American Punjabi News

ਪੰਜਾਬ ਜ਼ਿਮਨੀ ਚੋਣਾਂ: ਕਾਂਗਰਸ ਨੇ ਤਿੰਨ ਅਤੇ ਅਕਾਲੀ ਦਲ ਨੇ ਇੱਕ ਸੀਟ ਜਿੱਤੀ
ਚੰਡੀਗੜ੍ਹ-ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਦੌਰਾਨ ਤਿੰਨ ਹਲਕਿਆਂ ’ਤੇ ਕਾਂਗਰਸ ਅਤੇ ਇੱਕ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ। ਜਲਾਲਾਬਾਦ ਵਿਧਾਨ ਸਭਾ ਹਲਕੇ ’ਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਦਬਦਬਾ ਤੋੜਦਿਆਂ ਕਾਂਗਰਸ ਦੇ ਰਮਿੰਦਰ ਸਿੰਘ ਆਵਲਾ ਨੇ ਅਕਾਲੀ ਦਲ ਦੇ ਉਮੀਦਵਾਰ ਨੂੰ ਵੱਡੇ ਫਰਕ ਨਾਲ ਹਰਾਇਆ। ਸੱਤਾਧਾਰੀ ਕਾਂਗਰਸ ਲਈ ਵੱਕਾਰ ਦਾ ਸਵਾਲ ਬਣੇ ਦਾਖਾ ਵਿਧਾਨ ਸਭਾ ਹਲਕੇ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖਾਸਮ-ਖਾਸ ਕੈਪਟਨ ਸੰਦੀਪ ਸੰਧੂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਮਨਪ੍ਰੀਤ ਸਿੰਘ ਇਯਾਲੀ ਨੇ ਬੁਰੀ ਤਰ੍ਹਾਂ ਸ਼ਿਕਸਤ ਦਿੱਤੀ ਹੈ। ਭਾਰਤੀ ਜਨਤਾ ਪਾਰਟੀ ਦਾ ਗੜ੍ਹ ਮੰਨੇ ਜਾਂਦੇ ਫਗਵਾੜਾ ਅਤੇ ਮੁਕੇਰੀਆਂ ਹਲਕਿਆਂ ਤੋਂ ਕਾਂਗਰਸ ਦੇ ਬਲਵਿੰਦਰ ਸਿੰਘ ਧਾਲੀਵਾਲ ਅਤੇ ਮਰਹੂਮ ਕਾਂਗਰਸੀ ਵਿਧਾਇਕ ਦੀ ਪਤਨੀ ਇੰਦੂ ਬਾਲਾ ਨੇ ਜਿੱਤ ਹਾਸਲ ਕੀਤੀ ਹੈ। ਪੰਜਾਬ ਵਿਧਾਨ ਸਭਾ ਵਿੱਚ ਹੁਣ ਕਾਂਗਰਸ ਦੇ ਵਿਧਾਇਕਾਂ ਦੀ ਗਿਣਤੀ 80 ਹੋ ਗਈ ਹੈ ਜਦਕਿ ਆਮ ਆਦਮੀ ਪਾਰਟੀ ਦੇ 19, ਸ਼੍ਰੋਮਣੀ ਅਕਾਲੀ ਦਲ ਦੇ 14, ਭਾਜਪਾ ਅਤੇ ਲੋਕ ਇਨਸਾਫ਼ ਪਾਰਟੀ ਦੇ 2-2 ਵਿਧਾਇਕ ਹਨ। ਜ਼ਿਮਨੀ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਅਤੇ ਲੋਕ ਇਨਸਾਫ਼ ਪਾਰਟੀ ਦੇ ਉਮੀਦਵਾਰਾਂ ਸਮੇਤ ਹੋਰਨਾਂ ਆਜ਼ਾਦ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ। ਜ਼ਿਮਨੀ ਚੋਣਾਂ ਦੇ ਨਤੀਜਿਆਂ ਦੇ ਆਧਾਰ ’ਤੇ ਭਾਵੇਂ ਸੱਤਾਧਾਰੀ ਕਾਂਗਰਸ ਲਈ ਜੇਤੂ ਦਿਨ ਕਰਾਰ ਦਿੱਤਾ ਜਾ ਸਕਦਾ ਹੈ ਪਰ ਇਹ ਚੋਣ ਨਤੀਜੇ ਇੱਕ ਤਰ੍ਹਾਂ ਨਾਲ ਪ੍ਰਮੁੱਖ ਸਿਆਸੀ ਹਸਤੀਆਂ ਲਈ ਝਟਕੇ ਤੋਂ ਘੱਟ ਨਹੀਂ ਹਨ। ਸੁਖਬੀਰ ਸਿੰਘ ਬਾਦਲ ਤੋਂ ਜਲਾਲਾਬਾਦ ਖੁੱਸਣਾ ਅਕਾਲੀ ਦਲ ਅਤੇ ਦਾਖਾ ਤੋਂ ਕੈਪਟਨ ਸੰਦੀਪ ਸਿੰਘ ਸੰਧੂ ਦੀ ਹਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਈ ਕਰਾਰਾ ਝਟਕਾ ਹਨ।
