American Punjabi News

ਕਸ਼ਮੀਰ ’ਚ ਪਾਬੰਦੀਆਂ ਹਟਣ ’ਤੇ ‘ਖ਼ੂਨ-ਖਰਾਬਾ’ ਹੋਵੇਗਾ: ਇਮਰਾਨ
ਸੰਯੁਕਤ ਰਾਸ਼ਟਰ: ਪਾਕਿਸਤਾਨ ਦੇ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਨੇ ਸੰਯੁਕਤ ਰਾਸ਼ਟਰ ਆਮ ਸਭਾ ਦੇ ਇਜਲਾਸ ਵਿੱਚ ਆਪਣੇ ਪਲੇਠੇ ਸੰਬੋਧਨ ਵਿੱਚ ਆਸ ਮੁਤਾਬਕ ਕਸ਼ਮੀਰ ਮੁੱਦੇ ’ਤੇ ਭਾਰਤ ਨੂੰ ਨਿਸ਼ਾਨਾ ਬਣਾਇਆ। ਖ਼ਾਨ ਨੇ ਕਿਹਾ ਕਿ ਕਸ਼ਮੀਰ ਵਿੱਚ ਆਇਦ ‘ਗੈਰਮਨੁੱਖੀ ਪਾਬੰਦੀਆਂ’ ਨੂੰ ਫ਼ੌਰੀ ਹਟਾਇਆ ਜਾਵੇ ਤੇ ਘਰਾਂ ਵਿੱਚ ਕੈਦ ਕੀਤੇ ਸਾਰੇ ‘ਸਿਆਸੀ ਆਗੂ’ ਰਿਹਾਅ ਕੀਤੇ ਜਾਣ। ਉਨ੍ਹਾਂ ਆਲਮੀ ਭਾਈਚਾਰੇ ਨੂੰ ਸਵਾਲ ਕੀਤਾ ਕਿ ਕੀ ਉਹ 1.2 ਅਰਬ ਦੀ ਮੰਡੀ ਨੂੰ ਖੁ਼ਸ਼ ਕਰਨਾ ਚਾਹੁਣਗੇ ਜਾਂ ਫ਼ਿਰ ਨਿਆਂ ਅਤੇ ਮਨੁੱਖਤਾ ਲਈ ਖੜ੍ਹਨਗੇ। ਉਨ੍ਹਾਂ ਕਿਹਾ, ‘ਇਹ ਕਾਰਵਾਈ ਦਾ ਵੇਲਾ ਹੈ। ਅਤੇ ਸਭ ਤੋਂ ਪਹਿਲਾਂ ਕਸ਼ਮੀਰ ਵਿੱਚ ਆਇਦ ‘ਅਣਮਨੁੱਖੀ ਕਰਫਿਊ’ ਹਟਾਇਆ ਜਾਵੇ।’ ਗੁੱਸੇ ਵਿੱਚ ਆਏ ਇਮਰਾਨ ਖ਼ਾਨ ਦੀ ਆਪਣੇ ਸੰਬੋਧਨ ਦੌਰਾਨ ਜ਼ੁਬਾਨ ਫ਼ਿਸਲੀ ਤਾਂ ਉਨ੍ਹਾਂ ਨਰਿੰਦਰ ਮੋਦੀ ਨੂੰ ਭਾਰਤ ਦਾ ਰਾਸ਼ਟਰਪਤੀ ਤਕ ਆਖ ਗਏ। ਖ਼ਾਨ ਨੇ ਕਿਹਾ ਕਿ ਆਲਮੀ ਭਾਈਚਾਰਾ ਕਸ਼ਮੀਰ ਦੇ ਲੋਕਾਂ ਨੂੰ ਸਵੈ-ਨਿਰਣੇ ਦਾ ਹੱਕ ਲਾਜ਼ਮੀ ਦੇਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜਦੋਂ ਵੀ ਕਸ਼ਮੀਰ ’ਚੋਂ ਭਾਰਤ ਕਰਫਿਊ ਹਟਾਏਗਾ ਤਾਂ ਉਥੇ ਭਾਰੀ ‘ਖ਼ੂਨ-ਖ਼ਰਾਬਾ’ ਹੋਵੇਗਾ। ਉਨ੍ਹਾਂ ਕਿਹਾ ਕਿ ਪਰਮਾਣੂ ਹਥਿਆਰਾਂ ਨਾਲ ਲੈਸ ਦੋ ਮੁਲਕਾਂ ਵਿਚਕਾਰ ਰਵਾਇਤੀ ਜੰਗ ਛਿੜਨ ਦੀ ਸਥਿਤੀ ਵਿੱਚ ਇਸ ਦੇ ਸਿੱਟੇ ਸਰਹੱਦਾਂ ਤਕ ਸੀਮਤ ਨਾ ਰਹਿ ਕੇ ਕੁੱਲ ਆਲਮ ਨੂੰ ਭੁਗਤਣੇ ਪੈਣਗੇ। ਖ਼ਾਨ ਨੇ ਕਿਹਾ, ‘‘ਜੇਕਰ ਦੋਵਾਂ ਮੁਲਕਾਂ ਦਰਮਿਆਨ ਰਵਾਇਤੀ ਜੰਗ ਲੱਗੀ….