American Punjabi News

ਭਾਰਤ-ਚੀਨ ’ਚ ਜੰਗ ਹੋਣ ’ਤੇ ਅਮਰੀਕੀ ਭਾਰਤ ਦੇ ਨਾਲ : ਸਰਵੇ
ਵਾਸ਼ਿੰਗਟਨ, - ਭਾਰਤ-ਚੀਨ ’ਚ ਜੇਕਰ ਫੌਜੀ ਅਤੇ ਵਪਾਰ ਜੰਗ ਹੁੰਦੀ ਹੈ ਤਾਂ ਅਮਰੀਕੀ ਭਾਰਤ ਦਾ ਹੀ ਸਾਥ ਦੇਣਗੇ। ਇਹ ਖੁਲਾਸਾ ਭਾਰਤ-ਚੀਨ ’ਚ ਜਾਰੀ ਤਣਾਅ ਸਬੰਧੀ ਅਮਰੀਕਾ ’ਚ ਹੋਏ ਇਕ ਸਰਵੇ ਨਾਲ ਹੋਇਆ ਹੈ। ਇਹ ਸਰਵੇ ਆਸਟ੍ਰੇਲੀਆਈ ਥਿੰਕ ਟੈਂਕ ਲੋਵੀ ਇੰਸਟੀਚਿਊਟ ਨੇ ਕੀਤਾ ਹੈ। ਸਰਵੇ ਦੇ ਅੰਕੜਿਆਂ ਨੇ ਕਈ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ। 7 ਜੁਲਾਈ 2020 ਨੂੰ 1,012 ਅਮਰੀਕੀ ਲੋਕਾਂ ਵਿਚਾਲੇ ਇਕ ਵੈੱਬ ਸਰਵੇਖਣ ਕੀਤਾ ਜਿਸ ਵਿਚ ਅਮਰੀਕੀ ਲੋਕਾਂ ਨੂੰ 2 ਸਵਾਲ ਪੁੱਛੇ ਗਏ ਸਨ।
ਪਹਿਲੇ ਸਵਾਲ ’ਚ ਪੁੱਛਿਆ ਗਿਆ ਕਿ ਜੇਕਰ ਭਾਰਤ ਅਤੇ ਚੀਨ ’ਚ ਫੌਜੀ ਸੰਘਰਸ਼ ਹੋਇਆ ਤਾਂ ਤੁਸੀਂ ਕਿਹੜੇ ਦੇਸ਼ ਦਾ ਸਮਰਥਨ ਕਰੋਗੇ। ਦੂਸਰੇ ਸਵਾਲ ’ਚ ਪੁੱਛਿਆ ਗਿਆ ਕਿ ਭਾਰਤ ਅਤੇ ਚੀਨ ’ਚ ਆਰਥਿਕ ਸੰਘਰਸ਼ ਹੋਇਆ ਤਾਂ ਤੁਸੀਂ ਕਿਹੜੇ ਦੇਸ਼ ਦੇ ਨਾਲ ਹੋ।
ਆਸਟ੍ਰੇਲੀਆਈ ਥਿੰਕ ਟੈਂਕ ਦੇ ਨਤੀਜਿਆਂ ਮੁਤਾਬਕ ਪਹਿਲੇ ਸਵਾਲ ਦੇ ਜਵਾਬ ’ਚ 63.6 ਫੀਸਦੀ ਅਮਰੀਕੀ ਲੋਕਾਂ ਨੇ ਕਿਹਾ ਕਿ ਉਹ ਕਿਸੇ ਦੇਸ਼ ਦਾ ਪੱਖ ਨਹੀਂ ਲੈਣਗੇ। ਉਥੇ, 32.6 ਫੀਸਦੀ ਅਮਰੀਕੀ ਲੋਕਾਂ ਨੇ ਕਿਹਾ ਕਿ ਉਹ ਜੰਗ ਦੀ ਸਥਿਤੀ ’ਚ ਭਾਰਤ ਦਾ ਸਮਰਥਨ ਕਰਨਗੇ ਜਦਕਿ 3.8 ਫੀਸਦੀ ਲੋਕਾਂ ਨੇ ਚੀਨ ਦਾ ਸਮਰਥਨ ਕੀਤਾ। ਦੋਨਾਂ ਦੇਸ਼ਾਂ ’ਚ ਆਰਥਿਕ ਸੰਘਰਸ਼ ਹੋਣ ਦੇ ਹਾਲਾਤਾਂ ’ਚ 60.6 ਫੀਸਦੀ ਲੋਕਾਂ ਨੇ ਕਿਹਾ ਕਿ ਉਹ ਕਿਸੇ ਵੀ ਦੇਸ਼ ਦਾ ਸਮਰਥਨ ਨਹੀਂ ਕਰਨਗੇ। ਉਥੇ 36.3 ਫੀਸਦੀ ਲੋਕਾਂ ਨੇ ਭਾਰਤ ਦਾ ਸਮਰਥਨ ਕੀਤਾ ਜਦਕਿ 3.1 ਫੀਸਦੀ ਲੋਕਾਂ ਨੇ ਚੀਨ ਦਾ ਸਮਰਥਨ ਕੀਤਾ।