American Punjabi News

ਕਿਰਤੀ ਕਿਸਾਨ ਯੂਨੀਅਨ ਵੱਲੋਂ ਪੰਜਾਬ ’ਚ ਜ਼ਿਲ੍ਹਾ ਪੱਧਰ ’ਤੇ ਧਰਨੇ
ਕਿਰਤੀ ਕਿਸਾਨ ਯੂਨੀਅਨ ਤੇ ਕਿਸਾਨ ਮੋਰਚਾ ਸੰਗਰੂਰ ਵੱਲੋਂ ਅੱਜ ਪੰਜਾਬ ਭਰ ਵਿੱਚ ਗਿਆਰਾਂ ਜ਼ਿਲ੍ਹਾ ਕੇਂਦਰਾਂ ਮੁਕਤਸਰ, ਫ਼ਰੀਦਕੋਟ, ਮੋਗਾ, ਲੁਧਿਆਣਾ, ਬਠਿੰਡਾ, ਸੰਗਰੂਰ, ਨਵਾਂਸ਼ਹਿਰ, ਜਲੰਧਰ, ਕਪੂਰਥਲਾ, ਅੰਮ੍ਰਿਤਸਰ ਅਤੇ ਗੁਰਦਾਸਪੁਰ ’ਚ ਧਰਨੇ ਦੇ ਕੇ ਪੰਜਾਬ ਸਰਕਾਰ ਦੀ ਕਰਜ਼ਾ ਮੁਆਫ਼ੀ ਯੋਜਨਾ ਦੀ ਆਲੋਚਨਾ ਕੀਤੀ ਗਈ। ਧਰਨੇ ਦੌਰਾਨ ਪੰਜ ਏਕੜ ਤੋਂ ਘੱਟ ਮਾਲਕੀ ਵਾਲੇ ਲੱਖਾਂ ਕਿਸਾਨ ਜੋ ਕੈਪਟਨ ਸਰਕਾਰ ਦੀ ਦੋ ਲੱਖ ਰੁਪਏ ਦੀ ਨਿਗੂਣੀ ਕਰਜ਼ਾ ਮੁਆਫ਼ੀ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹੋਣ ਦੇ ਬਾਵਜੂਦ ਕਰਜ਼ਾ ਮੁਆਫ਼ੀ ਤੋਂ ਵਾਂਝੇ ਰਹਿ ਗਏ ਹਨ, ਦਾ ਕਰਜ਼ਾ ਮੁਆਫ਼ ਕਰਨ ਦੀ ਮੰਗ ਕੀਤੀ ਗਈ।
ਜਥੇਬੰਦੀ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ, ਸੂਬਾ ਜਨਰਲ ਸਕੱਤਰ ਸਤਿਬੀਰ ਸਿੰਘ ਸੁਲਤਾਨੀ ਅਤੇ ਕਿਸਾਨ ਮੋਰਚਾ ਸੰਗਰੂਰ ਦੇ ਕਨਵੀਨਰ ਭੁਪਿੰਦਰ ਸਿੰਘ ਲੌਂਗੋਵਾਲ ਨੇ ਕਿਹਾ ਕਿ ਪੰਜਾਬ ਦੇ ਹਰੇਕ ਪਿੰਡ ਵਿੱਚ ਔਸਤਨ ਵੀਹ ਕਿਸਾਨ ਕੈਪਟਨ ਸਰਕਾਰ ਦੀ ਨਿਗੂਣੀ ਦੋ ਲੱਖ ਰੁਪਏ ਦੀ ਕਰਜ਼ਾ ਮੁਆਫ਼ੀ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹਨ ਪਰ ਸਰਕਾਰ ਵੱਲੋਂ ਇਨ੍ਹਾਂ ਲੱਖਾਂ ਕਿਸਾਨਾਂ ਨੂੰ ਜਾਣ ਬੁੱਝ ਕੇ ਕਰਜ਼ਾ ਮੁਆਫ਼ੀ ਤੋਂ ਬਾਹਰ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਸਾਰੇ ਦੇਸ਼ ਵਿੱਚ ਪੰਜਾਬ ਦੇ ਛੋਟੇ ਕਿਸਾਨਾਂ ਦਾ ਦੋ ਲੱਖ ਰੁਪਏ ਦਾ ਕਰਜ਼ਾ ਮੁਆਫ਼ ਕਰਨ ਦੇ ਦਾਅਵੇ ਕਰ ਰਹੀ ਹੈ ਪਰ ਅਸਲੀਅਤ ਵਿੱਚ ਛੋਟੀ ਕਿਸਾਨੀ ਦਾ ਵੱਡਾ ਹਿੱਸਾ ਇਸ ਯੋਜਨਾ ਦੇ ਘੇਰੇ ’ਚੋਂ ਬਾਹਰ ਰਹਿ ਗਿਆ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਦਸ ਏਕੜ ਤੱਕ ਮਾਲਕੀ ਵਾਲੇ ਕਿਸਾਨਾਂ ਦੇ ਸਮੁੱਚੇ ਕਰਜ਼ੇ ਮੁਆਫ਼ ਕੀਤੇ ਜਾਣ, ਚੈੱਕਾਂ ਦੇ ਆਧਾਰ ’ਤੇ ਕੀਤੇ ਕੇਸ ਵਾਪਸ ਲਏ ਜਾਣ ਤੇ ਬੈਂਕਾਂ ਕਿਸਾਨਾਂ ਦੇ ਚੈੱਕ ਵਾਪਸ ਕਰਨ, ਛੋਟੇ ਕਿਸਾਨਾਂ ਦੀ ਜ਼ਮੀਨ ਦੀ ਮੁੜ ਮੁਰੱਬੇਬੰਦੀ ਕਰਕੇ ਇਸ ਨੂੰ ਪਿੰਡ ਦੇ ਇੱਕ ਪਾਸੇ ਕਰਕੇ ਛੋਟੇ ਕਿਸਾਨਾਂ ਲਈ ਮੁਫ਼ਤ ਪਾਣੀ ਦਾ ਪ੍ਰਬੰਧ ਕਰੇ, ਛੋਟੇ ਕਿਸਾਨਾਂ ਨੂੰ ਖੇਤੀ ਸੰਦ ਮੁਫ਼ਤ ਮੁਹੱਈਆ ਕਰਾਉਣ ਲਈ ਖੇਤੀ ਸੰਦ ਕੇਂਦਰ ਖੋਲ੍ਹੇ ਜਾਣ, ਪੰਚਾਇਤੀ ਜ਼ਮੀਨ ਦਾ ਦੋ ਤਿਹਾਈ ਹਿੱਸਾ ਛੋਟੇ ਕਿਸਾਨਾਂ ਲਈ ਰਾਖਵਾਂ ਕੀਤਾ ਜਾਵੇ, ਗੜਿਆਂ ਅਤੇ ਹੜ੍ਹਾਂ ਕਾਰਨ ਖਰਾਬ ਹੋਈਆਂ ਫ਼ਸਲਾਂ ਦਾ ਮੁਆਵਜ਼ਾ ਫੌਰੀ ਤੌਰ ’ਤੇ ਜਾਰੀ ਕਰਨ ਦੀ ਮੰਗ ਵੀ ਕੀਤੀ ਗਈ। ਧਰਨਿਆਂ ਨੂੰ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ, ਸੂਬਾ ਜਨਰਲ ਸਕੱਤਰ ਸਤਿਬੀਰ ਸਿੰਘ ਸੁਲਤਾਨੀ, ਸੂਬਾ ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ, ਸੂਬਾ ਪ੍ਰੈੱਸ ਸਕੱਤਰ ਜਤਿੰਦਰ ਸਿੰਘ ਛੀਨਾ, ਸੂਬਾ ਖਜ਼ਾਨਚੀ ਹਰਮੇਸ਼ ਸਿੰਘ ਢੇਸੀ, ਸੰਤੋਖ ਸਿੰਘ ਤੱਗੜ, ਤਰਲੋਚਨ ਸਿੰਘ ਝੋਰੜਾਂ, ਅਮਰਜੀਤ ਸਿੰਘ ਹਨੀ ਬਠਿੰਡਾ, ਬਲਵਿੰਦਰ ਸਿੰਘ ਭੁੱਲਰ ਅਤੇ ਸੁਰਿੰਦਰ ਸਿੰਘ ਬੈਂਸ ਨੇ ਸੰਬੋਧਨ ਕੀਤਾ।