ਤਾਂ ਕੁੱਝ ਵੀ ਹੋ ਸਕਦਾ ਹੈ। ਮੈਂ ਤੁਹਾਨੂੰ ਧਮਕਾ ਨਹੀਂ, ਬਲਕਿ ਚੇਤਾਵਨੀ ਦੇ ਰਿਹਾਂ। ਪਰ ਜਿਹੜਾ ਮੁਲਕ ਆਪਣੇ ਗੁਆਂਢੀ ਨਾਲੋਂ ਸੱਤ ਗੁਣਾ ਛੋਟਾ ਹੋਵੇ ਤਾਂ ਉਸ ਕੋਲ ਹੋਰ ਕੋਈ ਬਦਲ ਨਹੀਂ ਬਚਦਾ…ਜਾਂ ਤਾਂ ਉਹ ਹਥਿਆਰ ਸੁੱਟ ਦੇਵੇ ਜਾਂ ਫ਼ਿਰ ਆਪਣੇ ਆਖਰੀ ਸਾਹਾਂ ਤਕ ਆਜ਼ਾਦੀ ਲਈ ਜੰਗ ਲੜੇ।’ ਉਨ੍ਹਾਂ ਕਿਹਾ ਕਿ ਪਾਕਿਸਤਾਨ ਆਪਣੇ ਆਖਰੀ ਸਾਹਾਂ ਤਕ ਜੰਗ ਲੜਨ ਨੂੰ ਤਰਜੀਹ ਦੇਵੇਗਾ। ਖ਼ਾਨ ਨੇ ਕਿਹਾ, ‘ਸੰਯੁਕਤ ਰਾਸ਼ਟਰ ਦੀ ਇਕ ਜ਼ਿੰਮੇਵਾਰੀ ਬਣਦੀ ਹੈ ਤੇ ਉਸ ਲਈ ਇਹ ਇਮਤਿਹਾਨ ਦਾ ਵੇਲਾ ਹੈ। ਤੁਹਾਨੂੰ ਇਹ ਸਭ ਕੁਝ ਰੋਕਣਾ ਹੋਵੇਗਾ।’ ਉਨ੍ਹਾਂ ਯੂਐੱਨ ਨਿਗਰਾਨਾਂ ਨੂੰ ਸੱਦਾ ਦਿੱਤਾ ਕਿ ਉਹ ਮੁਲਕ ਵਿੱਚ ਦਹਿਸ਼ਤੀ ਟਿਕਾਣਿਆਂ ਸਬੰਧੀ ਭਾਰਤ ਦੇ ਦੋਸ਼ਾਂ ਦੀ ਜਾਂਚ ਲਈ ਪਾਕਿਸਤਾਨ ਦਾ ਦੌਰਾ ਕਰਨ। ਖ਼ਾਨ ਨੇ ਕਿਹਾ ਕਿ 9/11 ਹਮਲੇ ਮਗਰੋਂ ਇਸਲਾਮਫੋਬੀਆ ਤੇਜ਼ੀ ਨਾਲ ਵਧਿਆ ਹੈ ਤੇ ਇਸ ਵੱਲੋਂ ਵੰਡੀਆਂ ਪਾਈਆਂ ਜਾ ਰਹੀਆਂ ਹਨ। ਕੁਝ ਮੁਲਕਾਂ ਵਿੱਚ ‘ਹਿਜਾਬ’ ਨੂੰ ਇਕ ਫ਼ਿਰਕੇ ਖ਼ਿਲਾਫ਼ ‘ਹਥਿਆਰ’ ਵਜੋਂ ਵਰਤਿਆ ਜਾ ਰਿਹੈ। ਉਨ੍ਹਾਂ ‘ਗਰਮਖ਼ਿਆਲੀ ਇਸਲਾਮਿਕ ਦਹਿਸ਼ਤਵਾਦ’ ਦੀ ਪਰਿਭਾਸ਼ਾ ਵਜੋਂ ਵਰਤੋਂ ’ਤੇ ਉਜਰ ਜਤਾਉਂਦਿਆਂ ਕਿਹਾ ਕਿ ਇਸਲਾਮ ਸਿਰਫ਼ ਇਕ ਹੈ। ਉਨ੍ਹਾਂ ਕਿਹਾ ਕਿ ਇਹ ਪਰਿਭਾਸ਼ਾ ਉਹ ਲੋਕ ਵਰਤਦੇ ਹਨ, ਜੋ ਇਸਲਾਮਫੋਬੀਆ ਤੇ ਮੁਸਲਮਾਨਾਂ ਦੀ ਪੀੜ੍ਹ ਲਈ ਜ਼ਿੰਮੇਵਾਰ ਹਨ। -