American Punjabi News

ਕੋਰੋਨਾ ਕਾਰਨ ਅਜੇ ਦੇਸ਼ ਚ ਚੋਣਾਂ ਨਹੀਂ ਕਰਾਉਣਾ ਚਾਹੁੰਦੇ ਕੈਨੇਡੀਅਨ ਲੋਕ
ਓਟਾਵਾ- 'ਵੀ ਚੈਰਿਟੀ' ਦੇ ਮਾਮਲੇ ਵਿਚ ਉਲਝੇ ਪ੍ਰਧਾਨ ਮੰਤਰੀ ਟਰੂਡੋ ਦੇ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ। ਇਸ ਦੌਰਾਨ ਜਦ ਲੋਕਾਂ ਨੂੰ ਪੁੱਛਿਆ ਗਿਆ ਕਿ ਕੀ ਉਹ ਦੇਸ਼ ਵਿਚ ਚੋਣਾਂ ਕਰਵਾਉਣ ਦੇ ਹੱਕ ਵਿਚ ਹਨ ਤਾਂ ਵਧੇਰੇ ਕੈਨੇਡੀਅਨਾਂ ਨੇ ਕਿਹਾ ਕਿ ਕੋਰੋਨਾ ਸੰਕਟ ਦੌਰਾਨ ਅਜੇ ਉਹ ਚੋਣਾਂ ਨਹੀਂ ਕਰਵਾਉਣਾ ਚਾਹੁੰਦੇ। ਨੈਨੋਜ਼ ਰੀਸਰਚ ਸਰਵੇ ਮੁਤਾਬਕ ਉਨ੍ਹਾਂ ਨੇ ਸ਼ੁੱਕਰਵਾਰ ਨੂੰ 1,094 ਕੈਨੇਡੀਅਨਾਂ 'ਤੇ ਸਰਵੇ ਕੀਤਾ।
55 ਫੀਸਦੀ ਲੋਕਾਂ ਨੇ ਕਿਹਾ ਕਿ ਅਜੇ ਚੋਣਾਂ ਕਰਵਾਉਣ ਦਾ ਵਿਚਾਰ ਬਦਲ ਦੇਣਾ ਚਾਹੀਦਾ ਹੈ। ਹਾਲਾਂਕਿ 20 ਫੀਸਦੀ ਲੋਕਾਂ ਨੇ ਕਿਹਾ ਕਿ ਉਹ ਚੋਣਾਂ ਕਰਵਾਉਣ ਦੇ ਹੱਕ ਵਿਚ ਹਨ ਹਾਲਾਂਕਿ ਕੁਝ ਲੋਕਾਂ ਨੇ ਕਿਹਾ ਕਿ ਉਹ ਇਸ ਬਾਰੇ ਆਪਣਾ ਵਿਚਾਰ ਨਹੀਂ ਦੇ ਸਕਦੇ। ਜ਼ਿਕਰਯੋਗ ਹੈ ਕਿ ਵੀ ਚੈਰਿਟੀ ਦੇ ਮਾਮਲੇ ਕਾਰਨ ਕੰਜ਼ਰਵੇਟਿਵ ਅਤੇ ਬਲੋਕ ਕਿਊਬਿਕਨਜ਼ ਵਲੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਵਿੱਤ ਮੰਤਰੀ ਬਿੱਲ ਮੌਰਨਿਊ ਦਾ ਅਸਤੀਫਾ ਮੰਗਿਆ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਜੇਕਰ ਟਰੂਡੋ ਤੇ ਮੌਰਨਿਊ ਅਜਿਹਾ ਨਹੀਂ ਕਰਦੇ ਤਾਂ ਪਾਰਟੀ ਨੂੰ ਇਸ ਦਾ ਨੁਕਸਾਨ ਝੱਲਣਾ ਪਵੇਗਾ ਤੇ ਸਤੰਬਰ ਵਿਚ ਬੇਭਰੋਸਗੀ ਮਤਾ ਪੇਸ਼ ਹੋ ਸਕਦਾ ਹੈ।
ਇਸ ਸਬੰਧੀ ਰਿਸਰਚ ਵਿਚ ਪਤਾ ਲੱਗਾ ਹੈ ਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਵੀ ਲਿਬਰਲ ਪਾਰਟੀ ਕੰਜ਼ਰਵੇਟਿਵ ਪਾਰਟੀ ਨਾਲੋਂ ਵੱਧ ਵੋਟਾਂ ਹਾਸਲ ਕਰੇਗੀ। ਟਰੂਡੋ 33.8 ਫੀਸਦੀ ਲੋਕਾਂ ਦਾ ਸਮਰਥਨ ਕਰਨਗੇ ਜਦ ਕਿ ਕੰਜ਼ਰਵੇਟਿਵ ਦੇ ਐਂਡਰੀਊ ਸ਼ੀਅਰ ਨੂੰ 18.8 ਫੀਸਦੀ, ਐੱਨ. ਡੀ. ਪੀ. ਜਗਮੀਤ ਸਿੰਘ 14 ਫੀਸਦੀ ਅਤੇ ਗਰੀਨ ਪਾਰਟੀ ਦੇ ਲੀਡਰ ਐਲੀਜ਼ਾਬੈਥ ਮੇਅ 6.9 ਫੀਸਦੀ ਤੇ ਪੀਪਲ ਪਾਰਟੀ ਦੇ ਨੇਤਾ ਮੈਕਸੀਮ ਬਰਨੀਅਰ 4.7 ਫੀਸਦੀ ਸਮਰਥਨ ਹਾਸਲ ਕਰਨਗੇ। ਫਿਲਹਾਲ ਬਹੁਤੇ ਲੋਕ ਤਾਂ ਚੋਣਾਂ ਨਹੀਂ ਚਾਹੁੰਦੇ ਕਿਉਂਕਿ ਚੋਣਾਂ ਦੌਰਾਨ ਕੋਰੋਨਾ ਫੈਲਣ ਦਾ ਖਤਰਾ ਵੱਧ ਜਾਵੇਗਾ।