American Punjabi News

ਘੱਗਰ ਸੰਕਟ: ਕੈਪਟਨ ਵਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਹਵਾਈ ਸਰਵੇਖਣ
ਮੂਨਕ ਨੇੜੇ ਘੱਗਰ ਦਰਿਆ ਦੀ ਮਾਰ ਹੇਠ ਆਏ ਪ੍ਰਭਾਵਿਤ ਖੇਤਰ ਦਾ ਹਵਾਈ ਸਰਵੇਖਣ ਕਰਨ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਉਹ ਦਰਿਆ ਦੇ ਬੰਨ੍ਹਾਂ ਨੂੰ ਮਜ਼ਬੂਤ ਬਣਾਉਣ ਦਾ ਮਾਮਲਾ ਕੇਂਦਰ ਸਰਕਾਰ ਕੋਲ ਉਠਾਉਣਗੇ ਅਤੇ ਕੇਂਦਰ ’ਤੇ ਦਬਾਅ ਪਾਉਣ ਵਾਸਤੇ ਕੇਂਦਰੀ ਮੰਤਰੀਆਂ ਅਤੇ ਅਧਿਕਾਰੀਆਂ ਨੂੰ ਮਿਲਣਗੇ। ਉਹ ਮੂਨਕ ਦੀ ਅਨਾਜ ਮੰਡੀ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਮੁੱਖ ਮੰਤਰੀ ਨੇ ਘੱਗਰ ਦਰਿਆ ਦਾ ਮੁੱਦਾ ਹੱਲ ਕਰਨ ਵਾਸਤੇ ਹਰਿਆਣਾ ਨੂੰ ਵੀ ਸਾਥ ਦੇਣ ਦਾ ਸੱਦਾ ਦਿੰਦਿਆਂ ਕਿਹਾ ਕਿ ਦੋਵਾਂ ਸੂਬਿਆਂ ਵਿੱਚ ਘੱਗਰ ਦੇ ਬੰਨ੍ਹਾਂ ਨੂੰ ਮਜ਼ਬੂਤ ਕੀਤੇ ਜਾਣ ਦੀ ਲੋੜ ਹੈ ਤਾਂ ਜੋ ਵਾਰ-ਵਾਰ ਆਉਂਦੇ ਹੜ੍ਹਾਂ ਦੇ ਨੁਕਸਾਨਾਂ ਤੋਂ ਬਚਿਆ ਜਾ ਸਕੇ। ਉਨ੍ਹਾਂ ਕਿਹਾ ਕਿ ਘੱਗਰ ਵਿੱਚ ਪਾੜ ਪੈਣ ਨਾਲ ਸੰਗਰੂਰ ਜ਼ਿਲ੍ਹੇ ਵਿਚ 10 ਹਜ਼ਾਰ ਏਕੜ ਫਸਲ ਬਰਬਾਦ ਹੋਈ ਹੈ। ਫਸਲਾਂ ਦੀ ਵਿਸ਼ੇਸ਼ ਗਿਰਦਾਵਰੀ ਦੀ ਪ੍ਰਕਿਰਿਆ ਚੱਲ ਰਹੀ ਹੈ ਅਤੇ ਪਾਣੀ ਦਾ ਪੱਧਰ ਹੇਠਾਂ ਆਉਣ ’ਤੇ ਇਸ ਨੂੰ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਵਾਅਦਾ ਕੀਤਾ ਕਿ ਵਿਸ਼ੇਸ਼ ਗਿਰਦਾਵਰੀ ਦੀ ਰਿਪੋਰਟ ਮਿਲਦਿਆਂ ਹੀ ਮੁਆਵਜ਼ਾ ਜਾਰੀ ਕਰ ਦਿੱਤਾ ਜਾਵੇਗਾ। ਮੂਨਕ ਵਿੱਚ ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰ ਨੂੰ ਹੜ੍ਹਾਂ ਨਾਲ 28 ਘਰਾਂ ਨੂੰ ਪੁੱਜੇ ਨੁਕਸਾਨ ਸਬੰਧੀ ਫੌਰੀ ਮੁਆਵਜ਼ਾ ਦੇਣ ਦੇ ਹੁਕਮ ਦਿੱਤੇ ਹਨ। ਉਨ੍ਹਾਂ ਨੇ ਅਧਿਕਾਰੀਆਂ ਨੂੰ ਸੜਕਾਂ ਉੱਚੀਆਂ ਕਰਨ ਲਈ ਅੱਜ ਹੀ ਫਾਇਰ ਬ੍ਰਿਗੇਡ ਅਤੇ ਜੇ.ਸੀ.ਬੀ. ਮਸ਼ੀਨਾਂ ਭੇਜਣ ਦੇ ਵੀ ਆਦੇਸ਼ ਦਿੱਤੇ ਅਤੇ ਮੰਡੀ ਬੋਰਡ ਨੂੰ ਬਿਨਾਂ ਕਿਸੇ ਦੇਰੀ ਤੋਂ ਕੰਮ ਸ਼ੁਰੂ ਕਰਨ ਦੀ ਹਦਾਇਤ ਕੀਤੀ ਹੈ। ਮੁੱਖ ਮੰਤਰੀ ਨੇ ਪਾੜਤਾਂ ਤਹਿਸੀਲ ਦੇ ਪਿੰਡ ਬਾਦਸ਼ਾਹਪੁਰ ਵਿੱਚ ਕਿਸਾਨਾਂ ਨਾਲ ਗੱਲਬਾਤ ਵੀ ਕੀਤੀ।
ਕੈਪਟਨ ਨੇ ਸਾਲ 1966 ਵਿੱਚ ਅਕਾਲੀਆਂ ਵੱਲੋਂ ਪੰਜਾਬ ਦੀ ਵੰਡ ਕਰਾਉਣ ਕਾਰਨ ਪੰਜਾਬ ਦਾ ਘੱਗਰ ਸੀ.ਡਬਲਿਊ.ਸੀ ਦੇ ਹੱਥਾਂ ਵਿੱਚ ਚਲੇ ਜਾਣ ਅਤੇ ਘੱਗਰ ਬੰਨ੍ਹਾਂ ਦੀ ਮਜ਼ਬੂਤੀ ਦਾ ਕੰਟਰੋਲ ਪੰਜਾਬ ਕੋਲੋਂ ਖੁੱਸ ਜਾਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਆਪਣੇ ਪਿਛਲੇ ਕਾਰਜਕਾਲ ਦੌਰਾਨ ਦਰਿਆ ਦੇ ਬੰਨ੍ਹ ਨੂੰ ਮਜ਼ਬੂਤ ਬਣਾਉਣ ਦੇ ਸ਼ੁਰੂ ਕੀਤੇ ਕੰਮ ਪਿਛਲੀ ਅਕਾਲੀ-ਭਾਜਪਾ ਸਰਕਾਰ ਵਲੋਂ ਬੰਦ ਕਰਨ ਦੇ ਦੋਸ਼ ਲਾਏ। ਛੇ ਸਾਲ ਪਹਿਲਾਂ ਪੰਜਾਬ ਵੱਲੋਂ ਘੱਗਰ ਦੇ ਬੰਨ੍ਹਾਂ ਨੂੰ ਦਰੁਸਤ ਕਰਨ ਲਈ ਸੀ.ਡਬਲਿਊ.ਸੀ. ਕੋਲ ਪੇਸ਼ ਕੀਤੇ ਪ੍ਰਸਤਾਵ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਭਾਰਤ ਸਰਕਾਰ ਨੂੰ ਆਖਣਗੇ ਕਿ ਮਕਰੋੜ ਸਾਹਿਬ ਤੋਂ ਕੜੈਲ (17.5 ਕਿਲੋਮੀਟਰ) ਤੱਕ ਪ੍ਰੋਜੈਕਟ ਦੇ ਦੂਜੇ ਪੜਾਅ ਦਾ ਕੰਮ ਪੰਜਾਬ ਨੂੰ ਕਰਨ ਦੀ ਆਗਿਆ ਦੇਣ ਵਾਸਤੇ ਤੇਜ਼ੀ ਨਾਲ ਜ਼ਰੂਰੀ ਪ੍ਰਵਾਨਗੀ ਮੁਹੱਈਆ ਕਰਵਾਉਣ ਲਈ ਸੀ.ਡਬਲਿਊ.ਸੀ. ਨੂੰ ਨਿਰਦੇਸ਼ ਦਿੱਤੇ ਜਾਣ। ਇਸ ਮੌਕੇ ਪੰਜਾਬ ਰਾਜ ਯੋਜਨਾ ਬੋਰਡ ਦੇ ਵਾਈਸ ਚੇਅਰਪਰਸਨ ਰਜਿੰਦਰ ਕੌਰ ਭੱਠਲ ਅਤੇ ਸ਼ੁਤਰਾਣਾ ਦੇ ਵਿਧਾਇਕ ਨਿਰਮਲ ਸਿੰਘ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਅਤੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਵੀ ਮੌਜੂਦ ਸਨ।