American Punjabi News

ਅਤਿਵਾਦ ਖ਼ਿਲਾਫ਼ ਸਾਂਝੀ ਕਾਰਵਾਈ ਦੀ ਲੋੜ: ਮੋਦੀ
ਸੰਯੁਕਤ ਰਾਸ਼ਟਰ-ਅਤਿਵਾਦ ਖ਼ਿਲਾਫ਼ ਕੌਮਾਂਤਰੀ ਭਾਈਚਾਰੇ ਨੂੰ ਸਾਂਝੇ ਤੌਰ ’ਤੇ ਡਟਣ ਦਾ ਸੱਦਾ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅਤਿਵਾਦ ਕਿਸੇ ਇਕ ਮੁਲਕ ਲਈ ਸਭ ਤੋਂ ਵੱਡੀ ਚੁਣੌਤੀ ਨਹੀਂ ਹੈ ਸਗੋਂ ਪੂਰੀ ਦੁਨੀਆਂ ਅਤੇ ਮਨੁੱਖਤਾ ਇਸ ਦੇ ਘੇਰੇ ’ਚ ਆਏ ਹੋਏ ਹਨ। ਸੰਯੁਕਤ ਰਾਸ਼ਟਰ ਆਮ ਸਭਾ ਦੇ 74ਵੇਂ ਇਜਲਾਸ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਮੈਂਬਰ ਮੁਲਕਾਂ ’ਚ ਅਤਿਵਾਦ ਦੇ ਮੁੱਦੇ ’ਤੇ ਸਰਬਸੰਮਤੀ ਨਾ ਹੋਣ ਕਰਕੇ ਸੰਯੁਕਤ ਰਾਸ਼ਟਰ ਦੀ ਸਥਾਪਨਾ ਦੇ ਸਿਧਾਂਤਾਂ ਨੂੰ ਢਾਹ ਲਾਈ ਜਾ ਰਹੀ ਹੈ। ਪਾਕਿਸਤਾਨ ਦਾ ਨਾਮ ਲਏ ਬਿਨਾਂ ਸ੍ਰੀ ਮੋਦੀ ਨੇ ਅਤਿਵਾਦ ਖ਼ਿਲਾਫ਼ ਖੁੱਲ੍ਹ ਕੇ ਹੋਰ ਮੁਲਕਾਂ ਨੂੰ ਅੱਗੇ ਆਉਣ ਲਈ ਕਿਹਾ। ਭਾਰਤ ਨੇ ‘ਕੌਮਾਂਤਰੀ ਅਤਿਵਾਦ ਬਾਰੇ ਵਿਆਪਕ ਕਨਵੈਨਸ਼ਨ’ ਦਾ ਖਰੜਾ 1996 ’ਚ ਆਮ ਸਭਾ ’ਚ ਪੇਸ਼ ਕੀਤਾ ਸੀ ਪਰ ਇਸ ਨੂੰ ਅਮਲੀ ਜਾਮਾ ਨਹੀਂ ਪਹਿਨਾਇਆ ਜਾ ਸਕਿਆ ਕਿਉਂਕਿ ਮੈਂਬਰ ਮੁਲਕਾਂ ’ਚ ਇਸ ਬਾਬਤ ਕੋਈ ਸਹਿਮਤੀ ਨਹੀਂ ਬਣ ਸਕੀ। ਦੂਜੀ ਵਾਰ ਸੰਯੁਕਤ ਰਾਸ਼ਟਰ ਮਹਾ ਸਭਾ ਦੇ ਇਜਲਾਸ ਨੂੰ ਹਿੰਦੀ ’ਚ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ 130 ਕਰੋੜ ਭਾਰਤੀਆਂ ਵੱਲੋਂ ਆਮ ਸਭਾ ਨੂੰ ਸੰਬੋਧਨ ਕਰਨਾ ਬੜੇ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਭਾਰਤ ਉਹ ਮੁਲਕ ਹੈ ਜਿਸ ਨੇ ਦੁਨੀਆ ਨੂੰ ‘ਯੁੱਧ ਨਹੀਂ ਸਗੋਂ ਬੁੱਧ’ ਦਾ ਸ਼ਾਂਤੀ ਸੁਨੇਹਾ ਦਿੱਤਾ। ਉਨ੍ਹਾਂ ਕਿਹਾ ਕਿ ਇਸੇ ਕਾਰਨ ਭਾਰਤ ਅਤਿਵਾਦ ਖ਼ਿਲਾਫ਼ ਆਵਾਜ਼ ਬੁਲੰਦ ਕਰ ਰਿਹਾ ਹੈ ਤਾਂ ਜੋ ਪੂਰੀ ਗੰਭੀਰਤਾ ਅਤੇ ਗੁੱਸੇ ਨਾਲ ਦੁਨੀਆ ਨੂੰ ਚੌਕਸ ਕੀਤਾ ਜਾ ਸਕੇ। ਭਾਰਤ ਨੂੰ ‘ਸ਼ਾਂਤੀ ਦਾ ਦੂਤ’ ਕਰਾਰ ਦਿੰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਸਾਂਤੀ ਮਿਸ਼ਨਾਂ ’ਚ ਸਭ ਤੋਂ ਵੱਧ ਭਾਰਤ ਦੇ ਜਵਾਨਾਂ ਨੇ ਕੁਰਬਾਨੀਆਂ ਦਿੱਤੀਆਂ ਹਨ। ਮਹਾਤਮਾ ਗਾਂਧੀ ਦੀ 150ਵੀਂ ਜੈਯੰਤੀ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਮਹਾਤਮਾ ਗਾਂਧੀ ਦਾ ਸਚਾਈ ਅਤੇ ਅਹਿੰਸਾ ਦਾ ਸੁਨੇਹਾ ਅੱਜ ਦੇ ਸੰਦਰਭ ’ਚ ਪੂਰੀ ਦੁਨੀਆ ਲਈ ਸ਼ਾਂਤੀ, ਵਿਕਾਸ ਅਤੇ ਤਰੱਕੀ ਲਈ ਢੁਕਵਾਂ ਹੈ।
ਉਨ੍ਹਾਂ ਕਿਹਾ ਕਿ ਵੰਡੀ ਹੋਈ ਦੁਨੀਆ ਕਿਸੇ ਦੇ ਕੰਮ ਦੀ ਨਹੀਂ ਹੈ ਅਤੇ ਕੌਮਾਂਤਰੀ ਭਾਈਚਾਰਾ ਬਹੁਲਵਾਦ ਨੂੰ ਨਵੀਂ ਸੇਧ ਦੇਵੇ। ਉਨ੍ਹਾਂ ਕਿਹਾ ਕਿ ਜਲਵਾਯੂ ਪਰਿਵਰਤਨ ਨਾਲ ਟਾਕਰਾ ਲੈਣ ਵਾਲੇ ਮੋਹਰੀ ਮੁਲਕਾਂ ’ਚੋਂ ਇਕ ਭਾਰਤ ਵੀ ਹੈ। ਉਨ੍ਹਾਂ ਕਿਹਾ ਕਿ 450 ਗੀਗਾ ਵਾਟ ਨਵਿਆਉਣਯੋਗ ਊਰਜਾ ਦਾ ਟੀਚਾ ਹਾਸਲ ਕਰਨ ’ਤੇ ਕੰਮ ਕੀਤਾ ਜਾ ਰਿਹਾ ਹੈ ਅਤੇ ਦੂਜੇ ਪਾਸੇ ਕੌਮਾਂਤਰੀ ਸੋਲਰ ਐਲਾਇੰਸ ਦੀ ਮੁਹਿੰਮ ਵੀ ਵਿੱਢੀ ਹੋਈ ਹੈ। ਉਨ੍ਹਾਂ ਦੱਸਿਆ ਕਿ ਭਾਰਤ ਨੇ ਪਲਾਸਟਿਕ ਮੁਕਤ ਮੁਲਕ ਬਣਨ ਦੀ ਵੱਡੀ ਮੁਹਿੰਮ ਸ਼ੁਰੂ ਕੀਤੀ ਹੈ ਅਤੇ ਇਕ ਵਾਰ ਵਰਤੇ ਜਾਣ ਵਾਲੇ ਪਲਾਸਟਿਕ ਦੇ ਖਾਤਮੇ ਦੀ ਵਕਾਲਤ ਕੀਤੀ ਜਾ ਰਹੀ ਹੈ। ਭਾਰਤ ’ਚ ਸ਼ੁਰੂ ਕੀਤੀਆਂ ਗਈਆਂ ਵੱਖ ਵੱਖ ਭਲਾਈ ਯੋਜਨਾਵਾਂ ’ਤੇ ਚਾਨਣਾ ਪਾਉਂਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਬਿਹਤਰ ਭਵਿੱਖ ਲਈ ਦੁਨੀਆਂ ਨੂੰ ਨਵੀਂ ਉਮੀਦ ਜਗਾਈ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਕਲੀਨ ਇੰਡੀਆ ਮਿਸ਼ਨ’ ਨੂੰ ਸਫ਼ਲਤਾਪੂਰਬਕ ਲਾਗੂ ਕਰਕੇ ਅਤੇ ਪੰਜ ਸਾਲਾਂ ’ਚ 11 ਕਰੋੜ ਪਖਾਨੇ ਬਣਾਉਣ ਜਿਹੀਆਂ ਪ੍ਰਾਪਤੀਆਂ ਨਾਲ ਪੂਰੀ ਦੁਨੀਆ ਨੂੰ ਪ੍ਰੇਰਣਾਦਾਈ ਸੁਨੇਹਾ ਦਿੱਤਾ ਗਿਆ ਹੈ। ‘ਆਯੂਸ਼ਮਾਨ ਭਾਰਤ’ ਯੋਜਨਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ 50 ਕਰੋੜ ਲੋਕਾਂ ਨੂੰ ਸਾਲਾਨਾ ਪੰਜ ਲੱਖ ਰੁਪਏ ਦਾ ਸਿਹਤ ਬੀਮਾ ਦੇ ਕੇ ਦੁਨੀਆਂ ਨੂੰ ਨਵੀਂ ਰਾਹ ਦਿਖਾਈ ਹੈ। ਆਧਾਰ ਕਾਰਡ ਬਾਰੇ ਸ੍ਰੀ ਮੋਦੀ ਨੇ ਕਿਹਾ,‘‘ਜਦੋਂ ਵਿਕਾਸਸ਼ੀਲ ਮੁਲਕ ਆਪਣੇ ਨਾਗਰਿਕਾਂ ਲਈ ਦੁਨੀਆਂ ਦਾ ਸਭ ਤੋਂ ਵੱਡਾ ਡਿਜੀਟਲ ਪਛਾਣ ਪ੍ਰੋਗਰਾਮ ਲਾਗੂ ਕਰਦਾ ਹੈ ਤਾਂ ਲੋਕਾਂ ਨੂੰ ਬਾਇਓਮੀਟਰਿਕ ਪਛਾਣ ਮਿਲਦੀ ਹੈ ਜਿਸ ਨਾਲ ਉਨ੍ਹਾਂ ਨੂੰ ਆਪਣੇ ਹੱਕ ਹਾਸਲ ਕਰਨਾ ਯਕੀਨੀ ਬਣਾਇਆ ਜਾਂਦਾ ਹੈ ਅਤੇ ਭ੍ਰਿਸ਼ਟਾਚਾਰ ’ਤੇ ਨੱਥ ਪਾਉਂਦਿਆਂ 20 ਅਰਬ ਡਾਲਰ ਤੋਂ ਵੱਧ ਰਕਮ ਬਚਾ ਲਈ ਜਾਂਦੀ ਹੈ।’’ ਉਨ੍ਹਾਂ ‘ਸਭਕਾ ਸਾਥ, ਸਭਕਾ ਵਿਕਾਸ ਅਤੇ ਸਭਕਾ ਵਿਸ਼ਵਾਸ’ ਦਾ ਨਾਅਰਾ ਵੀ ਬੁਲੰਦ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਜਨ ਕਲਿਆਣ ਦੇ ਨਾਲ ਜਗ ਕਲਿਆਣ ਲਈ ਵੀ ਕੰਮ ਕਰ ਰਿਹਾ ਹੈ। -