American Punjabi News

ਜੈਸ਼-ਏ-ਮੁਹੰਮਦ ਨਾਲ ਸਬੰਧਿਤ 3 ਵਿਦਿਆਰਥੀ ਜਲੰਧਰ ਤੋਂ ਗਿ੍ਫ਼ਤਾਰ



ਜੈਸ਼-ਏ-ਮੁਹੰਮਦ ਨਾਲ ਸਬੰਧਿਤ 3 ਵਿਦਿਆਰਥੀ ਜਲੰਧਰ ਤੋਂ ਗਿ੍ਫ਼ਤਾਰ

  • • ਏ. ਕੇ.-47, ਪਿਸਤੌਲ, ਇਕ ਕਿੱਲੋ ਧਮਾਕਾਖੇਜ਼ ਸਮੱਗਰੀ ਬਰਾਮਦ
  • • ਇਕ ਨੌਜਵਾਨ ਖ਼ਤਰਨਾਕ ਅੱਤਵਾਦੀ ਜ਼ਾਕਿਰ ਮੂਸਾ ਦਾ ਚਚੇਰਾ ਭਰਾ
  • ਐੱਮ.ਐੱਸ. ਲੋਹੀਆ

ਜਲੰਧਰ, 10 ਅਕਤੂਬਰ-ਜਲੰਧਰ ਪੁਲਿਸ ਤੇ ਜੰਮੂ-ਕਸ਼ਮੀਰ ਪੁਲਿਸ ਦੇ ਵਿਸ਼ੇਸ਼ ਆਪ੍ਰੇਸ਼ਨ ਗਰੁੱਪ ਨੇ ਸਾਂਝੀ ਕਾਰਵਾਈ ਕਰਦੇ ਹੋਏ ਜਲੰਧਰ ਦੇ 2 ਵਿੱਦਿਅਕ ਅਦਾਰਿਆਂ ਤੋਂ 3 ਕਸ਼ਮੀਰੀ ਵਿਦਿਆਰਥੀਆਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕੋਲੋਂ ਇਕ ਕਿਲੋ ਧਮਾਕਾਖੇਜ਼ ਸਮੱਗਰੀ, ਇਕ ਏ.ਕੇ.-47 ਰਾਈਫ਼ਲ ਤੇ ਇਕ ਪਿਸਤੌਲ ਬਰਾਮਦ ਕੀਤਾ ਹੈ | ਗਿ੍ਫ਼ਤਾਰ ਕੀਤੇ ਨੌਜਵਾਨਾਂ ਦੀ ਪਛਾਣ ਜ਼ਹਿਦ ਗੁਲਜ਼ਾਰ ਪੁੱਤਰ ਗੁਲਜ਼ਾਰ ਅਹਿਮਦ ਰਾਦਰ ਵਾਸੀ ਰਾਜਪੋਰਾ, ਅਵੰਤੀਪੋਰ, ਸ੍ਰੀਨਗਰ, ਮੁਹੰਮਦ ਇਦਰਿਸ ਸ਼ਾਹ ਉਰਫ਼ ਨਦੀਮ ਵਾਸੀ ਪੁਲਵਾਮਾ ਅਤੇ ਯੂਸਫ਼ ਰਫ਼ੀਕ ਭੱਟ ਵਾਸੀ ਨੂਰਪੂਰਾ, ਪੁਲਵਾਮਾ ਵਜੋਂ ਹੋਈ ਹੈ | ਮੁੱਢਲੀ ਤਫ਼ਤੀਸ਼ ਦੌਰਾਨ ਪਤਾ ਲੱਗਾ ਹੈ ਕਿ ਇਨ੍ਹਾਂ ਦਾ ਸਬੰਧ ਅੱਤਵਾਦੀ ਸੰਗਠਨ 'ਅਨਸਾਰ ਗਜ਼ਵਤ-ਉਲ-ਹਿੰਦ' ਤੇ 'ਜੈਸ਼-ਏ-ਮੁਹੰਮਦ' ਦੇ ਨਾਲ ਹੈ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਉਨ੍ਹਾਂ ਕੋਲ ਜਾਣਕਾਰੀ ਸੀ ਕਿ ਜਲੰਧਰ ਦੇ ਵਿੱਦਿਅਕ ਅਦਾਰਿਆਂ 'ਚ ਪੜ੍ਹਾਈ ਕਰ ਰਹੇ ਕੁਝ ਵਿਦਿਆਰਥੀਆਂ ਦੀਆਂ ਸਰਗਰਮੀਆਂ  