ਸ਼੍ਰੋਮਣੀ ਅਕਾਲੀ ਦਲ ਨੇ ਜਲਾਲਾਬਾਦ ’ਤੇ ਕਬਜ਼ਾ ਬਰਕਰਾਰ ਰੱਖਣ ਅਤੇ ਦਾਖਾ ਹਥਿਆਉਣ ਲਈ ਸੁਖਬੀਰ ਸਿੰਘ ਬਾਦਲ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਨੇ ਸਾਰੀ ਤਾਕਤ ਲਾਈ ਹੋਈ ਸੀ। ਦਾਖਾ ਵਿੱਚ ਅਕਾਲੀ ਦਲ ਭਾਵੇਂ ਕਾਮਯਾਬ ਹੋ ਗਿਆ ਪਰ ਜਲਾਲਾਬਾਦ, ਜਿੱਥੋਂ ਸੁਖਬੀਰ ਸਿੰਘ ਬਾਦਲ ਪਿਛਲੀਆਂ ਤਿੰਨ ਚੋਣਾਂ ਵੱਡੇ ਫ਼ਰਕ ਨਾਲ ਜਿੱਤੇ ਸਨ, ’ਚ ਪਾਰਟੀ ਦਾ ਉਮੀਦਵਾਰ 16633 ਵੋਟਾਂ ਦੇ ਫ਼ਰਕ ਨਾਲ ਚੋਣ ਹਾਰ ਗਿਆ। ਦਾਖਾ ਵਿਧਾਨ ਸਭਾ ਹਲਕੇ ’ਚ ਜਿੱਤ ਯਕੀਨੀ ਬਣਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਲਾਲਾਬਾਦ, ਫਗਵਾੜਾ ਅਤੇ ਮੁਕੇਰੀਆਂ ਨਾਲੋਂ ਜ਼ਿਆਦਾ ਤਵੱਕੋ ਦਿੱਤੀ ਤੇ ਜ਼ਿਆਦਾ ਰੋਡ ਸ਼ੋਅ ਕੀਤੇ ਪਰ ਹਾਕਮ ਪਾਰਟੀ ਅਤੇ ਮੁੱਖ ਮੰਤਰੀ ਲਈ ਨਤੀਜਾ ਬੜਾ ਹੀ ਨਿਰਾਸ਼ਾਜਨਕ ਰਿਹਾ। ਸਿਆਸੀ ਪੱਖ ਤੋਂ ਦੇਖਿਆ ਜਾਵੇ ਤਾਂ ਇਹ ਚੋਣਾਂ ਅਕਾਲੀ ਦਲ ਲਈ ਵੱਡਾ ਝਟਕਾ ਹਨ ਕਿਉਂਕਿ 2017 ਦੀਆਂ ਵਿਧਾਨ ਸਭਾ ਚੋਣਾਂ ’ਚ ਵਿਰੋਧੀ ਧਿਰ ਦੀ ਭੂਮਿਕਾ ਵੀ ਨਾ ਮਿਲਣ ਤੋਂ ਬਾਅਦ ਅਕਾਲੀ ਦਲ ਦਾ ਆਧਾਰ ਪੰਜਾਬ ਵਿੱਚ ਖੁੱਸਿਆ ਹੋਇਆ ਨਜ਼ਰ ਆ ਰਿਹਾ ਹੈ। ਪੰਜਾਬ ਦੇ ਲੋਕ ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ ਤੋਂ ਵੀ ਨਿਰਾਸ਼ ਮੰਨੇ ਜਾਂਦੇ ਹਨ। ਅਜਿਹੇ ਹਾਲਾਤ ਵਿੱਚ ਅਕਾਲੀ ਦਲ ਲੋਕਾਂ ਦੀ ਸਰਕਾਰ ਪ੍ਰਤੀ ਨਾਰਾਜ਼ਗੀ ਦਾ ਲਾਹਾ ਨਹੀਂ ਲੈ ਸਕਿਆ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਨ੍ਹਾਂ ਜ਼ਿਮਨੀ ਚੋਣਾਂ ਨੂੰ ਸਰਕਾਰ ਪ੍ਰਤੀ ਰਾਇਸ਼ੁਮਾਰੀ ਮੰਨਣ ਤੋਂ ਤਾਂ ਗੁਰੇਜ਼ ਕਰ ਰਹੇ ਸਨ ਪਰ ਨਾਲ ਹੀ ਦਾਅਵਾ ਕਰਦੇ ਸਨ ਕਿ ਕਾਂਗਰਸ ਸਰਕਾਰ ਦੀ ਚੰਗੀ ਕਾਰਗੁਜ਼ਾਰੀ ਕਰਕੇ ਪਾਰਟੀ ਚਾਰੇ ਵਿਧਾਨ ਸਭਾ ਹਲਕਿਆਂ ਤੋਂ ਜਿੱਤ ਹਾਸਲ ਕਰੇਗੀ।