American Punjabi News

ਲੁਧਿਆਣਾ ਜੇਲ੍ਹ ’ਚ ਹਿੰਸਾ ਭੜਕੀ, ਕੈਦੀ ਦੀ ਮੌਤ

ਲੁਧਿਆਣਾ-ਪੰਜਾਬ ਦੀ ਸਭ ਤੋਂ ਵੱਡੀ ਲੁਧਿਆਣਾ ਕੇਂਦਰੀ ਜੇਲ੍ਹ ’ਚ ਸਾਥੀ ਦੀ ਮੌਤ ਤੋਂ ਭੜਕੇ ਕੈਦੀਆਂ ਨੇ ਵੀਰਵਾਰ ਨੂੰ ਜ਼ੋਰਦਾਰ ਹੰਗਾਮਾ ਕਰਦਿਆਂ ਪੁਲੀਸ ਉਪਰ ਪਥਰਾਅ ਕੀਤਾ। ਉਨ੍ਹਾਂ ਨੂੰ ਕਾਬੂ ਕਰਨ ਲਈ ਜੇਲ੍ਹ ਪ੍ਰਸ਼ਾਸਨ ਨੇ ਗੋਲੀਆਂ ਚਲਾਈਆਂ ਜਿਸ ਕਾਰਨ ਟਿੱਬਾ ਰੋਡ ਵਾਸੀ ਅਜੀਤ ਸਿੰਘ ਉਰਫ਼ ਭੋਲਾ (25) ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਪੁਲੀਸ ਅਤੇ ਜੇਲ੍ਹ ਪ੍ਰਸ਼ਾਸਨ ਨੇ ਐਸਐਲਆਰ ਅਤੇ ਥ੍ਰੀ ਨੌਟ ਥ੍ਰੀ ਰਾਈਫਲਾਂ ਨਾਲ 100 ਤੋਂ ਵੱਧ ਗੋਲੀਆਂ ਚਲਾਈਆਂ ਜਿਸ ਕਾਰਨ ਪੰਜ ਕੈਦੀ ਫੱਟੜ ਹੋ ਗਏ। ਉਨ੍ਹਾਂ ਨੂੰ ਸਿਵਲ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਘਟਨਾ ਦੀ ਮੈਜਿਸਟ੍ਰੇਟ ਜਾਂਚ ਦੇ ਹੁਕਮ ਦੇ ਦਿੱਤੇ ਹਨ। ਇਹ ਜਾਂਚ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵੱਲੋਂ ਕੀਤੀ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਵਿਰੋਧੀ ਧਿਰਾਂ ਵੱਲੋਂ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਦੇ ਅਸਤੀਫ਼ੇ ਦੀ ਕੀਤੀ ਮੰਗ ਰੱਦ ਕਰ ਦਿੱਤੀ। ਜੇਲ੍ਹ ਵਿੱਚ ਕੈਦੀਆਂ ਦੇ ਭੜਕਣ ਦੀ ਸੂਚਨਾ ਮਿਲਣ ਮਗਰੋਂ ਲੁਧਿਆਣਾ ਪੁਲੀਸ ਦੇ ਨਾਲ ਨਾਲ ਖੰਨਾ, ਜਗਰਾਉਂ ਸਮੇਤ ਆਸ ਪਾਸ ਦੇ ਸਾਰੇ ਇਲਾਕਿਆਂ ਦੀ ਪੁਲੀਸ ਨੂੰ ਉਥੇ ਸੱਦ ਲਿਆ ਗਿਆ। ਕੈਦੀਆਂ ਨੇ ਉਨ੍ਹਾਂ ’ਤੇ ਵੀ ਪੱਥਰ ਵਰ੍ਹਾਏ ਅਤੇ ਪੂਰੀ ਜੇਲ੍ਹ ਨੂੰ ਆਪਣੇ ਕਬਜ਼ੇ ’ਚ ਲੈ ਲਿਆ ਸੀ। ਜੇਲ੍ਹ ਦੇ ਅੰਦਰ ਬਣੇ ਲੰਗਰ ਹਾਲ ’ਚ ਉਨ੍ਹਾਂ ਦਰਜਨ ਦੇ ਕਰੀਬ ਸਿਲੰਡਰ ਅੱਗ ਲਗਾ ਕੇ ਪੁਲੀਸ ਵੱਲ ਸੁੱਟੇ ਜਿਨ੍ਹਾਂ ’ਚ ਧਮਾਕੇ ਹੋਏ। ਕੈਦੀਆਂ ਨੇ ਕੰਟਰੋਲ ਰੂਮ, ਕੰਟੀਨ, ਟਰੈਕਟਰ ਅਤੇ ਜੇਲ੍ਹ ਸੁਪਰਡੈਂਟ ਦੀ ਗੱਡੀ ਨੂੰ ਵੀ ਅੱਗ ਲਗਾ ਦਿੱਤੀ। ਮਾਹੌਲ ਖ਼ਰਾਬ ਹੁੰਦਾ ਦੇਖ ਡਿਪਟੀ ਕਮਿਸ਼ਨਰ ਸਮੇਤ ਸਾਰੇ ਅਫ਼ਸਰ ਵੀ ਜੇਲ੍ਹ ਵਿੱਚ ਪੁੱਜ ਗਏ। ਪੁਲੀਸ ਨੇ ਦੋ ਘੰਟਿਆਂ ਦੀ ਮਿਹਨਤ ਮਗਰੋਂ ਕੈਦੀਆਂ ਨੂੰ ਕਾਬੂ ਕਰਕੇ ਬੈਰਕਾਂ ’ਚ ਬੰਦ ਕੀਤਾ। ਕੈਦੀਆਂ ਵੱਲੋਂ ਕੀਤੇ ਗਏ ਪਥਰਾਅ ’ਚ ਜੇਲ੍ਹ ਦੇ ਅਸਿਸਟੈਂਟ ਸੁਪਰਡੈਂਟ ਕੁਲਦੀਪ ਸਿੰਘ, ਮੱਖਣ ਸਿੰਘ, ਗੁਰਜੀਤ ਸਿੰਘ, ਏਸੀਪੀ ਇੰਡਸਟਰੀਅਲ ਏਰੀਆ (ਬੀ) ਸੰਦੀਪ ਵਢੇਰਾ ਸਣੇ 10 ਤੋਂ ਵੱਧ ਮੁਲਾਜ਼ਮ ਫੱਟੜ ਹੋ ਗਏ।