ਸ਼ੱਕੀ ਹਨ | ਇਸੇ ਦੌਰਾਨ ਉਨ੍ਹਾਂ ਨੂੰ ਜੰਮੂ-ਕਸ਼ਮੀਰ ਪੁਲਿਸ ਤੋਂ ਵੀ ਜਾਣਕਾਰੀ ਮਿਲੀ ਕਿ ਉਨ੍ਹਾਂ ਵਲੋਂ ਇਕ ਨੌਜਵਾਨ ਨੂੰ ਹਥਿਆਰਾਂ ਸਮੇਤ ਗਿ੍ਫ਼ਤਾਰ ਕੀਤਾ ਗਿਆ ਹੈ, ਜਿਸ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਜਲੰਧਰ ਦੇ ਸੀ.ਟੀ. ਇੰਸਟੀਚਿਊਟ, ਸ਼ਾਹਪੁਰ ਕੈਂਪਸ 'ਚ ਪੜ੍ਹਾਈ ਕਰਦੇ ਆਪਣੇ ਸਾਥੀਆਂ ਦੇ ਕੋਲ ਜਾ ਕੇ ਰਿਹਾ ਸੀ | ਸ. ਭੁੱਲਰ ਨੇ ਦੱਸਿਆ ਕਿ ਕਮਿਸ਼ਨਰੇਟ ਪੁਲਿਸ ਦੀ ਇਕ ਟੀਮ ਨੇ ਜੰਮੂ-ਕਸ਼ਮੀਰ ਪੁਲਿਸ ਦੀ ਟੀਮ ਨਾਲ ਮਿਲ ਕੇ ਕਾਰਵਾਈ ਕੀਤੀ ਤੇ 3 ਨੌਜਵਾਨਾਂ ਨੂੰ ਹਥਿਆਰਾਂ ਤੇ ਧਮਾਕਾਖੇਜ਼ ਸਮੱਗਰੀ ਨਾਲ ਗਿ੍ਫ਼ਤਾਰ ਕਰ ਲਿਆ ਹੈ | ਤਫ਼ਤੀਸ਼ ਦੌਰਾਨ ਪਤਾ ਲੱਗਾ ਹੈ ਕਿ ਇਹ ਵਿਦਿਆਰਥੀ ਕਰੀਬ ਤਿੰਨ ਸਾਲ ਤੋਂ ਜਲੰਧਰ 'ਚ ਰਹਿ ਰਹੇ ਹਨ, ਜੋ ਬੀ.ਟੈਕ ਦੀ ਪੜ੍ਹਾਈ ਕਰ ਰਹੇ ਹਨ | ਇਹ ਵੀ ਜਾਣਕਾਰੀ ਮਿਲੀ ਕਿ ਗਿ੍ਫ਼ਤਾਰ ਕੀਤਾ ਗਿਆ ਯੂਸਫ਼ ਰਫ਼ੀਕ ਭੱਟ ਅੱਤਵਾਦੀ ਜਾਕਿਰ ਮੂਸਾ ਦਾ ਚਚੇਰਾ ਭਰਾ ਹੈ | ਗਿ੍ਫ਼ਤਾਰ ਕੀਤੇ ਨੌਜਵਾਨਾਂ ਨੂੰ ਅੱਜ ਸ਼ਾਮ ਡਿਊਟੀ ਮੈਜਿਸਟ੍ਰੇਟ ਕੋਲ ਪੇਸ਼ ਕਰਕੇ 10 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ | ਇਸ ਦੌਰਾਨ ਇਨ੍ਹਾਂ ਨੌਜਵਾਨਾ ਤੋਂ ਪੁੱਛਗਿੱਛ ਕੀਤੀ ਜਾਵੇਗੀ ਕਿ ਇਨ੍ਹਾਂ ਨੇ ਪਹਿਲਾਂ ਕਿਸੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਅਤੇ ਹੁਣ ਇਹ ਕਿਸ ਵਾਰਦਾਤ ਨੂੰ ਅੰਜਾਮ ਦੇਣ ਜਾ ਰਹੇ ਸਨ | ਇਨ੍ਹਾਂ ਨੌਜਵਾਨਾਂ ਨਾਲ ਸਬੰਧਿਤ ਹੋਰ ਵਿਅਕਤੀਆਂ ਬਾਰੇ ਵੀ ਪਤਾ ਲਗਾਇਆ ਜਾਵੇਗਾ |
