕਰਨਗੇ ਅਤੇ ਅਮਰੀਕਾ ਦੀ ਲੀਡਰਸ਼ਿਪ ਨੂੰ ਵਿਸ਼ਵ ਮੰਚ ’ਤੇ ਮੁੜ ਸਥਾਪਤ ਕਰਨਗੇ ਅਤੇ ਭਾਰਤ ਨਾਲ ਬਿਹਤਰੀਨ ਰਿਸ਼ਤੇ ਕਾਇਮ ਕਰਨਗੇ। ਅੰਤਿਮ ਰਾਸ਼ਟਰਪਤੀ ਬਹਿਸ ਦਾ ਹਵਾਲਾ ਦਿੰਦਿਆਂ ਊਨ੍ਹਾਂ ਕਿਹਾ ਕਿ ਟਰੰਪ ਨੇ ਭਾਰਤ ਦੀ ਵਿਸ਼ਵ ਮੰਚ ’ਤੇ ਆਲੋਚਨਾ ਕੀਤੀ ਹੈ। ਊਨ੍ਹਾਂ ਦੋਸ਼ ਲਾਇਆ, ‘‘ਭਾਈਚਾਰੇ ਨੂੰ ਸਮਝ ਹੈ ਕਿ ਕੌਣ ਭਾਰਤ ਦਾ ਦੋਸਤ ਹੈ ਅਤੇ ਕੌਣ ਦੁਸ਼ਮਣ। ਟਰੰਪ ਦੁਸ਼ਮਣ ਹੈ। ਸੱਜਰੀ ਬਹਿਸ ਦੇ ਮੰਚ ਤੋਂ ਊਸ ਨੇ ਕਿਹਾ— ਤੁਸੀਂ ਭਾਰਤ ਦੇ ਕੋਵਿਡ-19 ਅੰਕੜਿਆਂ ’ਤੇ ਭਰੋਸਾ ਨਹੀਂ ਕਰ ਸਕਦੇ ਅਤੇ ਭਾਰਤ ਗੰਦਾ ਹੈ। ਊਸ ਨੇ ਐੱਚ1 ਵੀਜ਼ਾ ਪ੍ਰੋਗਰਾਮ ਮੁਅੱਤਲ ਕਰ ਦਿੱਤਾ, ਭਾਰਤ ਨਾਲ ਵਪਾਰਕ ਸੰਧੀਆਂ ਨੂੰ ਜੋਖ਼ਮ ਵਿੱਚ ਪਾ ਦਿੱਤਾ ਅਤੇ (ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ) ਮੋਦੀ ਦੀ ਦੋਸਤੀ ਨੂੰ ਕੇਵਲ ਤਸਵੀਰਾਂ ਦੇ ਮੌਕਿਆਂ ਲਈ ਵਰਤਿਆ।’’ ਇਸੇ ਤਰ੍ਹਾਂ ਦੇ ਵਿਚਾਰ ਕੈਲੀਫੋਰਨੀਆ ਤੋਂ ਆਗੂ ਐਸ਼ ਕਾਲੜਾ, ਆਦਿੱਤੀ ਪਾਲ, ਕਾਰੋਬਾਰੀ ਅਸ਼ੋਕ ਭੱਟ ਅਤੇ ਨੇਹਾ ਦੇਵਨ ਨੇ ਪ੍ਰਗਟਾਏ। ਊਨ੍ਹਾਂ ਕਮਲਾ ਹੈਰਿਸ ਦਾ ਮਾਂ-ਬੋਲੀ ਤੇ ਭਾਰਤ ਪ੍ਰਤੀ ਸਨੇਹ ਅਤੇ ਜੋਅ ਬਾਇਡਨ ਦੀ ਭਾਰਤੀ ਭਾਈਚਾਰੇ ਤੇ ਦੁਵੱਲੇ ਸਬੰਧਾਂ ਬਾਰੇ ਸਮਝ ਅਤੇ ਨਰਮਾਈ ਬਾਰੇ ਗੱਲ ਕੀਤੀ।