American Punjabi News

ਦਲ ਖਾਲਸਾ ਨੇ ਡੇਰਾ ਬਾਬਾ ਨਾਨਕ ’ਚ ਦਰਸ਼ਨ ਸਥਲ ਦਾ ਦੌਰਾ ਕੀਤਾਦਲ ਖਾਲਸਾ ਨੇ ਡੇਰਾ ਬਾਬਾ ਨਾਨਕ ’ਚ ਦਰਸ਼ਨ ਸਥਲ ਦਾ ਦੌਰਾ ਕੀਤਾ
ਅੰਮ੍ਰਿਤਸਰ-ਦਲ ਖਾਲਸਾ ਨੇ ਆਖਿਆ ਕਿ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਲਾਂਘਾ ਖੋਲ੍ਹਣ ਦਾ ਮਾਮਲਾ ਸਿੱਖਾਂ ਦੀਆਂ ਅਰਦਾਸਾਂ ਕਾਰਨ ਹੀ ਸਿਰੇ ਚੜ੍ਹਿਆ ਹੈ। ਦਲ ਖਾਲਸਾ ਦੇ ਆਗੂਆਂ ਨੇ ਅੱਜ ਡੇਰਾ ਬਾਬਾ ਨਾਨਕ ਸਥਿਤ ਦਰਸ਼ਨ ਸਥਲ ਦਾ ਦੌਰਾ ਕੀਤਾ, ਜਿੱਥੋਂ ਦੂਰਬੀਨ ਨਾਲ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਸੰਗਤ ਵੱਲੋਂ ਦਰਸ਼ਨ ਕੀਤੇ ਜਾਂਦੇ ਹਨ।
ਵਾਪਸ ਆਉਣ ਮਗਰੋਂ ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਆਖਿਆ ਕਿ ਸਿੱਖ ਸੰਗਤ ਵੱਲੋਂ ਲੰਮੇ ਸਮੇਂ ਤੋਂ ਕਰਤਾਰਪੁਰ ਲਾਂਘਾ ਖੋਲ੍ਹਣ ਵਾਸਤੇ ਯਤਨ ਕੀਤੇ ਜਾ ਰਹੇ ਸਨ। ਖਾਸ ਕਰਕੇ ਮਰਹੂਮ ਕੁਲਦੀਪ ਸਿੰਘ ਵਡਾਲਾ ਤੇ ਉਨ੍ਹਾਂ ਦੀ ਜਥੇਬੰਦੀ ਵੱਲੋਂ ਪਿਛਲੇ ਦੋ ਦਹਾਕਿਆਂ ਤੋਂ ਲਗਾਤਾਰ ਹਰ ਮਹੀਨੇ ਇਸ ਸਥਾਨ ’ਤੇ ਜਾ ਕੇ ਗੁਰੂ ਚਰਨਾਂ ਵਿੱਚ ਲਾਂਘਾ ਖੋਲ੍ਹਣ ਦੀ ਅਰਦਾਸ ਕੀਤੀ ਜਾ ਰਹੀ ਸੀ। ਇਸ ਤੋਂ ਇਲਾਵਾ ਵਿਦੇਸ਼ ਵਿੱਚ ਵਸਦੇ ਸਰਗਰਮ ਸਿੱਖ ਆਗੂਆਂ ਮਰਹੂਮ ਮਨਮੋਹਨ ਸਿੰਘ ਯੂਕੇ ਤੇ ਡਾ. ਗੁਰਮੀਤ ਸਿੰਘ ਔਲਖ ਤੋਂ ਇਲਾਵਾ ਡਾ. ਪ੍ਰਿਤਪਾਲ ਸਿੰਘ ਵੱਲੋਂ ਪਾਕਿਸਤਾਨ ਸਰਕਾਰ ਤੇ ਇਸ ਸਬੰਧੀ ਦਬਾਅ ਪਾ ਕੇ ਮੁੱਢਲਾ ਰੋਲ ਨਿਭਾਇਆ ਗਿਆ ਸੀ। ਉਨ੍ਹਾਂ ਆਖਿਆ ਕਿ ਹੁਣ ਨਵਜੋਤ ਸਿੰਘ ਸਿੱਧੂ ਦੀ ਪਾਕਿਸਤਾਨ ਫੇਰੀ ਨੇ ਇਸ ਮਸਲੇ ਨੂੰ ਮੁੜ ਸਰਗਰਮ ਕੀਤਾ ਸੀ। ਪਾਕਿਸਤਾਨੀ ਫੌਜ ਦੇ ਮੁਖੀ ਜਨਰਲ ਬਾਜਵਾ ਵੱਲੋਂ ਸਿੱਧੂ ਨੂੰ ਪਾਈ ਗਲਵੱਕੜੀ ਅਤੇ ਲਾਂਘਾ ਖੋਲ੍ਹਣ ਦੀ ਕੀਤੀ ਪੇਸ਼ਕਸ਼ ਨੇ ਇਸ ਮਸਲੇ ਨੂੰ ਹੱਲ ਕਰਨ ਵਿੱਚ ਅਹਿਮ ਰੋਲ ਨਿਭਾਇਆ ਹੈ।
ਉਨ੍ਹਾਂ ਆਖਿਆ ਕਿ ਜਥੇਬੰਦੀ ਮਹਿਸੂਸ ਕਰਦੀ ਹੈ ਕਿ ਸਿੱਖਾਂ ਦਾ ਚਿਰੋਕਣਾ ਸੁਪਨਾ ਨਵੰਬਰ 2019 ਵਿੱਚ ਸ੍ਰੀ ਗੁਰੂ ਨਾਨਕ ਦੇਵ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਸਾਕਾਰ ਹੋਣ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਬਾਦਲਾਂ ਵੱਲੋਂ ਲਾਂਘਾ ਖੁੱਲ੍ਹਣ ਦਾ ਸਿਹਰਾ ਮੋਦੀ ਸਰਕਾਰ ਨੂੰ ਦੇਣਾ ਸਹੀ ਨਹੀਂ ਹੈ।