ਮੁਹੰਮਦ ਇਦਰਿਸ ਸ਼ਾਹ ਮਿਲਣ ਆਇਆ ਸੀ
ਮੁਹੰਮਦ ਇਦਰਿਸ ਸ਼ਾਹ ਉਰਫ਼ ਨਦੀਮ ਮਿੱਠੂ ਬਸਤੀ 'ਚ ਚੱਲ ਰਹੇ ਸੇਂਟ ਸੋਲਜਰ ਕਾਲਜ 'ਚ ਬੀ.ਐੱਸ.ਸੀ. ਮੈਡੀਕਲ ਟੈਕਨਾਲੌਜੀ ਪੜ੍ਹਾਈ ਕਰ ਰਿਹਾ ਹੈ ਅਤੇ ਉਹ ਕਾਲਜ ਦੇ ਹੋਸਟਲ 'ਚ ਨਾ ਰਹਿ ਕੇ ਵੱਖਰੇ ਪੀ.ਜੀ. 'ਚ ਰਹਿੰਦਾ ਹੈ | ਬੀਤੀ ਰਾਤ ਉਹ ਆਪਣੇ ਦੋਸਤਾਂ ਕੋਲ ਸੀ.ਟੀ. ਕੈਂਪਸ 'ਚ ਗਿਆ ਸੀ, ਜੋ ਉੱਥੇ ਪੜ੍ਹਾਈ ਕਰ ਰਹੇ ਹਨ ਅਤੇ ਰਾਤ ਉਨ੍ਹਾਂ ਦੇ ਹੋਸਟਲ 'ਚ ਰਹਿ ਗਿਆ | ਜਦੋਂ ਪੁਲਿਸ ਕਾਰਵਾਈ ਹੋਈ ਤਾਂ ਇਹ ਹੋਸਟਲ ਦੇ ਇਕੋ ਹੀ ਕਮਰੇ 'ਚ ਸਨ | ਪੁਲਿਸ ਦਾ ਦਾਅਵਾ ਹੈ ਕਿ ਇਨ੍ਹਾਂ ਦੇ ਕਮਰੇ 'ਚੋਂ ਹੀ ਹਥਿਆਰ ਤੇ ਧਮਾਕਾਖੇਜ਼ ਸਮੱਗਰੀ ਬਰਾਮਦ ਹੋਈ ਹੈ | ਵਰਨਣਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਵੀ ਸੇਂਟ ਸੋਲਜਰ ਕਾਲਜ ਦੇ 2 ਕਸ਼ਮੀਰੀ ਵਿਦਿਆਰਥੀਆਂ ਨੂੰ ਦਿੱਲੀ ਪੁਲਿਸ ਨੇ ਗਿ੍ਫ਼ਤਾਰ ਕੀਤਾ ਸੀ, ਜਿਨ੍ਹਾਂ 'ਤੇ ਦੋਸ਼ ਲਗਾਏ ਗਏ ਸਨ ਕਿ ਉਹ ਸਰਕਾਰੀ ਵੈੱਬਸਾਈਟਾਂ ਹੈਕ ਕਰ ਰਹੇ ਸਨ |
ਪੁਲਿਸ ਕਾਰਵਾਈ ਸਬੰਧੀ ਸੀ.ਟੀ. ਗਰੁੱਪ ਦੇ ਚੇਅਰਮੈਨ ਦਾ ਬਿਆਨ
ਸੀ.ਟੀ. ਗਰੁੱਪ ਦੇ ਚੇਅਰਮੈਨ ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਬੀਤੀ ਰਾਤ ਕਰੀਬ 11 ਵਜੇ ਪੁਲਿਸ ਪ੍ਰਸ਼ਾਸਨ ਵਲੋਂ ਸ਼ੱਕੀ ਵਿਦਿਆਰਥੀਆਂ ਨੂੰ ਲੈ ਕੇ ਸ਼ਾਹਪੁਰ ਕੈਂਪਸ ਵਿਖੇ ਸਹਿਯੋਗ ਦੇਣ ਲਈ ਕਿਹਾ ਗਿਆ | ਜਦੋਂ ਪ੍ਰਬੰਧਕ ਸ਼ਾਹਪੁਰ ਕੈਂਪਸ ਪੁੱਜੇ ਤਾਂ ਪੁਲਿਸ ਅਧਿਕਾਰੀਆਂ ਨੇ ਉਨ੍ਹਾਂ ਨੂੰ ਰਿਸੈਪਸ਼ਨ 'ਤੇ ਰੁਕਣ ਲਈ ਕਿਹਾ | ਪੁਲਿਸ ਅਧਿਕਾਰੀ ਕਮਰਾ ਨੰਬਰ 94 ਤੋਂ 2 ਬੀ.