American Punjabi News

ਰਾਵੀ ਦਰਿਆ ’ਤੇ ਪੁਲ ਲਈ ਪਾਕਿ ’ਤੇ ਦਬਾਅ ਪਾਏ ਕੇਂਦਰ: ਕੈਪਟਨ




ਨਵੀਂ ਦਿੱਲੀ-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇਥੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਤੇ ਰਾਵੀ ਦਰਿਆ ’ਤੇ ਪੁੱਲ ਦੀ ਉਸਾਰੀ ਲਈ ਪਾਕਿਸਤਾਨ ’ਤੇ ਦਬਾਅ ਬਣਾਏ ਜਾਣ ਦੀ ਮੰਗ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਕਰਤਾਰਪੁਰ ਲਾਂਘੇ ਦੀ ਉਸਾਰੀ ਦੌਰਾਨ ਜੇਕਰ ਪਾਕਿਸਤਾਨ ਆਪਣੇ ਵਾਲੇ ਪਾਸੇ ਰਾਵੀ ਦਰਿਆ ’ਤੇ ਪੁਲ ਦੀ ਉਸਾਰੀ ਕਰਦਾ ਹੈ ਤਾਂ ਇਸ ਨਾਲ ਸਿੱਖ ਸ਼ਰਧਾਲੂਆਂ ਲਈ ਹਰ ਮੌਸਮ ਵਿੱਚ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨੇ ਸੁਖਾਲੇ ਹੋਣਗੇ ਤੇ ਬਰਸਾਤਾਂ ਦੇ ਦਿਨਾਂ ਵਿੱਚ ਪੰਜਾਬ ਵਾਲੇ ਪਾਸੇ ਕਿਸਾਨਾਂ ਦੀਆਂ ਫ਼ਸਲਾਂ ਦੇ ਹੁੰਦੇ ਨੁਕਸਾਨ ਨੂੰ ਵੀ ਠੱਲ੍ਹ ਪਏਗੀ। ਗੌਰਤਲਬ ਹੈ ਕਿ ਭਾਰਤ ਜਿੱਥੇ ਰਾਵੀ ਦਰਿਆ ’ਤੇ ਪੁੱਲ ਦੀ ਉਸਾਰੀ ਚਾਹੁੰਦਾ ਹੈ, ਉਥੇ ਪਾਕਿਸਤਾਨ ਪੁਲ ਦੀ ਥਾਂ ਕਾਜ਼ਵੇਅ ਬਣਾਉਣ ਲਈ ਬਜ਼ਿੱਦ ਹੈ। ਮੁੱਖ ਮੰਤਰੀ ਨੇ ਇਸ ਮੁਲਾਕਾਤ ਦੌਰਾਨ ਪੰਜਾਬ ਵਿੱਚ ਨਸ਼ਿਆਂ ਦੀ ਅਲਾਮਤ ਦਾ ਮੁੱਦਾ ਵੀ ਵਿਚਾਰਿਆ। ਸ੍ਰੀ ਸ਼ਾਹ ਨੇ ਮਗਰੋਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਤੇ ਜੰਮੂ-ਕਸ਼ਮੀਰ ਵਿੱਚ ਨਸ਼ਿਆਂ ਦੀ ਅਲਾਮਤ ਨਾਲ ਸਿੱਝਣ ਲਈ ਵਿਸਥਾਰਤ ਰਣਨੀਤੀ ਘੜ ਰਹੀ ਹੈ। ਮੁੱਖ ਮੰਤਰੀ ਨੇ ਦੇਰ ਸ਼ਾਮ ਹੋਈ ਇਸ ਮੁਲਾਕਾਤ ਮੌਕੇ ਦੇਸ਼ ਵਿੱਚ ਕੌਮੀ ਡਰੱਗ ਨੀਤੀ ਦੀ ਮੰਗ ਨੂੰ ਦੁਹਰਾਇਆ। -ਪੀਟੀਆਈ
ਨਵੀਂ ਦਿੱਲੀ (ਮਨਧੀਰ ਸਿੰਘ ਦਿਓਲ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕੇਂਦਰੀ ਸੜਕੀ ਆਵਾਜਾਈ ਤੇ ਸੂਖਮ, ਲਘੂ ਅਤੇ ਦਰਮਿਆਨੇ ਉਦਯੋਗ (ਐੱਮਐੱਸਐੱਮਈ) ਮੰਤਰੀ ਨਿਤਿਨ ਗਡਕਰੀ ਨਾਲ ਦਿੱਲੀ ਵਿਚ ਮੁਲਾਕਾਤ ਕੀਤੀ। ਇਸ ਮੌਕੇ ਮੁੱਖ ਮੰਤਰੀ ਨੇ ਕੇਂਦਰੀ ਮੰਤਰੀ ਨੂੰ ਸੂਬੇ ਦੇ ਵੱਡੇ ਸ਼ਹਿਰਾਂ ਦੁਆਲੇ ਰਿੰਗ ਰੋਡ ਬਣਾਉਣ ਦੀ ਪ੍ਰਵਾਨਗੀ ਜਲਦ ਦੇਣ, ਮੁਹਾਲੀ ਹਾਈਟੈੱਕ ਮੈਟਲ ਕਲੱਸਟਰ ਲਈ ਭਾਰਤ ਸਰਕਾਰ ਦੀ 3.72 ਕਰੋੜ ਰੁਪਏ ਦੀ ਤੀਜੀ ਕਿਸ਼ਤ ਤੁਰੰਤ ਜਾਰੀ ਕਰਨ ਤੇ ਹੁਸ਼ਿਆਰਪੁਰ ਵਿਚ ਲੱਕੜ ਦੀ ਮੀਨਾਕਾਰੀ ਦੇ ਕਲੱਸਟਰ ਲਈ ‘ਸਫੁਰਤੀ’ ਸਕੀਮ ਅਮਲ ਵਿਚ ਲਿਆਉਣ ਦੀ ਮੰਗ ਕੀਤੀ।
ਮੁੱਖ ਮੰਤਰੀ ਨੇ ਸ੍ਰੀ ਗਡਕਰੀ ਨੂੰ ਉਨ੍ਹਾਂ ਦੇ ਮੰਤਰਾਲੇ ਅਧੀਨ ਸੂਬੇ ਦੇ ਬਕਾਇਆ ਪ੍ਰਾਜੈਕਟਾਂ ਨੂੰ ਛੇਤੀ ਪ੍ਰਵਾਨਗੀ ਦਿਵਾਉਣ ਲਈ ਦਖ਼ਲ ਦੇਣ ਲਈ ਆਖਿਆ। ਉਨ੍ਹਾਂ ਨੇ ਸੂਬੇ ਵਿਚ ਐੱਮਐੱਸਐੱਮਈ ਦੀ ਪੁਨਰ ਸੁਰਜੀਤੀ ਲਈ ਕੇਂਦਰੀ ਮੰਤਰੀ ਨੂੰ ਪੰਜਾਬ ਆਉਣ ਦਾ ਸੱਦਾ ਦਿੱਤਾ। ਉਨ੍ਹਾਂ ਕੇਂਦਰੀ ਮੰਤਰੀ ਨੂੰ ਦੱਸਿਆ ਕਿ ਮੁਹਾਲੀ-ਚੰਡੀਗੜ੍ਹ, ਲੁਧਿਆਣਾ, ਜਲੰਧਰ, ਪਟਿਆਲਾ, ਸੰਗਰੂਰ ਅਤੇ ਬਠਿੰਡਾ ਦੇ ਦੁਆਲੇ ਰਿੰਗ ਰੋਡ ਦੀ ਉਸਾਰੀ ਕਰਨ ਲਈ ਐਕੁਆਇਰ ਕੀਤੀ ਜਾਣ ਵਾਲੀ ਜ਼ਮੀਨ ਦੀ 50 ਫ਼ੀਸਦੀ ਕੀਮਤ ਸੂਬਾ ਸਰਕਾਰ ਵੱਲੋਂ ਸਹਿਣ ਕੀਤੇ ਜਾਣ ਦੀ ਸਹਿਮਤੀ ਪਹਿਲਾਂ ਹੀ ਦਿੱਤੀ ਜਾ ਚੁੱਕੀ ਹੈ। ਕੇਂਦਰੀ ਮੰਤਰਾਲੇ ਨੇ ਵੀ ਬਠਿੰਡਾ ਦੁਆਲੇ ਰਿੰਗ ਰੋਡ ਬਣਾਉਣ ਦੀ ਪ੍ਰਵਾਨਗੀ ਪਹਿਲਾਂ ਹੀ ਦਿੱਤੀ ਹੋਈ ਹੈ। ਉਨ੍ਹਾਂ ਕੇਂਦਰੀ ਮੰਤਰੀ ਪਾਸੋਂ 636.45 ਲੱਖ ਰੁਪਏ ਦੇ ਫੰਡਾਂ ਦੀ ਤੁਰੰਤ ਪ੍ਰਵਾਨਗੀ ਮੰਗੀ।
ਮੁੱਖ ਮੰਤਰੀ ਨੇ ਕੇਂਦਰੀ ਮੰਤਰੀ ਨੂੰ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈੱਸਵੇਅ ਪ੍ਰਾਜੈਕਟ ਲਈ ਪ੍ਰਵਾਨਗੀ ’ਚ ਤੇਜ਼ੀ ਲਿਆਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਸੂਬੇ ਦੇ ਬਕਾਇਆ ਪ੍ਰਾਜੈਕਟਾਂ ਨੂੰ ਛੇਤੀ ਪ੍ਰਵਾਨਗੀ ਦੇਣ ਦੀ ਮੰਗ ਕੀਤੀ। ਇਨ੍ਹਾਂ ਵਿਚ ਪਟਿਆਲਾ-ਸਰਹੰਦ-ਮੋਰਿੰਡਾ ਮਾਰਗ, ਬੰਗਾ-ਗੜ੍ਹਸ਼ੰਕਰ-ਆਨੰਦਪੁਰ ਸਾਹਿਬ-ਨੈਣਾ ਦੇਵੀ ਮਾਰਗ, ਪਟਿਆਲਾ-ਪਿਹੋਵਾ-ਕੁਰੂਕਸ਼ੇਤਰ-ਯਮੁਨਾਨਗਰ, ਪ੍ਰੇਮਨਗਰ-ਮੋਰਿੰਡਾ-ਚਮਕੌਰ ਸਾਹਿਬ-ਬੇਲਾ-ਪਨਿਆਲੀ ਰੋਡ, ਖੰਨਾ-ਮਾਲੇਰਕੋਟਲਾ-ਰਾਏਕੋਟ-ਜਗਰਾਉਂ ਰੋਡ, ਨਵਾਂ ਸ਼ਹਿਰ-ਰਾਹੋਂ-ਮਾਛੀਵਾੜਾ-ਸਮਰਾਲਾ-ਖੰਨਾ ਰੋਡ, ਤਰਨ ਤਾਰਨ-ਗੋਇੰਦਵਾਲ ਸਹਿਬ-ਕਪੂਰਥਲਾ ਰੋਡ ਅਤੇ ਗੁਰਦਾਸਪੁਰ-ਮੁਕੇਰੀਆਂ-ਤਲਵਾੜਾ-ਮੁਬਾਰਕਪੁਰ ਰੋਡ ਦੇ ਪ੍ਰਾਜੈਕਟ ਸ਼ਾਮਲ ਹਨ। ਸ੍ਰੀ ਗਡਕਰੀ ਨੇ ਮੁੱਖ ਮੰਤਰੀ ਨੂੰ ਭਰੋਸਾ ਦਿੱਤਾ ਕਿ ਬਕਾਇਆ ਮਸਲਿਆਂ ’ਤੇ ਵਿਚਾਰ ਕਰ ਕੇ ਇਸ ਦਾ ਛੇਤੀ ਹੱਲ ਕੱਢਿਆ ਜਾਵੇਗਾ।