American Punjabi News

ਫੂਲਕਾ ਨੇ ਪੰਜਾਬ ਵਿਧਾਨ ਸਭਾ ਨੂੰ ਪੱਕੇ ਤੌਰ ’ਤੇ ਅਲਵਿਦਾ ਕਿਹਾ
ਚੰਡੀਗੜ੍ਹ-ਆਮ ਆਦਮੀ ਪਾਰਟੀ (ਆਪ) ਤੋਂ ਅਸਤੀਫ਼ਾ ਦੇ ਚੁੱਕੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਪਦਮਸ੍ਰੀ ਹਰਵਿੰਦਰ ਸਿੰਘ ਫੂਲਕਾ ਨੇ ਪੰਜਾਬ ਵਿਧਾਨ ਸਭਾ ਨੂੰ ਪੱਕੇ ਤੌਰ ’ਤੇ ਅਲਵਿਦਾ ਕਹਿਣ ਦਾ ਮਨ ਬਣਾ ਲਿਆ ਹੈ। ਉਹ 2 ਅਗਸਤ ਤੋਂ ਸ਼ੁਰੂ ਹੋ ਰਹੇ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਵਿਚ ਹਾਜ਼ਰ ਨਹੀਂ ਰਹਿਣਗੇ। ਦੱਸਣਯੋਗ ਹੈ ਕਿ ‘ਆਪ’ ਦੇ ਦਾਖਾ ਤੋਂ ਵਿਧਾਇਕ ਸ੍ਰੀ ਫੂਲਕਾ ਨੇ ਕਈ ਮਹੀਨੇ ਪਹਿਲਾਂ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੂੰ ਅਸਤੀਫ਼ਾ ਦੇ ਦਿੱਤਾ ਸੀ ਜੋ ਹਾਲੇ ਤਕ ਪ੍ਰਵਾਨ ਨਹੀਂ ਕੀਤਾ ਗਿਆ ਹੈ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੇਅਦਬੀ ਅਤੇ ਬਰਗਾੜੀ ਕਾਂਡ ਦੇ ਮੁੱਖ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਵਾਅਦਾ ਨਾ ਨਿਭਾਏ ਜਾਣ ਦੇ ਰੋਸ ਵਜੋਂ ਅਸਤੀਫ਼ਾ ਦਿੱਤਾ ਸੀ। ਉਨ੍ਹਾਂ ਪਹਿਲਾਂ ‘ਆਪ’ ਤੋਂ ਇਹ ਕਹਿ ਕੇ ਅਸਤੀਫ਼ਾ ਦਿੱਤਾ ਸੀ ਕਿ ਉਹ ਜਿਹੜੇ ਮਕਸਦ ਲਈ ਸਿਆਸਤ ਵਿਚ ਆਏ ਸਨ, ਇਸ ਪਾਰਟੀ ਵਿਚ ਉਹ ਟੀਚੇ ਪੂਰੇ ਕਰਨੇ ਸੰਭਵ ਨਹੀਂ ਲਗਦੇ ਹਨ।
ਸ੍ਰੀ ਫੂਲਕਾ ਨੇ ਅੱਜ ‘ਪੰਜਾਬੀ ਟ੍ਰਿਬਿਊਨ’ ਨਾਲ ਗੱਲਬਾਤ ਕਰਦਿਆਂ ਖ਼ੁਲਾਸਾ ਕੀਤਾ ਕਿ ਹੁਣ ਉਨ੍ਹਾਂ ਪੱਕੇ ਤੌਰ ’ਤੇ ਪੰਜਾਬ ਵਿਧਾਨ ਸਭਾ ਨੂੰ ਅਲਵਿਦਾ ਕਹਿਣ ਦਾ ਫ਼ੈਸਲਾ ਲੈ ਲਿਆ ਹੈ। ਉਨ੍ਹਾਂ ਕਿਹਾ ਕਿ ਉਹ ਵਿਧਾਨ ਸਭਾ ਦੇ ਸਪੀਕਰ ਨੂੰ ਬੇਨਤੀ ਕਰਨਗੇ ਕਿ 2 ਅਗਸਤ ਤੋਂ ਪਹਿਲਾਂ ਉਨ੍ਹਾਂ ਦਾ ਅਸਤੀਫ਼ਾ ਪ੍ਰਵਾਨ ਕੀਤਾ ਜਾਵੇ। ਉਨ੍ਹਾਂ ਕਿਹਾ,‘‘ਪਹਿਲਾਂ ਸਪੀਕਰ ਨੇ ਕਿਹਾ ਸੀ ਕਿ ਨਿਰਧਾਰਤ ਸ਼ਬਦਾਵਲੀ ਨਾ ਹੋਣ ਕਾਰਨ ਅਸਤੀਫ਼ਾ ਸਵੀਕਾਰ ਨਹੀਂ ਹੋਇਆ ਹੈ। ਹੁਣ ਜੇ ਸਪੀਕਰ ਕਹਿਣਗੇ ਤਾਂ ਉਹ ਮੁੜ ਨਿਰਧਾਰਤ ਸ਼ਬਦਾਵਲੀ ਵਿਚ ਵੀ ਅਸਤੀਫ਼ਾ ਭੇਜ ਦੇਣਗੇ।’’ ਸ੍ਰੀ ਫੂਲਕਾ ਚਾਹੁੰਦੇ ਹਨ ਕਿ ਦਾਖਾ ਦੀ ਜ਼ਿਮਨੀ ਚੋਣ ਵੀ ਜਲਾਲਾਬਾਦ ਅਤੇ ਫਗਵਾੜਾ ਹਲਕਿਆਂ ਨਾਲ ਹੀ ਹੋ ਜਾਵੇ ਤਾਂ ਜੋ ਦਾਖਾ ਹਲਕੇ ਦੇ ਲੋਕ ਆਪਣੇ ਨੁਮਾਇੰਦੇ ਤੋਂ ਮਹਿਰੂਮ ਨਾ ਰਹਿ ਸਕਣ।
ਵਿਧਾਨ ਸਭਾ ਦੇ ਪਿਛਲੇ ਸੈਸ਼ਨ ਵਿਚ ਹਾਜ਼ਰੀ ’ਤੇ ਵਿਰੋਧੀਆਂ ਵੱਲੋਂ ਸਵਾਲ ਉਠਾਏ ਜਾਣ ਬਾਰੇ ਸ੍ਰੀ ਫੂਲਕਾ ਨੇ ਕਿਹਾ ਕਿ ਉਸ ਵੇਲੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਛੇਤੀ ਕਰਵਾਉਣ ਦਾ ਮੁੱਦਾ ਉਠਾਉਣ ਦੇ ਮਕਸਦ ਨਾਲ ਵਿਧਾਨ ਸਭਾ ਵਿਚ ਗਏ ਸਨ। ਉਹ ਇਸ ਮਕਸਦ ਵਿਚ ਸਫ਼ਲ ਵੀ ਹੋਏ ਸਨ ਕਿਉਂਕਿ ਸਰਕਾਰ ਨੂੰ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਜਲਦੀ ਕਰਵਾਉਣ ਦਾ ਮਤਾ ਸਦਨ ’ਚ ਪਾਸ ਕਰਵਾਉਣਾ ਪਿਆ ਸੀ।