ਟੈਕ ਦੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਹਿਮਾਨ ਨੂੰ ਮੁੰਹ ਢੱਕ ਕੇ ਨਾਲ ਲੈ ਗਏ | ਜਦੋਂ ਉਨ੍ਹਾਂ ਵਲੋਂ ਪੁਲਿਸ ਅਧਿਕਾਰੀਆਂ ਨੂੰ ਅਜਿਹਾ ਕਰਨ ਦਾ ਕਾਰਨ ਪੁੱਛਿਆ ਗਿਆ ਤਾਂ ਅਧਿਕਾਰੀਆਂ ਨੇ ਉਨ੍ਹਾਂ ਨੂੰ ਤਫ਼ਤੀਸ਼ ਪੂਰੀ ਹੋਣ ਤੱਕ ਰੁਕਣ ਲਈ ਕਿਹਾ | ਚੇਅਰਮੈਨ ਚੰਨੀ ਨੇ ਆਪਣੇ ਬਿਆਨ 'ਚ ਕਿਹਾ ਕਿ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਕਿ ਕਮਰੇ 'ਚੋਂ ਪੁਲਿਸ ਨੇ ਕੀ ਬਰਾਮਦ ਕੀਤਾ ਹੈ | ਉਨ੍ਹਾਂ ਕਿਹਾ ਕਿ ਨਿੱਜਤਾ ਨੂੰ ਮੁੱਖ ਰੱਖਦੇ ਹੋਏ ਉਨ੍ਹਾਂ ਵਲੋਂ ਵਿਦਿਆਰਥੀਆਂ ਦੇ ਮਹਿਮਾਨਾਂ ਦੀ ਜਾਂਚ ਨਹੀਂ ਕੀਤੀ ਜਾਂਦੀ |
ਬਨੂੜ 'ਚੋਂ ਵੀ ਕੀਤਾ ਸੀ ਇਕ ਵਿਦਿਆਰਥੀ ਗਿ੍ਫ਼ਤਾਰ
ਪੰਜਾਬ ਪੁਲਿਸ ਨੇ ਕੁਝ ਦਿਨ ਪਹਿਲਾਂ ਪਟਿਆਲਾ ਦੇ ਬਨੂੜ ਵਿਖੇ ਚੱਲ ਰਹੇ ਆਰਿਆਨ ਗਰੁੱਪ ਆਫ਼ ਕਾਲਜ ਦੇ ਕੈਂਪਸ 'ਚੋਂ ਗਾਜ਼ੀ ਅਹਿਮਦ ਮਲਿਕ ਵਾਸੀ ਸ਼ੋਪੀਆਂ, ਜੰਮੂ-ਕਸ਼ਮੀਰ ਨੂੰ ਗਿ੍ਫ਼ਤਾਰ ਕੀਤਾ ਸੀ | ਗਾਜ਼ੀ ਦੀ ਗਿ੍ਫ਼ਤਾਰੀ ਤੋਂ ਬਾਅਦ ਖ਼ੁਲਾਸਾ ਹੋਇਆ ਸੀ ਕਿ ਉਹ ਜੰਮੂ-ਕਸ਼ਮੀਰ ਪੁਲਿਸ 'ਚ ਬਤੌਰ ਐੱਸ.ਪੀ.ਓ. ਤਾਇਨਾਤ ਅਦਿਲ ਬਸ਼ੀਰ ਸ਼ੇਖ ਦਾ ਨਜ਼ਦੀਕੀ ਰਿਸ਼ਤੇਦਾਰ ਹੈ, ਜੋ ਸ੍ਰੀਨਗਰ 'ਚ ਵਿਧਾਇਕ ਦੇ ਘਰ 'ਚੋਂ 7 ਬੰਦੂਕਾਂ ਲੈ ਕੇ ਫ਼ਰਾਰ ਹੋ ਗਿਆ ਸੀ ਤੇ ਅੱਤਵਾਦੀ ਜਥੇਬੰਦੀ ਹਿਜ਼ਬੁਲ ਮੁਜਾਹਦੀਨ 'ਚ ਸ਼ਾਮਿਲ ਹੋ ਗਿਆ ਸੀ, ਜਿਸ ਨੂੰ ਬਾਅਦ 'ਚ ਜੰਮੂ-ਕਸ਼ਮੀਰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ |