American Punjabi News

ਡਾਕਟਰਾਂ ਨੂੰ ਸਮੇਂ ’ਤੇ ਤਨਖ਼ਾਹ ਯਕੀਨੀ ਬਣਾਏ ਕੇਂਦਰ: ਸੁਪਰੀਮ ਕੋਰਟ
ਕੇਂਦਰ ਨੇ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਨੂੰ ਦੱਸਿਆ ਕਿ ਕੋਵਿਡ-19 ਨਾਲ ਸਿੱਝਣ ’ਚ ਲੱਗੇ ਸਿਹਤ ਕਰਮੀਆਂ ਨੂੰ ਸਮੇਂ ’ਤੇ ਤਨਖ਼ਾਹਾਂ ਦੀ ਅਦਾਇਗੀ ਸਬੰਧੀ ਨਿਰਦੇਸ਼ਾਂ ਦਾ ਮਹਾਰਾਸ਼ਟਰ, ਪੰਜਾਬ, ਕਰਨਾਟਕ ਅਤੇ ਤ੍ਰਿਪੁਰਾ ਨੇ ਅਜੇ ਤੱਕ ਪਾਲਣ ਨਹੀਂ ਕੀਤਾ ਹੈ। ਇਸ ’ਤੇ ਸੁਪਰੀਮ ਕੋਰਟ ਨੇ ਕਿਹਾ ਕਿ ਕੇਂਦਰ ਨਿਰਦੇਸ਼ਾਂ ਨੂੰ ਲਾਗੂ ਕਰਾਉਣ ’ਚ ਇੰਨਾ ‘ਬੇਵੱਸ’ ਨਹੀਂ ਹੋ ਸਕਦਾ ਹੈ। ਸਿਖਰਲੀ ਅਦਾਲਤ ਨੇ ਕੇਂਦਰ ਨੂੰ ਨਿਰਦੇਸ਼ ਦਿੱਤੇ ਕਿ ਉਹ ਕੋਵਿਡ-19 ਸਬੰਧੀ ਡਿਊਟੀ ’ਚ ਤਾਇਨਾਤ ਡਾਕਟਰਾਂ ਅਤੇ ਸਿਹਤ ਸੰਭਾਲ ਕਾਮਿਆਂ ਦੀਆਂ ਤਨਖ਼ਾਹਾਂ ਸਮੇਂ ’ਤੇ ਜਾਰੀ ਕਰਨ ਲਈ ਲੋੜੀਂਦੇ ਦਿਸ਼ਾ-ਨਿਰਦੇਸ਼ ਦੇਵੇ। ਬੈਂਚ ਨੇ ਸਿਹਤ ਕਰਮੀਆਂ ਦੀ ਲਾਜ਼ਮੀ ਇਕਾਂਤਵਾਸ ਦੇ ਸਮੇਂ ਨੂੰ ਛੁੱਟੀ ਮੰਨਣ ਅਤੇ ਉਸ ਸਮੇਂ ਦੀ ਤਨਖ਼ਾਹ ਕੱਟਣ ਬਾਰੇ ਵੀ ਕੇਂਦਰ ਤੋਂ ਸਪੱਸ਼ਟੀਕਰਨ ਮੰਗਿਆ ਹੈ। ਕੇਂਦਰ ਵੱਲੋਂ ਪੇਸ਼ ਹੋਏ ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੂੰ ਬੈਂਚ ਨੇ ਕਿਹਾ,‘‘ਜੇਕਰ ਸੂਬੇ ਕੇਂਦਰ ਸਰਕਾਰ ਦੇ ਨਿਰਦੇਸ਼ਾਂ ਅਤੇ ਹੁਕਮਾਂ ਦੀ ਪਾਲਣਾ ਨਹੀਂ ਕਰ ਰਹੇ ਹਨ ਤਾਂ ਤੁਸੀਂ ਕੋਈ ਬੇਵੱਸ ਨਹੀਂ ਹੋ। ਤੁਹਾਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਹੁਕਮਾਂ ਦੀ ਪਾਲਣਾ ਹੋਵੇ। ਆਫ਼ਤ ਪ੍ਰਬੰਧਨ ਐਕਟ ਤਹਿਤ ਤੁਹਾਡੇ ਕੋਲ ਤਾਕਤ ਹੈ। ਤੁਸੀਂ ਕਦਮ ਉਠਾ ਸਕਦੇ ਹੋ।’’ ਸ੍ਰੀ ਮਹਿਤਾ ਨੇ ਕਿਹਾ ਕਿ ਮਹਾਰਾਸ਼ਟਰ, ਪੰਜਾਬ, ਤ੍ਰਿਪੁਰਾ ਅਤੇ ਕਰਨਾਟਕ ਜਿਹੇ ਕੁਝ ਸੂਬਿਆਂ ਨੇ ਡਾਕਟਰਾਂ ਅਤੇ ਸਿਹਤ ਕਰਮੀਆਂ ਨੂੰ ਸਮੇਂ ’ਤੇ ਤਨਖ਼ਾਹ ਨਹੀਂ ਦਿੱਤੀ ਹੈ। ਬੈਂਚ ਵੱਲੋਂ ਮਾਮਲੇ ’ਤੇ ਹੁਣ 10 ਅਗਸਤ ਨੂੰ ਅੱਗੇ ਸੁਣਵਾਈ ਕੀਤੀ ਜਾਵੇਗੀ।